ਪੂਰੇ ਦੇਸ਼ ਵਿਚ ਜ਼ਮੀਨਾਂ ਕੌਡੀਆਂ ਦੇ ਭਾਅ ਵਿਕ ਰਹੀਆਂ ਹਨ ਪ੍ਰੰਤੂ ਅਯੁੱਧਿਆ ਦੀ ਹੱਦ ਬਸਤ ਅੰਦਰ ਜਮੀਨ ਦੀਆਂ ਕੀਮਤਾਂ ਦਸ ਗੁਣਾ ਵਧ ਗਈਆਂ ਹਨ। ਜਿਸ ਦਾ ਕਾਰਨ ਚਾਲੂ ਵਰ੍ਹੇ ਦੌਰਾਨ ਬਹੁਤ ਜਿਆਦਾ ਮਹਿੰਗੇ ਤੇ ਆਲੀਸ਼ਾਨ ਰਾਮ ਮੰਦਰ ਦੇ ਨਿਰਮਾਣ ਦੀ ਸ਼ੁਰੁਆਤ ਮੰਨਿਆ ਜਾ ਰਿਹਾ ਹੈ। ਦੇਸ਼ ਭਰ ਤੋੰ ਸਾਧੂ ਸੰਤਾਂ ਨੇ ਇੱਥੇ ਡੇਰੇ ਲਾਏ ਹੋਏ ਹਨ।ਨਵੇਂ ਸਾਲ ਦੇ ਪਹਿਲੇ ਦਿਨ ਇੱਕ ਲੱਖ ਤੋਂ ਵੀ ਜਿਆਦਾ ਸ਼ਰਧਾਲੂ ਇਥੇ ਪਹੁੰਚੇ ਹੋਏ ਸਨ। ਇਸ ਦਿਨ ਅਯੁੱਧਿਆ ਵਿਚ ਰਾਮ ਨੂੰ 56 ਭੋਗ ਦਾ ਪਰਸ਼ਾਦ ਚੜ੍ਹਾਇਆ ਗਿਆ ਜਿਸ ਨੂੰ ਉਥੇ ਧੂਣੇ ਰਮਾ ਕੇ ਬੈਠੇ ਸਾਧੂ ਸੰਤਾਂ ਨੇ ਚਟਕਾਰੇ ਲੈ ਕੇ ਖਾਧਾ। ਹੁਣ ਜੀਵਨ ਭਰ ਉਹਨਾਂ ਨੂੰ ਲਜ਼ੀਜ਼ ਪਕਵਾਨਾਂ ਦਾ ਮੁਫ਼ਤ ਵਿਚ ਲੁਤਫ਼ ਮਿਲਣਾ ਤਹਿ ਹੋ ਗਿਆ ਹੈ।ਅਦਾਲਤੀ ਫੈਸਲਾ ਆਉਣ ਤੋਂ ਪਹਿਲਾਂ ਹੀ ਮੰਦਰ ਨਿਰਮਾਣ ਸਮਗਰੀ ਅਯੁੱਧਿਆ ਪਹੁੰਚਾਈ ਜਾ ਰਹੀ ਸੀ। ਲਖਨਊ ਅਤੇ ਦਿੱਲੀ ਵਿਚ ਸੂਚੀਆਂ ਬਣ ਰਹੀਆਂ ਹਨ ਕਿ ਅਦਾਲਤੀ ਆਦੇਸ਼ ਮੁਤਾਬਕ ਸਰਕਾਰ ਦੁਆਰਾ ਗਠਿਤ ਟਰਸਟ ਵਿਚ ਕੌਣ ਕੌਣ ਸ਼ਾਮਿਲ ਹੋਵੇਗਾ।ਕੁਲੀਨ ਵਰਗ ਇਹ ਤਹਿ ਕਰਨ ਵਿਚ ਜੁਟਿਆ ਹੋਇਆ ਹੈ ਕਿ ਭਗਵਾਨ ਰਾਮ ਨੂੰ ਚੜ੍ਹਾਵਾ ਚੜ੍ਹਾਉਣ ਲਈ ਕਿਹੜੀ ਸਮੱਗਰੀ ਕਿਥੋਂ ਲਿਆਂਦੀ ਜਾਵੇਗੀ। ਜਾਣਕਾਰੀ ਅਨੁਸਾਰ ਰਾਮ ਦੇ ਭੋਗ ਲਈ ਬਿਹਾਰ ਦੇ ਮੋਕਰੀ ਨਾਮਕ ਪਿੰਡ ਤੋਂ ਗੋਬਿੰਦ ਭੋਗ ਚਾਵਲ ਮੰਗਵਾਇਆ ਜਵੇਗਾ ਜੋ ਸਭ ਤੋੰ ਜਿਆਦਾ ਸੁਗੰਧਿਤ ਹੁੰਦਾ ਹੈ।