ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਕੈਬੀਨੈਟ ਮੀਟਿੰਗ ‘ਚ ਰਾਜਪੁਰਾ ਤਹਿਸੀਲ ਦੇ ਤਕਰੀਬਨ ਅੱਧੀ ਦਰਜਨ ਪਿੰਡਾਂ ਦੀ ਸੈਂਕੜੇ ਏਕੜ ਪੰਚਾਇਤੀ ਜ਼ਮੀਨ ਉੱਤੇ ਛੋਟੇ ਉਦਯੋਗ ਅਤੇ ਕਾਰਖਾਨੇ ਸਥਾਪਤ ਕਰਕੇ ਪੰਜਾਬ ਨੂੰ ਇੱਕ ਉਦਯੋਗਿਕ ਹੱਬ ਬਣਾਉਣ ਦੇ ਨਾਲ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਇਆ ਕਰਵਾਉਣ ਦਾ ਐਲਾਨ ਕੀਤਾ ਹੈ, ਪੰਜਾਬ ਸਰਕਾਰ ਦਾ ਇਹ ਫੈਸਲਾ ਸੁਣ ਕੇ ਸਿਆਸੀ ਸੂਝ ਬੂਝ ਰੱਖਣ ਵਾਲਾ ਹਰ ਵਿਅਕਤੀ ਆਸਾਨੀ ਨਾਲ ਸਮਝ ਸਕਦਾ ਹੈ ਕਿ ਸਰਕਾਰ ਨੇ ਉਦਯੋਗ ਲਾਉਣ ਦੇ ਬਹਾਨੇ ਇਹ ਕੀਮਤੀ ਸੋਨੇ ਵਰਗੀਆਂ ਪੰਚਾਇਤੀ ਜ਼ਮੀਨਾਂ ਹੜੱਪ ਲੈਣੀਆਂ ਹਨ ਕਿਉਂਕਿ ਇਤਿਹਾਸ ਗਵਾਹ ਹੈ ਕਿ ਜਿੱਥੇ ਕੀਤੇ ਵੀ ਵੱਖ ਵੱਖ ਸਮੇਂ ਦੀਆਂ ਸਰਕਾਰਾਂ ਨੇ ਪੰਚਾਇਤੀ ਜ਼ਮੀਨ ਪੰਚਾਇਤ ਕੋਲ਼ੋਂ ਲੈ ਕੇ ਕੋਈ ਉਦਯੋਗ ਜਾਂ ਕਾਰਖਾਨਾਂ ਲਾਉਣ ਦੀ ਕੋਸ਼ਿਸ਼ ਕੀਤੀ ਉਹ ਪ੍ਰੋਜੈਕਟ ਤਕਰੀਬਨ ਫੇਲ ਹੀ ਹੋਏ ਅਤੇ ਹੌਲੀ ਹੌਲ਼ੀ ਉਹ ਪੰਚਾਇਤੀ ਜ਼ਮੀਨਾਂ ਕੁੱਝ ਸਵਾਰਥੀ, ਲੋਭੀ ਸਿਆਸਤਦਾਨਾਂ ਅਤੇ ਅਫਸਰਾਂ ਨੇ ਆਪਣੀ ਸਿਆਸੀ ਅਤੇ ਪ੍ਰਸ਼ਾਸ਼ਕੀ ਤਾਕਤ ਵਰਤ ਕੇ ਆਪਸ ‘ਚ ਵੰਡ ਲਈ ਅਤੇ ਉਸ ਉੱਤੇ ਆਲੀਸ਼ਾਨ ਮਹਿਲ ਅਤੇ ਹੋਟਲ ਉਸਾਰ ਲਏ, ਜਿਹਨਾਂ ਦੇ ਬਕਾਇਦਾ ਲਿਖਤੀ ਸਬੂਤ ਹਨ। ਨਾ ਕੋਈ ਉਦਯੋਗ ਲੱਗਿਆ ਅਤੇ ਨਾ ਹੀ ਕਿਸੇ ਬੇਰੁਜ਼ਗਾਰ ਨੂੰ ਰੁਜ਼ਗਾਰ ਮਿਲਿਆ, ਗੱਲ ਸਿਰਫ ਜ਼ਮੀਨ ਹੜੱਪਣ ਦੀ ਸੀ ਉਹ ਹੜੱਪ ਲਈ, ਇਹੀ ਕੁੱਝ ਹੁਣ ਹੋਣ ਜਾ ਰਿਹਾ ਹੈ
