ਬਰੇਟਾ- ਵਕਤ ਬਦਲ ਰਿਹਾ ਹੈ ਤੇ ਇਸ ਬਦਲਦੇ ਵਕਤ ਨਾਲ ਸਰਕਾਰਾਂ ਵੀ ਬਦਲ ਰਹੀਆਂ ਹਨ ਪਰ ਜੇਕਰ ਕਿਸੇ ਚੀਜ ਵਿੱਚ ਤਬਦੀਲੀ ਨਹੀਂ ਆ ਰਹੀ ਤਾਂ ਉਹ ਹੈ ਵੀਹ ਹਜ਼ਾਰ ਆਬਾਦੀ ਵਾਲੀ ਬਰੇਟਾ ਮੰਡੀ ਜੋ ਸਹੂਲਤਾਂ ਵਜੋਂ ਫਾਡੀ ਪਈ ਹੈ , ਪਰ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਹੈ । ਸਰਕਾਰ ਦਾ ਇਹ ਵਤੀਰਾ ਦੇਖ ਕੇ ਲਗਦਾ ਹੈ ਜਿਵੇ ਕੇ ਬਰੇਟਾ ਮੰਡੀ ਇੱਕ ਅਜਿਹਾ ਬੱਚਾ ਹੈ । ਜਿਸ ਦੀ ਮਾਂ ਮਤਰੇਈ ਹੈ । ਜਿਸ ਦੇ ਰੋਣ-ਕੁਰਲਾਉਣ ਦਾ ਮਾਂ ਤੇ ਕੋਈ ਅਸਰ ਨਹੀਂ , ਪਰ ਇਸ ਵਿੱਚ ਲੋਕਾਂ ਦਾ ਕੀ ਕਸੂਰ ਹੈ, ਉਨ੍ਹਾਂ ਨੂੰ ਕਿਸ ਗੱਲ ਦੀ ਸਜਾ ਮਿਲ ਰਹੀ ਹੈ , ਜਿਨ੍ਹਾਂ ਨੇ ਸਰਕਾਰ ਨੂੰ ਆਪਣੀਆਂ ਕੀਮਤੀ ਵੋਟਾਂ ਦੇ ਕੇ ਚੁਣਿਆ ਹੈ , ਹਰ ਕੋਈ ਉਡੀਕ ਕਰ ਰਿਹਾ ਹੈ ਕਿ ਕਦੋਂ ਹੋਵੇਗੀ ਬਰੇਟਾ ਮੰਡੀ ਦੀ ਸੁਣਵਾਈ।
ਸਿਵਲ ਹਸਪਤਾਲ ‘ਚ ਡਾਕਟਰਾਂ ਦੀ ਘਾਟ : ਬਰੇਟਾ ਮੰਡੀ ਦੇ ਕਰੋੜਾਂ ਰੁਪਇਆਂ ਨਾਲ ਬਣੀ ਸਿਵਲ ਹਸਪਤਾਲ ਦੀ ਇਮਾਰਤ ਡਾਕਟਰਾਂ ਦੀਆਂ ਖਾਲੀ ਪਈਆਂ ਆਸਮੀਆਂ ਦੀ ਉਡੀਕ ਕਰਦੀ ਕਰਦੀ ਖੁਦ ਬਿਮਾਰ ਜਾਪ ਰਹੀ ਹੈ ।
ਸ਼ਹਿਰ ‘ਚ ਖੇਡ ਸਟੇਡੀਅਮ ਦੀ ਘਾਟ: ਸ਼ਹਿਰ ‘ਚ ਖੇਡ ਸਟੇਡੀਅਮ ਦੀ ਘਾਟ ਲੋਕਾਂ ਨੂੰ ਬਹੁਤ ਰੜਕਦੀ ਹੈ ਅਤੇ ਸ਼ਹਿਰ ਦੇ ਬੱਚਿਆਂ ਅਤੇ ਨੌਜਵਾਨਾਂ ‘ਚ ਖੇਡਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਪਰ ਖੇਡ ਸਟੇਡੀਅਮ ਨਾ ਹੋਣ ਕਾਰਨ ਉਹ ਆਪਣਾ ਹੁਨਰ ਨਹੀਂ ਦਿਖਾ ਪਾ ਰਹੇ ਅਤੇ ਨੌਜਵਾਨਾਂ ਦਾ ਖੇਡਾਂ ‘ਚ ਕੁਝ ਕਰ ਦਿਖਾਉਣ ਦਾ ਜਜ਼ਬਾ ਆਪਣੇ ਗਲੀਆਂ-ਮੁਹੱਲਿਆਂ ‘ਚ ਹੀ ਸਿਮਟ ਕੇ ਰਹਿ ਜਾਂਦਾ ਹੈ ।