ਅਯੁੱਧਿਆ ਨਾਲ਼ ਲਗਦੇ ਪਿੰਡਾਂ ਅੰਦਰ ਜਿਸ ਤਰਾਂ ਦੀ ਚਰਚਾ ਹੈ ਉਸ ਨੂੰ ਦੇਖ ਕੇ ਲਗਦਾ ਹੈ ਕਿ ਇਹ ਮੰਦਰ ਕੇਵਲ ਸਵਰਨ ਜਾਤੀਆਂ ਲਈ ਹੋਵੇਗਾ।ਪਛੜੇ ਅਤੇ ਦਲਿਤਾਂ ਨੂੰ ਐਲਾਨੀਆ ਤੌਰ ‘ਤੇ ਮੰਦਰ ਵਿਚ ਆਉਣ ਤੋਂ ਭਾਵੇਂ ਨਹੀਂ ਰੋਕਿਆ ਜਵੇਗਾ ਪ੍ਰੰਤੂ ਮਹੌਲ ਐਸਾ ਸਿਰਜਿਆ ਜਾ ਰਿਹਾ ਹੈ ਕਿ ਉਹ ਖੁਦ ਹੀ ਉਥੇ ਆਉਣ ਤੋਂ ਗੁਰੇਜ਼ ਕਰਨ। ਅਯੁੱਧਿਆ ਦੇ ਆਸ ਪਾਸ ਪੈਂਦੇ ਕੋਈ 105 ਪਿੰਡਾਂ ਵਿਚ ਜਨਤਕ ਸਭਾਵਾਂ ਕਰ ਕੇ ਪਗੜੀਆਂ ਵੰਡੀਆਂ ਜਾ ਰਹੀਆਂ ਹਨ। ਇਹ ਪਗੜੀਆਂ ਕੇਵਲ ਸੂਰਿਆ ਵੰਸ਼ੀ ਕਸ਼ੱਤਰੀਆਂ ਵਾਸਤੇ ਹਨ, ਜਿਹਨਾਂ ਵਾਰੇ ਮਨਘੜਤ ਕਹਾਣੀ ਫੈਲਾਈ ਗਈ ਹੈ ਕਿ ਉਹਨਾਂ ਦੇ ਪੁਰਖਿਆਂ ਨੇ 500 ਸਾਲ ਪਹਿਲਾਂ ਪ੍ਰਤਿਗਿਆ ਕੀਤੀ ਸੀ ਕਿ ਜਦੋਂ ਤੱਕ ਰਾਮ ਮੰਦਰ ਫੇਰ ਤੋਂ ਨਹੀਂ ਬਣ ਜਾਂਦਾ ਉਦੋਂ ਤੱਕ ਉਹ ਨਾ ਪਗੜੀ ਬਣਨਗੇ, ਨਾ ਛਤਰੀ ਨਾਲ਼ ਸਿਰ ਢਕਣਗੇ ਅਤੇ ਨਾ ਚਮੜੇ ਦੀ ਜੁੱਤੀ ਪਾਉਣਗੇ। ਜਿਕਰ ਯੋਗ ਹੈ ਕਿ ਅਯੁੱਧਿਆ ਅਤੇ ਉਸ ਨਾਲ ਲਗਦੇ ਬਸਤੀ ਜ਼ਿਲ੍ਹੇ ਦੇ ਸੂਰਜ ਵੰਸ਼ੀ ਵੀ ਆਪਣੇ ਆਪ ਨੂੰ ਰਾਮ ਦੇ ਵੰਸ਼ਜ ਮੰਨਦੇ ਹਨ। 