April 22, 2026 11:54 am

ਲਹਿਰਾਗਾਗਾ ਇਲਾਕੇ ‘ਚ ਪੁਲਿਸ ਦੀ ਸੁਸਤੀ ਅਤੇ ਚੋਰਾਂ ਦੀ ਚੁਸਤੀ ਕਾਰਨ ਵਧੀਆਂ ਚੋਰੀ ਦੀਆਂ ਵਾਰਦਾਤਾਂ

ਲਹਿਰਾਗਾਗਾ- ਸਥਾਨਕ ਸ਼ਹਿਰ ਅਤੇ ਇਲਾਕੇ ਅੰਦਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਅੰਦਰ ਭਾਰੀ ਸਹਿਮ ਪਾਇਆ ਜਾ ਰਿਹਾ ਕਿਉਂਕਿ ਲਹਿਰਾਗਾਗਾ ਇਲਾਕੇ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਪਿਛਲੇਂ ਲੰਮੇ ਸਮੇਂ ਤੋਂ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਨਾ ਹੀ ਪੁਲਿਸ ਪ੍ਰਸ਼ਾਸ਼ਨ ਇਨ੍ਹਾਂ ਚੋਰਾਂ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਸਕਿਆ ਹੈ । ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ 18 ਨਵੰਬਰ ਨੂੰ ਸਵੇਰੇ ਪੰਜ ਵਜੇ ਦੇ ਕਰੀਬ ਲਹਿਰਾ ਸ਼ਹਿਰ ਦੇ ਅਬਾਦੀ ਵਾਲੇ ਇਲਾਕੇ ਚੋਂ ਹੇਮਕੁੰਟ ਲੰਗਰ ਸੇਵਾ ਸੁਸਾਇਟੀ ਦਾ ਬਲੈਰੋ ਕੈਂਪਰ ਨੰਬਰ ਪੀ.ਬੀ.13 9046 ਚੋਰੀ ਕਰਕੇ ਲੈ ਗਏ ਅਤੇ 18 ਨਵੰਬਰ ਦੀ ਰਾਤ ਨੂੰ ਨੇੜਲੇ ਪਿੰਡ ਜਲੂਰ ਦੇ ਵਿਚਕਾਰ ਸਥਿਤ ਮੁੱਖ ਚੌਂਕ ਜਿੱਥੇ ਰਾਤ ਦੇ ਦਸ ਗਿਆਰਾਂ ਵਜੇ ਤੱਕ ਲੋਕ ਬੈਠੇ ਰਹਿੰਦੇ ਹਨ, ਨੇੜਿਓਂ ਗਰੀਬ ਕਿਸਾਨ ਹਰਦੇਵ ਸਿੰਘ ਲਾਡੀ ਪੁੱਤਰ ਅਵਤਾਰ ਸਿੰਘ ਦੇ ਪਸ਼ੂਆਂ ਵਾਲੇ ਮਕਾਨ ਵਿੱਚੋਂ 2 ਦੁਧਾਰੂ ਮੱਝਾਂ ਅਤੇ ਇੱਕ ਕੱਟਰੂ ਨੂੰ ਚੌਂਕ ਵਿੱਚੋਂ ਹੀ ਕਿਸੇ ਵਾਹਨ ਉੱਪਰ ਲੱਦ ਕੇ ਲੈ ਗਏ ਜਿਨ੍ਹਾਂ ਦੀ ਕੀਮਤ ਦੋ ਲੱਖ ਦੇ ਕਰੀਬ ਦੱਸੀ ਜਾਂਦੀ ਹੈ। ਲਹਿਰਾਗਾਗਾ ਇਲਾਕੇ ਵਿੱਚ ਚੋਰੀ ਦੀ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਪਿਛਲੇ ਸਮੇਂ ਨੇੜਲੇ ਪਿੰਡ ਲਦਾਲ ਦੇ ਗਰੀਬ ਕਿਸਾਨਾਂ ਰਣਧੀਰ ਸਿੰਘ ਲਾਡੀ ਦੀਆਂ 2, ਗੁਰਮਖ ਸਿੰਘ ਦੀਆਂ 2 ਅਤੇ ਨਛਾਬਰ ਸਿੰਘ ਦੀਆਂ 3 ਮੱਝਾਂ ਇੱਕੋ ਰਾਤ ਵਿੱਚ ਚੋਰੀ ਹੋਈਆਂ ਸੀ । ਇਸੇ ਤਰ੍ਹਾਂ ਪੰਜ ਅਗਸਤ ਦੀ ਸਵੇਰ ਨੂੰ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੀ ਸ਼ਹਿਰ ਅੰਦਰਲੀ ਕੋਠੀ ਨੇੜਿਓ ਕ੍ਰਿਸ਼ਨ ਕੁਮਾਰ ਕਬਾੜੀਏ ਦੀ ਗੱਤੇ ਦੀ ਭਰੀ ਪਿਕਅੱਪ ਅਤੇ ਸੁਨੀਲ ਗਾਰਮੈਂਟਸ ਵਾਲਿਆਂ ਦੀ ਨਵੀਂ ਕਰੈਟਾ ਕਾਰ ਤੋਂ ਇਲਾਵਾ ਮੰਡੀ ਵਾਲੇ ਮੰਦਰ ਨੇੜਿਓਂ ਪਾਵਰਕਾਮ ਦੇ ਆਰਜੀ ਮੁਲਾਜਮ ਕੁਲਦੀਪ ਸਿੰਘ ਦਾ ਇੱਕ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਸਨ ਅਤੇ ਲਹਿਰਾਗਾਗਾ ਦੇ ਬਾਈਪਾਸ ਰੋਡ ਤੇ ਸਥਿਤ ਅਸ਼ੋਕਾ ਮਸ਼ੀਨਰੀ ਸਟੋਰ ਤੋਂ ਪਹਿਲਾਂ 19 ਸਤੰਬਰ ਅਤੇ ਫਿਰ 4 ਨਵੰਬਰ ਦੀ ਰਾਤ ਨੂੰ ਲੱਖਾਂ ਰੁਪਏ ਦਾ ਸਮਾਨ ਚੋਰੀ ਹੋ ਚੁੱਕਾ ਹੈ ਅਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਲਗਾਏ ਧਰਨੇ ਵਿੱਚ ਪੁਲਿਸ ਤੇ ਵੀ ਢਿੱਲੀ ਕਾਰਗੁਜ਼ਾਰੀ ਦੇ ਦੋਸ਼ ਲਾ ਲਾਉਂਦਿਆਂ ਕਿਹਾ ਸੀ ਕਿ ਪੁਲਿਸ ਦਾ ਵਤੀਰਾ ਚੋਰੀਆਂ ਪ੍ਰਤੀ ਸਹੀ ਨਹੀਂ ਹੈ ਕਿਉਂਕਿ ਪੁਲਿਸ ਹੁਣ ਤੱਕ ਕਿਸੇ ਵੀ ਚੋਰ ਨੂੰ ਕਿਸੇ ਵੀ ਚੋਰੀ ਦੇ ਮਾਮਲੇ ਵਿਚ ਕਾਬੂ ਕਰਨ ਵਿਚ ਸਫਲ ਨਹੀਂ ਹੋ ਸਕੀ । ਧਰਨੇ ਵਿੱਚ ਪਹੁੰਚ ਕੇ ਥਾਣਾ ਸਦਰ ਦੇ ਇੰਚਾਰਜ ਸ ਸਤਨਾਮ ਸਿੰਘ ਅਤੇ ਥਾਣਾ ਸਿਟੀ ਦੇ ਇੰਚਾਰਜ ਸ ਜਗਰੂਪ ਸਿੰਘ ਨੇ ਦੋ ਦਿਨਾਂ ਦੇ ਅੰਦਰ ਚੋਰਾਂ ਨੂੰ ਫੜ ਲੈਣ ਦਾ ਵਿਸ਼ਵਾਸ ਦਿਵਾਇਆ ਸੀ ਪਰ ਪੁਲਿਸ ਦੀ ਕਾਰਵਾਈ ਜੀਰੋ ਰਹੀ । ਇਸ ਤੋਂ ਇਲਾਵਾ ਇਲਾਕੇ ਵਿੱਚ ਕਿਸਾਨਾਂ ਦੀਆਂ ਖੇਤ ਵਾਲੀਆਂ ਮੋਟਰਾਂ ਦੀਆਂ ਕੇਬਲਾਂ , ਮੋਟਰਾਂ ਤੇ ਲੱਗੇ ਟਰਾਂਸਫਾਰਮਰਾਂ ਵਿੱਚੋਂ ਤੇਲ ਅਤੇ ਤਾਂਬਾ ਚੋਰੀ ਦੀਆਂ ਅਣਗਿਣਤ ਘਟਨਾਵਾਂ ਪਿਛਲੇ ਸਮੇਂ ਵਿੱਚ ਵਾਪਰ ਚੁੱਕੀਆਂ ਹਨ ਅਤੇ ਹਰ ਵਾਰ ਚੋਰਾਂ ਨੂੰ ਜਲਦੀ ਹੀ ਫੜ ਲੈਣ ਦੇ ਲੰਮੇ ਚੌੜੇ ਵਾਅਦੇ ਪੁਲਿਸ ਵੱਲੋਂ ਕੀਤੇ ਜਾਂਦੇ ਰਹੇ ਹਨ ਪਰ ਪੁਲਿਸ ਚੋਰਾਂ ਤੱਕ ਪਹੁੰਚਣ ਵਿੱਚ ਨਾਕਾਮਯਾਬ ਰਹੀ ਹੈ ਜਿਸ ਕਰਕੇ ਲਹਿਰਾ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਡਰ ਅਤੇ ਸਹਿਮ ਦੇ ਮਾਹੌਲ ਵਿੱਚ ਜਿੰਦਗੀ ਗੁਜਾਰਨ ਲਈ ਮਜਬੂਰ ਹਨ।

Send this to a friend