ਸਬ-ਤਹਿਸੀਲ ਦੀ ਦੂਰੀ ਕਾਰਨ ਲੋਕ ਡਾਢੇ ਪ੍ਰੇਸ਼ਾਨ : ਬਰੇਟਾ ਦੀ ਸਬ-ਤਹਿਸੀਲ ਦਾ ਦਫ਼ਤਰ ਦੂਰ ਹੋਣ ਕਾਰਨ ਇਲਾਕੇ ਦੇ ਲੋਕ ਡਾਢੇ ਪ੍ਰੇਸ਼ਾਨ ਹਨ । ਇਸਦੀ ਸ਼ਹਿਰ ਤੋਂ ਦੂਰੀ ਕਰੀਬ ਦੋ ਕਿਲੋਮੀਟਰ ‘ਤੇ ਹੈ ਅਤੇ ਲੋਕਾਂ ਨੂੰ ਕੰਮਕਾਜ ਕਰਵਾਉਣ ਸਬ-ਤਹਿਸੀਲ ਜਾਣ ਲੱਗਿਆਂ ਖੱਜਲ-ਖੁਆਰ ਹੋਣਾ ਪੈਂਦਾ ਹੈ ਅਤੇ ਜਿੱਥੇ ਕੁਝ ਦਲਾਲਾਂ ਦਾ ਬੋਲਬਾਲਾ ਹੈ । ਇਲਾਕੇ ਦੇ ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਸਬ-ਤਹਿਸੀਲ ਦੇ ਦਫਤਰ ਨੂੰ ਪੁਰਾਣੀ ਥਾਂ ‘ਚ ਤਬਦੀਲ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਪ੍ਰੇਸ਼ਾਨੀ ਖਤਮ ਹੋ ਸਕੇ ।ਸ਼ਹਿਰ ‘ਚ ਨਹੀਂ ਲੱਗੇ ਸੀ.ਸੀ.ਟੀ.ਵੀ. ਕੈਮਰੇ: ਇਸ ਤੋਂ ਇਲਾਵਾ ਬਰੇਟਾ ਦੇ ਬਹੁਤ ਸਾਰੇ ਸਰਕਾਰੀ ਅਦਾਰਿਆਂ ਅਤੇ ਸ਼ਹਿਰ ਦੇ ਹੋਰ ਵੱਖ-ਵੱਖ ਅਹਿਮ ਥਾਵਾਂ ‘ਤੇ ਕੋਈ ਵੀ ਸੀ.ਸੀ.ਟੀ.ਵੀ. ਕੈਮਰਾ ਨਹੀਂ ਲੱਗਾ ਅਤੇ ਜੋ ਲੱਗੇ ਹਨ ਉਹ ਵੀ ਸਿਰਫ ਦਿਖਾਵੇ ਲਈ ਹਨ ।ਨਜਾਇਜ ਕਬਜਿਆਂ ਦੀ ਭਰਮਾਰ: ਸ਼ਹਿਰ ‘ਚ ਥਾਂ ਥਾਂ ਤੇ ਸਰਕਾਰੀ ਥਾਵਾਂ ਤੇ ਨਜਾਇਜ ਕਬਜੇ ਕੀਤੇ ਜਾ ਰਹੇ ਹਨ । ਜਿਸ ਬਾਰੇ ਨਗਰ ਕੌਸਲ ਨੂੰ ਅਨੇਕਾਂ ਵਾਰ ਕਹਿਣ ਦੇ ਬਾਵਜੂਦ ਵੀ ਮਾਮਲਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ । ਲੋਕੀਂ ਤਾਂ ਇਹ ਵੀ ਕਹਿੰਦੇ ਸੁਣੇ ਜਾ ਰਹੇ ਹਨ ਕਿ ਇਹ ਨਜਾਇਜ ਕਬਜੇ ਕੌਂਸਲ ਦੇ ਅਧਿਕਾਰੀਆਂ ਦੀ ਸ਼ਹਿ ਤੇ ਹੀ ਹੋ ਰਹੇ ਹਨ।
ਅਵਾਰਾ ਪਸ਼ੂਆਂ ਦੀ ਸਮੱਸਿਆ : ਸ਼ਹਿਰ ਚ ਅਵਾਰਾ ਪਸ਼ੂਆਂ ਦੀ ਭਰਮਾਰ ਹੈ ,ਜਿਨ੍ਹਾਂ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ ਪਰ ਪ੍ਰਸ਼ਾਸਨ ਸ਼ਾਇਦ ਇਸ ਮਾਮਲੇ ਤੋਂ ਬੇਖਬਰ ਦਿਖਾਈ ਦੇ ਰਿਹਾ ਹੈ ।
ਰੇਲਵੇ ਫਾਟਕਾਂ ਦਾ ਮਸਲਾ ਵੀ ਨਾ ਹੋਇਆ ਹੱਲ : ਪਿਛਲੇ ਪੰਜ ਸਤ ਸਾਲਾਂ ਤੋਂ ਇਲਾਕੇ ਦੇ ਲੋਕਾਂ ਲਈ ਸਿਰਦਰਦੀ ਬਣੇ ਰੇਲਵੇ ਫਾਟਕਾਂ ਤੇ ਓਵਰ /ਅੰਡਰ ਬ੍ਰਿਜ ਦਾ ਮਸਲਾ ਵੀ ਇਸ ਹਲਕੇ ਦੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੋਣ ਤੇ ਵੀ ਅਧੂਰਾ ਪਿਆ ਹੈ ।
ਮਿਹਨਤੀ ਸਿਆਸੀ ਆਗੂ ਦੀ ਘਾਟ : ਇਲਾਕੇ ਦੇ ਲੋਕ ਲੰਮੇ ਸਮੇਂ ਤੋਂ ਮਿਹਨਤੀ ਅਤੇ ਇਮਾਨਦਾਰ ਸਿਆਸੀ ਆਗੂ ਤੋਂ ਸੱਖਣੇ ਹਨ । ਭਾਵੇਂ ਲੋਕ ਹਰ ਵਾਰ ਨਵਾਂ ਸਿਆਸੀ ਨਮੁਇੰਦਾ ਚੁਣਕੇ ਵਿਧਾਨ ਸਭਾ ਜਾ ਲੋਕ ਸਭਾ ਵਿੱਚ ਭੇਜਦੇ ਹਨ ਪਰ ਉਹ ਲੋਕਾਂ ਦੀਆਂ ਆਸਾਂ ਤੇ ਘੱਟ ਹੀ ਖਰੇ ਉਤਰਦੇ ਨਜ਼ਰ ਆਉਂਦੇ ਹਨ ।
ਅਖੀਰ ‘ਚ ਜਿਕਰਯੋਗ ਗੱਲ ਇਹ ਹੈ ਕਿ ਇਨ੍ਹਾਂ ਸਮੱਸਿਆਵਾਂ ਤੋਂ ਲਗਦਾ ਹੈ ਕਿ ਕੁਝ ਇਨਸਾਫ ਪਸੰਦ ਲੋਕ ਹੀ ਪ੍ਰਭਾਵਿਤ ਹਨ , ਬਾਕੀਆਂ ਦਾ ਤਾਂ ਇੰਝ ਜਾਪਦਾ ਹੈ ਕਿ ਉਹ ਤਾਂ ਇਨ੍ਹਾਂ ਸਮੱਸਿਆਵਾਂ ਨਾਲ ਸਹਿਮਤ ਹੀ ਹਨ ਜੋ ਕਿ ਅਵਾਜ਼ ਨੂੰ ਬੁਲੰਦ ਕਰਨ ‘ਚ ਸ਼ਾਮਿਲ ਨਹੀਂ ਹੁੰਦੇ ।
– ਰੀਤਵਾਲ
ਪੱਤਰਕਾਰ ‘ਪੰਜਾਬ ਟਾਇਮਜ਼’