Skip to content
Independent perspectives. Global stories.
BREAKING

ਪੁਲਿਸ ਵੱਲੋਂ ਕੋਹ-ਕੋਹ ਕੇ ਸ਼ਹੀਦ ਕੀਤੇ ਗਏ-ਜਥੇਦਾਰ ਗੁਰਦੇਵ ਸਿੰਘ ਕਾਉਂਕੇ

Share this story

– ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ
ਇਸ ‘ਤੇ ਭਾਈ ਸਾਹਿਬ ਨੇ ਆਪਣੀ ਸਿੰਘਣੀ ਨੂੰ ਕਿਹਾ- “ਤੁਸੀਂ ਸਸਕਾਰ ਕਰ ਦੇਣਾ ਤੇ ਇਹਨਾਂ ਦਾ ਇਤਬਾਰ ਨਾ ਕਰਿਓ…।”
ਭਾਈ ਸਾਹਿਬ ਪੁਲੀਸ ਪਾਰਟੀ ਨਾਲ਼ ਜਗਰਾਓ ਸਦਰ ਥਾਣੇ ਚਲੇ ਗਏ, ਜਦਕਿ ਉਹਨਾਂ ਦੀ ਸਿੰਘਣੀ ਹੋਰ ਰਿਸ਼ਤੇਦਾਰਾਂ ਦੇ ਨਾਲ਼ ਦੋਹਤੇ ਦੀ ਦੇਹ ਲੈ ਕੇ ਮੰਡੀ ਅਹਿਮਦਗੜ੍ਹ, ਕੁੜੀ ਦੇ ਸਹੁਰੇ ਘਰ ਵੱਲ ਸਸਕਾਰ ਲਈ ਚਲੀ ਗਈ। ਜਗਰਾਓਂ ਸਦਰ ਥਾਣੇ ਵਿੱਚ ਭਾਈ ਸਾਹਿਬ ਤੋਂ 2 ਦਸੰਬਰ 1992 ਨੂੰ ਜਗਰਾਓਂ ਕੋਲ਼ ਹੋਏ 19 ਬੱਸ ਮੁਸਾਫ਼ਰਾਂ ਦੇ ਕਤਲੇਆਮ ਬਾਰੇ ਪੁੱਛਗਿੱਛ ਕੀਤੀ ਗਈ। ਭਾਵੇਂ ਬੱਸ ਕਾਂਡ ਤੋਂ ਅਗਲੇ ਹੀ ਦਿਨ ਮਖੂ ਕੋਲ਼ 19 ਸਿੱਖ ਨੌਜਵਾਨਾਂ ਨੂੰ ਮਾਰ ਕੇ ਕਿਹਾ ਸੀ ਕਿ ਸਿਧਵਾਂ ਬੱਸ ਕਾਂਡ ਲਈ ਜ਼ਿੰਮੇਵਾਰ ਮਾਰੇ ਗਏ ਹਨ, ਪਰ ਹੁਣ ਇਸ ਕਾਂਡ ਲਈ ਭਾਈ ਕਾਉਂਕੇ ਤੋਂ ਪੁੱਛਗਿੱਛ ਹੋ ਰਹੀ ਸੀ। ਉਸ ਦਿਨ 5 ਘੰਟੇ ਦੀ ਪੁੱਛਗਿੱਛ ਮਗਰੋਂ ਪੁਲੀਸ ਨੇ ਭਾਈ ਸਾਹਿਬ ਨੂੰ ਘਰ ਭੇਜ ਦਿੱਤਾ।
ਭਾਈ ਸਾਹਿਬ ਹਰ ਰੋਜ਼ ਸਵੇਰੇ ਪਿੰਡ ਦੀ ਬਾਦਾ ਪੱਤੀ ਦੇ ਗੁਰਦੁਆਰੇ ਵਿੱਚ 6 ਤੋਂ 7 ਵਜੇ ਤਕ ਗੁਰਬਾਣੀ ਦੀ ਕਥਾ ਕਰਿਆ ਕਰਦੇ ਸਨ। 25 ਦਸੰਬਰ 1992 ਨੂੰ ਥਾਣਾ ਸਦਰ ਜਗਰਾਓਂ ਦੇ ਥਾਣੇਦਾਰ ਗੁਰਮੀਤ ਸਿੰਘ ਨੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਲਈ ਫਿਰ ਛਾਪਾ ਮਾਰਿਆ। ਭਾਈ ਸਾਹਿਬ ਦੀ ਸਿੰਘਣੀ ਬੀਬੀ ਗੁਰਮੇਲ ਕੌਰ ਤਾਂ ਅਜੇ ਆਪਣੀ ਧੀ ਕੋਲ਼ ਮੰਡੀ ਅਹਿਮਦਗੜ੍ਹ ਹੀ ਸਨ। ਉਹਨਾਂ ਦੇ ਪੁੱਤਰ ਸ. ਹਰੀ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਭਾਈ ਸਾਹਿਬ ਤਾਂ ਗੁਰਦੁਆਰਾ ਸਾਹਿਬ ਕਥਾ ਕਰ ਰਹੇ ਹਨ। ਪੁਲੀਸ ਗੁਰਦੁਆਰਾ ਸਾਹਿਬ ਪੁੱਜੀ ਤਾਂ ਭਾਈ ਸਾਹਿਬ ਨੇ ਕਿਹਾ- “ਮੈਂ ਨਿਤਨੇਮ ਕਰ ਲਵਾਂ, ਤੁਸੀਂ ਉਡੀਕ ਕਰੋ…।”
ਪੁਲੀਸ ਬਾਹਰ ਖੜ੍ਹੀ ਰਹੀ ਤੇ ਅੰਦਰ ਭਾਈ ਸਾਹਿਬ ਨੇ ਬੜੀ ਵੈਰਾਗਮਈ ਕਥਾ ਕੀਤੀ ਤੇ ਦੋ ਵਾਰ ‘ਤੇਰਾ ਕੀਆ ਮੀਠਾ ਲਾਗੈ’ ਸਬਦ ਪੜ੍ਹਿਆ। ਫੇਰ ਉਹ ਗੁਰਦੁਆਰਾ ਸਾਹਿਬ ਤੋਂ ਪੁਲੀਸ ਪਾਰਟੀ ਦੇ ਨਾਲ਼ ਹੀ ਘਰ ਵੱਲ ਨੂੰ ਤੁਰ ਪਏ। ਮਗਰੇ ਹੀ ਸੰਗਤ ਤੁਰੀ ਆਵੇ। ਘਰ ਆ ਕੇ ਭਾਈ ਸਾਹਿਬ ਨੇ ਇਸ਼ਨਾਨ ਕੀਤਾ ਤੇ ਫਿਰ ਉਹਨਾਂ ਨੂੰ ਸੇਵਾਦਾਰ ਪ੍ਰੀਤਮ ਸਿੰਘ ਨੇ ਖਾਣਾ ਦਿੱਤਾ। ਉਹ ਹਾਜ਼ਰ ਸੰਗਤ ਨੂੰ ਕਹਿ ਰਹੇ ਸਨ ਕਿ- “ਇਹ ਮੇਰੀ ਆਖ਼ਰੀ ਵਾਰ ਯਾਤਰਾ ਹੈ, ਪੁਲੀਸ ਆਪਣਾ ਕਾਰਾ ਕਰ ਕੇ ਰਹੇਗੀ…।” ਇਹ ਗੱਲਾਂ ਕਰਦਿਆਂ ਉਹਨਾਂ ਸ਼ਾਂਤੀ ਨਾਲ਼ ਰੋਟੀ ਖਾਧੀ ਤੇ ਸੰਗਤ ਦੇ ਸਾਮ੍ਹਣੇ ਪੁਲੀਸ ਦੀ ਗੱਡੀ ਵਿੱਚ ਬਹਿ ਗਏ।
ਪੁਲੀਸ ਦੀਆਂ ਗੱਡੀਆਂ ਧੂੜਾਂ ਪਟਦੀਆਂ ਜਗਰਾਓਂ ਵੱਲ ਤੁਰ ਪਈਆਂ, ਜਦਕਿ ਪਿੱਛੇ ਖੜ੍ਹੀ ਸੰਗਤ ਭਾਈ ਸਾਹਿਬ ਦੇ ਬੋਲਾਂ ਉੱਤੇ ਵਿਚਾਰ ਕਰਦੀ ਰਹੀ। ਚਰਚਾ ਚੱਲ ਰਹੀ ਸੀ ਕਿ ਭਾਈ ਸਾਹਿਬ ਨੇ ਕੁਝ ਦਿਨ ਪਹਿਲਾਂ ਹੀ ਆਪਣੀ 36 ਏਕੜ ਜ਼ਮੀਨ ਤਿੰਨਾਂ ਪੁੱਤਰਾਂ ਦੇ ਨਾਂ ਬਰਾਬਰ-ਬਰਾਬਰ ਲਾ ਦਿੱਤੀ ਸੀ।