9 ਸਤੰਬਰ ਨੂੰ ਜਿਉਂ ਹੀ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀ , ਇਹਨਾਂ ਕਸ਼ੱਤਰੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਹਜਾਰਾਂ ਲੋਕਾਂ ਨੂੰ ਪਗੜੀਆਂ ਅਤੇ ਸਾਫੇ ਵੰਡੇ ਜਾਣ ਲੱਗੇ। ਸੂਰਿਆ ਵੰਸ਼ੀ ਚਮੜੇ ਦੇ ਜੁੱਤੇ ਅਤੇ ਚਪਲ ਪਹਿਨਣ ਲੱਗ ਪਏ।ਹੁਣ ਉਹ ਰਾਮ ਮੰਦਰ ਦੇ ਨਿਰਮਾਣ ਵਿਚ ਸਹਿਯੋਗ ਦੇ ਰਹੇ ਹਨ।ਇੱਕ ਤਰ੍ਹਾਂ ਨਾਲ ਉਹਨਾਂ ਨੇ ਅਚਾਨਕ ਹੀ ਰਾਮ ਅਤੇ ਅਯੁੱਧਿਆ ਉੱਤੇ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ।ਇਹ ਦਾਅਵੇਦਾਰੀ ਇਸ ਗੱਲ ਦਾ ਸੰਕੇਤ ਹੈ ਕਿ ਦੇਸ਼ ਦੇ ਲੱਖਾਂ ਮੰਦਰ ਸਵਰਨਾਂ ਦੇ ਹਨ ਹੀ , ਰਾਮ ਮੰਦਰ ਦੀ ਤਾਂ ਗੱਲ ਹੀ ਹੋਰ ਹੈ।ਅਯੁੱਧਿਆ ਵਿਚ ਇਕੱਠੇ ਹੋਏ ਹਜਾਰਾਂ ਪਾਂਡੇ ਪੁਜਾਰੀਆਂ ਦਾ ਵੀ ਇਹੀ ਮੱਤ ਹੈ ਕਿ ਰਾਮ ਭਗਵਾਨ ਦੇ ਨੇੜੇ ਤੇੜੇ ਉਹਨਾਂ ਤੋਂ ਬਿਨਾਂ ਜੇ ਕੋਈ ਫਟਕ ਸਕਦਾ ਹੈ ਤਾਂ ਉਹ ਕਸ਼ੱਤਰੀਆਂ ਹਨ ਜੋ ਉਹਨਾਂ ਦੇ ਪ੍ਰੰਪਰਾਗਤ ਜਜਮਾਨ ਹਨ।।ਜਾਤ ਪਾਤ ਦੇ ਅਧਾਰ ਤੋਂ ਇਲਾਵਾ ਆਰਥਿਕ ਅਧਾਰ ਤੇ ਵੀ ਸਾਫ ਸਾਫ ਦਿਖਾਈ ਦਿੰਦਾ ਹੈ ਕਿ ਬੜੇ ਬੜੇ ਬਰਾਂਡਿਡ ਮੰਦਰ ਪੈਸੇ ਵਾਲਿਆਂ ਲਈ ਹੀ ਹੁੰਦੇ ਹਨ।ਗਰੀਬਾਂ ਲਈ ਗਲੀ ਕੂਚਿਆਂ ਵਿਚ ਹਨੂੰਮਾਨ, ਸ਼ਨੀ, ਕਾਲੀ ,ਭੈਰੋਂ ਅਤੇ ਅਣਜਾਣ ਦੇਵੀ ਦੇਵਤਿਆਂ ਦੇ ਮੰਦਰ ਹਨ। ਇਹਨਾਂ ਅਸਥਾਨਾਂ ਤੇ ਉੱਚੀਆਂ ਜਾਤਾਂ ਵਾਲੇ ਕਦੇ ਨਹੀਂ ਜਾਂਦੇ। ਸੁਰਜਵੰਸ਼ੀ ਕਸ਼ੱਤਰੀਆਂ ਦੀ ਪਗੜੀ ਅਤੇ ਜੁੱਤੀ ਦੀ ਆੜ ਵਿੱਚ ਰਾਮ ਮੰਦਰ ਉੱਤੇ ਦਾਅਵੇਦਾਰੀ ਤੋੰ ਕਾਫੀ ਪਹਿਲਾਂ 28 ਨਵੰਬਰ,2018 ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਰਸਜਸਥਾਨ ਵਿਧਾਨ ਸਭਾ ਚੋਣਾਂ ਦੌਰਾਨ ਅਲਵਰ ਦੀ ਇੱਕ ਰੈਲੀ ਸਮੇਂ ਇਹ ਕਹਿੰਦੇ ਹੋਏ ਫਸਾਦ ਖੜ੍ਹਾ ਕਰ ਚੁੱਕੇ ਹਨ ਕਿ ਹਨੂੰਮਾਨ ਦਲਿਤ ਸਨ। ਜਾਣੀ ਜੋ ਸੇਵਕ ਹੈ ਉਹ ਦਲਿਤ ਹੈ।ਸਵਰਨਾਂ ਦੀ ਸੇਵਾ ਕਰਨੀ ਦਲਿਤਾਂ ਦਾ ਕਰਤਵ ਹੈ। ਸਵਰਨਾਂ ਵਲੋਂ ਮੰਦਰਾਂ ਤੇ ਕਬਜਿਆਂ ਪਿੱਛੇ ਮੁੱਖ ਵਜ੍ਹਾ ਜਾਤੀਵਾਦ ਅਤੇ ਵਰਣ ਵਿਵਸਥਾ ਨੂੰ ਬਣਾਏ ਰੱਖਣਾ ਹੈ।ਮੌਜੂਦਾ ਭਾਜਪਾ ਸਰਕਾਰ ਅਤੇ ਉਸ ਦੇ ਪਿਤਰੀ ਸੰਗਠਨ ਆਰ ਐਸ ਐਸ ਦਾ ਐਲਾਨੀਆ ਏਜੰਡਾ ਵੀ ਇਹੀ ਹੈ। ਇਹਨਾਂ ਦਾ ਉਦੇਸ਼ ਹੈ ਕਿ ਬ੍ਰਾਹਮਣ,ਪੁਜਾਰੀ ਅਤੇ ਪਾਂਡੇ ਕਿਰਤ ਕਰਨ ਦੀ ਥਾਂ ਪੂਜਾ ਪਾਠ ਕਰਕੇ ਆਪਣੀਆਂ ਝੋਲੀਆਂ ਭਰਦੇ ਰਹਿਣ ਅਤੇ ਕਸ਼ੱਤਰੀਆਂ ਸਮਾਜ ਇਸ ਭੁਲੇਖੇ ਵਿੱਚ ਰਹੇ ਕਿ ਉਹ ਜਜਮਾਨ ਹੋਣ ਦੇ ਨਾਤੇ ਬਾਕੀਆਂ ਨਾਲੋਂ ਸਰੇਸ਼ਠ ਹਨ। ਇੱਕ ਤਰਾਂ ਨਾਲ ਉਹਨਾਂ ਨੂੰ ਬ੍ਰਾਹਮਣਾਂ ਦੇ ਹੱਥਾਂ ਦੀਆਂ ਕਠਪੁਤਲੀਆਂ ਬਣਨ ਵਿੱਚ ਕੋਈ ਇਤਰਾਜ ਨਹੀਂ। ਹਾਲ ਦੀ ਘੜੀ ਅਯੁੱਧਿਆ ਮੰਦਰ ਦੀ ਦਾਨ ਪੇਟੀ ਪੰਦਰਵਾੜੇ ਬਾਅਦ ਖੁਲਦੀ ਹੈ ਜਿਸ ਚੋਂ ਲਗ ਭਗ 8 ਲਖ ਰੁਪਏ ਦੀ ਰਾਸ਼ੀ ਨਿਕਲਦੀ ਹੈ।