Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਵੱਲੋਂ ਕਾਰਗੁਜਾਰੀ ਦੀ ਸਮੀਖਿਆ

Share this story

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਆਪਣੀ ਵੱਖਰੀ ਕੰਮਕਾਜੀ ਸ਼ੈਲੀ ਲਈ ਜਾਣੇ ਜਾਂਦੇ ਹਨ। ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਨੇ ਆਪਣੇ ਕੰਮਕਾਜ ਵੱਲ ਹੀ ਸਭ ਤੋਂ ਵੱਧ ਧਿਆਨ ਦਿੱਤਾ ਹੈ। ਆਪਣੇ ਦਫ਼ਤਰੀ ਰੁਝੇਵੇਂ ਲਈ ਉਹ ਸਭ ਤੋਂ ਵਧੇਰੇ ਟਾਇਮ ਕੱਢਦੇ ਹਨ। ਆਲਮ ਇਹ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਦੇਰ ਰਾਤ ਤੱਕ ਵੀ ਗਹਿਮਾ-ਗਹਿਮੀ ਰਹਿੰਦੀ ਹੈ। ਉਹ ਆਪਣੇ ਸਾਥੀ ਮੰਤਰੀਆਂ ਦੇ ਕੰਮਕਾਜ ਵੱਲ ਵੀ ਲਗਾਤਾਰ ਤਵੱਜੋਂ ਦਿੰਦੇ ਹਨ। ਵੱਖ-ਵੱਖ ਮੰਤਰਾਲਿਆਂ ਦੀ ਕਾਰਗੁਜਾਰੀ ਦੀ ਸਮੀਖਿਆ ਕਰਦੇ ਰਹਿੰਦੇ ਹਨ। ਲੰਘੇ ਹਫਤੇ ਵੀ ਉਨ੍ਹਾਂ ਵੱਲੋਂ ਵੱਖ-ਵੱਖ ਮੰਤਰਾਲਿਆਂ ਦੀ ਕਾਰਗੁਜਾਰੀ ਦੀ ਸਮੀਖਿਆ ਕੀਤੀ ਗਈ। ਕੇਂਦਰੀ ਮੰਤਰੀ ਮੰਡਲ ਦੀ ਬੈਠਕ ਦੌਰਾਨ ਭਵਿੱਖ ‘ਚ ਮੰਤਰਾਲਿਆਂ ਲਈ ਤਰਜੀਹੀ ਖੇਤਰਾਂ ਨੂੰ ਸੂਚੀਬੱਧ ਕਰਨ ਦੇ ਨਾਲ ਚੱਲ ਰਹੇ ਮੌਜੂਦਾ ਪ੍ਰਾਜੈਕਟਾਂ ਦੇ ਵਿਕਾਸ ਨੂੰ ਵਾਚਿਆ ਗਿਆ। ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਸਾਹਮਣੇ ਕੇਂਦਰੀ ਸਕੱਤਰਾਂ ਨੇ ਸਬੰਧਤ ਮੰਤਰਾਲਿਆਂ ਦੇ ਭਵਿੱਖੀ ਨਜ਼ਰੀਏ ਬਾਰੇ ਪੇਸ਼ਕਾਰੀਆਂ ਦਿੱਤੀਆਂ। ਪਿਛਲੇ ਦੋ ਹਫ਼ਤਿਆਂ ‘ਚ ਇਹ ਤੀਜੀ ਬੈਠਕ ਸੀ, ਜਦੋਂ ਪ੍ਰਧਾਨ ਮੰਤਰੀ ਨੇ ਮੰਤਰਾਲਿਆਂ ਦੀ ਕਾਰਗੁਜ਼ਾਰੀ ‘ਤੇ ਨਜ਼ਰਸਾਨੀ ਕੀਤੀ ਹੈ। ਪ੍ਰਧਾਨ ਮੰਤਰੀ ਵੱਲੋਂ ਬੈਠਕ ਦੌਰਾਨ ਸਿਖਰਲੀ ਅਫ਼ਸਰਸ਼ਾਹੀ ਤੋਂ ਸੁਸ਼ਾਸਨ, ਤਕਨਾਲੋਜੀ ਤੇ ਵਸੀਲਿਆਂ ਜਿਹੇ ਖੇਤਰਾਂ ਬਾਰੇ ਜਾਣਕਾਰੀ ਲਈ। ਮਿਲੇ ਸੁਝਾਵਾਂ ਦੇ ਅਧਾਰ ‘ਤੇ ਸਕੱਤਰਾਂ ਦੀ ਅਗਵਾਈ ਵਾਲੀ ਵੱਖ ਵੱਖ ਕਮੇਟੀਆਂ ਨੇ ਪੇਸ਼ਕਾਰੀ ਦਿੱਤੀ ਤਾਂ ਜੋ ਅਗਲੇ ਪੰਜ ਸਾਲਾਂ ਦੀ ਕਾਰਜ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ। ਸਰਕਾਰ ਵੱਲੋਂ ਨੀਤੀਆਂ ਨੂੰ ਛੇਤੀ ਤੇ ਬਿਹਤਰ ਤਰੀਕੇ ਨਾਲ ਲਾਗੂ ਕਰਨ ਦੇ ਇਰਾਦੇ ਨਾਲ ਮੰਤਰਾਲਿਆਂ ਨੂੰ ਖੇਤੀ, ਸਿਹਤ, ਸੁਸ਼ਾਸਨ ਤੇ ਤਕਨਾਲੋਜੀ ਜਿਹੇ ਅਹਿਮ ਖੇਤਰਾਂ ‘ਚ ਵੰਡਿਆ ਗਿਆ। ਸਮੀਖਿਆ ਦੇ ਅਮਲ ਨੂੰ ਪੂਰਾ ਕਰਨ ਲਈ ਕੇਂਦਰੀ ਵਜ਼ਾਰਤ ਦੀਆਂ ਹੋਰ ਬੈਠਕਾਂ ਵੀ ਹੋ ਸਕਦੀਆਂ ਹਨ। ਪ੍ਰਧਾਨ ਮੰਤਰੀ ਵੱਲੋਂ ਪਾਈ ਗਈ ਇਹ ਚੰਗੀ ਪਿਰਤ ਹੈ। ਇਸ ਨਾਲ ਸਰਕਾਰ ਦੀ ਕਾਰਗੁਜਾਰੀ ਵਿੱਚ ਸੁਧਾਰ ਦੀਆਂ ਸੰਭਾਵਨਾਵਾਂ ਬਣ ਜਾਂਦੀਆਂ ਹਨ। ਵੱਖ-ਵੱਖ ਮੰਤਰਾਲਿਆਂ ਦੇ ਕੰਮਕਾਜ ਨੂੰ ਸਹੀ ਦਿਸ਼ਾ ਦੇਣ ਲਈ ਇਸ ਤਰ੍ਹਾਂ ਦੀ ਸਮੀਖਿਆ ਬੇਹੱਦ ਜ਼ਰੂਰੀ ਹੈ। ਪ੍ਰਧਾਨ ਮੰਤਰੀ ਵੱਲੋਂ ਸਰਕਾਰ ਦੀ ਕਾਰਗੁਜਾਰੀ ਨੂੰ ਬੇਹੱਤਰ ਬਣਾਉਣ ਲਈ ਲਗਾਤਾਰ ਯਤਨ ਹੋ ਰਹੇ ਹਨ। ਉਨ੍ਹਾਂ ਦੀ ਇੱਛਾ ਹੈ ਕਿ ਸਰਕਾਰ ਦੇ ਸਾਰੇ ਮੰਤਰਾਲੇ ਬੇਹੱਤਰ ਕੰਮ ਕਰਨ ਅਤੇ ਚੰਗੇ ਨਤੀਜੇ ਸਾਹਮਣੇ ਲਿਆਉਣ। ਦੇਸ਼ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ‘ਤੇ ਲੈ ਜਾਣ ਲਈ ਸਰਕਾਰ ਦੇ ਸਾਰੇ ਮੰਤਰਾਲਿਆਂ ਨੂੰ ਆਪਸੀ ਤਾਲਮੇਲ ਬਣਾਉਣਾ ਹੋਵੇਗਾ। ਪ੍ਰਧਾਨ ਮੰਤਰੀ ਵੱਲੋਂ ਸਮੀਖਿਆ ਕੀਤੇ ਜਾਣ ਕਾਰਨ ਸਾਰੇ ਮੰਤਰੀਆਂ ਨੂੰ ਆਪਣੀ-ਆਪਣੀ ਕਾਰਗੁਜਾਰੀ ਬੇਹੱਤਰ ਬਣਾਉਣ ਦੀ ਪ੍ਰੇਰਣਾ ਮਿਲਦੀ ਹੈ। ਇਸ ਦੇ ਨਾਲ ਅਧਿਕਾਰੀਆਂ ਨੂੰ ਵੀ ਇਹ ਸੰਦੇਸ਼ ਜਾ ਰਿਹਾ ਹੈ ਕਿ ਸਰਕਾਰ ਉਨ੍ਹਾਂ ਦੇ ਕੰਮਕਾਜ ‘ਤੇ ਨਜ਼ਰ ਰੱਖ ਰਹੀ ਹੈ। ਪ੍ਰਧਾਨ ਮੰਤਰੀ ਹਮੇਸ਼ਾ ਸਰਕਾਰ ਦੀ ਕਾਰਗੁਜਾਰੀ ਨੂੰ ਬੇਹੱਤਰ ਬਣਾਉਣ ਲਈ ਕਾਰਜਸ਼ੀਲ ਹਨ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਕੇਂਦਰ ਸਰਕਾਰ ਸਾਰੇ ਟੀਚੇ ਪ੍ਰਾਪਤ ਕਰਨ ਵਿੱਚ ਸਫਲ ਹੋਵੇਗੀ।
– ਬਲਜੀਤ ਸਿੰਘ ਬਰਾੜ

WRITTEN BY