ਸ਼ਹਿਰ ਵਿੱਚ ਸੰਗਤਾਂ ਦੀ ਹਾਜ਼ਰੀ ਭਰਵੀਂ
ਸ੍ਰੀ ਮਾਛੀਵਾੜਾ ਸਾਹਿਬ -ਸਾਹਿਬ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਮਾਛੀਵਾੜਾ ਸਾਹਿਬ ਵਿਖੇ ਆਮਦ ਨੂੰ ਲੈ ਕੇ ਸਲਾਨਾ ਸਭਾ ਦੇ ਸਮਾਗਮ ਅੱਜ ਸ਼ੁਰੂ ਹੋ ਗਏ ਹਨ। ਜ਼ਿਕਰਯੋਗ ਹੈ ਕਿ ਸੰਨ 1704 ਦੀ 7/8ਪੋਹ ਦੀ ਰਾਤ ਨੂੰ ਸ੍ਰੀ ਚਮਕੌਰ ਸਾਹਿਬ ਤੋਂ ਤਾੜੀ ਮਾਰ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਸਾਹਿਬ ਦੇ ਜੰਗਲਾਂ ਵਿੱਚ ਪਹੁੰਚੇ ਸਨ ਤੇ ਇਥੇ ਉਹਨਾਂ ਖੂਹ ਤੋਂ ਪਾਣੀ ਪੀ ਕੇ ਨੇੜਲੇ ਜੰਡ ਦੇ ਦਰੱਖਤ ਹੇਠ ਖੂਹ ਤੋਂ ਚੁੱਕੀ ਮਿੱਟੀ ਦੀ ਟਿੰਡ ਦਾ ਸਰਾਣਾ ਲਾ ਕੇ ਅਰਾਮ ਫਰਮਾਇਆ ਸੀ ਤੇ ਇਥੋਂ ਉਹਨਾਂ ਨੂੰ ਮੁਗਲ ਫੌਜਾਂ ਦੇ ਡਰੋਂ ਭਾਈ ਗਨੀ ਖਾਂ ਤੇ ਨਬੀ ਖਾਂ ਨੇ ਉੱਚ ਦਾ ਪੀਰ ਬਣਾ ਕੇ ਅੱਗੇ ਰਵਾਨਾ ਕੀਤਾ ਸੀ ।ਇਸ ਅਰਾਮ ਕਰਨ ਵਾਲੀ ਥਾਂ ਤੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਸੁਸ਼ੋਭਿਤ ਹੈ ਤੇ ਉਹੀ ਖੂਹ ਤੇ ਜੰਡ ਦਾ ਦਰੱਖਤ ਅੱਜ ਵੀ ਮੌਜੂਦ ਹੈ।
ਗੁਰੂ ਗੋਬਿੰਦ ਸਿੰਘ ਜੀ ਦੀ ਮਾਛੀਵਾੜਾ ਸਾਹਿਬ ਵਿਖੇ ਆਮਦ ਨੂੰ ਲੈ ਕੇ ਹਰ ਸਾਲ 8/9/10 ਪੋਹ ਨੂੰ ਇੱਥੇ ਇੱਕ ਸਲਾਨਾ ਸਭਾ ਜੁੜਦੀ ਹੈ ਜਿਥੇ ਦੁਨੀਆਂ ਭਰ ਤੋਂ ਸਰਧਾਲੂਆਂ ਦੀ ਵੱਡੀ ਗਿਣਤੀ ਨਤਮਸਤਕ ਹੋਣ ਆਉਦੀ ਹੈ ਤੇ ਇਸ ਵਾਰ ਇਹ ਸਭਾ 23/24/25/ ਦਸੰਬਰ ਨੂੰ ਭਰ ਰਹੀ ਹੈ ਜਿਸ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ ਜਿਸ ਦੌਰਾਨ ਵਿਸ਼ਾਲ ਕੀਰਤਨ ਦਰਬਾਰ, ਵਿਸ਼ਾਲ ਖੂਨਦਾਨ ਕੈਂਪ,ਦਸਤਾਰ ਸਿਖਲਾਈ ਕੈਂਪ ਤੇ ਸੰਗਤਾਂ ਦੀ ਸਹੂਲਤ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੰਗਰਾਂ ਦੇ ਪਰਬੰਧ ਕੀਤੇ ਗਏ ਹਨ। ਜਿੱਥੇ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਪ੍ਰਬੰਧਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਉੱਥੇ ਸਥਾਨਕ ਪੁਲਿਸ ਪ੍ਰਸ਼ਾਸ਼ਨ ਵੀ ਸੁਯੋਗ ਪ੍ਰਬੰਧਾਂ ਲਈ ਯਤਨਸ਼ੀਲ ਹੈ।
ਜਗਰੂਪ ਸਿੰਘ ਮਾਨ
ਵਿਸ਼ੇਸ਼ ਪ੍ਰਤੀਨਿਧ ‘ਪੰਜਾਬ ਟਾਇਮਜ’
ਸ੍ਰੀ ਮਾਛੀਵਾੜਾ ਸਾਹਿਬ
ਸੰਪਰਕ : 98550-55355



