ਤ੍ਰੀਸ਼ਕਤੀ’ ਫ਼ਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਨਿਰਦੇਸ਼ਕ ਮਧੁਰ ਭੰਡਾਰਕਰ ਹੁਣ ਤਕ ਚਾਂਦਨੀ ਬਾਰ, ਟ੍ਰੈਫਿਕ ਸਿਗਨਲ, ਸੱਤਾ, ਹੀਰੋਇਨ, ਦਿਲ ਤੋ ਬੱਚਾ ਹੈ ਜੀ, ਜੇਲ੍ਹ ਅਤੇ ਪੇਜ ਥ੍ਰੀ ਵਰਗੀਆਂ ਫ਼ਿਲਮਾਂ ਬਣਾ ਕੇ ਚੰਗਾ ਨਾਮਣਾ ਖੱਟ ਚੁੱਕੇ ਹਨ, ਪਰ ਇਹ ਸ਼ੋਹਰਤ ਐਵੇਂ ਹੀ ਨਹੀਂ ਮਿਲ ਗੲੀ। ਇੱਥੋਂ ਤਕ ਪਹੁੰਚਣ ਲਈ ਉਨ੍ਹਾਂ ਕਾਫ਼ੀ ਸੰਘਰਸ਼ ਕੀਤਾ ਹੈ। ਇੱਥੋਂ ਤਕ ਵੀਡੀਓ ਲਾਇਬਰੇਰੀ ਵਿੱਚ ਵੀ ਕੰਮ ਕੀਤਾ। ਨਵੀਂ ਫ਼ਿਲਮ ‘ਕੈਲੰਡਰ ਗਰਲਜ਼’ ਦੀ ਪ੍ਰਮੋਸ਼ਨ ਦੌਰਾਨ ੳੁਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਮੁੱਖ ਅੰਸ਼ ਪੇਸ਼ ਹਨ- ਤੁਹਾਡਾ ਹੁਣ ਤਕ ਦਾ ਸਫ਼ਰ ਕਾਫ਼ੀ ਮੁਸ਼ਕਿਲਾਂ ਭਰਿਆ ਸੀ? – ਜੀ, ਮੈਂ ਜ਼ਿੰਦਗੀ ਵਿੱਚ ਕਾਫ਼ੀ ਸੰਘਰਸ਼ ਕੀਤਾ ਹੈ। ਮੈਂ ਸਾਢੇ ਚਾਰ ਸਾਲ ਮੁੰਬਈ ਦੇ ਖਾਰ ਵਿੱਚ ਵੀਡੀਓ ਲਾਇਬਰੇਰੀ ਵਿੱਚ ਕੰਮਕੀਤਾ ਹੈ। ਪੜ੍ਹਾਈ ਜ਼ਿਆਦਾ ਨਹੀਂ ਕੀਤੀ ਕਿਉਂਕਿ ਸਕੂਲ ਜਾਣ ਲਈ ਪੈਸੇ ਨਹੀਂ ਸਨ ਹੁੰਦੇ। ਮੇਰੇ ਮੁਤਾਬਕ ਜ਼ਿੰਦਗੀ ਦਾ ਦੂਜਾ ਨਾਂ ਸੰਘਰਸ਼ ਹੈ। ਮੇਰੀਆਂ ਫ਼ਿਲਮਾਂ ਵਿੱਚ ਵੀ ਇਹ ਸੰਘਰਸ਼ ਨਜ਼ਰ ਆਉਂਦਾ ਹੈ। ਬੇਸ਼ੱਕ ੳੁਹ ਗਲੈਮਰ ਦੀ ਦੁਨੀਆਂ ਦਾ ਸੰਘਰਸ਼ ਹੁੰਦਾ ਹੈ। ਅਸਲ ’ਚ ਗਲੈਮਰ ਦੀ ਦੁਨੀਆਂ ਵਿੱਚ ਕਈ ਸੱਚਾਈਆਂ ਛੁਪੀਆਂ ਸਨ ਜੋ ਮੈਂ ਆਪਣੀਆਂ ਫ਼ਿਲਮਾਂ ਰਾਹੀਂ ਲੋਕਾਂ ਤਕ ਪਹੁੰਚਾੳੁਣਾ ਚਾਹੁੰਦਾ ਸੀ ਤੇ ਪਹੁੰਚਾਉਂਦਾ ਹਾਂ। ਇਸ ਖੇਤਰ ਵਿੱਚ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਜਲਦੀ ਕੁਝ ਹਾਸਲ ਨਹੀਂ ਹੁੰਦਾ। ਮੇਰਾ ਹੁਣ ਤਕ ਦਾ ਸਫ਼ਰ ਬਹੁਤ ਵਧੀਆ ਰਿਹਾ ਹੈ। ਮੈਂ ਸ਼ੁਰੂਆਤ ਤ੍ਰੀਸ਼ਕਤੀ ਤੋਂ ਕੀਤੀ, ਪਰ ਕਿਸਮਤ ਮੇਰੀ ਚਾਂਦਨੀ ਬਾਰ ਨਾਲ ਬਦਲੀ। ਫ਼ਿਲਮ ਨਿਰਮਾਣ ਦੇ ਖੇਤਰ ’ਚ ਕਿਵੇਂ ਆਏ? – ਜਦੋਂ ਮੈਂ ਵੀਡੀਓ ਲਾਇਬਰੇਰੀ ਵਿੱਚ ਕੰਮ ਕਰਦਾ ਸੀ ਤਾਂ ਉਸ ਦੌਰਾਨ ਮੈਨੂੰ ਫ਼ਿਲਮਾਂ ਬਾਰੇ ਬਹੁਤ ਨੇਡ਼ਿਓਂ ਜਾਣਨ ਦਾ ਮੌਕਾ ਮਿਲਿਆ। ਇਸ ਲੲੀ ਇਸ ਖੇਤਰ ਵੱਲ ਵੀ ੳੁਡਾਨ ਭਰ ਲੲੀ। ਉਂਜ, ਸ਼ੁਰੂ ਤੋਂ ਹੀ ਮੈਂ ਇਸ ਖੇਤਰ ਵਿੱਚ ਜਾਣਾ ਚਾਹੁੰਦਾ ਸੀ। ਕਦੇ ਐਕਟਿੰਗ ਕਰਨ ਬਾਰੇ ਨਹੀਂ ਸੋਚਿਆ? – ਨਹੀਂ, ਮੈਂ ਕਦੇ ਵੀ ਐਕਟਿੰਗ ਕਰਨ ਬਾਰੇ ਨਹੀਂ ਸੋਚਿਆ। ਸ਼ੌਕ ਹੀ ਨਹੀਂ ਸੀ। ਸ਼ੁਰੂ ਤੋਂ ਹੀ ਨਿਰਦੇਸ਼ਨ ਵਿੱਚ ਦਿਲਚਸਪੀ ਸੀ। ਉਂਜ, ਰਾਮ ਗੋਪਾਲ ਵਰਮਾ ਜੀ ਨੇ ਫ਼ਿਲਮ ‘ਰੰਗੀਲਾ’ ਵਿੱਚ ਮੇਰੇ ਤੋਂ ਐਕਟਿੰਗ ਕਰਵਾਈ ਸੀ। ਮੇਰਾ ਬਚਪਨ ਬਹੁਤ ਗ਼ਰੀਬੀ ਵਿੱਚ ਬੀਤਿਆ। ਮੈਨੂੰ ਪੜ੍ਹਾਈ ਛੱਡਣੀ ਪਈ ਕਿਉਂਕਿ ਪੈਸੇ ਨਹੀਂ ਸਨ। ਫਿਰ ਫ਼ਿਲਮ ਇੰਡਸਟਰੀ ਵਿੱਚ ਆਇਆ ਤਾਂ ਸਭ ਦੋਸਤ ਰਿਸ਼ਤੇ-ਨਾਤੇ ਬਦਲ ਗਏ। ਫ਼ਿਲਮ ਕੈਲੰਡਰ ਗਰਲਜ਼ ਬਾਰੇ ਦੱਸੋ? – ਇਹ ਗਲੈਮਰ ਦੀ ਦੁਨੀਆਂ ਨਾਲ ਜੁੜੀ ਫ਼ਿਲਮ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਹਰ ਇੱਕ ਸਾਲ ਬਾਅਦ ਇਸ ਖੇਤਰ ਵਿੱਚ ਪ੍ਰਵੇਸ਼ ਕਰਨ ਵਾਲੀਆਂ ਕੁਡ਼ੀਆਂ ਦੀ ਜ਼ਿੰਦਗੀ ਕਿਸ ਤਰ੍ਹਾਂ ਬਦਲ ਜਾਂਦੀ ਹੈ। ਫ਼ਿਲਮ ਵਿੱਚ ਪੰਜ ਲੜਕੀਆਂ ਦਾ ਸਫ਼ਰ ਵਿਖਾਇਆ ਗਿਆ ਹੈ। ਇਹ ਫ਼ਿਲਮ ਵੀ ਮੇਰੀਆਂ ਹੋਰਾਂ ਫ਼ਿਲਮਾਂ ਵਾਂਗ ਆਪਣੇ ਆਪ ਵਿੱਚ ਬਹੁਤ ਖ਼ਾਸ ਹੈ। ਤੁਹਾਡੇ ਲੲੀ ਸਭ ਤੋਂ ਦਿਲਚਸਪ ਕੰਮ ਕਿਹੜਾ ਰਿਹਾ? – ਮੇਰੇ ਲਈ ਵੀਡੀਓ ਲਾਇਬਰੇਰੀ ਦੀ ਨੌਕਰੀ ਸਭ ਤੋਂ ਦਿਲਚਸਪ ਰਹੀ। ਉਹ ਨੌਕਰੀ ਮੇਰੇ ਲਈ ਬਹੁਤ ਖ਼ਾਸ ਰਹੀ ਹੈ। ਉਸ ਦੌਰਾਨ ਮੈਨੂੰ ਹਰ ਤਰ੍ਹਾਂ ਦੇ ਸਿਨਮੇ ਦੇ ਦਰਸ਼ਨ ਕਰਨ ਨੂੰ ਮਿਲੇ। ਸਿਨਮਾ ਦੇ ਬਦਲਦੇ ਸਰੂਪ ਬਾਰੇ ਕੀ ਕਹੋਗੇ? -ਸਿਨਮਾ ਕਾਫ਼ੀ ਬਦਲ ਚੁੱਕਾ ਹੈ। ਉਂਜ ਤਾਂ ਹਰ ਪੰਜ ਸਾਲ ਬਾਅਦ ਸਿਨਮਾ ਬਦਲਦਾ ਰਹਿੰਦਾ ਹੈ। ਮਲਟੀਪਲੈਕਸ ਆ ਗਏ ਹਨ ਅਤੇ ਨਵੇਂ ਫ਼ਿਲਮਸਾਜ਼ ਆ ਰਹੇ ਹਨ। ਨਵੀਆਂ ਤਕਨੀਕਾਂ ਨਾ ਫ਼ਿਲਮਾਂ ਬਣ ਰਹੀਆਂ ਹਨ। ਬਾਲੀਵੁੱਡ ਲੲੀ ਇਹ ਸ਼ੁਭ ਸ਼ਗਨ ਹੀ ਹੈ। ਅਸੀਂ ਵਿਕਾਸ ਕਰ ਰਹੇ ਹਾਂ। PT Live
ਸਿਨਮਾ ਕਾਫ਼ੀ ਬਦਲ ਚੁੱਕਾ ਹੈ: ਨਿਰਦੇਸ਼ਕ ਮਧੁਰ ਭੰਡਾਰਕਰ



