ਗੁਰੂ ਨਾਨਕ ਦੇਵ ਜੀ ਦਾ ਕੁਦਰਤ ਅਤੇ ਵਾਤਾਵਰਨ ਨਾਲ ਅਸੀਮ ਪ੍ਰੇਮ ਹੀ ਸੀ ਕਿ ਉਨ੍ਹਾਂ ਨੇ ਆਪਣੀ ਬਾਣੀ ਵਿਚ ਕੁਦਰਤ ਨਾਲ ਸੰਬੰਧਿਤ ਬਿੰਬਾਂ ਅਤੇ ਪ੍ਰਤੀਕਾਂ ਨੂੰ ਵਰਤਦਿਆਂ ਲੋਕਾਈ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਸੰਦੇਸ਼ “ਪਾਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦੇ ਰੂਪ ‘ਚ ਦਿੱਤਾ।ਦੁੱਖ ਦੀ ਗੱਲ ਇਹ ਹੈ ਕਿ ਅਸੀਂ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਅੱਖੋਂ ਪਰੋਖੇ ਕਰ ਕੇ ਚੌਗਿਰਦੇ ਦੀ ਸੰਭਾਲ ਪ੍ਰਤਿ ਬੇਹੱਦ ਉਦਾਸੀਨ ਦੌਰ ਵਿਚੋਂ ਲੰਘ ਰਹੇ ਹਾਂ।
ਗੰਭੀਰ ਹੋਈ ਪ੍ਰਦੂਸ਼ਣ ਦੀ ਸਮੱਸਿਆ:- ਮਨੁੱਖ ਦੇ ਕੁਦਰਤ ਤੋਂ ਦੂਰ ਹੋਣ ਦਾ ਹੀ ਨਤੀਜਾ ਹੈ ਕਿ ਅੱਜ ਪ੍ਰਦੂਸ਼ਣ ਗੰਭੀਰ ਪੱਧਰ ਤੱਕ ਪਹੁੰਚ ਚੁੱਕਾ ਹੈ।ਅਨੇਕਾਂ ਲਾਇਲਾਜ਼ ਤੇ ਨਾਮੁਰਾਦ ਬਿਮਾਰੀਆਂ ਮਨੁੱਖ ਨੂੰ ਆਪਣੀ ਜਕੜ ਵਿਚ ਲੈ ਰਹੀਆਂ ਹਨ।ਪਿੱਛੇ ਜਿਹੇ ਬਿਹਾਰ ਵਿਚ ਚਮਕੀ ਬੁਖਾਰ ਨਾਲ ਮਚੀ ਹਾਹਾਕਾਰ ਨੂੰ ਕੌਣ ਭੁੱਲ ਸਕਦਾ ਹੈ।ਕੁਦਰਤ ਨਾਲ ਛੇੜਛਾੜ ਕਾਰਨ ਮੌਸਮੀ ਤਬਦੀਲੀਆਂ ਜਾ ਰਹੀਆਂ ਹਨ।ਵਰਖਾ ਦੀ ਮਾਤਰਾ ਵਿਚ ਅਸਮਾਨਤਾ ਆ ਰਹੀ ਹੈ।ਜਿਸ ਨਾਲ ਕਿਤੇ ਸੋਕਾ ਹੈ ਤੇ ਕਿੱਧਰੇ ਹੜਾਂ੍ਹ ਦੀ ਮਾਰ ਕਾਰਨ ਹਾਹਾਕਾਰ ਹੈ।ਅੱਜ ਬੇਹੱਦ ਜ਼ਰੂਰੀ ਹੈ ਕਿ ਕੁਦਰਤ ਨਾਲ ਨੇੜਤਾ ਵਧਾਈ ਜਾਵੇ।ਖ਼ੁਦ ਕੁਦਰਤ ਨਾਲ ਜੁੜਨ ਦੇ ਨਾਲ-ਨਾਲ ਹੋਰਨਾਂ ਲੋਕਾਂ ਨੂੰ ਵੀ ਕੁਦਰਤ ਨਾਲ ਜੋੜਨ ਲਈ ਕੋਸ਼ਿਸ ਕੀਤੀ ਜਾਵੇ।
ਸੁਚਾਰੂ ਢੰਗ ਨਾਲ ਲਾਗੂ ਹੋਵੇ ਕਾਨੂੰਨ :- ਸਭ ਤੋ ਵੱਡੀ ਤ੍ਰਾਸਦੀ ਇਹ ਹੈ ਕਿ ਮਨੁੱਖ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਨਜ਼ਰਅੰਦਾਜ਼ ਕਰ ਕੇ ਦਰਿਆਵਾਂ ਦੇ ਅਮ੍ਰਿਤ ਵਰਗੇ ਪਾਣੀਆਂ ਵਿਚ ਜ਼ਹਿਰ ਘੋਲ ਰਿਹਾ ਹੈ।ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਬਹੁਤ ਸਾਰੇ ਹਿੱਸੇ ਪ੍ਰਦੂਸ਼ਿਤ ਪਾਣੀ ਕਾਰਨ ‘ਡਾਰਕ ਜ਼ੋਨ’ ਵਿਚ ਆਏ ਹੋਏ ਹਨ।