Skip to content
Independent perspectives. Global stories.
BREAKING

ਲਗਾਤਾਰ ਛੋਟੇ ਯਤਨਾਂ ਦੀਆਂ ਵੱਡੀਆਂ ਜਿੱਤਾਂ-ਵਗਦੇ ਰਹਿਣਾ ਹੀ ਜ਼ਿੰਦਗੀ

Share this story

ਪ੍ਰਸਿੱਧ ਚੀਨੀ ਕਹਾਵਤ ਅਨੁਸਾਰ ਹਜ਼ਾਰਾਂ ਮੀਲ ਦੀ ਯਾਤਰਾ ਵੀ ਛੋਟੇ ਕਦਮ ਨਾਲ ਸ਼ੁਰੂ ਹੁੰਦੀ ਹੈ। ਇਸ ਲਈ ਜੋ ਲੋਕ ਮੰਜ਼ਿਲ ਵੱਲ ਨਹੀਂ ਤੁਰਦੇ ਉਹ ਕਦੇ ਵੀ ਨਿਸ਼ਾਨੇ ‘ਤੇ ਨਹੀਂ ਪਹੁੰਚਦੇ । ਅਜਿਹੇ ਲੋਕ ਮਿਸ਼ਨ ਪ੍ਰਾਪਤੀ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਤੇ ਮੁਸ਼ਕਿਲਾਂ ਤੋਂ ਪਹਿਲਾਂ ਹੀ ਡਰ ਜਾਂਦੇ ਹਨ , ਜਿਸ ਕਰਕੇ ਉਹ ਕੋਈ ਵੀ ਕਾਰਜ ਸ਼ੁਰੂ ਨਹੀਂ ਕਰ ਸਕਦੇ। ਪਹਿਲਾ ਯਤਨ ਕਦੇ ਵੀ ਕਾਮਯਾਬ ਨਹੀਂ ਹੁੰਦਾ। ਹਾਰਾਂ ਸਾਨੂੰ ਨਿਰਾਸ਼ ਹੀ ਨਹੀਂ ਕਰਦੀਆਂ ਸਗੋਂ ਮੰਜ਼ਿਲ ਵੱਲ ਵਧਣ ਤੋਂ ਰੋਕ ਵੀ ਦਿੰਦੀਆਂ ਹਨ । ਹਾਰ ਜਾਣ ‘ਤੇ ਅਸੀਂ ਖ਼ੁਦ ਨੂੰ ਅਪਮਾਨਿਤ ਹੋਇਆ ਮਹਿਸੂਸ ਕਰਦੇ ਹਾਂ ਤੇ ਇਸ ਅਪਮਾਨ ਦੀ ਪੀੜ ਨਾਲ ਸਾਡੇ ਮਨ ਦੇ ਧਰਾਤਲ ‘ਤੇ ਨਿਰਾਸ਼ਾਵਾਦੀ ਕੰਡਿਆਲੀ ਥੋਹਰ ਉੱਗ ਪੈਂਦੀ ਹੈ ਜਿਸ ਨਾਲ ਸਾਡੀ ਚੇਤਨਾ ਜ਼ਖ਼ਮੀ ਹੋ ਜਾਂਦੀ ਹੈ ਤੇ ਸਾਡਾ ਅੰਦਰ ਵਲੂੰਧਰਿਆ ਜਾਂਦਾ ਹੈ । ਅਸੀਂ ਹਾਰ ਕੇ ਘਰ ਬੈਠ ਜਾਂਦੇ ਹਾਂ ਤੇ ਭੁੱਲ ਜਾਂਦੇ ਹਾਂ ਕਿ ਨੈਪੋਲੀਅਨ ਬੋਨਾਪਾਰਟ ਦੀ ਉਦਾਹਰਨ ਨੂੰ , ਜਿਸ ਨੇ ਮੱਕੜੀ ਤੋਂ ਪ੍ਰੇਰਿਤ ਹੋ ਕੇ ਦੁਬਾਰਾ ਤਲਵਾਰ ਦੇ ਮੁੱਠੇ ਨੂੰ ਹੱਥ ਪਾ ਕੇ ਵੱਡੀਆਂ ਜਿੱਤਾਂ ਹਾਸਲ ਕੀਤੀਆਂ। ਬੱਲਬ ਦੇ ਖੋਜੀ ਥਾਮਸ ਐਡੀਸਨ ਦੀ ਉਦਾਹਰਨ ਵੀ ਸਾਡੇ ਸਾਹਮਣੇ ਹੈ ਜੋ ਦਸ ਹਜ਼ਾਰ ਵਾਰ ਫੇਲ੍ਹ ਹੋਣ ਤੋਂ ਬਾਅਦ ਅੰਤ ਨੂੰ ਬੱਲਬ ਦੀ ਖੋਜ ਕਰਨ ਵਿਚ ਸਫਲ ਹੋਇਆ, ਉਸ ਨੇ ਆਪਣੀਆਂ ਅਸਫਲਤਾਵਾਂ ਨੂੰ ਪਾਜ਼ੇਟਿਵ ਲਿਆ ਤੇ ਦੁਨੀਆਂ ਨੂੰ ਦੱਸਿਆ ਕਿ ਉਹ ਖੋਜ ਕਰਦਾ ਵੀ ਹਾਰਿਆ ਨਹੀਂ ਸੀ ਸਗੋਂ ਉਸ ਨੇ ਅਜਿਹੇ ਦਸ ਹਜ਼ਾਰ ਤਰੀਕੇ ਈਜਾਦ ਕੀਤੇ ਸਨ ਜਿਨ੍ਹਾਂ ਨਾਲ ਬਲਬ ਦੀ ਖੋਜ ਨਹੀਂ ਕੀਤੀ ਜਾ ਸਕਦੀ ਸੀ। ਦੂਜੇ ਸ਼ਬਦਾਂ ਵਿੱਚ ਉਸ ਨੇ ਆਪਣੀ ਹਾਰਾਂ ਦੇ ਰੋੜਿਆਂ ਨੂੰ ਮੰਜ਼ਿਲ ਵੱਲ ਜਾਂਦੀ ਸੜਕ ਤੇ ਵਿਛਾ ਕੇ ਰਸਤਾ ਤਿਆਰ ਕਰਕੇ ਬੱਲਬ ਦੀ ਖੋਜ ਕਰਕੇ ਦੁਨੀਆਂ ਨੂੰ ਰੁਸ਼ਨਾ ਦਿੱਤਾ। ਵੱਡੀਆਂ ਪ੍ਰਾਪਤੀਆਂ ਕਰਨ ਲਈ ਵੱਧ ਜ਼ੋਰ ਦੀ ਲੋੜ ਨਹੀਂ ਹੁੰਦੀ , ਲਗਾਤਾਰਤਾ ਦੀ ਲੋੜ ਹੁੰਦੀ ਹੈ। ਆਪਣੀ ਊਰਜਾ ਨੂੰ ਸਹੀ ਸਮੇਂ ਤੇ ਵਰਤਣ ਦੀ ਕਾਰਜ ਯੋਜਨਾ ਬਣਾਉਣ ਦੀ ਲੋੜ ਹੁੰਦੀ ਹੈ। ਖ਼ਰਗੋਸ਼ ਤੇ ਕੱਛੂਕੁੰਮੇ ਦੀ ਕਹਾਣੀ ਵਾਂਗ ਦਮ ਲੈਣ ਤੋਂ ਬਾਅਦ ਦੁਬਾਰਾ ਤੁਰਨ ਵਾਲੇ ਮੱਠੀ ਚਾਲ ਨਾਲ ਵੀ ਜਿੱਤ ਜਾਂਦੇ ਹਨ ਤੇ ਖਰਗੋਸ਼ ਵਰਗੇ ਦੌੜਾਕ ਹੰਕਾਰ ਅਤੇ ਸੁਸਤੀ ਕਾਰਨ ਹਾਰ ਜਾਂਦੇ ਹਨ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਰਫ਼ਤਾਰ ਨਾਲੋੰ ਦਿਸ਼ਾ ਤੇ ਲਗਾਤਾਰ ਕੋਸ਼ਿਸ਼ਾਂ ਦਾ ਵੱਧ ਮਹੱਤਵ ਹੁੰਦਾ ਹੈ। ਆਪਣੇ ਅੰਦਰੋਂ ਤੇ ਆਲੇ ਦੁਆਲੇ ਤੋਂ ਪ੍ਰੇਰਨਾ ਲੈ ਕੇ ਲਗਾਤਾਰ ਚੱਲਦੇ ਰਹਿਣ ਵਾਲਿਆਂ ਨੂੰ ਹੀ ਮੰਜ਼ਿਲਾਂ ਨਸੀਬ ਹੁੰਦੀਆਂ ਹਨ। ਕੰਮਾਂ ਪ੍ਰਤੀ ਸਮਰਪਿਤ ਹੋਣਾ ਪੈਂਦਾ ਹੈ ਤੇ ਜੀਵਨ ਵਿੱਚ ਵੱਡੇ ਤਿਆਗ ਕਰਨੇ ਪੈਂਦੇ ਹਨ। ਜਜ਼ਬਾਤਾਂ ਤੇ ਕਾਬੂ ਪਾ ਕੇ ਇੱਕ ਧਾਰਾ ਵਿੱਚ ਲਗਾਤਾਰ ਕੰਮ ਕਰਨ ਵਾਲੇ ਆਖਿਰ ਨੂੰ ਜਿੱਤ ਪਰਚਮ ਝੁਲਾ ਹੀ ਦਿੰਦੇ ਹਨ ਭਾਵੇਂ ਉਨ੍ਹਾਂ ਦੀ ਚਾਲ ਕਿੰਨੀ ਵੀ ਮੱਠੀ ਕਿਉਂ ਨਾ ਹੋਵੇ। ਜੇਕਰ ਤੁਸੀਂ ਪੂਰੀ ਲਗਨ ਨਾਲ ਠੀਕ ਦਿਸ਼ਾ ਵੱਲ ਤੁਰ ਰਹੇ ਹੋ ਤਾਂ ਤੁਹਾਡੇ ਕਦਮ ਕਿੰਨੇ ਵੀ ਛੋਟੇ ਕਿਉਂ ਨਾ ਹੋਣ ਤੁਸੀਂ ਮੰਜ਼ਿਲ ਤੇ ਪਹੁੰਚ ਹੀ ਜਾਣਾ ਹੁੰਦਾ ਹੈ । ਜ਼ੋਰਾਂ ਵਾਲੇ ਜ਼ਮਾਨੇ ਪਿੱਛੇ ਰਹਿ ਗਏ ਹਨ ਅੱਜ ਦਿਮਾਗ਼ਾਂ ਦਾ ਜ਼ਮਾਨਾ ਹੈ, ਇਸ ਲਈ ਕਾਮਯਾਬੀ ਹਾਸਲ ਕਰਨ ਲਈ ਸਮਾਰਟ ਕੰਮ ਕਰਨ ਦੇ ਨਾਲ- ਨਾਲ ਨਵੀਆਂ ਜੁਗਤਾਂ ਵੀ ਲੜਾਉਣੀਆਂ ਪੈਂਦੀਆਂ ਹਨ। ਉਦਾਹਰਨ ਦੇ ਤੌਰ ‘ਤੇ ਵਪਾਰੀ ਨੂੰ ਵੱਧ ਤੋਂ ਵੱਧ ਸਾਮਾਨ ਵੇਚ ਕੇ ਕਾਮਯਾਬ ਹੋਣ ਲਈ ਕਈ ਯਤਨ ਕਰਨੇ ਪੈਂਦੇ ਹਨ, ਜਿਨ੍ਹਾਂ ਵਿੱਚ ਸੇਵਾਵਾਂ ‘ਚ ਸੁਧਾਰ ਕਰਨਾ ,ਸੋਸ਼ਲ ਮੀਡੀਆ ਰਾਹੀਂ ਪ੍ਰਚਾਰ , ਆਪਣੇ ਗਾਹਕਾਂ ਨਾਲ ਸਮਾਜਿਕ ਤਾਲਮੇਲ ਤੇ ਆਪਣੀ ਟੀਮ ਨੂੰ ਪ੍ਰੇਰਿਤ ਕਰਨ ਜਿਹੇ ਮਹੱਤਵਪੂਰਨ ਕੰਮ ਸ਼ਾਮਿਲ ਹੁੰਦੇ ਹਨ। ਇਸੇ ਤਰ੍ਹਾਂ ਹੀ ਜੇਕਰ ਤੁਸੀਂ ਆਪਣੀ ਨੌਕਰੀ ਵਿੱਚ ਤਰੱਕੀ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਵਿੱਦਿਅਕ ਯੋਗਤਾ ਵਿੱਚ ਵਾਧਾ ਕਰਨ ਦੇ ਨਾਲ-ਨਾਲ ਆਪਣੇ ਹੁਨਰਾਂ ਦਾ ਵਿਕਾਸ ਵੀ ਕਰਨਾ ਹੁੰਦਾ ਹੈ। ਕਿਸੇ ਵੀ ਕਾਰਜ ਪ੍ਰਤੀ ਕੀਤੇ ਰੋਜ਼ਾਨਾ ਨਿੱਕੇ-ਨਿੱਕੇ ਕੰਮਾਂ ਦੇ ਨਤੀਜੇ ਬੜੇ ਅਦਭੁੱਤ ਹੁੰਦੇ ਹਨ ਜੋ ਸਾਨੂੰ ਵੱਡੀਆਂ ਜਿੱਤਾਂ ਦਿਵਾ ਦਿੰਦੇ ਹਨ। ਜੇਕਰ ਕੋਈ ਲਿਖਾਰੀ ਹਰ ਰੋਜ਼ ਇੱਕ ਪੰਨਾ ਲਿਖਦਾ ਹੈ ਤਾਂ ਉਹ ਸਾਲ ਦੇ ਅੰਤ ਵਿੱਚ 365 ਪੰਨਿਆਂ ਦੀ ਕਿਤਾਬ ਲਿਖਣ ਵਿੱਚ ਕਾਮਯਾਬ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਜੇਕਰ ਕੋਈ ਹਰ ਰੋਜ਼ ਵੀਹ ਮਿੰਟ ਪੜ੍ਹਦਾ ਹੈ ਤਾਂ ਉਹ ਸਾਲ ਦੇ ਅੰਤ ਵਿੱਚ 120 ਘੰਟਿਆਂ ਦਾ ਅਧਿਐਨ ਕਰ ਚੁੱਕਾ ਹੁੰਦਾ ਹੈ। ਇੱਕ ਵਿਦਿਆਰਥੀ ਜੋ ਆਪਣੇ ਸਾਥੀਆਂ ਨਾਲ ਦੋ ਘੰਟੇ ਪਹਿਲਾਂ ਉੱਠਦਾ ਹੈ ਮਹੀਨੇ ਦੇ ਅੰਤ ਵਿੱਚ 60 ਘੰਟੇ ਦੀ ਵੱਧ ਪੜ੍ਹਾਈ ਕਰ ਚੁੱਕਿਆ ਹੁੰਦਾ ਹੈ। ਸੁਸਤੀ ਦੀ ਚਾਦਰ ਲਾਹ ਕੇ ਲਗਾਤਾਰ ਤੁਰਨ ਵਾਲੇ ਆਪਣੇ ਨਾਲ ਦਿਆਂ ਨੂੰ ਪਿੱਛੇ ਛੱਡ ਹੀ ਦਿੰਦੇ ਹਨ । ਜੇਕਰ ਤੁਸੀਂ ਸਿਹਤ ਪ੍ਰਤੀ ਜਾਗਰੂਕ ਹੋ ਤੇ ਹਰ ਰੋਜ਼ ਇੱਕ ਕੋਕਾ-ਕੋਲਾ ਪੀਣਾ ਘੱਟ ਕਰ ਦਿੰਦੇ ਹੋ ਤਾਂ ਤੁਸੀਂ ਸਾਲ ਵਿੱਚ 43000 ਹਜ਼ਾਰ ਕੈਲਰੀਆਂ ਲੈਣੀਆਂ ਘੱਟ ਕਰ ਦਿੱਤੀਆਂ ਹਨ ਜੋ ਕਿ ਲਗਾਤਾਰ ਵੀਹ ਦਿਨ ਦੇ ਵਰਤ ਰੱਖਣ ਦੇ ਬਰਾਬਰ ਹਨ। ਨਿਚੋੜ ਇਹ ਹੈ ਤੁਹਾਡੇ ਸੰਕਲਪ ਕਿੰਨੇ ਵੱਡੇ ਵੀ ਕਿਉਂ ਨਾ ਹੋਵੇ ਜੇਕਰ ਉਨ੍ਹਾਂ ਦੀ ਪ੍ਰਾਪਤੀ ਲਈ ਤੁਸੀਂ ਰੋਜ਼ਾਨਾ ਛੋਟੇ- ਛੋਟੇ ਯਤਨ ਕਰਦੇ ਹੋ ਤਾਂ ਅੰਤ ਨੂੰ ਕਾਮਯਾਬ ਹੋ ਜਾਂਦੇ ਹੋ । ਦਫਤਰ ਜਾਂਦੇ ਸਮੇਂ ਲਿਫ਼ਟ ਦੀ ਵਰਤੋਂ ਕਰਨ ਦੀ ਬਜਾਇ ਪੌੜੀਆਂ ਰਾਹੀਂ ਉਪਰ ਚੜ੍ਹੋ , ਜੇਕਰ ਤੁਹਾਡੇ ਕੰਮ ਦੀ ਥਾਂ ਨੇੜੇ ਹੈ ਤਾਂ ਬੱਸ ਜਾਂ ਕਾਰ ਤੇ ਜਾਣ ਦੀ ਥਾਂ ਪੈਦਲ ਜਾਂ ਸਾਈਕਲ ਤੇ ਜਾਓ, ਇਸ ਨਾਲ ਤੁਹਾਨੂੰ ਸਰੀਰਕ ਤੌਰ ਤੇ ਫਿੱਟ ਰਹਿਣ ਦੇ ਨਾਲ-ਨਾਲ ਕੁਦਰਤ ਤੇ ਕਿਰਤ ਨਾਲ ਇੱਕ-ਮਿੱਕ ਹੋਣ ਦਾ ਸਮਾਂ ਵੀ ਮਿਲੇਗਾ। ਆਪਣੀਆਂ ਰੋਜ਼ਾਨਾ ਗਤੀਵਿਧੀਆਂ ਦੇ ਖੁਦ ਜੱਜ ਬਣੋ। ਆਪਣੇ ਦੁਆਰਾ ਕੀਤੇ ਯਤਨਾਂ ਦਾ ਖੁਦ ਨਿਰੀਖਣ ਕਰੋ ਤੇ ਸਕਾਰਾਤਮਕ ਤਬਦੀਲੀਆਂ ਨੂੰ ਨੋਟ ਕਰੋ । ਜਿੱਤ ਇੱਕ ਦਿਨ ਜਾਂ ਹਫ਼ਤੇ ਦੀ ਖੇਡ ਨਹੀਂ ਹੁੰਦੀ ਤੇ ਕਈ ਵਾਰ ਤੋਂ ਨਿਸ਼ਾਨੇ ‘ਤੇ ਪਹੁੰਚਣ ਲਈ ਕਈ ਸਾਲ ਵੀ ਲੱਗ ਜਾਂਦੇ ਹਨ। ਜਦੋਂ ਮੰਜ਼ਿਲ ਖ਼ੂਬਸੂਰਤ ਹੋਵੇ ਤਾਂ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। ਆਮ ਤੌਰ ‘ਤੇ ਅਸੀਂ ਉਦੋਂ ਯਤਨ ਕਰਨੇ ਛੱਡ ਦਿੰਦੇ ਹਾਂ ਜਦੋਂ ਮੰਜ਼ਿਲ ਤੋਂ ਕੇਵਲ ਇੱਕ ਕਦਮ ਦੂਰ ਹੁੰਦੇ ਹਾਂ , ਇਸ ਲਈ ਤੁਹਾਨੂੰ ਆਪਣੇ ਯਤਨਾਂ ਅਤੇ ਪ੍ਰਾਪਤੀ ਦਾ ਸਹੀ ਅਨੁਮਾਨ ਪਤਾ ਹਾਂ ਜ਼ਰੂਰ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਮੰਜ਼ਿਲ ਹੀ ਨਹੀਂ ਸਗੋਂ ਰਸਤਾ ਵੀ ਜੀਵਨ ਆਨੰਦ ਹੈ ਜੇਕਰ ਤੁਸੀਂ ਉੱਚੇ ਪਹਾੜ ਤੇ ਚੜ੍ਹਨਾ ਹੈ ਤਾਂ ਰਸਤੇ ਵਿੱਚ ਕਿਸੇ ਖੁਸ਼ਗਵਾਰ ਹੋਟਲ ਤੇ ਰੁਕ ਕੇ ਕੌਫ਼ੀ ਪੀਣਾ ਅਤੇ ਆਸੇ ਪਾਸੇ ਨੂੰ ਨਿਹਾਰਨਾ ਸਾਨੂੰ ਚੜ੍ਹਾਈ ਚੜ੍ਹਨ ਲਈ ਬੇਅੰਤ ਤਾਕਤ ਦਿੰਦਾ ਹੈ। ਔਖੇ ਯਤਨਾਂ ਨਾਲ ਪ੍ਰਾਪਤ ਕੀਤੀ ਚੀਜ਼ ਦਾ ਵੱਖਰਾ ਹੀ ਸੁਆਦ ਹੁੰਦਾ ਹੈ । ਜਿੱਤ ਦੇ ਰਸਤੇ ਵਿੱਚ ਆਉਂਦੀਆਂ ਰੁਕਾਵਟਾਂ ਸਾਡੇ ਅਸਲ ਅੰਦਰਲੇ ਜਜ਼ਬੇ ਦੀ ਪ੍ਰੀਖਿਆ ਲੈ ਰਹੀਆਂ ਹੁੰਦੀਆਂ ਹਨ ਤੇ ਅਸੀਂ ਕਿਸ ਮਿੱਟੀ ਦੇ ਬਣੇ ਹਾਂ। ਸਾਡੀਆਂ ਪ੍ਰਾਪਤੀਆਂ ਦੀ ਲੋਕ ਤਾਂ ਖ਼ੂਬ ਪ੍ਰਸ਼ੰਸਾ ਕਰਦੇ ਹਨ ਪਰ ਅਸੀਂ ਖ਼ੁਦ ਨੂੰ ਸ਼ਾਬਾਸ਼ੇ ਦੇਣੀ ਭੁੱਲ ਜਾਂਦੇ, ਸਾਡੇ ਕੰਮਾਂ ‘ਤੇ ਕੋਸ਼ਿਸ਼ਾਂ ਪ੍ਰਤੀ ਸਾਡੀ ਸਹਿਮਤੀ ਅਤੇ ਹੱਲਾ ਸ਼ੇਰੀ ਹੋਣੀ ਵੀ ਜ਼ਰੂਰੀ ਹੈ , ਸਾਡੀ ਅਜਿਹੀ ਉਸਾਰੂ ਸੋਚ ਸਾਨੂੰ ਅਹਿਸਾਸ ਕਰਵਾਉਂਦੀ ਹੈ ਕਿ ਅਸੀਂ ਜਿੱਤ ਦੇ ਰਸਤੇ ‘ਤੇ ਹਾਂ। ਖ਼ੁਦ ਨੂੰ ਥਾਪੜਾ ਦੇਣ ਨਾਲ ਸਾਨੂੰ ਅੰਦਰੋਂ ਉਤਸ਼ਾਹ ਮਿਲਦਾ ਹੈ ਜੋ ਸਾਡੇ ਕਦਮਾਂ ਨੂੰ ਤੇਜ਼ ਕਰਨ ਲਈ ਰਾਮਬਾਣ ਦਾ ਕੰਮ ਕਰਦਾ ਹੈ।। ਚੰਗੀਆਂ ਆਦਤਾਂ ਵੀ ਸਫਲਤਾ ਦੇ ਬਰਾਬਰ ਹੁੰਦੀਆਂ ਹਨ ਹਾਲਾਂਕਿ ਸਾਨੂੰ ਪਤਾ ਹੈ ਕਿ ਸਾਡਾ ਦਿਮਾਗ ਸਖਤ ਕੰਮ ਕਰਨ ਵਾਲੇ ਰੁਟੀਨ ਨੂੰ ਛੇਤੀ- ਛੇਤੀ ਗ੍ਰਹਿਣ ਨਹੀਂ ਕਰਦਾ ਕਿਉਂਕਿ ਅਸੀਂ ਸੌਖ ਵਾਲੇ ਜ਼ੋਨ ‘ਚ ਰਹਿਣ ਦੇ ਆਦੀ ਹੁੰਦੇ ਹਾਂ , ਪਰੰਤੂ ਮੋਰਚਾ ਫਤਹਿ ਕਰਨ ਲਈ ਤਪਦੇ ਮਾਰੂਥਲਾਂ ਵਿੱਚ ਦੀ ਵੀ ਲੰਘਣਾ ਹੁੰਦਾ ਹੈ। ਜੇਤੂ ਲੋਕ ਆਪਣੀ ਊਰਜਾ ਭਵਿੱਖ ਜਾਂ ਭੂਤ ਕਾਲ ਬਾਰੇ ਸੋਚ ਕੇ ਨਹੀਂ ਗਵਾਉਂਦੇ ਸਗੋਂ ਉਹ ਉਹ ਵਰਤਮਾਨ ‘ਤੇ ਅਜਿਹੀ ਕਾਠੀ ਪਾਉਂਦੇ ਹਨ ਕਿ ਮਿਸ਼ਨ ਪੂਰਤੀ ਤੱਕ ਦਮ ਨਹੀਂ ਲੈਂਦੇ। ਕਈ ਵਾਰੀ ਪਹਾੜ ਨਾਲ ਮੱਥਾ ਲਾ ਕੇ ਅਸੀਂ ਆਪਣੀ ਸਾਰੀ ਊਰਜਾ ਗਵਾ ਲੈਂਦੇ ਹਾਂ ਪਰ ਜਿੱਤ ਨਸੀਬ ਨਹੀਂ ਹੁੰਦੀ। ਇਸ ਲਈ ਆਪਣੇ ਕਾਮਯਾਬੀ ਨੂੰ ਕਿਸ਼ਤਾਂ ਵਿੱਚ ਵੰਡ ਕੇ ਛੋਟੀਆਂ- ਛੋਟੀਆਂ ਜਿੱਤਾਂ ਹਾਸਿਲ ਕਰਨ ਨਾਲ ਤੁਹਾਨੂੰ ਤੁਹਾਡੇ ਯਤਨਾਂ ਦੀ ਕਾਮਯਾਬੀ ਸਾਫ ਦਿਖਾਈ ਦੇਣ ਲੱਗ ਜਾਂਦੀ ਹੈ ਤੇ ਇਸ ਸਾਹਮਣੇ ਦਿਸਦੀ ਕਾਮਯਾਬੀ ਨਾਲ ਤੁਹਾਡਾ ਉਤਸ਼ਾਹ ਬਣਿਆ ਰਹਿੰਦਾ। ਜਿੱਤਣ ਲਈ ਯਤਨ ਕਰਦੇ ਰਹੋ । ਸਮਾਂ ਸੀਮਾ ਨਿਸ਼ਚਿਤ ਨਾ ਕਰੋ ਇਸ ਨਾਲ ਸਾਡੀ ਜ਼ਿੰਦਗੀ ਦੀ ਖੁਸ਼ੀ ਬਣੀ ਰਹੇਗੀ । ਲਗਾਤਾਰ ਕਠਿਨ ਕੰਮਾਂ ਵਿੱਚ ਫਸੇ ਰਹਿਣਾ ਵੀ ਜ਼ਿੰਦਗੀ ਨਹੀਂ ਹੁੰਦੀ , ਇਸ ਲਈ ਸੂਖਮ ਕਲਾਵਾਂ ਦੇ ਪ੍ਰੇਮੀ ਵੀ ਬਣੇ ਰਹੇ। ਗੀਤ-ਸੰਗੀਤ ,ਚਿੱਤਰਕਾਰੀ ਆਦਿ ਰਾਹੀਂ ਜ਼ਿੰਦਗੀ ਦੇ ਰੰਗਾਂ ਨਾਲ ਜੁੜੇ ਰਹੋ ਕਿਉਂਕਿ ਤਨ ਨਾਲੋਂ ਸਾਡੇ ਮਨ ਦੀ ਬਹਾਰ ਵੀ ਬਹੁਤ ਜ਼ਰੂਰੀ ਹੈ। ਖ਼ੁਸ਼ ਲੋਕਾਂ ਦੁਆਰਾ ਪੂਰੇ ਕੀਤੇ ਕੰਮਾਂ ਵਿੱਚ ਇੱਕ ਵਿਸ਼ੇਸ਼ ਧਨਾਤਮਿਕ ਊਰਜਾ ਹੁੰਦੀ ਹੈ ਜਿਸ ਨਾਲ ਆਲੇ ਦੁਆਲੇ ‘ਤੇ ਵਧੀਆ ਅਸਰ ਪੈਂਦਾ ਹੈ ਜਿਸ ਕਰਕੇ ਅੱਜ ਕੱਲ੍ਹ ਕੰਪਨੀਆਂ ਤੇ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨੂੰ ਤਣਾਅ-ਮੁਕਤ ਖੁਸ਼ ਜ਼ਿੰਦਗੀ ਜਿਊਣ ਦੇ ਗੁਰ ਬਕਾਇਦਾ ਸੈਮੀਨਾਰ ਲਾ ਕੇ ਦੱਸੇ ਜਾਂਦੇ ਹਨ । ਖੁਦ ਦਾ ਅੱਗੇ ਲੰਘਣਾ ਉਦੋਂ ਹੋਰ ਵੀ ਅਰਥ ਭਰਪੂਰ ਹੋ ਜਾਂਦਾ ਹੈ ਜਦੋਂ ਅਸੀਂ ਪਿਛਲਿਆਂ ਨੂੰ ਬਾਂਹ ਫੜ ਕੇ ਬਰਾਬਰ ਤੋਰ ਰਹੇ ਹੁੰਦੇ ਹਾਂ। ਸਹਿਯੋਗ, ਸੇਵਾ ਅਤੇ ਸਮਰਪਣ ਦੀ ਸੋਚ ਨੂੰ ਪ੍ਰਣਾਏ ਹੋਏ ਨਿੱਕੀਆਂ ਪੁਲਾਂਘਾਂ ਵਾਲੇ ਜੇਤੂ ਪਾਂਧੀ ਮੰਜ਼ਿਲ ‘ਤੇ ਤਾਂ ਪਹੁੰਚਦੇ ਹੀ ਹਨ ਸਗੋਂ ਲੋਕਾਂ ਦਾ ਦਿਲ ਵੀ ਜਿੱਤ ਲੈਂਦੇ ਹਨ। ਆਓ!! ਸਮਾਜ ਦੇ ਮਾਣ ਮੱਤੇ ਹਸਤਾਖ਼ਰ ਬਣਨ ਲਈ ਅਜਿਹੇ ਕਾਫ਼ਲਿਆਂ ਦਾ ਹਿੱਸਾ ਬਣੀਏ।

WRITTEN BY