Skip to content
Independent perspectives. Global stories.
BREAKING

ਬੱਚਿਆਂ ਵਿਰੁੱਧ ਅਪਰਾਧ ਚਿੰਤਾਜਨਕ

Share this story

ਦੇਸ਼ ਵਿੱਚ ਔਰਤਾਂ ਅਤੇ ਬੱਚਿਆਂ ਖਿਲਾਫ ਅਪਰਾਧਾਂ ਦਾ ਵੱਧਣਾ ਬਹੁਤ ਚਿੰਤਾਜਨਕ ਹੈ। ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਤੇਜੀ ਨਾਲ ਨਹੀਂ ਹੁੰਦੀ। ਅਪਰਾਧੀਆਂ ਨੂੰ ਸਮੇਂ ਸਿਰ ਸਜ਼ਾ ਨਾ ਮਿਲਣਾ ਹੋਰ ਵੱਧ ਚਿੰਤਾਜਨਕ ਹੈ। ਬੇਸ਼ਕ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਏ ਗਏ ਹਨ। ਪਰ ਇਨ੍ਹਾਂ ਕਾਨੂੰਨਾਂ ਤਹਿਤ ਸਜ਼ਾ ਮਿਲਣ ਦੀ ਪ੍ਰਕਿਰਿਆ ਬਹੁਤ ਮੱਠੀ ਹੈ। ਇਸ ਦੇ ਨਾਲ ਹੀ ਬੱਚਿਆਂ ਵਿੱਚ ਵੱਧ ਰਹੀ ਅਪਰਾਧ ਦੀ ਪ੍ਰਵਿਰਤੀ ਵੀ ਸਮਾਜ ਅਤੇ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਹਾਲਾਤਾਂ ਨੂੰ ਠੱਲ੍ਹ ਪਾਉਣ ਦੀ ਜ਼ਰੂਰਤ ਹੈ ਜਿਨ੍ਹਾਂ ਕਾਰਨ ਬੱਚਿਆਂ ਅੰਦਰ ਅਪਰਾਧ ਦੀ ਪ੍ਰਵਿਰਤੀ ਪੈਦਾ ਹੋ ਰਹੀ ਹੈ। ਸੁਪਰੀਮ ਕੋਰਟ ਦੇ ਜੱਜ ਮਾਣਯੋਗ ਜਸਟਿਸ ਸ਼੍ਰੀ ਡੀਵਾਈ ਚੰਦਰਚੂੜ ਨੇ ਵੀ ਆਖਿਆ ਹੈ ਕਿ ਜੁਵੇਨਾਇਲ ਜਸਟਿਸ ਐਕਟ ਦੇ ਆਦਰਸ਼ਾਂ ਤੇ ਪਾਲਣਾ ‘ਚ ਕਾਫ਼ੀ ਫਰਕ ਹੈ। ਉਨ੍ਹਾਂ ਮੁਤਾਬਿਕ ਬਾਲ ਅਪਰਾਧਾਂ ਨੂੰ ਰੋਕਣ ਲਈ ਕਮੀਆਂ ਤੇ ਗ਼ਰੀਬੀ ‘ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਕਿਉਂਕਿ ਇਹ ਮੰਦਭਾਗੇ ਹਾਲਾਤ ਹੀ ਨਾਬਾਲਗਾਂ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੇ ਹਿੰਸਾ ਵੱਲ ਧੱਕਦੇ ਹਨ। ਉਨ੍ਹਾਂ ਰਾਸ਼ਟਰੀ ਬਾਲ ਨਿਆਂ ਸਲਾਹ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਕਿ ਕਾਨੂੰਨ ਦੀ ਉਲੰਘਣਾ ‘ਚ ਫਸੇ ਬੱਚੇ ਸਿਰਫ਼ ਅਪਰਾਧੀ ਨਹੀਂ ਹੁੰਦੇ ਬਲਕਿ ਕਈ ਮਾਮਲਿਆਂ ‘ਚ ਉਨ੍ਹਾਂ ਨੂੰ ਦੇਖਭਾਲ ਤੇ ਸੁਰੱਖਿਆ ਦੀ ਲੋੜ ਹੁੰਦੀ ਹੈ। ਸਾਡੇ ਕੋਲ ਅਨੋਖੇ ਕਾਨੂੰਨ ਹਨ ਪਰ ਕਾਨੂੰਨ ਦੇ ਆਦਰਸ਼ਾਂ ਤੇ ਉਨ੍ਹਾਂ ਦੀ ਪਾਲਣਾ ‘ਚ ਫਰਕ ਹੈ। ਬੱਚਿਆਂ ਨੂੰ ਕਈ ਵਾਰੀ ਅਪਰਾਧ ਵਿਰਸੇ ‘ਚ ਮਿਲਦੇ ਹਨ।ਅਤੇ ਉਹ ਮੰਦਭਾਗੇ ਹਾਲਾਤ ‘ਚ ਪੈਦਾ ਹੋਏ ਹੁੰਦੇ ਹਨ, ਜਿਹੜੇ ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੇ ਹਿੰਸਾ ਵੱਲ ਲੈ ਜਾਂਦੇ ਹਨ। ਰਾਸ਼ਟਰੀ ਅਪਰਾਧ ਖੋਜ ਬਿਊਰੋ ਦੇ ਅੰਕੜਿਆਂ ਮੁਤਾਬਿਕ ਸਾਲ 2015 ‘ਚ 42.39 ਫੀਸਦੀ ਬਾਲ ਅਪਰਾਧੀਆਂ ਦੀ ਪਰਿਵਾਰਕ ਆਮਦਨੀ 25 ਹਜ਼ਾਰ ਰੁਪਏ ਤੋਂ ਘੱਟ ਸੀ। ਉੱਥੇ 28 ਫੀਸਦੀ ਬਾਲ ਅਪਰਾਧੀਆਂ ਦੀ ਪਰਿਵਾਰਕ ਆਮਦਨ 25 ਹਜ਼ਾਰ ਤੋਂ 50 ਹਜ਼ਾਰ ਵਿਚਾਲੇ ਸੀ। ਸਿਰਫ਼ ਦੋ ਤੋਂ ਤਿੰਨ ਫੀਸਦੀ ਬਾਲ ਅਪਰਾਧੀ ਉੱਚ ਆਮਦਨ ਵਰਗ ਦੇ ਸਨ। ਇਸ ਲਈ ਅਪਰਾਧ ਦੇ ਖਾਤਮੇ ਲਈ ਗਰੀਬੀ ਨੂੰ ਦੂਰ ਕਰਨਾ ਵੀ ਜ਼ਰੂਰੀ ਹੈ। ਇਹ ਵੀ ਦੁੱਖ ਵਾਲੀ ਗੱਲ ਹੈ ਕਿ ਬਾਲ ਨਿਆਂ (ਬੱਚਿਆਂ ਦੀ ਦੇਖ ਰੇਖ ਤੇ ਸੁਰੱਖਿਆ) ਕਾਨੂੰਨ 2000 ਨੂੰ ਬਣਾਏ ਜਾਣ ਦੇ 19 ਸਾਲ ਬਾਅਦ ਵੀ ਅਸਰਦਾਰ ਤਰੀਕੇ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ। ਹਾਲੇ ਤਕ ਬੱਚਿਆਂ ਲਈ ਸ਼ੈਲਟਰ ਹੋਮਾਂ ਦੀ ਰਜਿਸਟ੍ਰੇਸ਼ਨ ਨਹੀਂ ਕੀਤੀ ਗਈ। ਚੰਗਾ ਹੋਵੇਗਾ ਬੱਚਿਆਂ ਨੂੰ ਸ਼ੈਲਟਰ ਹੋਮਾਂ ‘ਚ ਭੇਜੇ ਜਾਣ ਦੀ ਬਜਾਏ ਉਨ੍ਹਾਂ ਨੂੰ ਬਦਲਵੀਂ ਦੇਖਭਾਲ ਮੁਹੱਈਆ ਕਰਵਾਈ ਜਾਵੇ। ਸ਼ੈਲਟਰ ਹੋਮਾਂ ਦਾ ਪ੍ਰਬੰਧ ਕੰਪਿਊਟਰੀਕ੍ਰਿਤ ਪ੍ਰਣਾਲੀ ਨਾਲ ਕੀਤਾ ਜਾਵੇ।
– ਬਲਜੀਤ ਸਿੰਘ ਬਰਾੜ

WRITTEN BY