ਕਈ ਇਲਾਕਿਆਂ ਵਿਚ ਪੀਣ ਯੋਗ ਸਾਫ਼ ਪਾਣੀ ਨਹੀਂ ਰਿਹਾ।ਵਾਤਾਵਰਨ ਪ੍ਰਦੂਸ਼ਣ ਕਾਰਨ ਹਵਾ ਵੀ ਸਾਹ ਲੈਣ ਯੋਗ ਨਹੀਂ ਰਹੀ।ਘਾਤਕ ਤੱਤਾਂ ਨੇ ਇਸ ਨੂੰ ਬਿਮਾਰੀਆਂ ਦਾ ਮੂਲ ਬਣਾ ਦਿੱਤਾ ਹੈ।ਪਲਾਸਟਿਕ ਅਤੇ ਹੋਰ ਜੈਵ ਅਵਿਘਟਨਸੀਲ ਤੇ ਜ਼ਹਿਰੀਲੇ ਰਸਾਇਣਾਂ ਨੇ ਧਰਤੀ ਦੀ ਸਿਹਤ ਉਪਰ ਬਹੁਤ ਮਾੜਾ ਅਸਰ ਪਾਇਆ ਹੈ।ਰਸਾਇਣਾਂ ਦੀ ਅੰਨੇਵਾਹ ਵਰਤੋਂ ਕਾਰਨ ਲਗਭਗ ਹਰ ਖਾਣ ਯੋਗ ਪਦਾਰਥ ਵਿਚ ਰਸਾਇਣਾਂ ਦੀ ਮੌਜੂਦਗੀ ਪਾਈ ਜਾ ਰਹੀ ਹੈ।ਹੋਰ ਤਾਂ ਹੋਰ ਅਮ੍ਰਿਤ ਸਮਾਨ ਪਵਿੱਤਰ ਮੰਨੇ ਜਾਣ ਵਾਲੇ ਮਾਂ ਦੇ ਦੁੱਧ ਵਿਚ ਵੀ ਰਸਾਇਣਕ ਤੱਤ ਮੌਜੂਦ ਹੋਣ ਦੀ ਵਿਗਿਆਨੀਆਂ ਵਲੋਂ ਪੁਸ਼ਟੀ ਕੀਤੀ ਜਾ ਚੁੱਕੀ ਹੈ।ਸਬਜ਼ੀਆਂ ਤੇ ਹੋਰ ਖਾਣਯੋਗ ਪਦਾਰਥਾਂ ਵਿਚ ਰਸਾਇਣਾਂ ਅਤੇ ਹੋਰ ਮਿਲਾਵਟ ਦੇ ਚੱਲਦਿਆਂ ਮਨੁੱਖੀ ਸਿਹਤ ਨਾਲ ਵੱਡਾ ਖਿਲਵਾੜ ਹੋ ਰਿਹਾ ਹੈ।ਦੇਸ਼ ਵਿਚ ਪ੍ਰਦੂਸ਼ਣ ਦੀ ਰੋਕਥਾਮ ਲਈ ਕਾਨੂੰਨ ਤਾਂ ਹੈ ਪਰ ਉਸ ਨੂੰ ਸੁਚਾਰੂ ਢੰਗ ਨਾਲ ਲਾਗੂ ਨਾ ਕੀਤੇ ਜਾਣਾ ਸਰਕਾਰ ਦੇ ਅਵੇਸਲੇਪਣ ਦਾ ਸਪਸ਼ਟ ਸੰਕੇਤ ਹੈ ਸਰਕਾਰ ਦੀ ਇਹ ਉਪਰਾਮਤਾ ਮਨੁੱਖਤਾ ਅਤੇ ਕੁਦਰਤ ਲਈ ਘਾਤਕ ਹੈ।
ਸੰਸਥਾਵਾਂ ਦੀ ਉਸਾਰੂ ਪਹਿਲ:- ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾਂ ਵਲੋਂ ਵਾਤਾਵਰਨ ਨੂੰ ਹਰਿਆ-ਭਰਿਆ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ।ਕੁਝ ਸੰਸਥਾਵਾਂ ਵਲੋਂ ਰੁੱਖ-ਬੂਟੇ ਪ੍ਰਸਾਦ ਦੇ ਰੂਪ ਵਿਚ ਵੰਡੇ ਜਾ ਰਹੇ ਹਨ।ਕਈ ਥਾਵਾਂ ਤੇ ਰੁੱਖਾਂ ਦੇ ਲੰਗਰ ਲਗਾਏ ਜਾ ਰਹੇ ਹਨ।ਇਹ ਇਕ ਸ਼ਲਾਘਾਯੋਗ ਕੰਮ ਹੈ।ਅਜਿਹੇ ਕੰਮ ਸਮਾਜ ਤੇ ਆਮ ਲੋਕਾਂ ਲਈ ਪ੍ਰੇਰਣਾਂ ਬਣਦੇ ਹਨ ਤੇ ਸਾਨੂੰ ਇੰਨ੍ਹਾਂ ਤੋ ਸੇਧ ਲੇਣੀ ਚਾਹੀਦੀ ਹੈ।ਰੁੱਖ ਲਗਾਉਣ ਦੀ ਮੁਹਿੰਮਾਂ ਨਾਲ ਜੁੜੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਬੂਟੇ ਲਗਾਉਣ ਤੋ ਬਾਅਦ ਉਨ੍ਹਾਂ ਦੇ ਵਾਧੇ-ਵਿਕਾਸ ਤੱਕ ਸੁਚੱਜੀ ਸੰਭਾਲ ਜ਼ਰੂਰ ਕਰਨ।