ਅਗਲੇ ਦਿਨ ਪੁਲੀਸ ਨੇ ਕਾਉਂਕੇ ਪਿੰਡ ਦੇ ਸ. ਰਣਜੀਤ ਸਿੰਘ ਤੇ ਸ. ਮਹਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ, ਜੋ ਕਿ ਭਾਈ ਸਾਹਿਬ ਦੇ ਬਹੁਤ ਨਜ਼ਦੀਕੀ ਪਿਆਰ ਵਾਲ਼ੇ ਸਨ। ਰਣਜੀਤ ਸਿੰਘ ਨੇ ਸਦਰ ਥਾਣੇ ਵਿੱਚ ਭਾਈ ਸਾਹਿਬ ਨੂੰ ਵੇਖਿਆ ਜੋ ਕਿ ਤਸ਼ੱਦਦ ਦੇ ਬੁਰੀ ਤਰ੍ਹਾਂ ਭੰਨੇ ਹੋਏ ਇੱਕ ਕੰਬਲ਼ ਲਈ ਬੈਠੇ ਸਨ। ਮਹਿੰਦਰ ਸਿੰਘ ਉੱਤੇ ਐਨਾ ਅੰਨ੍ਹਾ ਤਸ਼ੱਦਦ ਢਾਹਿਆ ਗਿਆ ਤੇ ਉਹ ਕਦੇ ਵੀ ਬੋਲ ਨਹੀਂ ਸਕਿਆ। ਗੁਰੂਸਰ ਕਾਉਂਕੇ ਪਿੰਡ ਤੋਂ ਗ੍ਰਿਫ਼ਤਾਰ ਕੀਤੇ 70 ਸਾਲ ਦੇ ਸ਼ੇਰ ਸਿੰਘ ਨੂੰ ਵੀ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ ਕਿ ਉਹ ਤੁਰਨ ਜੋਗਾ ਨਾ ਰਿਹਾ ਤੇ ਕੁਝ ਦਿਨਾਂ ਮਗਰੋਂ ਚੜ੍ਹਾਈ ਕਰ ਗਿਆ। ਰਣਜੀਤ ਸਿੰਘ ਉੱਤੇ ਵੀ ਤਸ਼ੱਦਦ ਹੋਇਆ।
27 ਦਸੰਬਰ ਨੂੰ ਸ਼ਾਮ ਨੂੰ ਹਨੇਰੇ ਪਏ ਸਦਰ ਥਾਣੇ ਦੀਆਂ ਸਾਰੀਆਂ ਬੱਤੀਆਂ ਬੁਝਾ ਦਿੱਤੀਆਂ ਗਈਆਂ ਤੇ ਥਾਣੇ ਵਿੱਚ ਹਾਜ਼ਰ ਸਾਰੇ ਲੋਕਾਂ ਨੂੰ ਆਪਣੇ ਮੂੰਹ ਕੰਧਾਂ ਵੱਲ ਕਰਨ ਲਈ ਹਦਾਇਤ ਕੀਤੀ ਗਈ। ਕੁਝ ਗੱਡੀਆਂ ਦੇ ਆਉਣ, ਰੁਕਣ ਤੇ ਚੱਲਣ ਦੀ ਅਵਾਜ਼ ਆਈ। ਕੁਝ ਸਮੇਂ ਮਗਰੋਂ ਲਾਈਟ ਆ ਗਈ। ਰਣਜੀਤ ਸਿੰਘ ਦਾ ਮੰਨਣਾ ਹੈ ਕਿ ਓਸ ਵੇਲ਼ੇ ਭਾਈ ਗੁਰਦੇਵ ਸਿੰਘ ਨੂੰ ਸੀ.ਆਈ.ਏ. ਸਟਾਫ਼ ਜਗਰਾਉਂ ਲੈ ਕੇ ਗਏ ਹੋਣਗੇ।
ਭਾਈ ਸਾਹਿਬ ਗੁਰਸਿੱਖ ਦੇ ਹੱਥ ਦਾ ਬਣਿਆ ਖਾਣਾ ਹੀ ਛਕਦੇ ਸਨ। ਉਹਨਾਂ ਦੀ ਸਿੰਘਣੀ ਗੁਰਮੇਲ ਕੌਰ ਖਾਣਾ ਤਿਆਰ ਕਰ ਕੇ ਜਗਰਾਉਂ ਸਦਰ ਥਾਣੇ ਪਹੁੰਚੀ ਕਿ ਭਾਈ ਸਾਹਿਬ ਨੂੰ ਖਾਣਾ ਦਿੱਤਾ ਜਾਵੇ, ਪਰ ਉਸ ਦੀ ਕੋਈ ਵਾਹ ਨਾ ਚੱਲੀ। ਉਸ ਨੇ ਕਈ ਪ੍ਰਮੁੱਖ ਆਗੂਆਂ ਨਾਲ਼ ਵੀ ਗੱਲ ਕੀਤੀ ਪਰ ਕੋਈ ਗੱਲ ਨਾ ਬਣੀ।
28 ਦਸੰਬਰ ਨੂੰ ਵੀ ਬੀਬੀ ਗੁਰਮੇਲ ਕੌਰ ਖਾਣਾ ਲੈ ਕੇ ਸੀ.ਆਈ.ਏ. ਸਟਾਫ਼ ਮੂਹਰੇ ਬੈਠੀ ਰਹੀ। ਆਖ਼ਰ ਇੱਕ ਮੁਲਾਜ਼ਮ ਨੇ ਤਰਸ ਕਰ ਕੇ ਭਾਈ ਸਾਹਿਬ ਕੋਲ਼ ਖਾਣਾ ਪਹੁੰਚਾਉਣ ਦੀ ਪੇਸ਼ਕਸ਼ ਕੀਤੀ, ਪਰ ਛੇਤੀ ਹੀ ਉਸ ਨੇ ਅੰਦਰੋਂ ਆ ਕੇ ਦੱਸਿਆ ਕਿ ਭਾਈ ਸਾਹਿਬ ਦੀ ਹਾਲਤ ਬੇਹੱਦ ਖ਼ਰਾਬ ਹੈ। ਇਸ ਤੋਂ ਪਹਿਲਾਂ ਵੀ ਕਲੇਰ ਪਿੰਡ ਦੀ ਇੱਕ ਮਾਈ ਨੇ ਭਾਈ ਸਾਹਿਬ ਦੀ ਤਸ਼ੱਦਦ ਕਾਰਨ ਹੋਈ ਮਾੜੀ ਹਾਲਤ ਬਾਰੇ ਦੱਸਿਆ ਸੀ। ਅੰਦਰ ਭਾਈ ਸਾਹਿਬ ਦੀ ਹਾਲਤ ਐਨੀ ਮਾੜੀ ਹੋ ਗਈ ਸੀ ਕਿ ਬਾਹਰੋਂ ਡਾਕਟਰ ਤੋਂ ਟੀਕੇ ਲਵਾਏ ਗਏ ਤੇ ਦਵਾਈ ਦਿੱਤੀ ਗਈ, ਪਰ ਨਾਲ਼ ਦੀ ਨਾਲ਼ ਤਸ਼ੱਦਦ ਵੀ ਜਾਰੀ ਰਿਹਾ। ਬੀਬੀ ਗੁਰਮੇਲ ਕੌਰ ਨੂੰ 30 ਦਸੰਬਰ ਨੂੰ ਸੀ.ਆਈ.ਏ. ਸਟਾਫ਼ ਵਿੱਚੋਂ ਰਿਹਾਅ ਹੋਏ ਇੱਕ ਨੌਜਵਾਨ ਨੇ ਦੱਸਿਆ ਕਿ ਭਾਈ ਸਾਹਿਬ ਦੀ ਹਾਲਤ ਵੇਖੀ ਨਹੀਂ ਜਾਂਦੀ। ਇਸ ਮਾਹੌਲ ਵਿੱਚ 31 ਦਸੰਬਰ ਨੂੰ ਬੀਬੀ ਗੁਰਮੇਲ ਕੌਰ ਚੰਡੀਗੜ੍ਹ ਚਲੇ ਗਈ, ਜਿੱਥੋਂ ਐਡਵੋਕੇਟ ਗੁਰਮੁਖ ਸਿੰਘ ਮਨੌਲੀ ਵੱਲੋਂ ਕੀਤੀ ਕਨੂੰਨੀ ਚਾਰਾਜੋਈ ਮਗਰੋਂ ਅਦਾਲਤ ਨੇ ਵਰੰਟ ਅਫ਼ਸਰ ਭੇਜ ਦਿੱਤਾ।
1 ਜਨਵਰੀ 1993 ਨੂੰ ਵਰੰਟ ਅਫ਼ਸਰ ਹਰੀ ਚੰਦ ਨੂੰ ਲੈ ਕੇ ਜਦੋਂ ਬੀਬੀ ਗੁਰਮੇਲ ਕੌਰ ਜਗਰਾਓਂ ਪੁੱਜੀ। ਉਹ ਪਹਿਲਾਂ ਇਹ ਨਿਸ਼ਚਿਤ ਕਰ ਲੈਣਾ ਚਾਹੁੰਦੀ ਸੀ ਕਿ ਭਾਈ ਸਾਹਿਬ ਬਾਰੇ ਪੱਕਾ ਪਤਾ ਕਰ ਲਵੇ ਕਿ ਉਹ ਕਿੱਥੇ ਕੈਦ ਹਨ। ਪਰ ਪੱਕਾ ਪਤਾ ਨਹੀਂ ਸੀ ਲੱਗ ਰਿਹਾ ਕਿ ਭਾਈ ਸਾਹਿਬ ਸੀ.ਆਈ.ਏ. ਸਟਾਫ਼ ਹੀ ਹਨ ਕਿ ਇੱਥੋਂ ਕਿਤੇ ਹੋਰ ਲਿਜਾਏ ਗਏ ਹਨ। 2 ਜਨਵਰੀ 1993 ਨੂੰ ਵਰੰਟ ਅਫ਼ਸਰ ਨੇ ਸਦਰ ਥਾਣੇ ਅਤੇ ਸੀ.ਆਈ.ਏ. ਸਟਾਫ਼ ਛਾਪਾ ਮਾਰਿਆ, ਪਰ ਭਾਈ ਸਾਹਿਬ ਕਿਤੇ ਵੀ ਨਹੀਂ ਸਨ।
ਅਖ਼ਬਾਰਾਂ ਦੀ ਖ਼ਬਰ
3 ਜਨਵਰੀ 1993 ਨੂੰ ਪੰਜਾਬ ਪੁਲੀਸ ਨੇ ਦਾਅਵਾ ਕੀਤਾ ਕਿ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਓਦੋਂ ਫ਼ਰਾਰ ਹੋ ਗਏ, ਜਦੋਂ ਸਿਧਵਾਂ ਥਾਣੇ ਦੇ ਪਿੰਡ ਕੰਨੀਆਂ ਵੱਲ ਉਹਨਾਂ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾ ਰਹੇ ਸੀ ਕਿ ਖਾੜਕੂਆਂ ਨੇ ਹਮਲਾ ਕਰ ਕੇ ਉਹਨਾਂ ਨੂੰ ਛੁਡਵਾ ਲਿਆ। – ਬਾਕੀ ਕੱਲ੍ਹ ਪੜ੍ਹੋ

ਪੁਲੀਸ ਨੇ ਦਾਅਵਾ ਕੀਤਾ ਕਿ ਇਸ ਗੋਲ਼ੀਬਾਰੀ ਦੌਰਾਨ ਭਾਈ ਕਾਉਂਕੇ ਹਥਕੜੀ ਛੁਡਵਾ ਕੇ ਭੱਜ ਗਏ।

ਇਸ ਖ਼ਬਰ ਨੂੰ ਸੁਣਨ ਸਾਰ ਸਾਰੇ ਸਿੱਖ ਜਗਤ ਅੰਦਰ ਤੁਫ਼ਾਨ ਖੜ੍ਹਾ ਹੋ ਗਿਆ। ਅਕਾਲੀ ਆਗੂਆਂ ਤੇ ਆਮ ਸੰਗਤ ਨੇ ਆਖਿਆ ਕਿ ਅਸਲ ਵਿੱਚ ਭਾਈ ਸਾਹਿਬ ਨੂੰ ਪੁਲੀਸ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਹੈ ਤੇ ਹੁਣ ਝੂਠੀਆਂ ਕਹਾਣੀਆਂ ਸੁਣਾ ਰਹੀ ਹੈ। ਜਗਰਾਉਂ ਵਿੱਚ ਰੋਸ ਮੁਜ਼ਾਹਰਿਆਂ ਤੇ ਧਰਨਿਆਂ ਦਾ ਮਾਹੌਲ ਬਣ ਗਿਆ। ਭਾਈ ਸਾਹਿਬ ਦੇ ਪਿੰਡ ਕਾਉਂਕੇ ਨੂੰ ਪੁਲੀਸ ਛਾਉਣੀ ਬਣਾ ਦਿੱਤਾ ਗਿਆ। ਜਿਹੜਾ ਵੀ ਕਾਉਂਕੇ ਪਿੰਡ ਵੱਲ ਜਾਂਦਾ, ਪੁਲੀਸ ਕੁੱਟ-ਮਾਰ ਕੇ ਭਜਾ ਦਿੰਦੀ।
ਸ਼ਹਾਦਤ ਦੀ ਵਾਰਤਾ
ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹੀਦੀ ਦੀ ਵਾਰਤਾ ਆਖ਼ਰ ਮਈ 1998 ਵਿੱਚ ਸਾਮ੍ਹਣੇ ਆਈ, ਜਦੋਂ ਪਹਿਲਾਂ ਫ਼ੌਜੀ ਰਹੇ ਤੇ ਫਿਰ ਪੁਲੀਸ ਵਿੱਚ ਨੌਕਰੀ ਕਰਦੇ ਰਹੇ ਸ. ਦਰਸ਼ਨ ਸਿੰਘ ਹਠੂਰ ਨੇ ਆਪਣੀ ਜ਼ੁਬਾਨ ਖੋਲ੍ਹੀ। ਉਸ ਨੇ ਦੱਸਿਆ- “ਮੇਰੇ ਸਾਮ੍ਹਣੇ ਐੱਸ.ਐੱਸ.ਪੀ. ਸਵਰਨ ਸਿੰਘ ਘੋਟਣਾ, ਡੀ.ਐੱਸ.ਪੀ. ਹਰਭਗਵਾਨ ਸਿੰਘ ਸੋਢੀ, ਇੰਸਪੈਕਟਰ ਗੁਰਮੀਤ ਸਿੰਘ ਅਤੇ ਐੱਸ.ਆਈ. ਚੰਨਣ ਸਿੰਘ; ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਨਿਰਵਸਤਰ ਕਰ ਕੇ ਤਸ਼ੱਦਦ ਕਰਦੇ ਰਹੇ। ਉਹਨਾਂ ਨੇ ਭਾਈ ਸਾਹਿਬ ਦੀਆਂ ਲੱਤਾਂ ਫੜ ਕੇ ਅੱਡ-ਅੱਡ ਦਿਸ਼ਾਵਾਂ ਨੂੰ ਖਿੱਚ ਦਿੱਤੀਆਂ, ਜਿਵੇਂ ਮੁਰਗੇ ਦੀਆਂ ਲੱਤਾਂ ਮਰੋੜਦੇ ਨੇ। ਉਹਨਾਂ ਨੇ ਬੇਦਰਦੀ ਨਾਲ਼ ਤਸੀਹੇ ਦਿੱਤੇ ਤੇ ਅੰਤ ਗੋਲ਼ੀ ਮਾਰ ਦਿੱਤੀ। ਅਜੇ ਉਹਨਾਂ ਦੀ ਜਾਨ ਨਹੀਂ ਨਿਕਲ਼ੀ ਹੋਣੀ ਕਿ ਐੱਸ.ਐੱਸ.ਪੀ. ਘੋਟਣੇ, ਡੀ.ਐੱਸ.ਪੀ. ਸੋਢੀ ਅਤੇ ਐੱਸ.ਆਈ. ਚੰਨਣ ਸਿੰਘ ਨੇ ਹੋਰ ਪੁਲਸੀਆਂ ਨੂੰ ਨਾਲ਼ ਲੈ ਕੇ ਭਾਈ ਸਾਹਿਬ ਦੇ ਸਰੀਰ ਦੇ ਟੋਟੇ-ਟੋਟੇ ਕਰ ਕੇ ਸਿਧਵਾਂ ਬੇਟ ਕੋਲ਼ ਕੰਨੀਆਂ ਪਿੰਡ ਵਿਖੇ ਸਤਲੁਜ ਦਰਿਆ ਵਿੱਚ ਪੱਥਰ ਬੰਨ੍ਹ-ਬੰਨ੍ਹ ਰੋੜ੍ਹ ਦਿੱਤੇ….।”
ਮਨੁੱਖੀ ਹੱਕਾਂ ਦੀ ਲੜਾਈ ਲੜਨ ਵਾਲ਼ੇ ਸ੍ਰੀ ਰਾਮ ਨਰਾਇਣ ਕੁਮਾਰ ਨੂੰ ਜਗਰਾਉਂ ਰਹੇ ਇੱਕ ਐੱਸ.ਐੱਸ.ਪੀ. ਨੇ ਜੋ ਦੱਸਿਆ, ਉਸ ਅਨੁਸਾਰ- “ਓਦੋਂ ਓਥੇ ਡੀ.ਐੱਸ.ਪੀ. ਸੋਢੀ ਦੀ ਚੱਲਦੀ ਸੀ, ਮੈਂ ਉਸ ਦੇ ਤਸ਼ੱਦਦ ਤੋਂ ਦੁਖੀ ਸੀ। ਉਹ ਹਰ ਰੋਜ਼ ਕਿਸੇ ਨਾ ਕਿਸੇ ਨੂੰ ਪਾਣੀ ਵਿੱਚ ਡੋਬ ਕੇ ਮਾਰ ਦਿੰਦਾ ਤੇ ਸ਼ਾਮ ਨੂੰ ਉਸ ਦੀ ਲਾਸ਼ ਕਿਤੇ ਸੁੱਟਣ ਲਈ ਕਹਿ ਦਿੰਦਾ। ਉਹ ਰਾਏਕੋਟ ਜਾਂ ਸਿਧਵਾਂ ਬੇਟ ਦੇ ਥਾਣੇਦਾਰ ਨੂੰ ਸੱਦ ਕੇ ਲਾਸ਼ ਨਿਪਟਾਉਣ ਲਈ ਆਖਦਾ। ਸੋਢੀ ਗਿੱਦੜਬਾਹੇ ਲੱਗਿਆ, ਫ਼ਰੀਦਕੋਟ ਲੱਗਾ, ਹਰ ਥਾਂ ਉਸ ਦੀਆਂ ਸ਼ਿਕਾਇਤਾਂ ਹੋਈਆਂ। ਉਸ ਦੀ ਗ੍ਰਿਫ਼ਤਾਰੀ ਹੋਣ ਵਾਲ਼ੀ ਸੀ ਕਿ ਸਵਰਨ ਸਿੰਘ ਘੋਟਣੇ ਨੇ ਡੀ.ਜੀ.ਪੀ. ‘ਗਿੱਲ’ ਨੂੰ ਕਿਹਾ ਕਿ ਸੋਢੀ ਨੂੰ ਨਾਮਵਰ ਖਾੜਕੂ ਕੁਲਦੀਪ ਸਿੰਘ ਸ਼ੇਖ਼ੂਪੁਰਾ ਦੀ ਸੂਹ ਮਿਲ਼ ਗਈ ਹੈ, ਇੰਝ ਸੋਢੀ ਬਚ ਗਿਆ। ਸਵਰਨ ਸਿੰਘ ਨੇ ਸੋਢੀ ਨੂੰ ਕਿਹਾ ਕਿ ਭਾਈ ਕਾਉਂਕੇ ਕੋਲ਼ੋਂ ਹਥਿਆਰਾਂ ਦਾ ਭਰਿਆ ਬੈਗ ਬਰਾਮਦ ਕਰਨਾ ਹੈ, ਇਸ ਬਰਾਮਦਗੀ ਲਈ ਹੀ ਭਾਈ ਕਾਉਂਕੇ ਨੂੰ ਤਸੀਹੇ ਦਿੱਤੇ ਗਏ। ਚਰਚਾ ਇਹ ਵੀ ਹੈ ਕਿ ਸਵਰਨ ਸਿੰਘ ਘੋਟਣੇ ਨੂੰ ਆਪਣੀ ਜਗਰਾਉਂ ਤੋਂ ਬਦਲੀ ਦੀ ਸੂਚਨਾ ਮਿਲ਼ੀ ਸੀ ਤੇ ਉਸ ਨੇ ਬਦਲੀ ਰੁਕਵਾਉਣ ਲਈ ਭਾਈ ਸਾਹਿਬ ਦਾ ਕਤਲ ਕੀਤਾ, ਕਿਉਂਕਿ ਪਹਿਲਾਂ ਵੀ ਉਹ ਇੰਝ ਕਰਦਾ ਰਿਹਾ ਸੀ। ਜਦੋਂ ਵੀ ਐੱਸ.ਐੱਸ.ਪੀਜ਼ ਨਾਲ਼ ਡੀ.ਜੀ.ਪੀ. ‘ਗਿੱਲ’ ਦੀ ਮੀਟਿੰਗ ਹੁੰਦੀ ਸੀ ਤਾਂ ਹਰੇਕ ਐੱਸ.ਐੱਸ.ਪੀ. ਆਪਣੇ ਜ਼ਿਲ੍ਹੇ ਵਿੱਚ ਮਾਰੇ 15-20-30 ਨੌਜਵਾਨਾਂ ਦੀ ਗਿਣਤੀ ਦੱਸ ਕੇ ਆਪਣੀ ਸਥਿਤੀ ਮਜਬੂਤ ਕਰਦਾ ਸੀ। ਰਿਕਾਰਡ ਚੈੱਕ ਕੀਤਾ ਜਾ ਸਕਦਾ ਹੈ ਕਿ ‘ਗਿੱਲ’ ਦੀ ਐੱਸ.ਐੱਸ.ਪੀਜ਼ ਨਾਲ਼ ਹਰ ਮੀਟਿੰਗ ਤੋਂ ਦੋ-ਤਿੰਨ ਪਹਿਲਾਂ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਮਰਨਾ ਪੈਂਦਾ ਸੀ ਤਾਂ ਕਿ ਐੱਸ.ਐੱਸ.ਪੀ. ਆਪਣੀ ਕਾਰਗੁਜ਼ਾਰੀ ਵਿਖਾ ਸਕਣ। ਜਦੋਂ ਮੈਂ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਵਿੱਚ ਤਾਇਨਾਤ ਸੀ ਤਾਂ ਮੈਨੂੰ ਅਕਸਰ ਅੰਮ੍ਰਿਤਸਰ ਮਾਲ ਮੰਡੀ ਜਾਣਾ ਪੈਂਦਾ ਸੀ, ਜਿੱਥੇ ਹੋਰ ਥਾਣਿਆਂ ਦੇ ਥਾਣੇਦਾਰ ਵੀ ਆਏ ਹੁੰਦੇ ਸੀ। ਸਭ ਨੂੰ ਫੜੇ ਹੋਏ ਨੌਜਵਾਨ ਦਿੱਤੇ ਜਾਂਦੇ ਸੀ ਤਾਂ ਕਿ ਝੂਠੇ ਮੁਕਾਬਲੇ ਬਣਾ ਸਕਣ। ਜਦੋਂ ਮੈਨੂੰ ਮਾਲ ਮੰਡੀ ਪਹਿਲੀ ਵਾਰ ਸੱਦਿਆ ਤਾਂ ਕਹਿੰਦੇ- ‘ਆਜੋ ਭਾਈ, ਤੁਹਾਨੂੰ ਅੰਮ੍ਰਿਤ ਛਕਾਉਣਾ ਹੈ…।’ 1 ਜਨਵਰੀ 1993 ਨੂੰ ਭਾਈ ਕਾਉਂਕੇ ਦੀ ਹਾਲਤ ਬੜੀ ਮਾੜੀ ਸੀ, ਉਹ ਅਧਮਰਿਆ ਸੀ। ਸਦਰ ਥਾਣੇ ਦੇ ਇੰਚਾਰਜ ਗੁਰਮੀਤ ਸਿੰਘ ਨੇ ਹੀਟਰ ਲਾ ਦਿੱਤਾ ਅਤੇ ਭਾਈ ਸਾਹਿਬ ਨੂੰ ਇੱਕ ਕੰਬਲ਼ ਦੇ ਦਿੱਤਾ। ਕਹਿਰਾਂ ਦੀ ਠੰਢ ਵਿੱਚ ਭਾਈ ਸਾਹਿਬ ਕੰਬਲ਼ ਲਪੇਟੀ ਲੇਟੇ ਸਨ ਕਿ ਇਕਦਮ ਸਵਰਨ ਸਿੰਘ ਘੋਟਣਾ ਗਾਲ਼ਾਂ ਕੱਢਦਾ ਆ ਵੜਿਆ- ‘ਆਹ ਤੁਹਾਡਾ ਪਿਓ ਲੱਗਦੈ, ਜੀਹਨੂੰ ਕੰਬਲ਼ ਤੇ ਹੀਟਰ ਦਿੱਤਾ…’ ਨਾਲ਼ ਹੀ ਡੀ.ਐੱਸ.ਪੀ. ਸੋਢੀ ਤੇ ਐੱਸ.ਆਈ. ਚੰਨਣ ਸਿੰਘ ਨੇ ਭਾਈ ਸਾਹਿਬ ਦੇ ਗੁਪਤ ਅੰਗਾਂ ਉੱਤੇ ਬੂਟਾਂ ਦੇ ਠੁੱਡ ਮਾਰਨੇ ਸ਼ੁਰੂ ਕਰ ਦਿੱਤੇ। ਭਾਈ ਸਾਹਿਬ ਦੀ ਬਹੁਤ ਦੁਰਗਤ ਹੋ ਰਹੀ ਸੀ ਤੇ ਸਵਰਨ ਸਿੰਘ ਮੇਰੀ ਭਾਈ ਸਾਹਿਬ ਪ੍ਰਤੀ ਹਮਦਰਦੀ ਕਰਕੇ ਮੈਨੂੰ ਟਾਂਚ ਮਾਰ ਰਿਹਾ ਸੀ- ‘ਥੋਡੇ ਜਥੇਦਾਰ ਦਾ ਮੂਤ ਨਿਕਲ਼ ਗਿਆ, ਵੇਖ ਮੂਤ…’ ਮੈਂ ਕਿਹਾ- ‘ਮੂਤ ਨਹੀਂ ਨਿਕਲ਼ਿਆ, ਲਹੂ ਨਿਕਲ਼ ਗਿਆ, ਜਾਨ ਵੀ ਨਿਕਲ਼ ਜਾਏਗੀ…’ ਇਸੇ ਰਾਤ ਭਾਈ ਸਾਹਿਬ ਨੂੰ ਸਿਧਵਾਂ ਲੈ ਗਏ ਸੀ…।”
ਸ਼ਹਾਦਤ ਤੋਂ ਬਾਅਦ
ਭਾਈ ਸਾਹਿਬ ਨੂੰ ਕਤਲ ਕਰਨ ਮਗਰੋਂ ‘ਗਿੱਲ’ ਤੇ ਬੇਅੰਤ ਦੀ ਜੋੜੀ ਨੇ ਐੱਸ.ਐੱਸ.ਪੀ. ਸਵਰਨ ਘੋਟਣੇ ਨੂੰ ਜਲੰਧਰ ਬਦਲ ਦਿੱਤਾ ਤੇ ਚੰਗੇ ਅਕਸ ਵਾਲ਼ਾ ਸਮਝਿਆ ਜਾਂਦਾ ਹਰਿੰਦਰ ਸਿੰਘ ਚਹਿਲ ਜਗਰਾਉਂ ਐੱਸ.ਐੱਸ.ਪੀ. ਲਾ ਦਿੱਤਾ। ਭਾਈ ਕਾਉਂਕੇ ਦੇ ਭਗੌੜੇ ਹੋਣ ਦੀ ਖ਼ਬਰ ਐੱਸ.ਐੱਸ.ਪੀ. ਚਹਿਲ ਨੇ ਹੀ ਜਾਰੀ ਕੀਤੀ ਸੀ। ਪੁਲੀਸ ਨੇ ਕਾਉਂਕੇ ਪਿੰਡ ਦੀ ਘੇਰਾਬੰਦੀ ਕਰ ਕੇ ਓਥੇ ਆਉਣ ਵਾਲ਼ੇ ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ। ਸ. ਸਿਮਰਨਜੀਤ ਸਿੰਘ ਮਾਨ, ਬਾਬਾ ਜੋਗਿੰਦਰ ਸਿੰਘ, ਸ. ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਸਮੇਤ ਅਨੇਕਾਂ ਆਗੂਆਂ ਅਤੇ ਵਰਕਰਾਂ ਨੂੰ ਜੇਲ੍ਹਾਂ ਵਿੱਚ ਤੁੰਨ ਦਿੱਤਾ। ਸਮੁੱਚਾ ਸਿੱਖ ਜਗਤ ਇਲਜ਼ਾਮ ਲਾ ਰਿਹਾ ਸੀ ਕਿ ਪੁਲੀਸ ਨੇ ਭਾਈ ਸਾਹਿਬ ਦਾ ਕਤਲ ਕਰ ਕੇ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਭੱਜ ਗਏ ਹਨ, ਪਰ ਮੁੱਖ ਮੰਤਰੀ ਬੇਅੰਤ ਸਿੰਘ ਇਹੀ ਕਹਿੰਦਾ ਰਿਹਾ ਕਿ ਭਾਈ ਕਾਉਂਕੇ ਨੂੰ ਪੁਲੀਸ ਨੇ ਨਹੀਂ ਮਾਰਿਆ।
ਮੁੱਖ ਮੰਤਰੀ ਬੇਅੰਤ ਸਿੰਘ ਨੇ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਗਿਆਨੀ ਗੁਰਦੇਵ ਸਿੰਘ ਕਾਉਂਕੇ ਦੇ ਕਾਤਲ ਪੁਲਸੀਆਂ ਦੀ ਵੀ ਹਰ ਤਰ੍ਹਾਂ ਪੁਸ਼ਤਪਨਾਹੀ ਕੀਤੀ ਤਾਂ ਪੁਲਸੀਆਂ ਨੂੰ ਹੋਰ ਵੀ ਸ਼ਹਿ ਹੋ ਗਈ। ਜ਼ੁਲਮ ਹੋਰ ਤੇਜ਼ ਹੋ ਗਏ। ਇਸ ਦੌਰ ਵਿੱਚ ਹਜ਼ਾਰਾਂ ਸਿੱਖਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਫੂਕ ਦਿੱਤਾ ਗਿਆ। ਆਖ਼ਰ 31 ਅਗਸਤ 1995 ਨੂੰ ਬੇਅੰਤ ਸਿੰਘ ਦੇ ਜ਼ੁਲਮ ਦਾ ਅੰਤ ਹੋ ਗਿਆ।
ਜਦੋਂ 12 ਫ਼ਰਵਰੀ 1997 ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਅੰਤ ਸਿੰਘ ਦੇ ਕਾਂਗਰਸੀ ਰਾਜ ਵਿੱਚ ਕੀਤੇ ਜ਼ੁਲਮਾਂ ਦਾ ਐਨਾ ਗ਼ੁੱਸਾ ਸੀ ਕਿ ਉਹਨਾਂ ਨੇ ਕਾਂਗਰਸੀਆਂ ਨੂੰ ਹਰਾਉਣ ਲਈ, ਅਕਾਲੀ ਦਲ ਬਾਦਲ ਨੂੰ ਭਾਰੀ ਵੋਟਾਂ ਪਾ ਕੇ ਕਾਮਯਾਬ ਕੀਤਾ। ਸ. ਪ੍ਰਕਾਸ਼ ਸਿੰਘ ਬਾਦਲ ਦਾ ਐਲਾਨ ਸੀ ਕਿ ਜ਼ੁਲਮ ਕਰਨ ਵਾਲ਼ੇ ਸਰਕਾਰੀ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੇ ਬੇਦੋਸ਼ੇ ਨਜ਼ਰਬੰਦ ਸਿੱਖ ਕੈਦੀ ਰਿਹਾਅ ਕੀਤੇ ਜਾਣਗੇ। ਸਿੱਖਾਂ ਦੇ ਕਾਤਲ ਪੁਲਸੀਆਂ ਖ਼ਿਲਾਫ਼ ਕਾਰਵਾਈ ਬਾਰੇ ਸ. ਬਾਦਲ ਦੇ ਐਲਾਨਾਂ ਵਿੱਚੋਂ ਸਿੱਖ ਜਗਤ ਨੂੰ ਆਸ ਸੀ ਕਿ ਹੋਰਨਾਂ ਕਾਂਡਾਂ ਵਾਂਗ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕੇਸ ਦੀ ਵੀ ਪੜਤਾਲ ਹੋਵੇਗੀ ਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਹੋਵੇਗੀ। ਪਰ ਸੱਤਾ ਮਿਲ਼ਦਿਆਂ ਹੀ ਸ. ਬਾਦਲ ਨੇ ਅੱਖਾਂ ਫੇਰ ਲਈਆਂ। ਬਾਦਲ ਨੇ ਉਹਨਾਂ ਪੁਲਸੀਆਂ ਦੀ ਸਰਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨੇ ਸਿੱਖਾਂ ਦਾ ਘਾਣ ਕੀਤਾ ਸੀ। ਕੋਈ ਜਾਂਚ ਕਮਿਸ਼ਨ ਨਾ ਬਣਾਇਆ ਤੇ ਕਿਸੇ ਨੌਜਵਾਨ ਦੀ ਰਿਹਾਈ ਨਾ ਕਰਵਾਈ।
ਤਿਵਾੜੀ ਰਿਪੋਰਟ
ਮਨੁੱਖੀ ਹੱਕਾਂ ਨਾਲ਼ ਸੰਬੰਧਿਤ ਜਥੇਬੰਦੀਆਂ ਦੇ ਆਗੂ ਵਾਰ-ਵਾਰ ਸ. ਬਾਦਲ ਕੋਲ਼ ਪੰਜਾਬ ਵਿੱਚ ਹੋਏ ਘਾਣ ਦਾ ਮੁੱਦਾ ਉਠਾਉਂਦੇ ਰਹੇ। ਚਾਰੇ ਪਾਸੇ ਬਾਦਲ ਦੀ ਥੂਹ-ਥੂਹ ਹੋ ਰਹੀ ਸੀ। ਇਸ ਦੌਰਾਨ ਮਈ 1998 ਨੂੰ ਭਾਈ ਕਾਉਂਕੇ ਦੇ ਕਤਲ ਦੀ ਸਾਰੀ ਕਹਾਣੀ ਸਿਪਾਹੀ ਸ. ਦਰਸ਼ਨ ਸਿੰਘ ਹਠੂਰ ਨੇ ਵੀ ਨਸ਼ਰ ਕਰ ਦਿੱਤੀ। 5 ਜੂਨ 1998 ਨੂੰ ਸੁਪਰੀਮ ਕੋਰਟ ਦੇ ਸਾਬਕਾ ਜੱਜ ਸ. ਕੁਲਦੀਪ ਸਿੰਘ ਦੀ ਅਗਵਾਈ ਹੇਠ ਮਨੁੱਖੀ ਹੱਕਾਂ ਲਈ ਸਰਗਰਮ ਆਗੂਆਂ ਦਾ ਇੱਕ ਵਫ਼ਦ ਮੁੱਖ ਮੰਤਰੀ ਬਾਦਲ ਨੂੰ ਮਿਲ਼ਿਆ ਤੇ ਭਾਈ ਕਾਉਂਕੇ ਦੇ ਕੇਸ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ। ਇਸ ਵਫ਼ਦ ਵਿੱਚ ਸ੍ਰੀ ਰਾਮ ਨਰਾਇਣ ਕੁਮਾਰ, ਜਸਟਿਸ ਅਜੀਤ ਸਿੰਘ ਬੈਂਸ, ਸ. ਇੰਦਰਜੀਤ ਸਿੰਘ ਜੇਜੀ, ਡਾ. ਸੁਖਜੀਤ ਕੌਰ, ਮੇਜਰ ਜਨਰਲ ਨਰਿੰਦਰ ਸਿੰਘ, ਸ. ਅਮਰੀਕ ਸਿੰਘ ਮੁਕਤਸਰ, ਐਡਵੋਕੇਟ ਡੀ.ਐੱਸ. ‘ਗਿੱਲ’, ਐਡਵੋਕੇਟ ਸ. ਰਾਜਵਿੰਦਰ ਸਿੰਘ ਬੈਂਸ, ਐਡਵੋਕੇਟ ਸ. ਅਮਰ ਸਿੰਘ ਚਾਹਲ, ਐਡਵੋਕੇਟ ਸ. ਨਵਕਿਰਨ ਸਿੰਘ, ਸ੍ਰੀਮਤੀ ਬਲਜੀਤ ਕੌਰ ਅਤੇ ਸ. ਜਸਪਾਲ ਸਿੰਘ ਢਿੱਲੋਂ ਸ਼ਾਮਿਲ ਸਨ। ਇਸ ਮੁੱਦੇ ਉੱਤੇ ਇਹਨਾਂ ਸਾਰਿਆਂ ਦੀ ਸਰਗਰਮੀ ਸ਼ਲਾਘਾਯੋਗ ਰਹੀ।
ਸ. ਬਾਦਲ ਨੇ ਐਡੀਸ਼ਨਲ ਡਾਇਰੈਕਟਰ ਜਨਰਲ ਬੀ.ਪੀ. ਤਿਵਾੜੀ ਦੀ ਅਗਵਾਈ ਵਿੱਚ ਜਾਂਚ ਕਮਿਸ਼ਨ ਬਣਾ ਦਿੱਤਾ। ਭਾਵੇਂ ਇਸ ਕਮਿਸ਼ਨ ਨੇ ਆਪਣੀ ਜਾਂਚ ਤਿੰਨ ਮਹੀਨੇ ਵਿੱਚ ਮੁਕੰਮਲ ਕਰਨੀ ਸੀ, ਪਰ ਸਵਾ ਸਾਲ ਮਗਰੋਂ 29 ਸਤੰਬਰ 1999 ਨੂੰ ਹੀ ਇਸ ਕਮਿਸ਼ਨ ਨੇ ਆਪਣੀ ਰਿਪੋਰਟ ਬਾਦਲ ਸਰਕਾਰ ਨੂੰ ਸੌਂਪੀ। ਪਰ ਉਸ ਦਿਨ ਤੋਂ ਬਾਦਲ ਸਰਕਾਰ ਇਸ ਰਿਪੋਰਟ ਨੂੰ ਠੱਪ ਕਰ ਕੇ ਬੈਠ ਗਈ। ਅੱਜ ਤਕ ਸ. ਬਾਦਲ ਨੇ ਉਹ ਰਿਪੋਰਟ ਜਾਰੀ ਨਹੀਂ ਕੀਤੀ, ਉਸ ‘ਤੇ ਕਾਰਵਾਈ ਤਾਂ ਕੀ ਕਰਨੀ ਸੀ। ਨਾ ਤਾਂ ਕੋਈ ਵਿਧਾਇਕ ਅਸੰਬਲੀ ਵਿੱਚ ਇਸ ਬਾਰੇ ਗੱਲ ਕਰਦਾ ਹੈ ਤੇ ਨਾ ਹੀ ਕਿੱਧਰੇ ਕੋਈ ਹੋਰ ਸੁਣਵਾਈ ਹੁੰਦੀ ਹੈ। ਸਪਸ਼ਟ ਹੈ ਕਿ ਸ. ਬਾਦਲ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਜਾਂਚ ਰਿਪੋਰਟ ਜੋ ਵੀ ਹੋਵੇ, ਉਸ ਉੱਤੇ ਅਮਲ ਨਹੀਂ ਕਰਨਾ। ਹੁਣ ਤਾਂ ਲੋਕ ਇਸ ਜਾਂਚ ਰਿਪੋਰਟ ਨੂੰ ਵੀ ਭੁੱਲਦੇ ਜਾ ਰਹੇ ਹਨ।
ਰਿਪੋਰਟ ਜਨਤਕ ਹੋ ਗਈ
ਬਾਦਲ ਸਰਕਾਰ ਤਾਂ ਤਿਵਾੜੀ ਰਿਪੋਰਟ ਨੂੰ ਦੱਬ ਕੇ ਬੈਠ ਗਈ, ਇੱਥੋਂ ਤਕ ਕਿ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਹਾਈਕੋਰਟ ਦੇ ਦਰਾਂ ਉੱਤੇ ਦਿੱਤੀ ਦਸਤਕ ਵੀ ਕੋਈ ਰੰਗ ਨਾ ਲਿਆ ਸਕੀ ਪਰ ਪ੍ਰਸਿੱਧ ਜਰਨਲਿਸਟ ਤੇ ਖੋਜੀ ਪੱਤਰਕਾਰ ਸ. ਐੱਚ.ਐੱਸ. ਬਾਵਾ (ਅੱਜ-ਕੱਲ੍ਹ ਉਹ ‘ਯੈੱਸ ਪੰਜਾਬ’ ਨਾਂ ਦਾ ਇੰਟਰਨੈੱਟ ਅਖ਼ਬਾਰ ਬੜੀ ਕਾਮਯਾਬੀ ਨਾਲ਼ ਚਲਾ ਰਹੇ ਹਨ) ਨੇ ਹਿੰਮਤ ਨਾ ਹਾਰੀ। ਆਖ਼ਰ ਉਹਨਾਂ ਨੂੰ ਤਿਵਾੜੀ ਰਿਪੋਰਟ ਦੀ ਕਾਪੀ ਹਾਸਲ ਕਰਨ ਵਿੱਚ ਸਫ਼ਲਤਾ ਹਾਸਲ ਕਰ ਹੀ ਲਈ, ਜੋ 4 ਜੂਨ 2011 ਨੂੰ ਜਨਤਕ ਹੋਈ। ਭਾਈ ਸਾਹਿਬ ਦੇ ਕਤਲ ਤੋਂ 17 ਸਾਲ ਬਾਅਦ ਅਤੇ ਜਾਂਚ ਮੁਕੰਮਲ ਹੋਣ ਤੋਂ 11 ਸਾਲ ਬਾਅਦ ਜਦੋਂ 7 ਸਫ਼ਿਆਂ ਦੀ ਇਹ ਰਿਪੋਰਟ ਬਾਹਰ ਆਈ ਤਾਂ ਸਪਸ਼ਟ ਹੋਇਆ ਕਿ ਤਿਵਾੜੀ ਰਿਪੋਰਟ ਵਿੱਚ ਵੀ ਸਿੱਖਾਂ ਨਾਲ਼ ਇਨਸਾਫ਼ ਨਹੀਂ ਸੀ ਕੀਤਾ ਗਿਆ।