ਰਾਮ ਨੌਵੀਂ ਆਉਂਦੇ ਆਉਂਦੇ ਇਸ ਰਾਸ਼ੀ ਦੇ ਇੱਕ ਕਰੋੜ ਰੁਪਏ ਹੋਣ ਦਾ ਅੰਦਾਜਾ ਹੈ। ਰਾਮ ਲੱਲਾ ਬਿਰਾਜਮਾਨ ਦਾ ਖੇਤਰਫਲ 67 ਏਕੜ ਤੋੰ ਵਧਾ ਕੇ 100 ਏਕੜ ਕਰਨ ਦੀ ਕਵਾਇਦ ਤਕਰੀਬਨ ਪੂਰੀ ਹੋਣ ਹੀ ਵਾਲੀ ਹੈ। ਰਾਮ ਮੰਦਰ ਅੰਦੋਲਨ ਪੂਰੀ ਤਰ੍ਹਾਂ ਸਵਰਨਾਂ ਦੀ ਅਗਵਾਈ ਹੇਠ ਹੋਇਆ ਸੀ। ਅਗਵਾਈ ਕਰਤਾਵਾਂ ਵਿੱਚ ਤਤਕਾਲੀਨ ਆਰ ਐਸ ਐਸ ਬਾਲਾ ਸਾਹਿਬ ਦੇਵਰਸ, ਅਸ਼ੋਕ ਸਿੰਘਲ,ਰੱਜੂ ਭਇਆ,ਕੇ ਸੁਦਰਸ਼ਨ ਅਤੇ ਵਰਤਮਾਨ ਆਰ ਐਸ ਐਸ ਮੁਖੀਆ ਮੋਹਨ ਭਾਰਗਵ ਤੋੰ ਇਲਾਵਾ ਅਨੇਕਾਂ ਸਾਧੂ ਸੰਤ ਸ਼ਾਮਲ ਸਨ। ਸਾਰੇ ਵਰਗਾਂ ਦੀ ਹਿੱਸੇਦਾਰੀ ਦਿਖਾਉਣ ਲਈ ਰਾਜਨੀਤਕ ਲਾਲਸਾ ਪਾਲਣ ਵਾਲੇ ਪਛੜੇ ਵਰਗ ਦੇ ਕੁਝ ਨੇਤਾਵਾਂ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਸੀ, ਜਿਹਨਾਂ ਵਿੱਚ ਓਮਾ ਭਾਰਤੀ, ਗੋਪੀਨਾਥ ਮੁੰਡੇ, ਕਲਿਆਣ ਸਿੰਘ, ਸ਼ਿਵਰਾਜ ਚੌਹਾਨ ਅਤੇ ਨਰਿੰਦਰ ਮੋਦੀ ਆਦਿ ਪ੍ਰਮੁੱਖ ਸਨ। ‘ਏਕ ਧੱਕਾ ਔਰ ਦੋ, ਬਾਬਰੀ ਮਸਜਿਦ ਤੋੜ ਦੋ’ ਦਾ ਨਾਹਰਾ ਪਛੜੇ ਵਰਗ ਦੀ ਸਾਧਵੀ ਰਿਤਨਬਰਾ ਨੇ ਹੀ ਲਗਾਇਆ ਸੀ। ਇਹ ਵੱਖਰੀ ਗੱਲ ਹੈ ਕਿ ਮਾਰਚ,2018 ਵਿਚ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਬਿੰਦ ਜਦੋਂ ਆਪਣੀ ਪਤਨੀ ਸਵਿਤਾ ਨਾਲ਼ ਜਗਨ ਨਾਥ ਮੰਦਰ ਗਏ ਸਨ ਤਾਂ ਉਹਨਾਂ ਨਾਲ਼ ਬਦਸਲੂਕੀ ਕੀਤੀ ਗਈ ਸੀ ਅਤੇ ਉਹਨਾਂ ਨੂੰ ਗਰਭ ਗਰਿਹ ਵਿਚ ਨਹੀਂ ਦਾਖਲ ਹੋਣ ਦਿੱਤਾ ਗਿਆ ਸੀ।