ਦਿੱਲੀ ਦੇ ਤਖਤ ਤੇ ਹਾਕਮ ਕੋਈ ਵੀ ਬੈਠਾ ਹੋਵੇ ਉਹਨੇ ਕਦੇ ਪੰਜਾਬ ਨਾਲ ਭਲੀ ਨਹੀਂ ਗੁਜਾਰੀ,ਕਦੇ ਪੰਜਾਬ ਦੇ ਹੱਕ ਵਿੱਚ “ਹਾਅ ਦਾ ਨਾਅਰਾ “ਨਹੀਂ ਮਾਰਿਆ !ਗੱਲ ਕੀ ਦਿੱਲੀ ਦੇ ਹਾਕਮਾਂ ਨੇ ਕਦੇ ਪੰਜਾਬ ਨੂੰ ਆਪਣਾਂ ਸਮਝਿਆ ਈ ਨਹੀਂ ਪਰ ਪੰਜਾਬ ਨੂੰ ਛੱਡਣਾਂ ਵੀ ਨਹੀਂ ਚਾਹੁੰਦੇ ਕਿਉਂਕਿ ਪੰਜਾਬ ਵਰਗੀ “ਸੋਨੇ ਦੀ ਚਿੜੀ “ ਇਹਨਾਂ ਲੋਕਾਂ ਨੂੰ ਕਿੱਥੇ ਮਿਲਣੀ ਏ !ਗੱਲ ਥੋੜੀ ਪਿਛਾਂਹ ਤੋਂ ਸੋਚੀਏ ਤਾਂ 1900 ਸੰਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬਣਾਏ ਪੰਜਾਬ ਦਾ ਖੇਤਰਫਲ 4 ਲੱਖ ਵਰਗ ਕਿਲੋਮੀਟਰ ਸੀ ਤੇ ਜਿਹੜਾ 1947 ਦੀ ਵੰਡ ਦੌਰਾਨ ਗਦਾਰ ਲੀਡਰਾਂ ਦੀ ਬਦੌਲਤ ਸਿਰਫ ਡੇਢ ਲੱਖ ਵਰਗ ਕਿਲੋਮੀਟਰ ਰਹਿ ਗਿਆ ਤੇ ਸਭ ਤੋਂ ਸ਼ਰਮ ਨਾਲ ਡੁੱਬ ਕੇ ਮਰਨ ਵਾਲੀ ਪੰਜਾਬ ਦੀ 1966 ਦੀ ਵੰਡ ਸੀ ਜਿਸ ਦੌਰਾਨ ਪੰਜਾਬ ਦੀ ਤਰੱਕੀ ਤੋਂ ਸੜਨ ਵਾਲੀ ਬੇਰਹਿਮ ਦਿੱਲੀ ਨੇ ਪੰਜਾਬ ਨੂੰ ਏਨਾ ਕੁ ਲੰਗੜਾ ਤੇ ਅਪਾਹਿਜ ਕਰ ਦਿੱਤਾ ਕਿ ਇਸ ਦਾ ਖੇਤਰਫਲ ਸਿਰਫ 50,000/(ਪੰਜਾਹ ਹਜਾਰ) ਵਰਗ ਕਿਲੋਮੀਟਰ ਰਹਿ ਗਿਆ ਤੇ ਪੰਜਾਬ ਦੀ ਬਰਬਾਦੀ ਤੋਂ ਇਹਨਾਂ ਲੋਕਾਂ ਦਾ ਮਨ ਫੇਰ ਵੀ ਨਹੀਂ ਭਰਿਆ,ਜਿਹੜੀ ਦਿੱਲੀ ਪਹਿਲਾਂ ਪੰਜਾਬ ਦੀ ਧਰਤੀ ਵੰਡਦੀ ਆਈ ਹੁਣ ਉਹਨੇ ਪੰਜਾਬ ਦੇ ਲੋਕਾਂ ਨੂੰ ਵੰਡਣ ਦੀ ਸੌਂਹ ਖਾਧੀ ਹੋਈ ਏ ਕਿ ਕਿਵੇਂ ਨਾ ਕਿਵੇਂ ਏ ਦਿੱਲੀ ਦੀ ਜੁੱਤੀ ਹੇਠ ਰਹੇ !ਕਦੇ ਨਵੰਬਰ 1984 ਦਾ ਦਿੱਲੀ ਦਾ ਪੰਜਾਬ ਦੇ ਸਿੱਖਾਂ ਤੇ ਕਹਿਰ,ਕਦੇ ਸਾਡੀ ਰੂਹ ਹਰਮੰਦਰ ਸਾਹਿਬ ਤੇ ਚੋਰੀ ਚੋਰੀ ਪਿੱਠ ਪਿਛੋਂ ਵਾਰ ਤੇ ਕਦੇ ਅੱਤਵਾਦ ਦੀ ਖੇਡ ਤੇ ਕਦੇ ਨਸ਼ਿਆਂ ਦੀ ਲਹਿਰ,ਕਦੇ ਕੀੜੇ ਮਾਰ ਦਵਾਈਆਂ ਦੇ ਨਾਂ ਤੇ ਪੰਜਾਬ ਦੀ ਧਰਤੀ ਨੂੰ ਬਾਂਝ ਕਰਨ ਦੀ ਕੋਸ਼ਿਸ਼ ਤੇ ਕਦੇ ਹਰੀ ਕਰਾਂਤੀ ਦੇ ਨਾਂ ਤੇ ਮਹਿੰਗੀ ਮਸ਼ੀਨਰੀ ਪੰਜਾਬੀਆਂ ਸਿਰ ਮੜ੍ਹ ਕੇ ਉਹਨਾਂ ਨੂੰ ਆਰਥਿਕ ਤੌਰ ਤੇ ਉਜਾੜਨ ਦੀ ਚਾਲ ਤੇ ਹੋਰ ਪਤਾ ਨਹੀਂ ਕੀ ਕੀ ਚਾਲਾਂ ਚੱਲੀਆਂ ਜਾ ਰਹੀਆਂ ਹਨ ਪੰਜਾਬ ਨੂੰ ਖੂੰਜੇ ਲਾਉਣ ਲਈ। ਦਿੱਲੀ ਦੇ ਤਖਤ ਤੇ ਬੈਠੇ ਹਾਕਮਾਂ ਨੇ ਪੰਜਾਬ ਦੇ ਗਦਾਰ ਤੇ ਵਿਕਾਊ ਲੀਡਰਾਂ ਨੂੰ ਕੁਰਸੀਆਂ ਦੇ ਲਾਲਚ ਦੇ ਕੇ ਉਹਨਾਂ ਰਾਹੀਂ ਖੂਬ ਲੁੱਟਿਆ ਤੇ ਕੁਟਿੱਆ ਹੈ ਤੇ ਇਹ “ਕੁੱਤੀ ਖੇਡ “ਅੱਜ ਵੀ ਬਾ-ਦਸਤੂਰ ਜਾਰੀ ਹੈ !ਦਿੱਲੀ ਦੀਆਂ ਮੌਜੂਦਾ ਸਰਕਾਰਾਂ ਵੀ ਪਹਿਲੇ ਹਾਕਮਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਪੰਜਾਬ ਦੇ ਜਖਮਾਂ ਤੇ ਲੂਣ ਈ ਪਾ ਰਹੀਆਂ ਹਨ ਕਿਉਂਕਿ 1984 ਦੇ ਸਿੱਖ ਕਤਲੇਆਮ ਦੇ 35 ਸਾਲ ਬੀਤਣ ਤੋਂ ਬਾਅਦ ਵੀ ਸਿੱਖਾ ਨੂੰ ਧੋਖੇ ਨਾਲ ਸ਼ਹੀਦ ਕਰਨ ਵਾਲੇ “ਖੜੱਪੇ ਸੱਪ “ਵੱਖ ਵੱਖ ਸਿਆਸੀ ਪਾਰਟੀਆਂ ਦੀ ਪੁਸ਼ਤਪਨਾਹੀ ਹੇਠ ਸੱਤਾ ਦਾ ਸੁਖ ਭੋਗ ਰਹੇ ਹਨ ਪਰ ਸਿੱਖ ਭਾਈਚਾਰਾ ਇਨਸਾਫ ਲਈ ਭਟਕ ਰਿਹਾ ਤੇ ਇਹਦੇ ਆਪਣੇ ਹੀ ਮੋਢੀ ਆਗੂਆਂ ਦੀ ਦੁਸ਼ਮਣਾਂ ਨਾਲ ਜੱਗ ਜ਼ਾਹਰ ਯਾਰੀ ਇਹਨਾਂ ਦੀ ਵਾਹ ਨਹੀਂ ਚੱਲਣ ਦੇ ਰਹੀ । ਦੇਸ਼ ਦੀ ਉਸ ਵਕਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰਨ ਵਾਲਿਆਂ ਨੂੰ ਫਾਹੇ ਟੰਗਣ ਲੱਗਿਆ ਦੇਰ ਨਹੀਂ ਲੱਗੀ ਪਰ ਹਜਾਰਾਂ ਸਿੱਖਾਂ ਦੇ ਕਾਤਲ ਕੁਰਸੀਆਂ ਤੇ ਬੈਠੇ ਸੱਤਾ ਸੁੱਖ ਭੋਗ ਰਹੇ ਹਨ,ਇਹ ਸਿੱਖ ਕੌਮ ਨਾਲ ਪੱਖਪਾਤੀ ਰਵੱਈਆ ਨਹੀਂ ਤਾਂ ਹੋਰ ਕੀ ਏ। ਹੁਣ ਲੰਮੀਆਂ ਪਲਾਨਿੰਗਾਂ ਤਹਿਤ ਪੰਜਾਬ ਦੀਆਂ “ਬਾਗੀ ਸੁਰਾਂ “ਨੂੰ ਦਬਾਉਣ ਤਹਿਤ ਇੱਥੇ ਵੋਟਾਂ ਦੀ ਗਿਣਤੀ ਵਿੱਚ ਹੇਰ ਫੇਰ ਕਰਨ ਲਈ ਇਥੇ ਯੂਪੀ ਬਿਹਾਰ ਦੀ ਵਿਕਾਊ ਵੋਟ ਨੂੰ ਪੰਜਾਬ ਦੇ ਸਥਾਈ ਵਸਨੀਕ ਬਣਾ ਕੇ ਸੱਤਾ ਤੇ ਕਾਬਜ ਹੋਣ ਲਈ ਕਾਹਲੇ ਹਨ ਹਾਕਮ ! ਪਰ ਅਸੀਂ ਸੁੱਤੇ ਪਏ ਹੋਏ ਹਾਂ !ਜਿਵੇਂ ਪੰਜਾਬ ਦੀ ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ ਉਸ ਤੋਂ ਬਾਅਦ ਬਹੁਤ ਜਲਦੀ ਪੰਜਾਬ ਵਿੱਚ ਯੂਪੀ ਬਿਹਾਰ ਦੇ ਲੋਕਾਂ ਦੀ ਵੋਟ ਗਿਣਤੀ ਵੱਡੇ ਪੱਧਰ ਤੇ ਪੰਜਾਬ ਵਿੱਚ ਵਧ ਜਾਏਗੀ ਤੇ ਫਿਰ ਇਹਨਾਂ ਲਈ ਵੋਟਾਂ ਖਰੀਦ ਕੇ ਪੰਜਾਬ ਤੇ ਕਬਜਾ ਕਰਨਾ ਕੋਈ ਔਖਾ ਨਹੀਂ। ਅੱਜ ਪੰਜਾਬ ਦਿੱਲੀ ਨੂੰ ਪੁੱਛ ਰਿਹਾ ਕਿ ਮੇਰੇ ਨਾਲ ਏਡਾ ਮਾੜਾ ਸਲੂਕ ਕਿਉਂ !ਸਾਡੇ ਗੁਰੂ ਸਾਹਿਬਾਨ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦੀ ਰਾਖੀ ਲਈ ਸ਼ਹਾਦਤ ਦਿੱਤੀ ਤੇ ਸਾਨੂੰ 1984 ਵਿੱਚ ਬਦਲੇ ਚ ਕੀ ਮਿਲਿਆ,ਸਭ ਦੇ ਸਾਹਮਣੇ ਹੈ !ਅਸੀਂ ਭੁੱਖੇ ਮਰਦੇ ਦੇਸ਼ ਦਾ ਢਿੱਡ ਭਰਨ ਲਈ ਅਨਾਜ ਦੀ ਹਰੀ ਕਰਾਂਤੀ ਲਿਆ ਕੇ ਆਪਣੀ ਧਰਤੀ ਬਾਂਝ ਬਣਾ ਲਈ ਤੇ ਤੁਸੀਂ ਸਾਨੂੰ ਬਰਬਾਦ ਕਰਨ ਲਈ ਪੰਜਾਬ ਦੀਆਂ ਨਸ਼ਲਾਂ ਨੂੰ ਅੱਤਵਾਦੀ ਕਹਿ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਕਿਉਂ ?
ਤੈਨੂੰ ਇੱਕੋ ਅਪੀਲ ਏ “ਦਿੱਲੀਏ “ ਕਿ ਜਾਂ ਤਾਂ ਸਾਨੂੰ ਵੀ ਬਾਕੀ ਦੇ ਪਰਿਵਾਰਕ ਮੈਂਬਰਾਂ ਵਾਂਗ ਰੱਖ ,ਪਰ ਜੇ ਇੰਝ ਹੀ ਵਾਰ ਵਾਰ ਜਲੀਲ ਕਰਨਾਂ ਤਾਂ ਇੱਕ ਸਿਆਣੇ ਘਰ ਦੇ ਮੁਖੀ ਵਾਂਗ ਚਾਰ ਬੰਦੇ ਪੰਚਾਇਤ ਦੇ ਬੁਲਾ ਕੇ ਸਾਡਾ ਰੋਟੀ ਪਾਣੀ ਅਲੱਗ ਕਰ ਦੇ !ਤੂੰ ਆਪਣੇ ਘਰ ਰਾਜੀ ਤੇ ਅਸੀਂ ਆਪਣੇ ਘਰ ! ਹਾਕਮੋਂ ਮੈਂ ਪੰਜਾਬ ਬੋਲਦਾ !ਕੋਈ ਮੇਰੀ ਵੀ ਸੁਣੋ।
ਮੈਂ ਪੰਜਾਬ ਬੋਲਦਾ! ਕੋਈ ਮੇਰੀ ਵੀ ਸੁਣੋ…!



