ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ‘ਤੇ ਇਕ ਵਾਰੀ ਫਿਰ ਭਾਰੀ ਬੋਝ ਲੱਦ ਦਿੱਤਾ ਗਿਆ ਹੈ। ਨਵੇਂ ਸਾਲ ਤੋਂ ਬਿਜਲੀ ਦਰਾਂ ਵਿੱਚ ਵਾਧੇ ਨਾਲ ਖਪਤਕਾਰਾਂ ਨੂੰ 1490 ਕਰੋੜ ਰੁਪਏ ਵਧੇਰੇ ਭੁਗਤਾਣ ਕਰਨਾ ਹੋਵੇਗਾ। ਅਸਲ ਵਿੱਚ ਪਾਵਰਕਾਮ ਨੇ ਸੂਬੇ ਦੇ ਨਿੱਜੀ ਧਰਮਲ ਪਲਾਂਟਾਂ ਨੂੰ ਕੋਲੇ ਦੀ ਢੁਆਈ ਲਈ ਇਹ ਰਕਮ ਅਦਾ ਕਰਨੀ ਹੈ। ਸੁਪਰੀਮ ਕੋਰਟ ਨੇ ਇਸ ਭੁਗਤਾਨ ਸਬੰਧੀ ਆਦੇਸ਼ ਜਾਰੀ ਕੀਤੇ ਹਨ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਇਸ ਰਕਮ ਦੀ ਅਦਾਇਗੀ ਲਈ ਹੀ ਬਿਜਲੀ ਖਪਤਕਾਰਾਂ ‘ਤੇ ਨਵਾਂ ਬੋਝ ਲੱਦਿਆ ਹੈ। ਕਮਿਸ਼ਨ ਦੇ ਫੈਸਲੇ ਮੁਤਾਬਿਕ ਨਵੇਂ ਸਾਲ ਭਾਵ ਪਹਿਲੀ ਜਨਵਰੀ ਤੋਂ 31 ਦਸੰਬਰ 2020 ਤਕ ਇਕ ਸਾਲ ਵਾਸਤੇ ਘਰੇਲੂ ਖਪਤਕਾਰਾਂ ਲਈ ਬਿਜਲੀ 30 ਪੈਸੇ ਪ੍ਰਤੀ ਯੂਨਿਟ ਅਤੇ ਸਨਅਤਾਂ ਲਈ 29 ਪੈਸੇ ਪ੍ਰਤੀ ਯੂਨਿਟ ਮਹਿੰਗੀ ਹੋ ਜਾਵੇਗੀ। ਡਿਊਟੀ ਤੋਂ ਬਾਅਦ ਇਹ ਵਾਧਾ ਕ੍ਰਮਵਾਰ 36 ਤੇ 35 ਪੈਸੇ ਹੋ ਜਾਵੇਗਾ। ਇਹ ਬੇਹੱਦ ਮੰਦਭਾਗਾ ਫੈਸਲਾ ਹੈ। ਇਸ ਨਾਲ ਜਿਥੇ ਆਮ ਖਪਤਕਾਰਾਂ ‘ਤੇ ਭਾਰੀ ਬੋਝ ਪਾਇਆ ਗਿਆ ਹੈ, ਉੱਥੇ ਇਸ ਨਾਲ ਸੂਬੇ ਵਿੱਚ ਵਪਾਰਕ ਅਤੇ ਉਦਯੋਗਿਕ ਸਰਗਰਮੀਆਂ ਪ੍ਰਭਾਵਿਤ ਹੋਣ ਦਾ ਖਤਰਾ ਵੱਧ ਗਿਆ ਹੈ। ਮਹਿੰਗੀ ਬਿਜਲੀ ਕਾਰਨ ਪਹਿਲਾਂ ਹੀ ਆਮ ਲੋਕਾਂ ਅਤੇ ਉਦਯੋਗ ਦਾ ਦਮ ਘੁਟਿਆ ਹੋਇਆ ਹੈ। ਪੰਜਾਬ ਵਿੱਚ ਇਸ ਸਮੇਂ ਸਾਰੇ ਗੁਆਂਢੀ ਰਾਜਾਂ ਨਾਲੋਂ ਬਿਜਲੀ ਬਹੁਤ ਮਹਿੰਗੀ ਹੈ। ਇਕ ਪਾਸੇ ਕਾਂਗਰਸ ਸਰਕਾਰ ਵੱਲੋਂ ਚੋਣਾਂ ਸਮੇਂ ਬਿਜਲੀ 5 ਰੁਪਏ ਪ੍ਰਤੀ ਯੁਨਿਟ ਦੇ ਹਿਸਾਬ ਨਾਲ ਮੁਹੱਈਆ ਕਰਨ ਦਾ ਵਾਅਦਾ ਕੀਤਾ ਗਿਆ ਸੀ। ਪ੍ਰੰਤੂ ਹੁਣ ਇਹ ਵਾਅਦਾ ਵਿਸਾਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਵਿੱਚ ਬਿਜਲੀ ਦਰਾਂ ‘ਚ ਵਾਰ-ਵਾਰ ਵਾਧਾ ਕੀਤਾ ਜਾ ਰਿਹਾ ਹੈ। ਬਿਜਲੀ ਦੀਆਂ ਮੌਜੂਦਾ ਦਰਾਂ ਆਮ ਲੋਕਾਂ ਅਤੇ ਕਾਰੋਬਾਰ ਲਈ ਅਸਹਿਣਯੋਗ ਹਨ। ਵਿਰੋਧੀ ਸਿਆਸੀ ਧਿਰਾਂ ਅਤੇ ਆਮ ਲੋਕਾਂ ਨੂੰ ਇਸ ਫੈਸਲੇ ਦਾ ਵਿਰੋਧ ਕਰਨਾ ਚਾਹੀਦਾ ਹੈ, ਤਾਂ ਜੋ ਬਿਜਲੀ ਦੀਆਂ ਦਰਾਂ ਘਟਾਈਆਂ ਜਾਣ। ਮਹਿੰਗੀ ਬਿਜਲੀ ਕਾਰਨ ਸੂਬੇ ਵਿੱਚ ਆਰਥਿਕ ਸਰਗਰਮੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਇਸ ਕਾਰਨ ਹੀ ਰੁਜ਼ਗਾਰ ਘੱਟ ਰਹੇ ਹਨ। ਬਿਜਲੀ ਦੀ ਚੋਰੀ ਅਤੇ ਭ੍ਰਿਸ਼ਟਾਚਾਰ ਕਾਰਨ ਪਾਵਰਕਾਮ ਦੀ ਆਰਥਿਕ ਹਾਲਤ ਸੁਧਰ ਨਹੀਂ ਰਹੀ। ਜਦੋਂ ਤੱਕ ਪ੍ਰਬੰਧ ਵਿੱਚ ਸੁਧਾਰ ਨਹੀਂ ਕੀਤਾ ਜਾਂਦਾ ਤਦ ਤੱਕ ਸਸਤੀ ਬਿਜਲੀ ਮੁਹੱਈਆ ਕਰਵਾਉਣਾ ਸੰਭਵ ਨਹੀਂ ਹੈ। ਇਹ ਵੀ ਬਹੁਤ ਚਿੰਤਾਜਨਕ ਗੱਲ ਹੈ ਕਿ ਸੂਬੇ ਵਿੱਚ ਬਿਜਲੀ ਪੈਦਾ ਕਰਨ ਵਾਲੇ ਨਿਜੀ ਪਾਵਰ ਪਲਾਂਟ ਲੋਕਾਂ ਉੱਪਰ ਵੱਡਾ ਬੋਝ ਬਣ ਗਏ ਹਨ। ਨਿੱਜੀ ਪਾਵਰ ਪਲਾਂਟਾਂ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਭਾਰੀ ਅਦਾਇਗੀਆਂ ਕੀਤੀਆਂ ਜਾ ਰਹੀਆਂ ਹਨ। ਲੋੜ ਹੈ ਕਿ ਇਸ ਸਬੰਧੀ ਮੁੜ ਤੋਂ ਸੋਚਿਆ ਜਾਵੇ। ਚੰਗਾ ਇਹੋ ਹੋਵੇਗਾ ਕਿ ਨਿੱਜੀ ਖੇਤਰ ਦੇ ਪਾਵਰ ਪਲਾਂਟਾ ਦਾ ਕੌਮੀਕਰਨ ਕੀਤਾ ਜਾਵੇ ਤਾਂ ਜੋ ਸਰਮਾਏਦਾਰਾਂ ਦੀ ਲੁੱਟ ਨੂੰ ਰੋਕਿਆ ਜਾ ਸਕੇ।
– ਬਲਜੀਤ ਸਿੰਘ ਬਰਾੜ
ਬਿਜਲੀ ਖਪਤਕਾਰਾਂ ‘ਤੇ ਬੇਲੋੜਾ ਬੋਝ



