ਐਵਾਰਡ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਕਿਸਾਨਾਂ ਦੀ ਅਣਥੱਕ ਮਿਹਨਤ ਦਾ ਨਤੀਜਾ
ਜਲੰਧਰ/ਚੰਡੀਗੜ੍ਹ, 20 ਫਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੂਬੇ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਖੇਤੀ ਉਤਪਾਦਨ ਵਿਚ ਸ਼ਾਨਦਾਰ ਕਾਰਗੁਜ਼ਾਰੀ ਬਦਲੇ ਸੂਬੇ ਨੂੰ ਸਾਲ 2013-14 ਲਈ ‘ਕ੍ਰਿਸ਼ੀ ਕਰਮਨ’ ਐਵਾਰਡ ਮਿਲਣ ’ਤੇ ਮਿਹਨਤੀ ਕਿਸਾਨਾਂ ਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਮੁਬਾਰਕਬਾਦ ਦਿੱਤੀ ਹੈ। ਇਸ ਤੋਂ ਪਹਿਲਾਂ ਪੰਜਾਬ ਨੂੰ ਇਹ ਐਵਾਰਡ 2011-12 ਦੌਰਾਨ ਵੀ ਮਿਲਿਆ ਸੀ। ਅੱਜ ਇੱਥੋਂ ਜਾਰੀ ਇਕ ਬਿਆਨ ਵਿਚ ਸ. ਬਾਦਲ ਨੇ ਕਿਹਾ ਕਿ ਇਹ ਐਵਾਰਡ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਲਾਗੂ ਕੀਤੀਆਂ ਕਿਾਸਨ ਪੱਖੀ ਨੀਤੀਆਂ ਤੇ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਾਲ 1967 ਤੋਂ ਪੰਜਾਬ ਨੇ ਦੇਸ਼ ਨੂੰ ਅਨਾਜ ਦੇ ਮਾਮਲੇ ਵਿਚ ਆਤਮ ਨਿਰਭਰ
ਬਣਾਇਆ ਕਿਉਂਕਿ ਪੰਜਾਬ ਦੇ ਕਿਸਾਨ ਜਿੱਥੇ ਵੱਧ ਤੋਂ ਵੱਧ ਜੋਖਮ ਉਠਾਉਣ ਲਈ ਜਾਣੇ ਜਾਂਦੇ ਹਨ ਉੱਥੇ ਨਵੀਂ ਤਕਨੀਕ ਨੂੰ ਵੀ ਸਭ ਤੋਂ ਪਹਿਲਾਂ ਪੰਜਾਬ ਵਲੋਂ ਹੀ ਅਪਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਦੇ ਖੇਤਰ ਵਿਚ ਪੰਜਾਬ ਦੂਜੇ ਰਾਜਾਂ ਤੇ ਦੇਸ਼ਾਂ ਲਈ ਰਾਹ ਦਸੇਰਾ ਬਣਿਆ ਹੈ ਜਿਸਦੇ ਨਤੀਜੇ ਵਜੋਂ ਅਨੇਕਾਂ ਅਫਰੀਕਨ ਤੇ ਏਸ਼ੀਅਨ ਦੇਸ਼ਾਂ ਜਿਵੇਂ ਕਿ ਇਥੋਪੀਆ, ਯੂਗਾਂਡਾ, ਘਾਨਾ ਤੇ ਯੂਕਰੇਨ ਵਰਗੇ ਦੇਸ਼ਾਂ ਨੇ ਉੱਥੇ ਖੇਤੀ ਦੇ ਵਾਧੇ ਤੇ ਵਿਕਾਸ ਲਈ ਪੰਜਾਬ ਦੇ ਕਿਸਾਨਾਂ ਦੇ ਵਫਦ ਭੇਜਣ ਲਈ ਪੰਜਾਬ ਸਰਕਾਰ ਨਾਲ ਸਮਝੌਤੇ ਕੀਤੇ ਹਨ। ਸ. ਬਾਦਲ ਨੇ ਕਿਹਾ ਕਿ ‘ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਜਿੱਥੇ ਪੰਜਾਬ ਨੇ ਦੋ ਵਾਰ ਕ੍ਰਿਸ਼ੀ ਕਰਮਨ ਐਵਾਰਡ ਪ੍ਰਾਪਤ ਕੀਤਾ ਹੈ ਉੱਥੇ ਐਗਰੀਕਲਚਰ ਟੂਡੇ ਮੀਡੀਆ ਗਰੁੱਪ ਵਲੋਂ ਨੈਸ਼ਨਲ ਐਗਰੀਕਲਚਰ ਸੰਮੇਲਨ 2013 ਦੌਰਾਨ ਸਰਬੋਤਮ ਨੀਤੀ ਅਗਵਾਈ ਐਵਾਰਡ ਵੀ ਪ੍ਰਾਪਤ ਕੀਤਾ ਹੈ । ਇਸ ਤੋਂ ਇਲਾਵਾ ਪੰਜਾਬ ਨੂੰ ਖੇਤੀ ਉਤਪਾਦਨ ਵਿਚ ਪ੍ਰਸ਼ੰਸ਼ਾ ਐਵਾਰਡ ਵੀ ਸਾਲ 2011-12 ਤੇ 2012-13 ਦੌਰਾਨ ਵੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਵੱਡੇ ਵਿਰੋਧ ਦੇ ਬਾਵਜੂਦ ਸ. ਪਰਕਾਸ਼ ਸਿੰਘ ਬਾਦਲ ਵਲੋਂ ਕਿਸਾਨਾਂ ਨੂੰ ਮੁਫਤ ਬਿਜਲੀ ਦੇਣੀ ਸ਼ੁਰੂ ਕੀਤੀ ਗਈ ਤੇ ਹੁਣ ਕਿਸਾਨਾਂ ਨੂੰ ਸਾਲਾਨਾ 6000 ਕਰੋੜ ਰੁਪੈ ਦੀ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ। ਸ. ਬਾਦਲ ਨੇ ਦੱਸਿਆ ਕਿ ਸਾਲ 2013-14 ਦੌਰਾਨ ਜਿੱਥੇ ਪੰਜਾਬ ਨੇ 176.09 ਲੱਖ ਮੀਟਰਿਕ ਟਨ ਕਣਕ ਦਾ ਉਤਪਾਦਨ ਕੀਤਾ ਉੱਥੇ ਬਾਸਮਤੀ ਹੇਠ ਰਕਬਾ 5.6 ਲੱਖ ਹੈਕਟੇਅਰ ਤੋਂ ਵਧਕੇ 8.6 ਲੱਖ ਹੈਕਟੇਅਰ ਹੋ ਗਿਆ ਹੈ । ਇਸ ਤੋਂ ਇਲਾਵਾ ਮੱਕੀ ਹੇਠ ਵੀ ਰਕਬੇ ਵਿਚ 22 ਫੀਸਦੀ ਵਾਧਾ ਹੋਇਆ ਹੈ , ਜੋ ਕਿ 1.30 ਲੱਖ ਹੈਕਟੇਅਰ ਤੋਂ ਵਧਕੇ 1.59 ਲੱਖ ਹੈਕਟੇਅਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਫਸਲੀ ਵਿਭਿੰਨਤਾ ਦੇ ਨਤੀਜੇ ਸਾਰਥਿਕ ਰਹੇ ਹਨ ਤੇ ਕਿਸਾਨਾਂ ਦੀ ਆਮਦਨ ਦੇ ਵਾਧੇ ਲਈ ਪੰਜਾਬ ਸਰਕਾਰ ਵਲੋਂ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਕੁਦਰਤੀ ਸ੍ਰੋਤਾਂ ਨੂੰ ਭਵਿੱਖੀ ਨਸਲਾਂ ਲਈ ਬਚਾਕੇ ਖੇਤੀ ਦੇ ਵਾਧੇ ਤੇ ਵਿਕਾਸ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧੇ Ñਲਈ ਵਚਨਬੱਧ ਹੈ।



