ਕੇਂਦਰ ਸਰਕਾਰ ਕਣਕ-ਝੋਨੇ ਦੇ ‘ਘੱਟੋ-ਘੱਟ ਸਮਰਥਨ ਮੁੱਲ’ ਨੂੰ ਖ਼ਤਮ ਕਰਨ ਦੇ ਰੌਂਅ ਵਿੱਚ
ਸ੍ਰੀ ਮਾਛੀਵਾੜਾ ਸਾਹਿਬ- ਜਿਵੇਂ ਇੱਕ ਕਹਾਵਤ ਹੈ ਕਿ “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ “ !ਇਹ ਕਹਾਵਤ ਪੰਜਾਬ ਦੇ ਕਿਸਾਨਾਂ ਤੇ ਇੰਨ-ਬਿੰਨ ਢੁੱਕਵੀਂ ਹੈ ਭਾਂਵੇਂ ਪਹਿਲਾਂ ਜਦੋ ਇਹ ਕਹਾਵਤ ਬਣੀ ਮੁਹਿੰਮਾਂ ਹੋਰ ਤਰ੍ਹਾਂ ਦੀਆਂ ਸਨ ਤੇ ਹੁਣ ਹੋਰ ਤਰ੍ਹਾਂ ਦੀਆਂ। ਪਹਿਲਾਂ ਹੀ ਆਰਥਕ ਸੰਕਟ ਚੋਂ ਗੁਜਰ ਰਹੀ ਪੰਜਾਬ ਦੀ ਕਿਸਾਨੀ ਨੂੰ ਇੱਕ ਹੋਰ ਵੱਡੀ ਮਾਰ ਪੈਣ ਦਾ ਖਦਸ਼ਾ ਬਣਦਾ ਜਾ ਰਿਹਾ ਹੈ ਜਿਸ ਨਾਲ ਆੜ੍ਹਤੀਆਂ ਭਾਈਚਾਰਾ ਤੇ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰ ਭਾਈਚਾਰੇ ਦੇ ਚੁੱਲਿਆਂ ਦੀ ਅੱਗ ਵੀ ਬੁਝਣ ਦਾ ਡਰ ਪੈਦਾ ਹੋ ਗਿਆ ਹੈ ਕਿਉਂਕਿ ਕੇਂਦਰ ਸਰਕਾਰ ਪੰਜਾਬ ਦੀਆਂ ਦੋ ਮੁੱਖ ਫਸਲਾਂ ਕਣਕ ਤੇ ਝੋਨੇ ਦੀ (ਐਮ ਐਸ ਪੀ ) ਘੱਟੋ ਘੱਟ ਸਮਰਥਨ ਮੁੱਲ ਖਤਮ ਕਰਨ ਦੇ ਰੌਂਅ ਵਿੱਚ ਹੈ ਜਿਸ ਨਾਲ ਪੰਜਾਬ ਦੀ ਕਿਸਾਨੀ ਨੂੰ ਆਪਣਾ ਭਵਿੱਖ ਬੇਹੱਦ ਧੁੰਦਲਾ ਵਿਖਾਈ ਦੇ ਰਿਹਾ ਹੈ ਹੈ ।ਸਰਕਾਰ ਵੱਲੋਂ ਪਹਿਲਾਂ ਤੋਂ ਚਲਦੇ ਮੰਡੀਕਰਨ ਸਿਸਟਮ ਨੂੰ ਖਤਮ ਕਰਨ ਦੀ ਤਿਆਰੀ ਇਸ ਵੱਲ ਪਹਿਲਾਂ ਕਦਮ ਮੰਨਿਆ ਜਾ ਰਿਹਾ ਹੈ ਤੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰ ਘੱਟੋ ਘੱਟ ਸਮਰਥਨ ਮੁੱਲ ਨੂੰ ਖਤਮ ਕਰਨ ਤੋਂ ਪਹਿਲਾਂ ਫਸਲਾਂ ਦੀ ਖਰੀਦ ਨੂੰ ਸੀਮਤ ਕਰੇਗੀ ਤੇ ਫਿਰ ਘੱਟੋ ਘੱਟ ਸਮਰਥਨ ਮੁੱਲ ਖਤਮ ਕਰ ਦੇਵੇਗੀ। ਜਿਸ ਦੀ ਸਭ ਤੋਂ ਵੱਡੀ ਮਾਰ ਪੰਜਾਬ ਦੇ ਕਿਸਾਨਾਂ ਨੂੰ ਪਏਗੀ ਕਿਉਂਕਿ ਕਣਕ ਤੇ ਝੋਨੇ ਦੀ ਫਸਲ ਸਭ ਤੋਂ ਵੱਧ ਪੰਜਾਬ ਹੀ ਪੈਦਾ ਕਰਦਾ ਹੈ। ਬੇਸ਼ੱਕ ਸਰਕਾਰ ਆੜਤੀਆਂ ਨੂੰ ਇਹ ਯਕੀਨ ਦਿਵਾ ਰਹੀ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਅਦਾਇਗੀ ਸਿੱਧੀ ਹੋਏਗੀ ਪਰ ਆੜਤੀਆਂ ਦਾ ਕਮਿਸ਼ਨ ਪਹਿਲਾਂ ਵਾਂਗ ਜਾਰੀ ਰਹੇਗਾ ਪਰ ਆੜ੍ਹਤੀ ਵਰਗ ਇਸ ਗੱਲ ਤੋਂ ਚਿੰਤਤ ਹੈ ਕਿ ਸਰਕਾਰ ਹਾਲ ਦੀ ਘੜੀ ਸਾਨੂੰ ਟਿਕਾ ਰਹੀ ਹੈ ਪਰ ਜਲਦੀ ਆੜ੍ਹਤੀ ਭਾਈਚਾਰਾ ਖਰੀਦ ਸਿਸਟਮ ਚੋਂ ਬਾਹਰ ਹੋਏਗਾ।
ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਭਿਣਕ ਪੈਣ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਮੰਦਭਾਗਾ ਦੱਸਦਿਆਂ ਇਸ ਬਾਬਤ ਆਪਣੇ ਚੋਟੀ ਦੇ ਸਿਆਸਤਦਾਨਾਂ ਦੀ ਇੱਕ ਟੀਮ ਬਣਾਈ ਹੈ ਜੋ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਆਪਣਾ ਪੱਖ ਪੇਸ਼ ਕਰੇਗੀ ਕਿ ਘੱਟੋ ਘੱਟ ਸਮਰਥਨ ਮੁੱਲ ਖਤਮ ਕਰਨ ਨਾਲ ਪੰਜਾਬ ਦੀ ਕਿਸਾਨੀ ਤਬਾਹ ਹੋ ਜਾਏਗੀ,ਇਸ ਤੋਂ ਬਾਅਦ ਕੇਂਦਰ ਸਰਕਾਰ ਦਾ ਫੈਸਲਾ ਕੀ ਕਰਵਟ ਲੈਂਦਾ ਇਹ ਤਾਂ ਸਮਾਂ ਹੀ ਦੱਸੇਗਾ !
ਆੜ੍ਹਤੀ ਭਾਈਚਾਰਾ ਬੇਬੱਸ- ਬੇਸ਼ੱਕ ਆੜ੍ਹਤੀ ਭਾਈਚਾਰਾ ਲੰਮੇ ਸਮੇਂ ਤੋਂ ਸਰਕਾਰ ਦੀਆਂ ਕਿਸਾਨੀ ਪ੍ਰਤੀ ਗਲਤ ਨੀਤੀਆਂ ਵਿਰੁੱਧ ਸੰਘਰਸ਼ ਕਰਦਾ ਆ ਰਿਹਾ ਹੈ ਇਹ ਸੰਘਰਸ਼ ਭਾਂਵੇਂ ਸਿੱਧੀ ਅਦਾਇਗੀ ਵਿਰੁੱਧ ਹੋਵੇ ਜਾਂ ਸਹੀ ਮੰਡੀਕਰਨ ਲਈ। ਹੁਣ ਵੀ ਆੜ੍ਹਤੀ ਭਾਈਚਾਰਾ ਮੰਡੀਕਰਨ ਸਿਸਟਮ ਨੂੰ ਬਦਲਣ ਦੇ ਫੈਸਲੇ ਦਾ ਡਟਵਾਂ ਵਿਰੋਧ ਕਰ ਰਿਹਾ ਹੈ ਪਰ ਅੰਦਰੋਂ ਅੰਦਰੀਂ ਖਬਰਾਂ ਇਹ ਵੀ ਹਨ ਕਿ ਆੜ੍ਹਤੀ ਭਾਈਚਾਰਾ ਵੀ ਹੁਣ ਬੇਬਸ ਹੈ ਕਿਉਂਕਿ ਪੰਜਾਬ ਦੇ ਆੜ੍ਹਤੀ ਆਗੂਆਂ ਦੀ ਆਪਸੀ ਫੁੱਟ ਐਸ਼ੋਸ਼ੀਏਸ਼ਨ ਨੂੰ ਕਮਜੋਰ ਕਰ ਰਹੀ ਹੈ, ਜਿਸ ਕਾਰਨ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਹੁਣ ਅੰਦਰੋਂ ਅੰਦਰੀਂ ਆੜ੍ਹਤੀ ਭਾਈਚਾਰਾ ਆਪਣੀ ਸੁਰੱਖਿਆ ਲਈ ਇਹ ਪਲਾਨਿੰਗ ਕਰ ਰਿਹਾ ਹੈ ਕਿ ਜੇ ਸਰਕਾਰ ਆਪਣੇ ਇਹਨਾਂ ਫੈਸਲਿਆਂ ਤੇ ਅੜ ਚੁੱਕੀ ਹੈ ਤਾਂ ਆੜ੍ਹਤੀ ਭਾਈਚਾਰਾ ਸਰਕਾਰੀ ਅਧਿਕਾਰੀਆਂ ਨੂੰ ਮਿਲ ਕਿ ਇਹ ਫੈਸਲੇ ਦੋ ਸਾਲ ਲਈ ਅੱਗੇ ਪਾਉਣ ਦੀ ਬੇਨਤੀ ਕਰੇਗਾ ਤਾਂ ਜੋ ਕਿਸਾਨਾਂ ਵੱਲ ਫਸਿਆ ਹੋਇਆ ਪੈਸਾ ਆੜਤੀਏ ਕਵਰ ਕਰ ਸਕਣ । ਹਾਲਾਂਕਿ ਆੜ੍ਹਤੀ ਭਾਈਚਾਰਾ ਇਸ ਗੱਲ ਨੂੰ ਅਫਵਾਹ ਆਖਦਾ ਹੈ ਤੇ ਉਹਨਾਂ ਦਾ ਕਹਿਣਾ ਆੜ੍ਹਤੀ ਭਾਈਚਾਰਾ ਹਮੇਸ਼ਾ ਕਿਸਾਨਾਂ ਦੇ ਨਾਲ ਹੈ । ਹਰ ਸੰਘਰਸ਼ ਵਿੱਚ ਆੜ੍ਹਤੀ ਕਿਸਾਨਾਂ ਦਾ ਸਾਥ ਦਏਗਾ।
