ਸੋਧੇ ਹੋਏ ਨਾਗਰਿਕਤਾ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਵਿਰੋਧੀ ਧਿਰ ਵੱਲੋਂ ਛੇੜੀ ਗਈ ਮੁਹਿੰਮ ਲਗਾਤਾਰ ਜਾਰੀ ਹੈ। ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਧਿਰ ਵੱਲੋਂ ਦਿੱਲੀ ਵਿਖੇ ਇਕ ਵਿਸ਼ਾਲ ਮੀਟਿੰਗ ਕਰਕੇ ਸੋਧੇ ਨਾਗਰਿਕਤਾ ਐਕਟ (ਸੀਏਏ) ਨੂੰ ਵਾਪਸ ਲੈਣ ਅਤੇ ਕੌਮੀ ਆਬਾਦੀ ਰਜਿਸਟਰ (ਐੱਨਪੀਆਰ) ਦੀ ਪ੍ਰਕਿਰਿਆ ਤੁਰੰਤ ਰੋਕਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰਾਂ ਦਾ ਦੋਸ਼ ਹੈ ਕਿ ਇਸ ਸਬੰਧੀ ਸਾਰੀ ਸਰਕਾਰੀ ਸਰਗਰਮੀ ‘ਗ਼ੈਰ-ਸੰਵਿਧਾਨਕ ਪੈਕੇਜ’ ਦਾ ਹਿੱਸਾ ਹਨ ਜਿਸ ਤਹਿਤ ਗਰੀਬਾਂ, ਅਨੁਸੂਚਿਤ ਜਾਤਾਂ ਤੇ ਆਦਿਵਾਸੀ ਕਬੀਲਿਆਂ ਅਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।।ਕਾਂਗਰਸ ਦੀ ਕੌਮੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਦੀ ਅਗਵਾਈ ਹੇਠ ਇਸ ਮੀਟਿੰਗ ਵਿਚ 20 ਸਿਆਸੀ ਧਿਰਾਂ ਦੇ ਆਗੂਆਂ ਨੇ ਹਿੱਸਾ ਲਿਆ। ਬੇਸ਼ਕ ਵਿਰੋਧੀ ਪੱਖ ਦੀਆਂ ਕੁਝ ਪਾਰਟੀਆਂ ਨੇ ਇਸ ਮੀਟਿੰਗ ਵਿੱਚ ਹਿੱਸਾ ਨਹੀਂ ਲਿਆ ਪ੍ਰੰਤੂ ਫਿਰ ਵੀ ਇਸ ਮੀਟਿੰਗ ਦੀ ਕਾਫੀ ਅਹਿਮੀਅਤ ਹੈ। ਸਰਕਾਰ ਬੇਸ਼ਕ ਹਾਲੇ ਆਪਣੇ ਫੈਸਲੇ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਇਸ ਸਬੰਧੀ ਪੂਰੀ ਤਰ੍ਹਾਂ ਸਪੱਸ਼ਟ ਐਲਾਨ ਕਰ ਚੁੱਕੇ ਹਨ। ਸਿਆਸੀ ਪਾਰਟੀਆਂ ਦੇ ਵਿਰੋਧ ਕਾਰਨ ਬੇਸ਼ਕ ਇਹ ਕਾਨੂੰਨ ਫੌਰੀ ਤੌਰ ‘ਤੇ ਵਾਪਸ ਨਹੀਂ ਹੋਵੇਗਾ, ਪ੍ਰੰਤੂ ਇਸ ਨਾਲ ਸਮਾਜ ਵਿੱਚ ਇਕ ਨਵੀਂ ਸਫਬੰਦੀ ਉਭਰ ਰਹੀ ਹੈ। ਨੌਜਵਾਨ ਅਤੇ ਵਿਦਿਆਰਥੀ ਖਾਸ ਤੌਰ ‘ਤੇ ਇਸ ਮੁਹਿੰਮ ਵਿੱਚ ਜ਼ੋਰ-ਸ਼ੋਰ ਨਾਲ ਹਿੱਸਾ ਲੈ ਰਹੇ ਹਨ। ਲਾਜ਼ਮੀ ਤੌਰ ‘ਤੇ ਇਸ ਮੁਹਿੰਮ ਦਾ ਭਾਜਪਾ ਨੂੰ ਸਿਆਸੀ ਤੌਰ ‘ਤੇ ਕਾਫੀ ਨੁਕਸਾਨ ਹੋਵੇਗਾ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਇਸ ਦਿਸ਼ਾ ਵਿੱਚ ਇਕ ਸੰਕੇਤ ਹੋਣਗੇ। ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ। ਸਰਕਾਰ ਵਿਰੋਧ ਨੂੰ ਸ਼ਕਤੀ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਧਰੇ ਇਸ ਸਬੰਧ ਵਿੱਚ ਸਿੱਧਾ ਟਕਰਾਅ ਵੀ ਹੋ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਜੇਕਰ ਇਹ ਸਥਿਤੀ ਹੋਰ ਵਿਸਫੋਟਕ ਹੁੰਦੀ ਹੈ ਤਾਂ ਇਸ ਨਾਲ ਮੁਲਕ ਦਾ ਭਾਰੀ ਨੁਕਸਾਨ ਹੋਵੇਗਾ। ਵਿਰੋਧੀ ਧਿਰਾਂ ਅਤੇ ਸਰਕਾਰ ਨੂੰ ਇਸ ਮੁੱਦੇ ਉੱਪਰ ਆਪਸੀ ਸੰਵਾਦ ਵਧਾਉਣਾ ਚਾਹੀਦਾ ਹੈ ਤਾਂ ਜੋ ਇਸ ਸਬੰਧੀ ਕੋਈ ਵਿਚ-ਵਿਚਾਲੇ ਦਾ ਰਸਤਾ ਕੱਢਿਆ ਜਾ ਸਕੇ। ਇਸ ਮੁੱਦੇ ਉੱਪਰ ਬੇਸ਼ਕ ਹਿੰਸਾ ਨੂੰ ਕਾਫੀ ਹੱਦ ਤੱਕ ਠੱਲ ਪੈ ਗਈ ਹੈ, ਪ੍ਰੰਤੂ ਇਸ ਸਬੰਧੀ ਵਧੇਰੇ ਚੌਕਸੀ ਵਰਤੀ ਜਾਣੀ ਚਾਹੀਦੀ ਹੈ। ਇਸ ਮੁੱਦੇ ਨੂੰ ਸਿਆਸੀ ਲਾਭ-ਹਾਨੀ ਦੀ ਥਾਂ ਦੇਸ਼ ਦੇ ਵਡੇਰੇ ਭਵਿੱਖ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ
ਸੀਏਏ ‘ਤੇ ਲਾਭ-ਹਾਨੀ ਦੀ ਸਿਆਸਤ