ਦਲਿਤ ਅਤੇ ਪਛੜੇ ਵਰਗਾਂ ਨਾਲ਼ ਸਬੰਧਿਤ ਲੋਕਾਂ ਨੂੰ ਮੰਦਰਾਂ ਦੇ ਅੰਦਰ ਅਤੇ ਬਾਹਰ ਜਲੀਲ ਕੀਤੇ ਜਾਣ ਦੀਆਂ ਖਬਰਾਂ ਆਏ ਦਿਨ ਛਪਦੀਆਂ ਹੀ ਰਹਿੰਦੀਆਂ ਹਨ।ਅਫਸੋਸ ਇਸ ਗੱਲ ਦਾ ਹੈ ਕਿ ਇੱਕ ਪਾਸੇ ਦੇਸ਼ ਦੀ ਅਰਥਵਿਵਸਥਾ ਦਾ ਬੁਰਾ ਹਾਲ ਹੈ,ਬੇਰੁਜ਼ਗਾਰੀ ਵਧ ਰਹੀ ਹੈ, ਮਹਿੰਗਾਈ ਨੇ ਲੋਕਾਂ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਹੈ ਸਰਕਾਰੀ ਅਦਾਰੇ ਵੇਚੇ ਜਾ ਰਹੇ ਹਨ ਪਰ ਦੂਜੇ ਪਾਸੇ ਰਾਮ ਮੰਦਰ ਦੇ ਢਾਂਚਾ ਗਤ ਵਿਕਾਸ ਲਈ ਪੈਸਾ ਕੇਂਦਰ ਸਰਕਾਰ ਦੇਵੇਗੀ।ਇਹ ਪੈਸਾ ਕਿੰਨੇ ਅਰਬ ਜਾ ਖਰਬ ਹੋਵੇਗਾ ਇਸ ਵਾਰੇ ਕੁਝ ਵੀ ਸਪਸ਼ਟ ਨਹੀਂ ਹੈ ਕਿਉਂ ਕਿ ਅਦਾਲਤ ਨੇ ਆਪਣੇ ਫੈਸਲੇ ਵਿਚ ਕੋਈ ਵੀ ਆਰਥਿਕ ਸੀਮਾ ਤਹਿ ਨਹੀਂ ਕੀਤੀ। ਦੂਜੇ ਪਾਸੇ ਰਾਮ ਲੱਲਾ ਟਰਸਟ ਵੀ ਮੰਦਰ ਨਿਰਮਾਣ ਲਈ ਲੋਕਾਂ ਤੋਂ ਧਨ ਇਕੱਤਰ ਦੀ ਗੱਲ ਕਹਿ ਚੁੱਕਾ ਹੈ। ਜਾਣੀ ਦੋ ਤਰਫੀ ਲੁੱਟ ਹੋਵੇਗੀ।ਮੰਦਰ ਤੋਂ ਹੋਣ ਵਾਲੀ ਆਮਦਨ ਤੇ ਕਿਸ ਦਾ ਹੱਕ ਹੋਵੇਗਾ।ਕੀ ਇਹ ਸਰਕਾਰੀ ਖਜ਼ਾਨੇ ਵਿਚ ਜਮਾ ਕਰਵਾਈ ਜਾਵੇਗੀ?ਇਸ ਵਾਰੇ ਕੁਝ ਵੀ ਸਪਸ਼ਟ ਨਹੀਂ ਹੈ।
ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਬਨਾਮ ਰਾਮ ਮੰਦਰ



