ਅਮਰੀਕੀ ਹਵਾਈ ਸੈਨਾ ਦਾ ਧੰਨਵਾਦ

ਅਮਰੀਕਾ ਦੀ ਹਵਾਈ ਸੈਨਾ ਨੇ ਸਿੱਖਾਂ ਸਮੇਤ ਦੂਸਰੇ ਵੱਖ-ਵੱਖ ਧਾਰਮਿਕ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਕੇ ਹਵਾਈ ਸੈਨਾ ਦੇ ਡਰੈੱਸ ਕੋਡ ਵਿੱਚ ਤਬਦੀਲੀ ਕੀਤੀ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਸਿੱਖਾਂ ਸਮੇਤ ਸਾਰੇ ਸਬੰਧਤ ਧਰਮਾਂ ਦੇ ਲੋਕਾਂ ਨੂੰ ਅਮਰੀਕੀ ਹਵਾਈ ਸੈਨਾ ਵਿੱਚ ਭਰਤੀ ਹੋਣ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਉਹ ਸੌਖ ਨਾਲ ਹਵਾਈ ਫੌਜ ਵਿੱਚ ਭਰਤੀ ਹੋ ਸਕਣ। ਅਮਰੀਕੀ ਹਵਾਈ ਸੈਨਾ ਵੱਲੋਂ ਡਰੈੱਸ ਕੋਡ ਵਿੱਚ ਇਸ ਅਹਿਮ ਤਬਦੀਲੀ ਸਬੰਧੀ ਨਵੀਂ ਨੀਤੀ ਲੰਘੀ 7 ਜਨਵਰੀ ਨੂੰ ਜਾਰੀ ਕੀਤੀ ਗਈ ਹੈ। ਇਸ ਨੀਤੀ ਤਹਿਤ ਵਰਦੀ ਅਤੇ ਸਬੰਧਤ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਇਸ ਨਵੀਂ ਨੀਤੀ ਅਨੁਸਾਰ 0-6 ਲੈਵਲ ਦੇ ਕਮਾਂਡਰ ਏਅਰਮੈਨ ਦੀ ਰਿਹਾਇਸ਼ ਸਬੰਧੀ ਅਰਜ਼ੀ ਦੀ ਸਿਫਾਰਸ਼ ਕਰ ਸਕਣਗੇ ਪਰ ਇਹ 30 ਦਿਨ ਤੋਂ ਵੱਧ ਨਹੀਂ ਹੋਣੀ ਚਾਹੀਦੀ। ਸੁਰੱਖਿਆ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਧਾਰਮਿਕ ਰਿਹਾਇਸ਼ੀ ਸਥਾਨ ਦੀ ਛੁੱਟੀ (ਦੇਸ਼ ਦੇ ਅੰਦਰ ਅਤੇ ਦੇਸ਼ ਬਾਹਰ ਧਾਰਮਿਕ ਯਾਤਰਾ ਲਈ) ਸਿਫਾਰਸ਼ ਨਹੀਂ ਕੀਤੀ ਜਾਵੇਗੀ। ਡਰੈੱਸ ਕੋਡ ਵਿੱਚ ਤਬਦੀਲੀ ਦਾ ਸਿੱਖ ਭਾਈਚਾਰੇ ਨੂੰ ਵੱਡਾ ਲਾਭ ਮਿਲੇਗਾ। ਹੁਣ ਸਿੱਖ ਨੌਜਵਾਨ ਅਮਰੀਕੀ ਹਵਾਈ ਸੈਨਾ ਵਿੱਚ ਬਿਨਾਂ ਕਿਸੇ ਰੋਕ ਸੇਵਾ ਕਰ ਸਕਣਗੇ। ਅਮਰੀਕਾ ਦੀ ਸਰਕਾਰ ਅਤੇ ਵੱਖ-ਵੱਖ ਸਰਕਾਰੀ ਅਦਾਰਿਆਂ ਵੱਲੋਂ ਪਹਿਲਾਂ ਵੀ ਸਿੱਖ ਭਾਈਚਾਰੇ ਨੂੰ ਵੱਡਾ ਮਾਣ ਦਿੱਤਾ ਜਾ ਰਿਹਾ ਹੈ। ਅਮਰੀਕਾ ਦੀ ਪੁਲਿਸ, ਫੌਜ ਅਤੇ ਸਿਵਲ ਅਦਾਰਿਆਂ ਵਿੱਚ ਸਿੱਖ ਭਾਈਚਾਰੇ ਨੂੰ ਕਾਫੀ ਨੁਮਾਇੰਦਗੀ ਮਿਲ ਰਹੀ ਹੈ। ਸਿੱਖ ਭਾਈਚਾਰੇ ਕਾਰਨ ਅਮਰੀਕਾ ਵਿੱਚ ਵੱਡਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ। ਅਮਰੀਕਾ ਦੇ ਹਵਾਈ ਅੱਡਿਆਂ ‘ਤੇ ਦਸਤਾਰ ਦੀ ਬੇਅਦਬੀ ਨਹੀਂ ਕੀਤੀ ਜਾਂਦੀ। ਅਮਰੀਕੀ ਹਵਾਈ ਸੈਨਾ ਦਾ ਤਾਜ਼ਾ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਫੈਸਲੇ ਲਈ ਅਮਰੀਕੀ ਸਰਕਾਰ, ਹਵਾਈ ਸੈਨਾ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ। ਭਾਰਤ ਸਮੇਤ ਦੂਸਰੇ ਸਾਰੇ ਦੇਸ਼ਾਂ ਨੂੰ ਵੀ ਇਸ ਤਰ੍ਹਾਂ ਦੇ ਫੈਸਲਿਆਂ ਤੋਂ ਸਬਕ ਲੈਣਾ ਚਾਹੀਦਾ ਹੈ। ਭਾਰਤ ਬੇਸ਼ਕ ਸਿੱਖ ਭਾਈਚਾਰੇ ਦੀ ਜਨਮਭੂਮੀ ਹੈ ਪ੍ਰੰਤੂ ਇਹ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਸ ਦੇਸ਼ ਵਿੱਚ ਦਸਤਾਰ ਅਤੇ ਸਿੱਖ ਕਕਾਰਾਂ ਨੂੰ ਯੋਗ ਸਨਮਾਨ ਨਹੀਂ ਮਿਲ ਰਿਹਾ। ਹੁਣ ਤਾਂ ਵੱਖ-ਵੱਖ ਪ੍ਰਿਖਿਆਵਾਂ ਸਮੇਂ ਵੀ ਸਿੱਖ ਬੱਚਿਆਂ ਨੂੰ ਆਪਣੇ ਕਕਾਰ ਲਾਉਣੇ ਪੈਂਦੇ ਹਨ। ਸਿੱਖ ਭਾਈਚਾਰੇ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਉਹ ਘੱਟ ਗਿਣਤੀ ਹੋਣ ਦੇ ਬਾਵਜੂਦ ਸੰਸਾਰ ਦੀ ਇਕ ਵਿਲੱਖਣ ਕੌਮ ਵਜੋਂ ਵਿੱਚਰ ਰਹੇ ਹਨ। ਸਿੱਖ ਭਾਈਚਾਰੇ ਦਾ ਪ੍ਰਭਾਵ ਅਤੇ ਦਾਇਰਾ ਹੁਣ ਪੂਰੀ ਦੁਨੀਆਂ ਤੱਕ ਫੈਲ ਚੁੱਕਾ ਹੈ।
– ਬਲਜੀਤ ਸਿੰਘ ਬਰਾੜ

Send this to a friend