Skip to content
Independent perspectives. Global stories.
BREAKING

ਰੇਲਵੇ ਦਾ ਨਿਜੀਕਰਨ ਸੀਮਿਤ ਹੋਵੇ

Share this story

ਕੇਂਦਰ ਸਰਕਾਰ ਵੱਲੋਂ ਰੇਲਵੇ ਦੇ ਨਿਜੀਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਰੇਲਵੇ ਦੇਸ਼ ਦਾ ਇਕ ਵੱਡਾ ਜਨਤਕ ਅਦਾਰਾ ਹੈ। ਰੇਲਵੇ ਅਸਲ ਵਿੱਚ ਆਮ ਲੋਕਾਂ ਦੀ ਆਵਾਜਾਈ ਦਾ ਸਸਤਾ ਸਾਧਨ ਹੈ। ਦੇਸ਼ ਦੀ ਅਰਥ ਵਿਵਸਥਾ ਵਿੱਚ ਰੇਲਵੇ ਨੇ ਵੱਡੀ ਭੂਮਿਕਾ ਨਿਭਾਈ ਹੈ। ਇਸ ਵੱਡੇ ਅਦਾਰੇ ਦਾ ਨਿਜੀਕਰਨ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਇਸ ਮੁੱਦੇ ਉੱਪਰ ਦੇਸ਼ ਭਰ ਵਿੱਚ ਵੱਡਾ ਵਿਵਾਦ ਛਿੜਿਆ ਹੋਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰੇਲਵੇ ਦੇ ਨਿਜੀਕਰਨ ਸਬੰਧੀ ਦੇਸ਼ ਵਾਸੀਆਂ ਨੂੰ ਭਰੋਸੇ ਵਿੱਚ ਲਵੇ। ਚੰਗਾ ਹੈ ਜੇਕਰ ਨਿਜੀਕਰਨ ਨੂੰ ਸੀਮਿਤ ਰੱਖਿਆ ਜਾਵੇ। ਕੇਂਦਰ ਸਰਕਾਰ ਨੇ ਨੀਤੀ ਆਯੋਗ ਦੀ ਨਿਗਰਾਨੀ ਹੇਠ ਸਟੇਸ਼ਨਾਂ ਤੇ ਰੇਲਾਂ ਦੇ ਨਿੱਜੀਕਰਨ ਦੀ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਲਈ ਇਕ ਸਮੂਹ ਦਾ ਗਠਨ ਕੀਤਾ ਹੈ। ਪੰਜ ਮੈਂਬਰਾਂ ਵਾਲਾ ਸਮੂਹ ਪਹਿਲ ਦੇ ਆਧਾਰ ‘ਤੇ 50 ਰੇਲਵੇ ਸਟੇਸ਼ਨਾਂ ਨੂੰ ਵਰਲਡ ਕਲਾਸ ਸਟੇਸ਼ਨ ਦੇ ਰੂਪ ‘ਚ ਵਿਕਸਤ ਕਰਨ ਦੇ ਇਲਾਵਾ ਪ੍ਰਮੁੱਖ ਮਾਰਗਾਂ ਦੀ 150 ਟ੍ਰੇਨਾਂ ਨੂੰ ਨਿੱਜੀ ਆਪ੍ਰਰੇਟਰਾਂ ਨੂੰ ਸੌਂਪਣ ਦੇ ਕੰਮ ‘ਚ ਤੇਜ਼ੀ ਲਿਆਉਣ ਦਾ ਉਪਾਅ ਸੁਝਾਏਗਾ। ਇਨ੍ਹਾਂ ‘ਚ ਟੈਂਡਰ ਦੀਆਂ ਸ਼ਰਤਾਂ ਤੇ ਪ੍ਰਕਿਰਿਆ ਆਦਿ ਤੈਅ ਕਰਨਾ ਸ਼ਾਮਲ ਹੈ।।ਸਮੂਹ ‘ਚ ਰੇਲਵੇ ਬੋਰਡ ਦੇ ਚੇਅਰਮੈਨ ਤੇ ਵਿੱਤ ਕਮਿਸ਼ਨਰ ਦੇ ਇਲਾਵਾ ਆਰਥਿਕ ਮਾਮਲਿਆਂ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰਾਂ ਨੂੰ ਮੈਂਬਰ ਤੇ ਰੇਲਵੇ ਬੋਰਡ ਦੇ ਮੈਂਬਰ, ਇੰਜੀਨੀਅਰਿੰਗ ਤੇ ਮੈਂਬਰ ਟ੍ਰੈਫਿਕ ਨੂੰ ਸਹਿ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਸਮੂਹ ਨੂੰ ਇਕ ਸਾਲ ਦੇ ਅੰਦਰ ਆਪਣਾ ਕੰਮ ਪੂਰਾ ਕਰਨ ਤੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਮੂਹ ਵਿੱਚ ਆਮ ਲੋਕਾਂ ਦੇ ਨੁਮਾਇੰਦੇ ਵੀ ਸ਼ਾਮਿਲ ਕੀਤੇ ਜਾਣ। ਰੇਲਵੇ ਦੇ ਮੁਲਾਜ਼ਮਾਂ ਦੀ ਗਿਣਤੀ ਲੱਖਾਂ ਵਿੱਚ ਹੈ ਇਸ ਲਈ ਉਨ੍ਹਾਂ ਨੂੰ ਵੀ ਇਸ ਕਮੇਟੀ ਵਿੱਚ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ। ਰੇਲਵੇ ਦੇ ਨਿਜੀਕਰਨ ਦੇ ਕਾਰਜ ਨੂੰ ਕਾਹਲੀ ਨਾਲ ਨੇਪਰੇ ਨਹੀਂ ਚਾੜ੍ਹਿਆ ਜਾਣਾ ਚਾਹੀਦਾ। ਇਸ ਲਈ ਸਾਰੇ ਫੈਸਲੇ ਡੂੰਘੀ ਸੋਚ ਵਿਚਾਰ ਪਿੱਛੋਂ ਲਏ ਜਾਣੇ ਚਾਹੀਦੇ ਹਨ। ਇਹ ਕੰਮ ਪੜਾਅਵਾਰ ਹੋਣਾ ਚਾਹੀਦਾ ਹੈ। ਜੇਕਰ ਪਹਿਲੇ ਪੜਾਅ ਦੇ ਨਤੀਜੇ ਉਤਸ਼ਾਹਜਨਕ ਆਉਂਦੇ ਹਨ ਤਦ ਹੀ ਇਸ ਪ੍ਰਸਤਾਵ ‘ਤੇ ਅੱਗੇ ਵਧਿਆ ਜਾਵੇ। ਰੇਲਵੇ ਦੀ ਹੋਂਦ ਨੂੰ ਬਣਾਈ ਰੱਖਣਾ ਅਤੇ ਰੇਲਵੇ ਦਾ ਸਮੁੱਚਾ ਵਿਕਾਸ ਸਰਕਾਰ ਦੀ ਪਹਿਲੀ ਤਰਜੀਹ ਹੋਣਾ ਚਾਹੀਦਾ ਹੈ। ਇਹ ਕੰਮ ਸਾਫ ਨੀਅਤ ਨਾਲ ਕੀਤਾ ਜਾਵੇ ਤਾਂ ਜੋ ਦੇਸ਼ ਦੇ ਜਨਤਕ ਹਿੱਤਾਂ ਨੂੰ ਨੁਕਸਾਨ ਨਾ ਹੋਵੇ।
– ਬਲਜੀਤ ਸਿੰਘ ਬਰਾੜ

WRITTEN BY