ਦਿੱਲੀ ਚੋਣਾਂ ਦਾ ਮਾਰੂ ਪ੍ਰਚਾਰ

ਦਿੱਲੀ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਨੇਤਾਵਾਂ ਵੱਲੋਂ ਬਹੁਤ ਹੀ ਮਾਰੂ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਬੇਹੱਦ ਦੁਖਦਾਇਕ ਹੈ ਕਿ ਪ੍ਰਮੁੱਖ ਸਿਆਸੀ ਧਿਰਾਂ ਦਿੱਲੀ ਦੀਆਂ ਚੋਣਾਂ ਜਿੱਤਣ ਲਈ ਦੇਸ਼ ਦੀ ਫਿਰਕੂ ਸਦਭਾਵਨਾ ਨੂੰ ਵੀ ਦਾਅ ‘ਤੇ ਲਗਾ ਰਹੀਆਂ ਹਨ। ਦਿੱਲੀ ਵਿੱਚ ਫਿਰਕੂ ਟਕਰਾਅ ਕਰਵਾਉਣ ਦੀ ਕੋਈ ਕਸਰ ਬਾਕੀ ਨਹੀਂ ਰਹੀ। ਹੋ ਸਕਦਾ ਹੈ ਚੋਣਾਂ ਦੀ ਤਰੀਕ ਤੋਂ ਪਹਿਲਾਂ ਦਿੱਲੀ ਵਿੱਚ ਹਿੰਸਕ ਫਿਰਕੂ ਟਕਰਾਅ ਵੀ ਹੋ ਜਾਵੇ। ਇਹ ਹੈਰਾਨੀ ਦੀ ਗੱਲ ਹੈ ਕਿ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਦਿੱਲੀ ਦੀਆਂ ਵੱਖ-ਵੱਖ ਥਾਵਾਂ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ। ਆਮ ਤੌਰ ‘ਤੇ ਜਦੋਂ ਵੀ ਕਿਤੇ ਚੋਣ ਹੁੰਦੀ ਹੈ ਤਾਂ ਨਿੱਜੀ ਹਥਿਆਰਾਂ ਨੂੰ ਜਮ੍ਹਾਂ ਕਰਵਾ ਲਿਆ ਜਾਂਦਾ ਹੈ। ਫਿਰ ਇਹ ਕਿਵੇਂ ਸੰਭਵ ਹੈ ਕਿ ਦਿੱਲੀ ਦੀਆਂ ਬਹੁਤ ਹੀ ਸੰਵੇਦਨਸ਼ੀਲ ਚੋਣਾਂ ਵਿੱਚ ਖੁੱਲ੍ਹੇਆਮ ਨਿੱਜੀ ਹੱਥਿਆਰਾਂ ਦਾ ਇਸਤੇਮਾਲ ਹੋ ਰਿਹਾ ਹੈ। ਨੇਤਾਵਾਂ ਵੱਲੋਂ ਵੀ ਗੋਲੀ ਮਾਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਪਹਿਲਾਂ ਇਕ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਵੱਲੋਂ ਅਜਿਹੀ ਬੋਲੀ ਬੋਲੀ ਗਈ ਫਿਰ ਇਕ ਵੱਡੇ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਇਸ ਤਰ੍ਹਾਂ ਦੀ ਬੋਲਬਾਣੀ ਬੋਲਦੇ ਦੇਖੇ ਗਏ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਲੋਕਤੰਤਰ ਦੀ ਲੜਾਈ ਵਿੱਚ ਹਿੰਸਾ ਦੀ ਵਰਤੋਂ ਦੀ ਗੱਲ ਹੋ ਰਹੀ ਹੈ। ਹਿੰਸਾ ਅਤੇ ਚੋਣਾਂ ਦੋ ਅਲੱਗ-ਅਲੱਗ ਵਿਸ਼ੇ ਹਨ। ਚੋਣਾਂ ਦਾ ਸਬੰਧ ਲੋਕਾਂ ਦੇ ਦਿੱਲ ਜਿੱਤਣ ਨਾਲ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਦੇ ਦਿੱਲ ਜਿੱਤਣ ਲਈ ਦਿੱਲੀ ਦੀਆਂ ਚੋਣਾਂ ਵਿੱਚ ਵਿਕਾਸ ਅਤੇ ਜਨ-ਜੀਵਨ ਨਾਲ ਜੁੜੇ ਮੁੱਦੇ ਪਿੱਛੇ ਰਹਿ ਗਏ ਹਨ। ਵੋਟਾਂ ਲੈਣ ਲਈ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਫਿਰਕੂ ਕਤਾਰਬੰਦੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਵੋਟਾਂ ਖਰੀਦਣ ਦੀਆਂ ਕੁਝ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਕਹਿਣ ਦਾ ਭਾਵ ਇਹ ਹੈ ਕਿ ਦਿੱਲੀ ਵਿੱਚ ਹੋ ਰਹੀਆਂ ਚੋਣਾਂ ਸਾਫ ਸੁਥਰੀਆਂ ਅਤੇ ਨਿਰਪੱਖ ਨਹੀਂ ਲੱਗ ਰਹੀਆਂ। ਮੌਜੂਦਾ ਹਾਲਾਤਾਂ ਵਿੱਚ ਆਮ ਲੋਕ ਬਿਨਾਂ ਕਿਸੇ ਭੈਅ ਤੋਂ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਸਕਣਗੇ ਜਾਂ ਨਹੀਂ ਇਹ ਕਹਿਣਾ ਵੀ ਮੁਸ਼ਕਿਲ ਹੈ। ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਉਹ ਦਿੱਲੀ ਵਿੱਚ ਚੋਣਾਂ ਲਈ ਯੋਗ ਮਾਹੌਲ ਤਿਆਰ ਕਰੇ। ਹਿੰਸਕ ਬੋਲਬਾਣੀ ਉੱਪਰ ਸਖਤ ਕਾਰਵਾਈ ਹੋਵੇ। ਇਸੇ ਤਰ੍ਹਾਂ ਹਥਿਆਰਾਂ ਦੇ ਇਸਤੇਮਾਲ ਉੱਪਰ ਪੂਰੀ ਤਰ੍ਹਾਂ ਪਾਬੰਦੀ ਆਇਦ ਕੀਤੀ ਜਾਵੇ। ਬਿਨਾ ਸ਼ੱਕ ਦਿੱਲੀ ਦੀਆਂ ਚੋਣਾਂ ਸਿਆਸੀ ਵਕਾਰ ਦੇ ਪੱਖੋਂ ਸਾਰੀਆਂ ਹੀ ਪਾਰਟੀਆਂ ਲਈ ਬਹੁਤ ਅਹਿਮ ਹਨ। ਪਰ ਸਿਆਸੀ ਪਾਰਟੀਆਂ ਦੇ ਵਕਾਰ ਲਈ ਲੋਕਤੰਤਰ ਨੂੰ ਕਤਲ ਨਹੀਂ ਕੀਤਾ ਜਾ ਸਕਦਾ। ਲੋਕਾਂ ਨੂੰ ਆਪਣੀ ਮਰਜ਼ੀ ਮੁਤਾਬਿਕ ਸਰਕਾਰ ਚੁਣਨ ਦਾ ਹੱਕ ਹੈ। ਲੋਕਾਂ ਦੇ ਇਸ ਅਧਿਕਾਰ ਦੀ ਰਾਖੀ ਲਈ ਸਭ ਸੰਭਵ ਯਤਨ ਹੋਣੇ ਚਾਹੀਦੇ ਹਨ ਤਾਂ ਜੋ ਦਿੱਲੀ ਵਿੱਚ ਨਿਰਪੱਖ, ਆਜ਼ਾਦ ਅਤੇ ਸਾਫ-ਸੁਥਰੀਆਂ ਚੋਣਾਂ ਹੋ ਸਕਣ।
– ਬਲਜੀਤ ਸਿੰਘ ਬਰਾੜ

Send this to a friend