ਮੁੱਖ ਮੰਤਰੀ ਵੱਲੋਂ ਬੇਰੋਜ਼ਗਾਰੀ ਦੀ ਸਮੱਸਿਆ ਦੇ ਖਾਤਮੇ ਲਈ ਹੁਨਰਮੰਦ ਸਿੱਖਿਆ ਦੀ ਲੋੜ ’ਤੇ ਜ਼ੋਰ
ਨਵੀਂ ਦਿੱਲੀ, 20 ਫਰਵਰੀ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਮੰਗ ਨਾਲ ਸਹਿਮਤ ਹੁੰਦਿਆਂ ਕੇਂਦਰੀ ਹੁਨਰ ਵਿਕਾਸ ਮੰਤਰੀ ਸ਼੍ਰੀ ਰਾਜੀਵ ਪ੍ਰਤਾਪ ਰੂਡੀ ਨੇ ਅੱਜ ਆਖਿਆ ਕਿ ਸੂਬੇ ਨੂੰ ਹੂਨਰ ਸਿਖਲਾਈ ਦੇ ਧੁਰੇ ਵਜੋਂ ਵਿਕਸਤ ਕਰਨ ਲਈ ਦੋ ਹਫਤਿਆਂ ਵਿੱਚ ਇਕ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ। ਕੇਂਦਰੀ ਮੰਤਰੀ ਨੇ ਅੱਜ ਸਵੇਰੇ ਇੱਥੇ ਕਪੂਰਥਲਾ ਹਾਊਸ ਵਿਖੇ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਭਾਰਤ ਸਰਕਾਰ ਵੱਲੋਂ ਦੇਸ਼ ਵਿਚ ਹੁਨਰ ਸਿਖਲਾਈ ਨੂੰ ਉਤਸ਼ਾਹਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਵਿਸਥਾਰ ਵਿਚ ਗੱਲਬਾਤ ਕੀਤੀ। ਸੂਬੇ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ
ਆਖਿਆ ਕਿ ਇਸ ਘੋਰ ਸਮੱਸਿਆ ’ਚੋਂ ਬਾਹਰ ਨਿਕਲਣ ਲਈ ਨੌਜਵਾਨਾਂ ਨੂੰ ਹੁਨਰ ਵਿਕਾਸ ਦੀ ਸਿੱਖਿਆ ਮੁਹੱਈਆ ਕਰਵਾਉਣਾ ਹੀ ਆਸ ਦੀ ਕਿਰਨ ਦਿਸਦੀ ਹੈ ਤਾਂ ਕਿ ਉਨ੍ਹਾਂ ਨੂੰ ਸਵੈ-ਰੋਜ਼ਗਾਰ ਦੇ ਸਮੱਰਥ ਬਣਾਇਆ ਜਾ ਸਕੇ। ਇਸ ਨੇਕ ਕਾਰਜ਼ ਲਈ ਕੇਂਦਰ ਸਰਕਾਰ ਦੇ ਪੂਰਨ ਸਹਿਯੋਗ ਦੀ ਮੰਗ ਕਰਦਿਆਂ ਸ. ਬਾਦਲ ਨੇ ਕੇਂਦਰੀ ਮੰਤਰੀ ਨੂੰ ਆਖਿਆ ਕਿ ਸੂਬੇ ਵਿਚ ਹੁਨਰ ਸਿੱਖਿਆ ਲਈ ਵਿਸ਼ੇਸ਼ ਤੌਰ ’ਤੇ ਇੱਕ ਯੋਜਨਾ ਤਿਆਰ ਕੀਤੀ ਜਾਵੇ। ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੀ ਪ੍ਰਧਾਨਗੀ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ ਦਾ ਗਠਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਜੋ ਵੱਖ-ਵੱਖ ਹੂਨਰ ਵਿਕਾਸ ਸਕੀਮਾਂ ਨੂੰ ਅਮਲ ਵਿਚ ਲਿਆਉਣ ਲਈ ਛਤਰੀਨੁਮਾ ਸੰਸਥਾ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਇਹ ਵੀ ਆਖਿਆ ਕਿ ਸੂਬੇ ਵਿਚ 43 ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ 250 ਹੂਨਰ ਵਿਕਾਸ ਕੇਂਦਰਾਂ ਦੀ ਸਥਾਪਨਾਂ ਲਈ ਤਜ਼ਵੀਜ਼ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ’ਚ ਤੇਜੀ ਲਿਆਂਦੀ ਜਾਵੇ। ਇਸੇ ਦੌਰਾਨ ਸ. ਬਾਦਲ ਨੇ ਵੱਖ-ਵੱਖ ਮੰਤਰਾਲਿਆਂ ਦੀਆਂ ਹੁਨਰ ਵਿਕਾਸ ਸਕੀਮਾਂ ਲਈ ਇਕ ਸਾਰ ਕੀਮਤ ਨੇਮਾਂ ਨੂੰ ਅੰਤਿਮ ਰੂਪ ਦੇਣ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਤੇਜ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਮੁੱਖ ਮੰਤਰੀ ਵੱਲੋਂ ਉਠਾਏ ਵੱਖ-ਵੱਖ ਮਾਮਲਿਆਂ ਪ੍ਰਤੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਸ਼੍ਰੀ ਰੂਡੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਸੂਬੇ ਨੂੰ ਹੁਨਰ ਸਿਖਲਾਈ ਦੇ ਧੁਰੇ ਵਜੋਂ ਵਿਕਸਿਤ ਕਰਨ ਲਈ ਦੋ ਹਫ਼ਤਿਆਂ ਵਿਚ ਇੱਕ ਨੀਤੀ ਤਿਆਰ ਕਰੇਗੀ। ਉਨ੍ਹਾਂ ਆਖਿਆ ਕਿ ਮੰਤਰਾਲੇ ਵਲੋਂ ਪਹਿਲਾਂ ਹੀ ਸੂਬੇ ਵਿਚ ਹੁਨਰ ਵਿਕਾਸ ਦੀ ਸਿਖਲਾਈ ਦੇਣ ਬਾਰੇ ਮੈਪਿੰਗ ਕੀਤੀ ਜਾ ਚੁੱਕੀ ਹੈ ਅਤੇ ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਇਹ ਸਿਖਲਾਈ ਮੁਹੱਈਆ ਕਰਵਾਉਣ ਲਈ ਟੀਚਿਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਨੇ ਆਖਿਆ ਕਿ ਭਾਰਤ ਸਰਕਾਰ ਵੱਲੋਂ ਦੇਸ਼ ਭਰ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਨੂੰ ਬਹੁ-ਮੰਤਵੀ ਹੂਨਰ ਵਿਕਾਸ ਕੇਂਦਰਾਂ ਵਿਚ ਤਬਦੀਲ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ, ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਕੇ.ਜੇ.ਐਸ. ਚੀਮਾ, ਪ੍ਰਮੁੱਖ ਸਕੱਤਰ (ਤਕਨੀਕੀ ਸਿੱਖਿਆ) ਸ਼੍ਰੀ ਐਮ.ਪੀ. ਸਿੰਘ, ਕੌਮੀ ਹੁਨਰ ਵਿਕਾਸ ਨਿਗਮ ਦੇ ਚੇਅਰਮੈਨ ਸ਼੍ਰੀ ਦਲੀਪ ਚਿਨੌਏ, ਕੇਂਦਰੀ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਕੁੰਦਨ ਕੁਮਾਰ, ਸਕੱਤਰ ਤਕਨੀਕੀ ਸਿੱਖਿਆ ਸ਼੍ਰੀ ਰਾਕੇਸ਼ ਵਰਮਾ, ਡਾਇਰੈਕਟਰ ਤਕਨੀਕੀ ਸਿੱਖਿਆ ਸ਼੍ਰੀ ਬੀ. ਪੁਰੁਸਾਰਥਾ, ਸਕੱਤਰ ਵਾਤਾਵਰਣ ਸ੍ਰੀ ਕੇ.ਏ.ਪੀ. ਸਿਨਹਾ, ਡਾਇਰੈਕਟਰ ਉਦਯੋਗ ਸ਼੍ਰੀ ਰਮਿੰਦਰ ਸਿੰਘ ਵੀ ਹਾਜ਼ਰ ਸਨ।



