ਹਰਾਰੇ, 27 ਜੁਲਾਈ (ਪੀ.ਟੀ.)-ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਸਰਾ ਮੈਚ ਭਲਕੇ ਐਤਵਾਰ ਨੂੰ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਇਥੋਂ ਦੇ ਹਰਾਰੇ ਸਪੋਰਟਸ ਕਲੱਬ ਮੈਦਾਨ ਵਿਚ ਖੇਡਿਆ ਜਾਵੇਗਾ। 2-0 ਨਾਲ ਅੱਗੇ ਚੱਲ ਰਹੀ ਟੀਮ ਇੰਡੀਆ ਲੜੀ ਜਿੱਤਣ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰੇਗੀ। ਦੂਸਰੇ ਪਾਸੇ ਮੇਜ਼ਬਾਨ ਜ਼ਿੰਮਬਾਵੇ ਟੀਮ ਲਈ ਭਾਰਤ ਦੀ ਜੇਤੂ ਮੁਹਿੰਮ ਰੋਕ ਪਾਉਣਾ ਸੌਖਾ ਨਹੀਂ ਹੋਵੇਗਾ। ਪਿਛਲੇ ਦੋ ਮੈਚਾਂ ਵਿਚ ਜਿਸ ਤਰ੍ਹਾਂ ਟੀਮ ਇੰਡੀਆ ਨੇ ਵੱਡੀਆਂ ਜਿੱਤਾਂ ਦਰਜ ਕੀਤੀਆਂ, ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਜ਼ਿੰਮਬਾਵੇ ਨੂੰ ਜਿੱਤ ਹਾਸਲ ਕਰਨ ਲਈ ਕਾਫੀ ਸੰਘਰਸ਼ ਕਰਨਾ ਪਵੇਗਾ।
ਚੈਂਪੀਅਨ ਟਰਾਫੀ ਅਤੇ ਤ੍ਰਿਕੋਣੀ ਲੜੀ ‘ਤੇ ਕਬਜ਼ਾ ਕਰਨ ਤੋਂ ਬਾਅਦ ਟੀਮ ਇੰਡੀਆ ਦੀਆਂ ਨਜ਼ਰਾਂ ਜ਼ਿੰਮਬਾਵੇ ਖਿਲਾਫ਼ 5-0 ਨਾਲ ਜਿੱਤ ‘ਤੇ ਵੀ ਹੋਣਗੀਆਂ। ਜ਼ਿੰਮਬਾਵੇ ਦੌਰੇ ‘ਤੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ਾਂ ਨੂੰ ਕੋਈ ਸਫ਼ਲਤਾ ਤਾਂ ਨਹੀਂ ਮਿਲ ਸਕੀ, ਪਰ ਸਪਿਨਰਾਂ ਨੇ ਵਿਰੋਧੀ ਖਿਡਾਰੀਆਂ ਨੂੰ ਜ਼ਰੂਰੀ ਪ੍ਰੇਸ਼ਾਨ ਕੀਤਾ ਹੈ। ਇਸ ਤੋਂ ਇਲਾਵਾ ਸ਼ਿਖਰ ਧਵਨ ਤੇ ਵਿਰਾਟ ਕੋਹਲੀ ਵੱਲੋਂ ਲਾਏ ਸੈਂਕੜਿਆਂ ਨਾਲ ਬੇਸ਼ੱਕ ਟੀਮ ਇੰਡੀਆ ਨੇ ਵੱਡੀਆਂ ਜਿੱਤਾਂ ਦਰਜ ਕੀਤੀਆਂ ਹਨ, ਪਰ ਰੋਹਿਤ ਸ਼ਰਮਾ, ਸੁਰੇਸ਼ ਰੈਨਾ ਤੇ ਰਵਿੰਦਰ ਜਡੇਜਾ ਦਾ ਖਰਾਬ ਪ੍ਰਦਰਸ਼ਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਜ਼ਿੰਬਾਬਵੇ ਖਿਲਾਫ਼ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ



