April 22, 2026 1:40 pm

ਪੰਜਾਬ ‘ਚ ਪਿੰਡਾਂ-ਕਸਬਿਆਂ ਦੇ ਨਾਵਾਂ ਦੀ ਮਹਿਮਾ ਅਪਰੰਮਪਾਰ

ਪੰਜਾਬ ਦੇ ਬਹੁਤੇ ਸਿਆਸਤਦਾਨ ਤੇ ਕਈ ਸਾਹਿਤਕਾਰ ਆਪਣੀ ਵੱਖਰੀ ਪਛਾਣ ਲਈ ਆਪਣੇ ਨਾਂ ਦੇ ਨਾਲ ਆਪਣੇ ਪਿੰਡ ਦਾ ਨਾਂਅ ਜੋੜਦੇ ਹਨ ਜਿਵੇਂ ਕਿ ਬਾਦਲ ਤਲਵੰਡੀ, ਬਰਨਾਲਾ, ਟੌਹੜਾ ਪਰਿਵਾਰਾਂ ਦੀ ਮਿਸਾਲ ਸਾਡੇ ਸਾਹਮਣੇ ਹੈ।।ਸਾਡੇ ਕਈ ਸਾਹਿਤਕਾਰ ਵੀ ਆਪਣੇ ਨਾਂਅ ਦੇ ਨਾਲ ਆਪਣੇ ਪਿੰਡ ਦਾ ਨਾਂਅ ਜੋੜਦੇ ਹਨ। ਹਰ ਪਿੰਡ ਦੀ ਆਪਣੀ ਹੀ ਇੱਕ ਮਹੱਤਤਾ ਹੁੰਦੀ ਹੈ ਤੇ ਬਹੁਤੇ ਪਿੰਡਵਾਸੀਆਂ ਨੂੰ ਆਪਣੇ ਪਿੰਡ ‘ਤੇ ਮਾਣ ਵੀ ਬੜਾ ਹੁੰਦਾ ਹੈ।ਗੱਲ 10-15 ਸਾਲ ਪਹਿਲਾਂ ਦੀ ਹੈ।ਪੰਜਾਬੀ ਦੇ ਪ੍ਰਬੁੱਧ ਲੇਖਕ ਤੇ ਪੱਤਰਕਾਰ ਗਿਆਨੀ ਗੁਰਦਿੱਤ ਸਿੰਘ (ਮੇਰਾ ਪਿੰਡ ਨਾਂ ਦੀ ਪ੍ਰਸਿੱਧ ਕਿਤਾਬ ਲਿਖਣ ਵਾਲੇ) ਇੱਕ ਵਾਰੀ ਜਲੰਧਰ ਆਏ ਉਨ੍ਹਾਂ ਦਿਨਾਂ ‘ਚ ਭਾਅ ਜੀ (ਡਾ. ਬਰਜਿੰਦਰ ਸਿੰਘ ਹਮਦਰਦ) ਸ਼ਾਇਦ ਕਿਤੇ ਬਾਹਰ ਗਏ ਹੋਏ ਸਨ, ਗਿਆਨੀ ਜੀ ਮੇਰੇ ਕੋਲ ਆ ਕੇ ਸਰਸਰੀ ਗੱਲਾਂ-ਬਾਤਾਂ ਕਰਨ ਲੱਗ ਗਏ। ਇਸੇ ਦੌਰਾਨ ਉਨ੍ਹਾਂ ਮੇਰੇ ਤੋਂ ਮੇਰਾ ਪਿੰਡ ਪੁੱਛ ਲਿਆ।।ਜਦੋਂ ਉਨ੍ਹਾਂ ਨੂੰ ਮੈਂ ਆਪਣਾ ਪਿੰਡ ਮਿੱਠੇਵਾਲ ਦੱਸਿਆ ਤਾਂ ਉਹ ਇੱਕ ਦਮ ਹੈਰਾਨ ਹੋ ਗਏ ਤੇ ਆਖਣ ਲੱਗੇ ਇਹ ਨਹੀਂ ਹੋ ਸਕਦਾ ਕਿਉਂਕਿ ਮਿੱਠੇਵਾਲ ਤਾਂ ਇੱਕੋ-ਇੱਕ ਹੈ, ਜੋ ਮੇਰਾ ਪਿੰਡ ਹੈ।ਮੈਥੋਂ ਪਿੰਡ ਦਾ ਨਾਂ ਸੁਣ ਕੇ ਜਿਵੇਂ ਹੀ ਉਨ੍ਹਾਂ ਦਾ ਦਿਲ ਹੀ ਟੁੱਟ ਗਿਆ ਹੋਵੇ।। ਅਸਲ ‘ਚ ਗਿਆਨੀ ਗੁਰਦਿੱਤ ਸਿੰਘ ਜੀ ਦਾ ਪਿੰਡ ਵੀ ਮਿੱਠੇਵਾਲ ਸੀ ਜੋ ਮਾਲੇਰਕੋਟਲਾ-ਰਾਏਕੋਟ ਸੜਕ ‘ਤੇ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ।।ਗਿਆਨੀ ਜੀ ਹੁਣ ਇਸ ਜਹਾਨ ਤੋਂ ਰੁਖ਼ਸਤ ਹੋ ਗਏ ਨੇ ਨਹੀਂ ਤਾਂ ਉਨ੍ਹਾਂ ਨੂੰ ਤੀਜੇ ਮਿੱਠੇਵਾਲ ਪਿੰਡ ਜੋ ਹੁਸ਼ਿਆਰਪੁਰ ਜ਼ਿਲ੍ਹੇ ‘ਚ ਸਥਿਤ ਹੈ, ਦਾ ਵੀ ਪਤਾ ਲੱਗ ਜਾਣਾ ਸੀ।ਬਹੁਤੇ ਪਾਠਕਾਂ ਨੂੰ ਇਹ ਗੱਲ ਜ਼ਰੂਰ ਹੈਰਾਨ ਕਰ ਦੇਵੇਗੀ ਕਿ ਕਰੀਬ ਸਾਢੇ 12 ਹਜ਼ਾਰ ਪਿੰਡਾਂ ਵਾਲੇ ਪੰਜਾਬ ‘ਚ ਕੁਝ ਧਾਰਮਿਕ ਤੇ ਕੁਝ ਇਤਿਹਾਸਕ ਮਹੱਤਤਾ ਵਾਲੇ ਪਿੰਡ/ਕਸਬੇ/ ਨਗਰ ਵੀ ਅਜਿਹੇ ਹਨ, ਜਿਨ੍ਹਾਂ ਦੀ ਗਿਣਤੀ ਇੱਕ ਨਹੀਂ, ਦੋ ਨਹੀਂ ਬਲਕਿ ਇਸ ਤੋਂ ਕਿਤੇ ਵੱਧ ਹੈ।।ਇੱਕੋ ਨਾਂ ਨਾਲ ਮਿਲਦੇ-ਜੁਲਦੇ ਨਾਵਾਂ ਨਾਲ ਜਾਣੇ ਜਾਂਦੇ ਪੰਜਾਬ ਦੇ ਕੁਝ ਪਿੰਡਾਂ ਦੀ ਗਿਣਤੀ ਤਾਂ ਸੈਂਕੜਿਆਂ ‘ਚ ਵੀ ਹੈ। ਮਿਸਾਲ ਦੇ ਤੌਰ ‘ਤੇ ਚਮਕੌਰ ਦੀ ਗੜ੍ਹੀ ਛੱਡ ਕੇ ਮਾਛੀਵਾੜੇ ਦੇ ਬੀਆਬਾਨ ਜੰਗਲਾਂ ‘ਚ ਵਾਸ ਕਰਨ ਵਾਲੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਾਰਮਿਕ ਤੇ ਇਤਿਹਾਸਕ ਮਾਛੀਵਾੜਾ ਕਸਬਾ ਜਿਸਨੂੰ ਹੁਣ ਸ਼੍ਰੀ ਮਾਛੀਵਾੜਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਗਿਣਤੀ ਵੀ ਇੱਕ ਨਹੀਂ ਬਲਕਿ ਤਿੰਨ-ਚਾਰ ਹੈ।ਇਥੇ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਵੇਲੇ ਦੇ ਹਾਲਾਤ ਨੂੰ ਦਰਸਾਉਂਦੀਆਂ ਇਹ ਸਤਰਾਂ ਉਚਾਰੀਆਂ ਗਈਆਂ ਸਨ।
ਮਿੱਤਰ ਪਿਆਰੇ ਨੂੰ
ਹਾਲ ਮੁਰੀਦਾਂ ਦਾ ਕਹਿਣਾ£
ਸੂਲ ਸੁਰਾਹੀ ਖੰਜਰ ਪਿਆਲਾ
ਨਾਗ ਨਿਵਾਸਾਂ ਦੇ ਰਹਿਣਾ£
ਜਿਸ ਥਾਂ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਟਿੰਡ ਸਰਾਹਣੇ ਰੱਖ ਕੇ ਸੁੱਤੇ ਸਨ, ਉਥੇ ਅੱਜ ਕੱਲ੍ਹ ਇੱਕ ਬਹੁਤ ਸੁੰਦਰ ਗੁਰਦੁਆਰਾ ਚਰਨ ਕੰਵਲ ਸਾਹਿਬ ਬਣਿਆ ਹੋਇਆ ਹੈ।ਇਥੇ ਕੁਝ ਹੋਰ ਇਤਿਹਾਸਕ ਮਹੱਤਤਾ ਵਾਲੇ ਗੁਰਦੁਆਰੇ ਵੀ ਹਨ ਜਿਵੇਂ ਗੁਰਦੁਆਰਾ ਚੁਬਾਰਾ ਸਾਹਿਬ ਤੇ ਗੁਰਦੁਆਰਾ ਗਨੀ ਖਾਂ ਨਬੀ ਖਾਂ । ਯਾਦ ਰਹੇ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਛੀਵਾੜੇ ਦੇ ਜੰਗਲਾਂ ‘ਚੋਂ ਕੱਢ ਕੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਲਿਆਉਣ ਵਾਲੇ ਦੋਵੇਂ ਭਰਾ ਗਨੀ ਖਾਂ ਤੇ ਨਬੀ ਖਾਂ ਸਨ ਤੇ ਉਨ੍ਹਾਂ ਦੇ ਨਾਂ ਨਾਲ ਹੀ ਇਹ ਗੁਰਦੁਆਰਾ ਜਾਣਿਆ ਜਾਂਦਾ ਹੈ।
ਮਾਛੀਵਾੜਾ ਦੇ ਨਾਂ ਨਾਲ ਹੀ ਦੋ ਹੋ ਪਿੰਡ ਫਿਰੋਜ਼ਪੁਰ ਜ਼ਿਲ੍ਹੇ ‘ਚ ਹਨ।ਜਿਨ੍ਹਾਂ ਇੱਕ ਮਾਛੀਵਾੜਾ ਤੇ ਦੂਜੇ ਨੂੰ ਮਾਛੀਵਾੜਾ ਉਰਫ ਕਮੱਗਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ।।ਇੱਕ ਹੋਰ ਮਾਛੀਵਾੜਾ ਖ਼ਾਮ ਹੈ, ਜੋ ਲੁਧਿਆਣਾ ਜ਼ਿਲ੍ਹੇ ‘ਚ ਹੀ ਲੁਧਿਆਣਾ-ਰੂਪਨਗਰ ਸੜਕ ‘ਤੇ ਵਸਿਆ ਹੋਇਆ ਹੈ।। ਅੰਮ੍ਰਿਤਸਰ-ਲਾਹੌਰ ਰੇਲ ਲਾਈਨ ‘ਤੇ ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ‘ਅਟਾਰੀ’ ਹੈ।।ਇਤਿਹਾਸਕ ਮਹੱਤਤਾ ਵਾਲੇ ਇਸ ਨਗਰ ਦੀ ਗਿਣਤੀ ਵੀ ਪੰਜਾਬ ‘ਚ ਅੱਧੀ ਦਰਜਨ ਦੇ ਕਰੀਬ ਹੈ।ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਵੀ ਇਸੇ ਨਗਰ ਦੇ ਵਾਸੀ ਸਨ।।ਪੰਜਾਬੀ ਦੇ ਪ੍ਰਸਿੱਧ ਆਲੋਚਕ ਈਸ਼ਰ ਸਿੰਘ ਅਟਾਰੀ ਦਾ ਜਨਮ ਵੀ ਸਤੰਬਰ 1922 ‘ਚ ਇਸੇ ਪਿੰਡ ‘ਚ ਹੋਇਆ ਸੀ।।ਸਿੱਖ ਮਿਸਲਾ ਦੇ ਹੋਂਦ ‘ਚ ਆਉਣ ਵੇਲੇ ਚਰਚਾ ‘ਚ ਰਹੇ।।ਜੈ ਸਿੰਘ ਨਿਸ਼ਾਨਵਾਲੀਆ ਵੀ ਅਟਾਰੀ ਦੇ ਨੇੜੇ ਦਾ ਵਸਨੀਕ ਸੀ। ਇਤਿਹਾਸਕ ਮਹੱਤਤਾ ਵਾਲੇ ਤੇ ਪਾਕਿਸਤਾਨ ਦੀ ਵਾਹਗਾ ਸਰਹੱਦ ਦੇ ਨਾਲ ਲੱਗਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਇਸ ਨਗਰ ਅਟਾਰੀ ਤੋਂ ਬਿਨਾ ਇਸੇ ਨਾਂ ਨਾਲ ਜਾਣੇ ਜਾਂਦੇ ਕੁਝ ਹੋਰ ਪਿੰਡ/ ਕਸਬੇ ਵੀ ਹਨ।।