ਪਿਛਲੇ ਦਿਨੀਂ ਕੈਬੀਨੈਟ ਦੀ ਮੀਟਿੰਗ ‘ਚ ਪੰਜਾਬ ਦੇ ਮੁੱਖ ਮੰਤਰੀ ਨੇ ਲੋਕ ਹਿੱਤਾਂ ਨੂੰ ਅਣਗੌਲ਼ਿਆ ਕਰਦਿਆਂ ਆਪਣੇ ਮੰਤਰੀ ਇਕੱਠੇ ਕਰਕੇ ਤਹਿਸੀਲ ਰਾਜਪੁਰਾ ਨੇੜਲੇ ਪਿੰਡ ਸਿਹਰਾ, ਸਿਹਰੀ, ਆਕੜ, ਆਕੜੀ, ਪੱਬਰਾ ਅਤੇ ਤਖਤੂਮਾਜਰਾ ਦੀ ਸੈਂਕੜੇ ਏਕੜ ਪੰਚਾਇਤੀ ਜ਼ਮੀਨ ਛੋਟੇ ਉਦਯੋਗ ਅਤੇ ਕਾਰਖਾਨੇ ਲਾਉਣ ਲਈ ਇੱਕ ਜਾਪਾਨੀ ਕੰਪਨੀ ਨੂੰ ਦੇਣ ਲਈ ਸਹਿਮਤੀ ਬਣਾ ਲਈ, ਜਿਸ ਦੀ ਪ੍ਰਕਰਿਆ ਆਰੰਭ ਹੋ ਚੁੱਕੀ ਹੈ, ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਇਹ ਫੈਸਲਾ ਛੋਟੇ ਉਦਯੋਗ ਨੂੰ ਹੁਲਾਰਾ ਦੇਣ ਦੇ ਨਾਲ਼ ਨਾਲ਼ ਰੁਜ਼ਗਾਰ ਦੇ ਮੌਕੇ ਮੁਹੱਇਆ ਕਰਵਾਏਗਾ। ਇਸ ਤੋਂ ਪਹਿਲਾਂ ਜੇਕਰ ਸਰਕਾਰ ਬੰਦ ਪਏ ਅਤੇ ਨਕਾਰਾ ਹੋ ਚੁੱਕੇ ਸੈਂਕੜੇ ਕਾਰਖਾਨਿਆਂ ਨੂੰ ਚਲਾ ਦਿੰਦੀ ਹੈ ਤਾਂ ਇਹ ਨਵੇਂ ਉਦਯੋਗ ਲਾਉਣ ਤੋਂ ਵੀ ਵੱਡੀ ਪ੍ਰਾਪਤੀ ਹੋਵੇਗੀ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ, ਅੱਗਾ ਦੌੜ ਪਿੱਛਾ ਚੌੜ ਵਾਲੀ ਕਹਾਵਤ ਨੂੰ ਸੱਚ ਕਰਦਿਆਂ ਪੰਜਾਬ ਸਰਕਾਰ ਅਜਿਹਾ ਨਾ ਕਰੇ ਕਿ ਉਹ ਪੰਚਾਇਤੀ ਜ਼ਮੀਨਾਂ ਬਰਬਾਦ ਕਰਕੇ ਉਦਯੋਗ ਲਾਈ ਜਾਵੇ ਅਤੇ ਪਿੱਛੋਂ ਇਹ ਉਦਯੋਗ ਬੰਦ ਹੁੰਦੇ ਚਲੇ ਜਾਣ ਅਤੇ ਬਾਅਦ ‘ਚ ਇਹ ਉਪਜਾਉ ਜ਼ਮੀਨਾਂ ਸਿਆਸਤਦਾਨ ਅਤੇ ਸਰਕਾਰੀ ਬੰਦੇ ਦੱਬ ਲੈਣ, ਅਜਿਹਾ ਕਰਨ ਨਾਲ ਬੇਸ਼ੁਮਾਰ ਕੀਮਤੀ ਅਤੇ ਉਪਜਾਉ ਧਰਤੀ ਦਾ ਉਜਾੜਾ ਕਰਕੇ ਇਸ ਜ਼ਰਖੇਜ਼ ਭੂੰੰਮੀ ਨੂੰ ਬੰਜ਼ਰ ਬਣਾਉਣ ਵਾਲੀ ਗੱਲ ਹੋਵੇਗੀ।