ਉਂਝ ਇਸ ਰਿਪੋਰਟ ਵਿੱਚ ਪੁਲੀਸ ਵੱਲੋਂ ਖਾੜਕੂਆਂ ਦੇ ਖ਼ਾਤਮੇ ਲਈ ਕੇ.ਪੀ.ਐੱਸ. ‘ਗਿੱਲ’ ਦੀ ਅਗਵਾਈ ਹੇਠ ਅਪਣਾਏ ਗ਼ੈਰ-ਕਨੂੰਨੀ ਵਰਤਾਰੇ ਬਾਰੇ ਕਾਫ਼ੀ ਕੁਝ ਸਾਮ੍ਹਣੇ ਆਇਆ। ਤਿਵਾੜੀ ਰਿਪੋਰਟ ਵਿੱਚ ਭਾਈ ਕਾਉਂਕੇ ਦੇ ਪੁਲੀਸ ਹਿਰਾਸਤ ਵਿੱਚ ਕਤਲ ਹੋਣ ਨੂੰ ਨਹੀਂ ਮੰਨਿਆ ਗਿਆ। ਰਿਪੋਰਟ ਵਿੱਚ ਇਹ ਤਾਂ ਦਰਜ਼ ਹੈ ਕਿ ਭਾਈ ਕਾਉਂਕੇ ਨੂੰ ਲੋਕਾਂ ਦੇ ਸਾਮ੍ਹਣੇ 25 ਦਸੰਬਰ 1992 ਨੂੰ ਪੁਲੀਸ ਨੇ ਚੁੱਕਿਆ ਸੀ, ਪਰ ਨਾਲ਼ ਹੀ ਲਿਖ ਦਿੱਤਾ ਕਿ- ‘ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਕਿ ਭਾਈ ਸਾਹਿਬ ਨੂੰ ਪੁਲੀਸ ਨੇ ਮਾਰ-ਕੁੱਟ ਕੇ ਮਾਰ ਦਿੱਤਾ…।’ ਤਿਵਾੜੀ ਰਿਪੋਰਟ ਨੇ ਪੁਲੀਸ ਦੀ ਸੁਣਾਈ ਕਹਾਣੀ ਨੂੰ ਵੀ ਝੂਠ ਕਿਹਾ ਹੈ ਕਿ ਇਹ ਭਾਈ ਕਾਉਂਕੇ ਕੰਨੀਆਂ ਪਿੰਡ ਕੋਲ਼ ਹੋਈ ਫ਼ਾਇਰਿੰਗ ਦੌਰਾਨ ਬੈਲਟ ਤੋੜ ਕੇ ਭੱਜ ਗਏ ਸਨ। ਇਸ ਕੇਸ ਵਿੱਚ ਸਿਪਾਹੀ ਤਰਸੇਮ ਸਿੰਘ ਦੀ ਬੈਲਟ ਤੋੜ ਕੇ ਹਥਕੜੀ ਕੱਢ ਕੇ ਭੱਜਣ ਲਈ ਇਸ ਸਿਪਾਹੀ ਨੂੰ ਵਿਖਾਵੇ ਲਈ ਮੁਅਤਲ ਕੀਤਾ ਗਿਆ ਸੀ ਤੇ ਫਿਰ ਉਸ ਨੂੰ ਇਸ ਕਾਰੇ ਵਿੱਚ ਸ਼ਾਮਲ ਹੋਣ ਦੇ ਇਵਜ਼ਾਨੇ ਵਜੋਂ ਕੇ.ਪੀ.ਐੱਸ. ‘ਗਿੱਲ’ ਨੇ 28 ਸੀਨੀਅਰ ਮੁਲਾਜ਼ਮਾਂ ਤੋਂ ਪਹਿਲਾਂ ਹੀ ਉਸ ਨੂੰ ਹੌਲਦਾਰ ਬਣਾ ਦਿੱਤਾ ਗਿਆ ਸੀ। ਕੀ ਸਿਪਾਹੀ ਦਰਸ਼ਨ ਸਿੰਘ ਹਠੂਰ ਵਾਂਗ ਕਦੇ ਹੌਲਦਾਰ ਤਰਸੇਮ ਸਿੰਘ ਦੀ ਜ਼ਮੀਰ ਵੀ ਜਾਗੇਗੀ?
ਤਿਵਾੜੀ ਨੇ ਰਿਪੋਰਟ ਵਿੱਚ ਸਿਫ਼ਾਰਸ਼ ਕੀਤੀ ਸੀ ਕਿ ਥਾਣੇਦਾਰ ਗੁਰਜੀਤ ਸਿੰਘ ਖ਼ਿਲਾਫ਼, ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਦਾ ਕੇਸ ਬਣਦਾ ਹੈ। ਪਰ ਸ. ਬਾਦਲ ਨੂੰ ਤਾਂ ਇਸ ਥਾਣੇਦਾਰ ਖ਼ਿਲਾਫ਼ ਕਾਰਵਾਈ ਕਰਨੀ ਵੀ ਮਨਜੂਰ ਨਹੀਂ ਸੀ ਤੇ ਉਹ ਤਰੱਕੀ ਕਰਦਾ-ਕਰਦਾ ਡੀ.ਐੱਸ.ਪੀ. ਬਣ ਗਿਆ ਹੈ। ਭਾਵੇਂ ਤਿਵਾੜੀ ਰਿਪੋਰਟ ਵਿੱਚ ਭਾਈ ਸਾਹਿਬ ਦੇ ਸਾਰੇ ਕਾਤਲ ਟੋਲੇ ਜਿਸ ਵਿੱਚ ਸਵਰਨ ਸਿੰਘ ਘੋਟਣਾ, ਹਰਭਗਵਾਨ ਸਿੰਘ ਸੋਢੀ, ਗੁਰਮੀਤ ਸਿੰਘ, ਚੰਨਣ ਸਿੰਘ ਤੇ ਤਰਸੇਮ ਸਿੰਘ ਖ਼ਿਲਾਫ਼ ਕੋਈ ਤਸੱਲੀਬਖ਼ਸ਼ ਗੱਲ ਨਹੀਂ ਸੀ, ਪਰ ਫੇਰ ਵੀ ਸ. ਬਾਦਲ ਨੇ ਇਸ ਰਿਪੋਰਟ ਨੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਦੇ ਪਾਵਿਆਂ ਹੇਠਾਂ ਦੱਬ ਲਿਆ।
ਰਿਪੋਰਟ ਵਿੱਚ ਸਿਪਾਹੀ ਦਰਸ਼ਨ ਸਿੰਘ ਹਠੂਰ ਬਾਰੇ ਸ੍ਰੀ ਤਿਵਾੜੀ ਨੇ ਲਿਖਿਆ ਕਿ ਪਹਿਲਾਂ ਮਨੁੱਖੀ ਹੱਕਾਂ ਦੀ ਜਥੇਬੰਦੀ ਸਾਮ੍ਹਣੇ ਭਾਈ ਕਾਉਂਕੇ ਨੂੰ ਪੁਲੀਸ ਅਧਿਕਾਰੀਆਂ ਵੱਲੋਂ ਕੁੱਟ-ਕੁੱਟ ਕੇ ਮਾਰਨ ਦੇ ਬਿਆਨ ਦੇਣ ਵਾਲ਼ਾ ਸਿਪਾਹੀ ਦਰਸ਼ਨ ਸਿੰਘ ਹਠੂਰ ਉਹਨਾਂ ਸਾਮ੍ਹਣੇ ਆਪਣੇ ਬਿਆਨ ਤੋਂ ਮੁੱਕਰ ਗਿਆ ਸੀ, ਪਰ ਸਿਪਾਹੀ ਦਰਸ਼ਨ ਸਿੰਘ ਅੱਜ ਵੀ ਲਲਕਾਰ ਕੇ ਕਹਿੰਦਾ ਹੈ ਕਿ- ‘ਮੇਰੇ ਬਿਆਨਾਂ ਵਿੱਚ ਕੋਈ ਹੇਰਾਫੇਰੀ ਪੁਲੀਸ ਨੇ ਹੀ ਕੀਤੀ ਹੋਵੇਗੀ, ਮੈਨੂੰ ਬਥੇਰੇ ਲੋਭ-ਲਾਲਚ ਤੇ ਦਬਾਅ ਦਿੱਤੇ ਗਏ ਪਰ ਮੈਂ ਇਹੀ ਕਹਿੰਦਾ ਰਿਹਾ ਕਿ ਭਾਈ ਸਾਹਿਬ ਨੂੰ ਐੱਸ.ਐੱਸ.ਪੀ. ਘੋਟਣੇ ਨੇ ਮੇਰੀਆਂ ਅੱਖਾਂ ਦੇ ਸਾਮ੍ਹਣੇ ਗੋਲ਼ੀ ਮਾਰੀ ਸੀ।’