ਸੱਚ ਕੀ !ਬਹੁਤੇ ਆੜ੍ਹਤੀ ਅਣਜਾਣ- ਜਿਸ ਤਰਾਂ ਦਾ ਮਹੌਲ ਇਸ ਵਕਤ ਪੰਜਾਬ ਦੀਆਂ ਕੁਝ ਕੁ ਮੰਡੀਆਂ ਵਿੱਚ ਹੈ ਉਸ ਤੋਂ ਲਗਦਾ ਹੈ ਕਿ ਬਹੁਤਾ ਆੜ੍ਹਤੀ ਭਾਈਚਾਰਾ ਸਰਕਾਰ ਦੇ ਫੈਸਲਿਆਂ ਤੋਂ ਅਣਜਾਣ ਹੈ ਤੇ ਸਿਰਫ ਸੁਣੀ ਸੁਣਾਈ ਗੱਲ ਨੂੰ ਲੈ ਕੇ ਵੱਡੀਆਂ ਵੱਡੀਆਂ ਖਬਰਾਂ ਲਗਵਾ ਦਿੰਦੇ ਹਨ ਜਦਕਿ ਅਸਲੀਅਤ ਕੁਝ ਹੋਰ ਹੁੰਦੀ ਹੈ। ਪਿਛਲੇ ਦਿਨੀਂ ਆੜ੍ਹਤੀ ਭਾਈਚਾਰੇ ਵੱਲੋਂ ਕੁਝ ਕੁ ਅਖਬਾਰਾਂ ਵਿੱਚ ਖਬਰਾਂ ਲੱਗੀਆਂ ਕਿ ਪੰਜਾਬ ਮੰਡੀਬੋਰਡ ਭੰਗ ਹੋ ਰਿਹਾ ਜਦਕਿ ਅਸਲੀਅਤ ਇਹ ਨਹੀਂ। ਜਾਣਕਾਰੀ ਅਨੁਸਾਰ ਸਰਕਾਰ ਮੰਡੀਕਰਨ ਬੋਰਡ ਭੰਗ ਨਹੀ ਕਰ ਰਹੀ ਬਲਕਿ ਮੰਡੀਕਰਨ ਸਿਸਟਮ ਵਿੱਚ ਬਦਲਾਅ ਹੋ ਰਿਹਾ ਹੈ ਜਿਸ ਵਿੱਚ ਕਿਸਾਨਾਂ ਨੂੰ ਸਿੱਧੀ ਅਦਾਇਗੀ,ਪ੍ਰਾਈਵੇਟ ਮੰਡੀਆਂ ਦਾ ਹੋਂਦ ਵਿੱਚ ਆਉਣਾ ਜਾਂ ਫਿਰ ਕੰਪਨੀਆਂ ਤੋ ਸਾਊਥ ਵਾਂਗ ਕਲਸਟਰ ਬਣਾ ਕੇ ਖੇਤੀ ਕਰਵਾਉਣੀ ਵਗੈਰਾ ਵਗੈਰਾ ਪਰ ਆੜ੍ਹਤੀ ਭਾਈਚਾਰੇ ਵੱਲੋਂ ਅਣਜਾਣਨਤਾ ਵਿੱਚ ਲਗਵਾਏ ਬਿਆਨ ਭੰਬਲਭੂਸਾ ਪੈਦਾ ਕਰਦੇ ਹਨ।
ਆੜ੍ਹਤੀ ਐਸ਼ੋਸ਼ੀਏਸ਼ਨ ਵੱਲੋਂ ਕੋਈ ਬੰਦ ਦੀ ਕਾਲ ਨਹੀਂ: ਗਿੱਲ
ਆੜ੍ਹਤੀ ਐਸ਼ੋਸ਼ੀਏਸ਼ਨ ਪੰਜਾਬ ( ਚੀਮਾ ਗਰੁੱਪ)ਦੇ ਲੁਧਿਆਣਾ ਦੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਆੜ੍ਹਤੀ ਐਸ਼ੋਸ਼ੀਏਸ਼ਨ ਵੱਲੋਂ ਮੰਡੀ ਬੰਦ ਰੱਖਣ ਦੀ ਕੋਈ ਪਬਲਿਕ ਕਾਲ ਨਹੀਂ ਕਿਉਂਕਿ ਹੁਣ ਮੰਡੀ ਬੰਦ ਰੱਖਣ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ!ਜਦੋਂ ਉਹਨਾਂ ਨੂੰ ਮਾਛੀਵਾੜਾ ਸਾਹਿਬ,ਸਮਰਾਲਾ ਜਾ ਕੁਝ ਕੁ ਹੋਰ ਮੰਡੀਆਂ ਬੰਦ ਹੋਣ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਹ ਲੋਕਲ ਪੱਧਰ ਤੇ ਆੜਤੀਆਂ ਦੀ ਆਪਣੀ ਮਰਜੀ ਏ ਪਰ ਐਸ਼ੋਸ਼ੀਏਸ਼ਨ ਵੱਲੋਂ ਕੋਈ ਬੰਦ ਦੀ ਕਾਲ ਨਹੀਂ।