ਤਕਰੀਬਨ ਢਾਈ ਦਹਾਕੇ ਪਹਿਲਾਂ ਰਾਜਪੁਰਾ ਤਹਿਸੀਲ ਦੇ ਹੀ ਨਾਲ ਲਗਦੇ ਪਿੰਡ ਸੀਲ਼ ਵਿਖੇ ਕਈ ਪਿੰਡਾਂ ਦੀ ਪੰਚਾਇਤੀ ਜ਼ਮੀਨ ਲੈ ਕੇ ਉਸ ਸਮੇਂ ਦੀ ਸਰਕਾਰ ਨੇ ਇੱਕ ਪ੍ਰੋਜੈਕਟ ਲਾਉਣ ਬਾਰੇ ਕਿਆਸੇ ਲਗਾਏ ਸਨ, ਲੋਕਾਂ ਨੇ ਚੰਗੇ ਭਵਿੱਖ ਦੀ ਆਸ ਅਤੇ ਸਵਾਰਥੀ ਸਿਆਸਤਦਾਨਾਂ ਦੇ ਕਹੇ ਲੱਗ ਕੇ ਆਪਣੇ ਪਿੰਡਾਂ ਦੀ ਸੈਂਕੜੇ ਏਕੜ ਸੋਨੇ ਵਰਗੀ ਪੰਚਾਇਤੀ ਜ਼ਮੀਨ ਉਸ ਸਮੇਂ ਦੀ ਸਰਕਾਰ ਨੂੰ ਦੇ ਦਿੱਤੀ, ਸਮਾਂ ਬੀਤਦਾ ਗਿਆ, ਉਦਯੋਗ ਤਾਂ ਕੀ ਲੱਗਣਾ ਸੀ ਅੱਜ ਉੱਥੇ ਜਾ ਕੇ ਦੇਖੋ ਉਹ ਸੈਂਕੜੇ ਏਕੜ ਜ਼ਮੀਨ ਬੰਜਰ ਬਣ ਚੁੱਕੀ ਹੈ ਅਤੇ ਚਾਰੋ ਪਾਸੇ ਬੈਰਾਨਗੀ ਛਾਈ ਹੋਈ ਹੈ, ਉਸ ਬੀਆਬਾਨ ਥਾਂ ਕੋਲ਼ੋ ਲੰਘਦੇ ਹੋਰੇ ਵੀ ਡਰ ਲਗਦੈ। ਛੋਟੇ ਕਿਸਾਨ ਅਤੇ ਗਰੀਬ ਮਜ਼ਦੂਰ ਲੋਕ ਜੋ ਉਸ ਜ਼ਮੀਨ ‘ਤੇ ਖੇਤੀ ਕਰਕੇ ਆਪਣਾ ਟੱਬਰ ਪਾਲ਼ਦੇ ਸੀ ਸਰਕਾਰ ਦੀਆਂ ਗਲਤ ਅਤੇ ਸਵਾਰਥੀ ਨੀਤੀਆਂ ਨੇ ਦਿਹਾੜੀਆਂ ਕਰਨ ਲਈ ਮਜ਼ਬੂਰ ਕਰ ਦਿੱਤੇ, ਅੱਜ ਵੀ ਉਹ ਪਿੰਡਾਂ ਦੇ ਲੋਕ ਮਾਣਯੋਗ ਹਾਈ ਕੋਰਟ ‘ਚ ਆਪਣੀ ਕੀਮਤੀ ਜ਼ਮੀਨ ਲਈ ਹੱਕ ਦੀ ਲੜਾਈ ਲੜ ਰਹੇ ਹਨ, ਸਰਕਾਰ ਨੂੰੰ ਪੁੱਛਿਆ ਜਾਵੇ ਕਿ ਕਿੱਥੇ ਹੈ ਹਨ ਉਹ ਉਦਯੋਗ ਅਤੇ ਕਾਰਖਾਨੇ ਅਤੇ ਕਿੱਥੇ ਨੇ ਉਹ ਨੌਜਵਾਨ ਜਿੰਨਾਂ ਨੂੰ ਤੁਹਾਡੀਆਂ ਭਾਈਵਾਲ ਸਰਕਾਰਾਂ ਨੇ ਰੁਜ਼ਗਾਰ ਦੇ ਸੁਪਨੇ ਦਿਖਾ ਕੇ ਗੁੰਮਰਾਹ ਕੀਤਾ। ਲੋਕਾਂ ਦੇ ਜ਼ਜ਼ਬਾਤਾਂ ਨਾਲ ਖੇਡਣ ਵਾਲੇ ਝੂਠੇ ਸਿਆਸਤਦਾਨਾਂ ਨੂੰ ਲੋਕਾਂ ਦੀ ਕਚਹਿਰੀ ‘ਚ ਸਜ਼ਾ ਦੇਣ ਦਾ ਪ੍ਰਸਤਾਵ ਹੋਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਝੂਠ ਬੋਲ ਕੇ ਠੱਗਣ ਵਾਲੇ ਸਿਆਸੀ ਲੋਕਾਂ ‘ਤੇ ਮੌਕੇ ਅਨੁਸਾਰ ਕਾਨੂੰਨੀ ਸ਼ਿਕੰਜਾ ਕੱਸਿਆ ਜਾ ਸਕੇ।
ਜੇਕਰ ਆਪਣੇ ਤਾਜ਼ਾ ਫੈਸਲੇ ਅਨੁਸਾਰ ਪੰਜਾਬ ਸਰਕਾਰ ਰਾਜਪੁਰਾ ਨੇੜਲੇ ਪਿੰਡਾਂ ਦੀ ਪੰਚਾਇਤੀ ਜ਼ਮੀਨ ਲੈਣ ‘ਚ ਸਫਲ ਹੋ ਜਾਂਦੀ ਹੈ ਤਾਂ ਪੰਜਾਬ ਦੇ ਕੁੱਲ 12,278 ਪਿੰਡਾਂ ਦੀ ਤਕਰੀਬਨ 1,35,000 ਏਕੜ ਵਾਹੀ ਯੋਗ ਜ਼ਮੀਨ ਵੀ ਸਰਕਾਰੀ ਹੱਥਾਂ ਤੋਂ ਜ਼ਿਅਦਾ ਚਿਰ ਬੱਚਣ ਵਾਲੀ ਨਹੀ ਜੇ ਸਮਾਂ ਰਹਿੰਦਿਆਂ ਸਰਕਾਰੀ ਕਰਿੰਦਿਆਂ ਅਤੇ ਭੂ ਮਾਫੀਆ ਨੂੰ ਰੋਕਣ ਲਈ ਲੋਕ ਖੜੇ ਨਾ ਹੋਏ। ਪੰਜਾਬ ਸਰਕਾਰ ਇਹ ਭੁੱਲ ਬੈਠੀ ਹੈ ਕਿ ਪੰਚਾਇਤੀ ਜ਼ਮੀਨਾਂ ਨੂੰ ਠੇਕੇ ‘ਤੇ ਦੇ ਕੇ ਪਿੰਡਾਂ ਦੀਆਂ ਪੰਚਾਇਤਾਂ ਪਿੰਡ ਦੇ ਵਿਕਾਸ ਲਈ ਆਸਾਨੀ ਨਾਲ ਮਾਲੀਆ ਜੁੱਟਾ ਲੈਂਦੀਆਂ ਹਨ, ਪੰਚਾਇਤੀ ਜ਼ਮੀਨ ਦੇ ਸਰਕਾਰ ਕੋਲ਼ ਚਲੇ ਜਾਣ ਨਾਲ ਪਿੰਡਾਂ ਨੂੰ ਪੈਣ ਵਾਲੇ ਆਰਥਿਕ ਘਾਟੇ ਬਾਰੇ ਸ਼ਾਇਦ ਸਰਕਾਰ ਜੋੜ ਘਟਾਓ ਕਰਨਾ ਭੁੱਲ ਗਈ ਜਾਂ ਫਿਰ ਜਾਣ ਬੁੱਝ ਕੇ ਪਿੰਡਾਂ ਦੇ ਵਿਕਾਸ ‘ਚ ਰੋੜਾ ਅਟਕਾਉਣਾ ਚਾਹੁੰਦੀ ਹੈ।
ਪੰਜਾਬ ਸਰਕਾਰ ਵਲੋਂ ਰਾਜਪੁਰਾ ਨੇੜਲੇ ਪਿੰਡਾਂ ਦੀ ਪੰਚਾਇਤੀ ਜ਼ਮੀਨ ਹੱਥਿਆਉਣ ਬਾਰੇ ਸੁਣ ਕੇ ਇਹਨਾਂ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਉਹ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਠੇਕੇ ‘ਤੇ ਲੈ ਕੇ ਪਿਛਲੇ ਸੱਠ ਸਾਲ ਤੋਂ ਵਾਹ ਰਹੇ ਹਨ ਅਤੇ ਉਹਨਾਂ ਦੇ ਪੁੱਰਖਿਆਂ ਨੇ ਇਸ ਜ਼ਮੀਨ ਨੂੰ ਬੰਜ਼ਰ ਤੋਂ ਉਪਜਾਉ ਕਰਨ ਲਈ ਅਣਥੱਕ ਮਿਹਨਤ ਕੀਤੀ ਹੈ, ਪਰਿਵਾਰਾਂ ਦਾ ਗੁਜ਼ਾਰਾ ਵੀ ਇਸ ਜ਼ਮੀਨ ਤੋਂ ਹੀ ਚਲਦਾ ਹੈ ਅਤੇ ਜੇਕਰ ਇਹ ਜ਼ਮੀਨ ਸਰਕਾਰੀ ਫੁਰਮਾਨ ਅਧੀਨ ਉਹਨਾਂ ਕੋਲ਼ੋਂ ਲੈ ਲਈ ਜਾਂਦੀ ਹੈ ਤਾਂ ਉਹ ਆਰਥਿਕ ਤੌਰ ‘ਤੇ ਲਾਵਾਰਿਸ ਹੋ ਜਾਣਗੇ ਇਸ ਲਈ ਇਹਨਾਂ ਲੋਕਾਂ ਨੇ ਆਪਣਾ ਢਿੱਡ ਬੰਨ ਕੇ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਣ ਦਾ ਮਨ ਬਣਾ ਲਿਆ ਹੈ ਜੋ ਕਿ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਸਰਕਾਰ ਲਈ ਇੱਕ ਵੱਡੀ ਚਣੌਤੀ ਬਣੇਗਾ।
ਉਦਯੋਗ ਲਾਉਣ ਦੇ ਨਾਂਅ ‘ਤੇ ਜ਼ਮੀਨ ਲੈ ਕੇ ਉਸ ਨੂੰ ਬੰਜ਼ਰ ਬਣਾਉਣ ਨਾਲੋਂ ਤਾਂ ਉਸ ਉੱਤੇ ਕਿਰਤ ਕਰਨ ਵਾਲੇ ਨੂੰ ਕਿਰਤ ਕਰਦਾ ਰਹਿਣ ਦਿਉ। ਲੋਕ ਰੋਹ ਅਤੇ ਆਮ ਲੋਕਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਪੰਚਾਇਤੀ ਜ਼ਮੀਨਾਂ ‘ਤੇ ਉਦਯੋਗ ਲਾਉਣ ਦੇ ਆਪਣੇ ਲਏ ਫੈਸਲੇ ‘ਤੇ ਤੁਰੰਤ ਗੌਰ ਕਰੇ ਨਹੀ ਫਿਰ ਲੋਕਾਂ ਨੂੰ ਲੱਖਾਂ ਹਜ਼ਾਰਾਂ ਦੀ ਗਿਣਤੀ ‘ਚ ਲਾਮਬੰਦ ਕਰਨ ਵਾਲੇ ਅਤੇ ਪੰਜਾਬ ਦੇ ਹਿੱਤਾਂ ਖਾਤਿਰ ਲੜਾਈ ਲੜਣ ਵਾਲੇ ਸਿਆਸੀ ਆਗੂ ਆਪਣੇ ਸਿਰੜੀ ਸਘੰਰਸ਼ ਨਾਲ ਸਰਕਾਰ ਨੂੰ ਆਪਣਾ ਲੋਕ ਮਾਰੂ ਫੈਸਲਾ ਵਾਪਿਸ ਲੈਣ ਲਈ ਮਜ਼ਬੂਰ ਕਰ ਦੇਣਗੇ।
ਟੇਡੇ ਢੰਗ ਨਾਲ ਪੰਚਾਇਤੀ ਜ਼ਮੀਨਾਂ ਦੱਬਣ ਦੀ ਫਰਾਕ ‘ਚ ਪੰਜਾਬ ਸਰਕਾਰ