ਦੂਜਾ ਪਿੰਡ ਅਟਾਰੀ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਦੇ ਬਲਾਕ ਬੰਗਾ ‘ਚ ਸਥਿਤ ਹੈ, ਤੀਜਾ ਗੁਰਦਾਸਪੁਰ ਜ਼ਿਲ੍ਹੇ ‘ਚ , ਚੌਥਾ ਮੁਕਤਸਰ ਜ਼ਿਲ੍ਹੇ ‘ਚ ਤੇ ਪੰਜਵਾਂ ਅਟਾਰੀ ਪਿੰਡ ਮੋਗਾ ਜ਼ਿਲ੍ਹੇ ‘ਚ ਸਥਿਤ ਹੈ। ਮੈਂ ਉਪਰ ਧਾਰਮਿਕ ਤੇ ਇਤਿਹਾਸਕ ਮਹੱਤਤਾ ਵਾਲੇ ਪਿੰਡਾਂ/ ਨਗਰਾਂ ਮਾਛੀਵਾੜਾ ਤੇ ਅਟਾਰੀ ਗੱਲ ਕੀਤੀ ਹੈ।ਪਰ ਸੁਹਿਰਦ ਪਾਠਕਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਕੁੱਲ 12581 ਵੱਸੋਂ ਵਾਲੇ ਪਿੰਡਾਂ ਦੇ ਨਾਂ ਅਜਿਹੇ ਹਨ ਜਿਨ੍ਹਾਂ ਦੀ ਗਿਣਤੀ ਦਰਜਨਾਂ ਨਹੀਂ ਸੈਂਕੜਿਆਂ ‘ਚ ਹੈ।ਮਿਸਾਲ ਦੇ ਤੌਰ ‘ਤੇ ‘ਚੱਕ’ ਨਾਲ ਸ਼ੁਰੂ ਹੋਣ ਵਾਲੇ ਪੰਜਾਬ ਦੇ ਪਿੰਡਾਂ ਦੀ ਗਿਣਤੀ 300 ਤੋਂ ਵੱਧ ਭਾਵ ਕੁੱਲ 320 ਹੈ।ਜਿਵੇਂ ਕਿ ਚੱਕ ਅਤਰ ਸਿੰਘ ਵਾਲਾ, ਚੱਕ ਅੰਮ੍ਰਿਤਸਰੀਆਂ, ਚੱਕ ਅਰਾਈਆਂ, ਚੱਕ ਅੱਲ੍ਹਾ ਬਖ਼ਸ਼, ਚੱਕ ਅਲੀ ਸ਼ੇਰ, ਚੱਕ ਸਤੋਰੀਆਂ, ਚੱਕ ਸਰਹਾਲੀ, ਚੱਕ ਸਵਰਨਨਾਥ, ਚੱਕ ਸ਼ਰੀਫ਼, ਚੱਕ ਸਿੰਘੇਵਾਲਾ, ਚੱਕ ਸੀਹਾਂ ਦੌਦ, ਚੱਕ ਸੂਲੇਮਾਨ, ਚੱਕ ਹਕੀਮ, ਚੱਕ ਕਵਰਵਾਲਾ, ਚੱਕ ਕਲਾਂ, ਚੱਕ ਖੜਕ ਸਿੰਘ ਵਾਲਾ, ਚੱਕ ਜਵਾਹਰ ਸਿੰਘ ਵਾਲਾ ਆਦਿ। ਪੰਜਾਬ ਦੇ ਕੁਝ ਪਿੰਡਾਂ ਦੇ ਨਾਂ ਵੀ ਬੜੇ ਅਜੀਬੋ-ਗਰੀਬ ਹਨ। ਜਿਵੇਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ‘ ਨੰਗਲ ਚੋਰਾਂ’ ਦਾ ਨਾਂ ਬਦਲ ਕੇ ਹੁਣ ‘ਨੰਗਲ ਜੱਟਾਂ’ ਕਰ ਦਿੱਤਾ ਗਿਆ ਹੈ।।ਮੁਕਤਸਰ, ਫਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਕੁਝ ਪਿੰਡਾਂ ਦੇ ਨਾਂ ਵੀ ਬੜੇ ਅਜੀਬੋ-ਗਰੀਬ ਹਨ।ਜਿਵੇਂ ਕਿ ਗਿੱਦੜਾਂਵਾਲੀ, ਕੁੱਤਿਆਂਵਾਲੀ, ਵਜੀਦਪੁਰ ਕੱਟਿਆਂਵਾਲੀ, ਝੋਟਿਆਂਵਾਲੀ ਉਰਫ਼ ਰਤਨਪੁਰਾ, ਬਿੱਲੀਮਾਰ ਆਦਿ।
ਦੇਸ਼ ਦੀ ਜਨਗਣਨਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਦੇ ਕੁੱਲ ਪਿੰਡਾਂ ਦੀ ਗਿਣਤੀ 6,77,459 ਹੈ। ਇਨ੍ਹਾਂ ‘ਚੋਂ ਸੈਂਕੜੇ ਪਿੰਡਾਂ ਦੇ ਨਾਂ ਦੇਵੀ, ਦੇਵਤਿਆਂ, ਗੁਰੂਆਂ-ਪੀਰਾਂ, ਹੁਕਮਰਾਨਾ ਤੇ ਰਾਜ ਨਿਰਮਾਤਾਵਾਂ ਦੇ ਨਾਂ ‘ਤੇ ਰੱਖੇ ਹੋਏ ਹਨ।ਉਨ੍ਹਾਂ ‘ਚੋ 3626 ਪਿੰਡ ਭਗਵਾਨ ਸ਼੍ਰੀ ਰਾਮ ਦੇ ਨਾਂ ‘ਤੇ ਹਨ।ਭਗਵਾਨ ਸ਼੍ਰੀ ਕ੍ਰਿਸ਼ਨ ਦੇ ਨਾਂ ‘ਤੇ 3309 ਪਿੰਡ ਹਨ।ਰਾਧਾ ਦੇ ਨਾਂ ‘ਤੇ 380 ਹਨ।ਸੀਤਾ ਦੇ ਨਾਂ ‘ਤੇ 75 ਹਨ।ਸ਼੍ਰੀ ਹਨੂੰਮਾਨ ਦੇ ਨਾਂ ‘ਤੇ 367 ਤੇ ਭਗਵਾਨ ਗਣੇਸ਼ ਦੇ ਨਾਂ ‘ਤੇ 446, ਸੰਤ ਕਬੀਰ ਦੇ ਨਾਂ ‘ਤੇ 91 , ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ 35, ਜਵਾਹਰ ਲਾਲ ਨਹਿਰੂ ਦੇ ਨਾਂ 72, ਮਹਾਤਮਾ ਗਾਂਧੀ ਦੇ ਨਾਂ ‘ਤੇ 117, ਇੰਦਰਾ ਗਾਂਧੀ ਦੇ ਨਾਂ ‘ਤੇ 36, ਸੁਭਾਸ਼ ਚੰਦਰ ਬੋਸ ਦੇ ਨਾਂ ‘ਤੇ 27 ਤੇ ਰਾਜੀਵ ਗਾਂਧੀ ਦੇ ਨਾਂ ‘ਤੇ 19 ਪਿੰਡ ਵਸੇ ਹੋਏ ਹਨ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਵਸੇ ਪਿੰਡਾਂ ‘ਚੋਂ 4 ਨੂੰ ਛੱਡ ਕੇ ਬਾਕੀ ਸਾਰੇ ਦੂਜੇ ਰਾਜਾਂ ‘ਚ ਹਨ।ਉਂਝ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਰਾਹੀ ਸਿੱਖ ਕੌਮ ਨੂੰ ਗੁਰੂਆਂ ਦੇ ਨਾਂ ਦੀ ਵਰਤੋਂ ਨਾਵਾਂ ‘ਚ ਕਰਨ ਤੋਂ ਵਰਜਿਆ ਹੋਇਆ ਹੈ।

Send this to a friend