ਹੋਰ ਚਾਰਾਜੋਈ
ਅਪ੍ਰੈਲ 2002 ਨੂੰ ਸ. ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਕੀਤੀ ਕਿ ਪੰਜਾਬ ਸਰਕਾਰ ਨੂੰ ਤਿਵਾੜੀ ਰਿਪੋਰਟ ਜਨਤਕ ਕਰਨ ਲਈ ਹਦਾਇਤ ਕੀਤੀ ਜਾਵੇ, ਪਰ ਕੁਝ ਨਾ ਬਣਿਆ ਤੇ ਹਾਈਕੋਰਟ ਨੇ ਇੱਕ ਹੋਰ ਪੜਤਾਲ ਕਰਵਾਉਣ ਦੇ ਹੁਕਮ ਦੇ ਦਿੱਤੇ। ਤਿਵਾੜੀ ਰਿਪੋਰਟ ਨੂੰ ਖ਼ਤਮ ਕਰਦਿਆਂ ਪੰਜਾਬ ਪੁਲੀਸ ਵੱਲੋਂ ਕੀਤੀ ਇਸ ਪੜਤਾਲ ਵਿੱਚ ਸਭ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਇਹ ਪੜਤਾਲ ਆਈ.ਜੀ. ਐੱਸ.ਕੇ. ਸ਼ਰਮਾ ਨੇ ਓਦੋਂ ਦੇ ਕਾਂਗਰਸ ਦੇ ਐੱਸ.ਐੱਸ.ਪੀ. ਸ੍ਰੀ ਸੁਖਵਿੰਦਰ ਸਿੰਘ ਛੀਨਾ ਤੇ ਦੋ ਹੋਰ ਐੱਸ.ਪੀ. ਤੋਂ ਕਰਵਾਈ ਸੀ ਤੇ 2003 ਵਿੱਚ ਆਪਣੀ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਵਾਲ਼ੀ ਸਰਕਾਰ ਮੌਕੇ ਜਮ੍ਹਾ ਕਰਵਾਈ ਸੀ। ਪੁਲੀਸ ਵਾਲ਼ੇ ਆਪਣੇ ਹੀ ਸਾਥੀ ਪੁਲਸੀਆਂ ਦੀ ਕਰਤੂਤ ਕਿਵੇਂ ਨਾ ਲੁਕਾਉਂਦੇ।
ਸੰਤ ਭਿੰਡਰਾਂਵਾਲ਼ਿਆਂ ਦੇ ਬੋਲ
ਭਾਵੇਂ ਇਹ ਗੱਲ ਜੱਗ ਜ਼ਾਹਰ ਹੈ ਕਿ ਜਗਰਾਓਂ ਸੀ.ਆਈ.ਏ. ਸਟਾਫ਼ ਵਿੱਚ ਪੁਲੀਸ ਅਫ਼ਸਰਾਂ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਬੇਦਰਦੀ ਨਾਲ਼ ਤਸੀਹੇ ਦੇ-ਦੇ ਕੇ ਮਾਰ ਮੁਕਾਇਆ ਪਰ ਕਨੂੰਨੀ ਤੌਰ ‘ਤੇ ਉਹ ਹੁਣ ਵੀ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹਨ। ਸਾਰੀਆਂ ਜਾਂਚ-ਪੜਤਾਲਾਂ ਤੇ ਚਾਰਾਜੋਈਆਂ ਭਾਈ ਸਾਹਿਬ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਜਾਂ ਨਿਸ਼ਾਨਦੇਹੀ ਕਰਨ ਵਿੱਚ ਅਸਫ਼ਲ ਰਹੀਆਂ ਹਨ। ਭਾਈ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਜੇ ਸਾਡੀ ਸੁਪਰੀਮ ਸੀਟ ‘ਤੇ ਬਿਰਾਜਮਾਨ ਰਹਿਣ ਵਾਲ਼ੀਆਂ ਹਸਤੀਆਂ ਦਾ ਇਹ ਹਸ਼ਰ ਹੈ ਤਾਂ ਆਮ ਸਿੱਖਾਂ ਲਈ ਇਨਸਾਫ਼ ਦੀ ਗੱਲ ਸੋਚੀ ਵੀ ਨਹੀਂ ਜਾ ਸਕਦੀ। ਇਸ ਨਿਰਾਸ਼ਾਜਨਕ ਮਾਹੌਲ ਵਿੱਚ ਸੰਤ ਭਿੰਡਰਾਂਵਾਲ਼ਿਆਂ ਦੇ ਬੋਲ ਚੇਤੇ ਆਉਂਦੇ ਹਨ। ਉਹ ਕਹਿੰਦੇ ਹੁੰਦੇ ਸੀ- “ਇਨਕੁਆਰੀਆਂ ਵਿੱਚ ਇਨਸਾਫ਼ ਖ਼ਾਲਸਾ ਜੀ ਓਥੇ ਮਿਲ਼ਦਾ ਹੈ, ਜਿੱਥੇ ਕੋਈ ਦਲੀਲ, ਵਕੀਲ ਤੇ ਅਪੀਲ ਹੋਵੇ। ਜਿੱਥੇ ਹੈ ਹੀ ਸਰਾਸਰ ਧੱਕਾ ਤੇ ਇਹ ਨਿਰਣਾ ਕੀਤਾ ਹੈ ਕਿ ਸਿੱਖਾਂ ਨੂੰ ਖ਼ਤਮ ਈ ਕਰਨਾ ਹੈ, ਓਥੇ ਫਿਰ ਵਕੀਲ ਤੇ ਦਲੀਲ ਦੀ ਕੀ ਲੋੜ ਐ?
ਭਾਈ ਸਾਹਿਬ ਨੂੰ ਕਤਲ ਕਰ ਕੇ ਹਕੂਮਤੀ ਮਸ਼ੀਨਰੀ ਨੇ ਸਿੱਖਾਂ ਨੂੰ ਸੰਦੇਸ਼ ਦਿੱਤਾ ਹੈ ਕਿ ਸਿੱਖਾਂ ਦੀ ਵੱਡੀ ਤੋਂ ਵੱਡੀ ਹਸਤੀ ਵੀ ਜੇਕਰ ਪੰਥਕ ਗੱਲ ਕਰੇਗੀ ਤਾਂ ਅਸੀਂ ਉਸ ਨੂੰ ਖ਼ਤਮ ਕਰ ਦਿਆਂਗੇ। ਸ. ਬਾਦਲ ਨੇ ਇਹ ਸਬਕ ਚੰਗੀ ਤਰ੍ਹਾਂ ਚੇਤੇ ਕਰ ਲਿਆ ਹੈ। ਦਿੱਲੀ ਦਰਬਾਰ ਦਾ ਹੱਥ-ਠੋਕਾ ਬਣ ਕੇ ਬਾਦਲ ਦਲ ਹੁਣ ਸਿੱਖੀ ਦੀ ਗੱਲ ਕਰਨੀ-ਸੁਣਨੀ ਬੰਦ ਕਰੀ ਬੈਠਾ ਹੈ। ਅਜੋਕੇ ਸਿੱਖ ਓਸੇ ਬਾਦਲ ਦਲ ਨੂੰ ਵੋਟਾਂ ਪਾਈ ਜਾਂਦੇ ਹਨ, ਜਿਹੜਾ ਕਦੇ ਵੀ ਸਿੱਖੀ ਦੀ ਗੱਲ ਨਹੀਂ ਕਰਦਾ। ਇਹੋ ਜਿਹੇ ਬੰਦੇ ਨੂੰ ‘ਪੰਥ ਰਤਨ’ ਕਹਿਣਾ ਪੰਥ ਦੀ ਬੇਅਦਬੀ ਨਹੀਂ?

WRITTEN BY