Skip to content
Independent perspectives. Global stories.
BREAKING

ਨਿਰਭੈ ਕੇਸ ਅੰਤਿਮ ਦੌਰ ‘ਚ

Share this story

ਦਿੱਲੀ ਵਿਖੇ 2012 ਵਿੱਚ ਵਾਪਰੇ ਬਹੁਤ ਹੀ ਖੌਫਨਾਕ ਅਤੇ ਸ਼ਰਮਨਾਕ ਨਿਰਭਯਾ ਸਮੂਹਿਕ ਜਬਰ-ਜਨਾਹ ਅਤੇ ਹੱਤਿਆਂ ਕੇਸ 7 ਸਾਲਾਂ ਬਾਅਦ ਹੁਣ ਅੰਤਿਮ ਦੌਰ ਵਿੱਚ ਦਾਖਲ ਹੋ ਗਿਆ ਹੈ। ਦਿੱਲੀ ਦੀ ਹੇਠਲੀ ਅਦਾਲਤ ਨੇ ਇਸ ਕੇਸ ਵਿੱਚ ਬਾਕੀ ਬਚੇ ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਦੀ ਸਜ਼ਾ ਦੇਣ ਦਾ ਹੁਕਮ ਸੁਣਾਇਆ ਹੈ। ਅਦਾਲਤ ਵੱਲੋਂ ਇਸ ਸਬੰਧੀ ਬਲੈਕ ਵਾਰੰਟ ਜਾਰੀ ਕਰ ਦਿੱਤੇ ਗਏ ਹਨ। ਬੇਸ਼ਕ ਹਾਲੇ ਇਸ ਪ੍ਰਕਿਰਿਆ ਨੂੰ ਅੰਤਿਮ ਅੰਜਾਮ ਤੱਕ ਪਹੁੰਚਾਉਣ ਲਈ ਹੋਰ ਸਮਾਂ ਲੱਗਣ ਦਾ ਖਦਸ਼ਾ ਹੈ। ਚਾਰੇ ਦੋਸ਼ੀਆਂ ਕੋਲ ਹਾਲੇ ਵੀ ਕਾਨੂੰਨੀ ਚਾਰਾਜੋਈ ਕਰਨ ਦਾ ਹੱਕ ਮੌਜੂਦ ਹੈ। ਜ਼ਿਕਰਯੋਗ ਹੈ ਕਿ 23 ਵਰ੍ਹਿਆਂ ਦੀ ਪੈਰਾਮੈਡੀਕਲ ਵਿਦਿਆਰਥਣ ਜਿਸ ਨੂੰ ਨਿਰਭੈ ਨਾਮ ਦਿੱਤਾ ਗਿਆ ਨਾਲ ਛੇ ਵਿਅਕਤੀਆਂ ਨੇ 2012 ‘ਚ ਚਲਦੀ ਬੱਸ ‘ਚ 16 ਅਤੇ 17 ਦਸੰਬਰ ਦੀ ਦਰਮਿਆਨੀ ਰਾਤ ਨੂੰ ਜਬਰ-ਜਨਾਹ ਕੀਤਾ ਸੀ ਅਤੇ ਮਗਰੋਂ ਉਸ ਨੂੰ ਸੜਕ ‘ਤੇ ਸੁੱਟ ਦਿੱਤਾ ਸੀ। ਉਸ ਦੀ ਸਿੰਗਾਪੁਰ ਦੇ ਮਾਊਂਟ ਐਲਿਜ਼ਾਬੈੱਥ ਹਸਪਤਾਲ ‘ਚ 29 ਦਸੰਬਰ 2012 ‘ਚ ਮੌਤ ਹੋ ਗਈ ਸੀ। ਇਹ ਕੇਸ ਪਿਛਲੇ 7 ਸਾਲ ਤੋਂ ਅਦਾਲਤਾਂ ਵਿੱਚ ਸੁਣਵਾਈ ਅਧੀਨ ਹੈ। ਇਸ ਦੌਰਾਨ ਛੇ ‘ਚੋਂ ਇਕ ਦੋਸ਼ੀ ਰਾਮ ਸਿੰਘ ਨੇ ਤਿਹਾੜ ਜੇਲ੍ਹ ‘ਚ ਖੁਦਕੁਸ਼ੀ ਕਰ ਲਈ ਸੀ ਜਦਕਿ ਇਕ ਨਾਬਾਲਗ ਦੋਸ਼ੀ ਨੂੰ ਬਾਲ ਨਿਆਂ ਬੋਰਡ ਨੇ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ ਜਿਸ ਦੀ ਸਜ਼ਾ ਮੁਕੰਮਲ ਹੋਣ ਮਗਰੋਂ ਉਹ ਰਿਹਾਅ ਹੋ ਚੁੱਕਾ ਹੈ। ਸੁਪਰੀਮ ਕੋਰਟ ਨੇ 2017 ‘ਚ ਦਿੱਲੀ ਹਾਈ ਕੋਰਟ ਅਤੇ ਹੇਠਲੀ ਅਦਾਲਤ ਵੱਲੋਂ ਦੋਸ਼ੀਆਂ ਨੂੰ ਸੁਣਾਈ ਗਈ ਸਜ਼ਾ-ਏ-ਮੌਤ ਦੇ ਫ਼ੈਸਲੇ ਨੂੰ ਬਹਾਲ ਰੱਖਿਆ ਸੀ। ਇਹ ਬੇਹੱਦ ਦੁਖਦ ਸਥਿਤੀ ਹੈ ਕਿ ਪੀੜਤ ਪਰਿਵਾਰ ਨੂੰ ਇਨਸਾਫ ਲਈ ਲੰਬਾ ਸਮਾਂ ਉਡੀਕ ਕਰਨੀ ਪਈ। ਇਸ ਕੇਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ਦੇ ਨਿਆਂ ਪ੍ਰਬੰਧ ਵਿੱਚ ਵੱਡੀਆਂ ਕੰਮਜ਼ੋਰੀਆਂ ਹਨ ਜਿਸ ਕਾਰਨ ਕੇਸਾਂ ਦੀ ਜਲਦੀ ਨਾਲ ਨਿਪਟਾਰਾ ਨਹੀਂ ਹੁੰਦਾ। ਇਸ ਕੇਸ ਦੇ ਨਿਪਟਾਰੇ ਨਾਲ ਔਰਤਾਂ ਵਿਰੁੱਧ ਅਪਰਾਧ ਘੱਟਣ ਦੀ ਉਮੀਦ ਕੀਤੀ ਜਾ ਰਹੀ ਹੈ। ਪ੍ਰੰਤੂ ਜਦੋਂ ਤੱਕ ਬੁਨਿਆਦੀ ਹਾਲਾਤਾਂ ਅਤੇ ਮਾਨਸਿਕਤਾ ਵਿੱਚ ਤਬਦੀਲੀ ਨਹੀਂ ਲਿਆਂਦੀ ਜਾਂਦੀ ਤਦ ਤੱਕ ਇਸ ਤਰ੍ਹਾਂ ਦੀ ਉਮੀਦ ਕਰਨਾ ਬੇਕਾਰ ਹੈ। ਇਸ ਕੇਸ ਦਾ ਬੇਲੋੜਾ ਸਿਆਸੀਕਰਨ ਵੀ ਨਹੀਂ ਹੋਣਾ ਚਾਹੀਦਾ। ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂ ਇਸ ਕੇਸ ਨੂੰ ਚੋਣਾਂ ਦਾ ਮੁੱਦਾ ਬਣਾਉਣ ‘ਤੇ ਉਤਾਰੂ ਹਨ। ਇਸ ਦਾ ਸਖਤੀ ਨਾਲ ਵਿਰੋਧ ਹੋਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

WRITTEN BY