Skip to content
Independent perspectives. Global stories.
BREAKING

ਮਾਛੀਵਾੜਾ ਸ਼ਹਿਰ ਦੇ ‘ਲੋਕ ਅਦਾਰੇ’ ‘ਭੱਦਰਪੁਰਸ਼ ਦਲਾਲਾਂ’ ਦੇ ਸਾਏ ਹੇਠ

Share this story

ਆਮ ਆਦਮੀ ਨੂੰ ‘ਟਿੱਚ’ ਨਹੀਂ ਜਾਣਦੇ ਮੁਲਾਜ਼ਮ
ਸ੍ਰੀ ਮਾਛੀਵਾੜਾ ਸਾਹਿਬ- ਭਾਰਤੀ ਸੰਵਿਧਾਨ ਹਰ ਇਨਸਾਨ ਨੂੰ ਬਿਨਾਂ ਕਿਸੇ ਵੀ ਭੇਦ ਭਾਵ ਦੇ ਇੱਜਤ ਤੇ ਮਾਣ ਸਨਮਾਨ ਦੀ ਜਿੰਦਗੀ ਜਿਉਣ ਦਾ ਹੱਕ ਦਿੰਦਾ ਹੈ ਸ਼ਾਇਦ ਏਸੇ ਲਈ ਭਾਰਤ ਵਰਗੇ ਲੋਕਤੰਤਰੀ ਦੇਸ਼ ਵਿਚ ਆਮ ਆਦਮੀ ਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਲੋੜਾਂ ਅਨੁਸਾਰ ਵੱਖ ਵੱਖ ਅਦਾਰੇ ਖੋਲੇ ਜਾਂਦੇ ਹਨ ਜਿਨ੍ਹਾਂ ਵਿੱਚ ਆਮ ਆਦਮੀ ਦੇ ਦਿੱਤੇ ਟੈਕਸਾਂ ਤੋਂ ਇੱਕਠੇ ਹੋਏ ਪੈਸੇ ਨਾਲ ਤਨਖਾਹਾਂ ਦੇ ਕੇ ਮੁਲਾਜ਼ਮ ਰੱਖੇ ਜਾਂਦੇ ਹਨ ਪਰ ਮੋਟੀਆਂ ਤਨਖਾਹਾਂ ਲੈਣ ਵਾਲੇ ਇਹਨਾਂ ਮੁਲਾਜ਼ਮਾਂ ਨੂੰ ਆਮ ਆਦਮੀ ਤੋਂ ਕੁਰਸੀ ਤੇ ਬੈਠਦਿਆਂ ਹੀ “ਮੁਸ਼ਕ “ਕਿਉਂ ਆਉਣ ਲੱਗ ਜਾਂਦਾ ਹੈ !ਇਹੀ ਹਾਲ ਸ਼ਹਿਰ ਸ੍ਰੀ ਮਾਛੀਵਾੜਾ ਸਾਹਿਬ ਦੇ ਵਿੱਚ ਸਥਿਤ ਲੋਕ ਅਦਾਰਿਆਂ ਦਾ ਹੈ, ਇਹ ਲੋਕ ਅਦਾਰੇ ਭਾਂਵੇ ਕੌਮੀ ਪੱਧਰ ਦੇ ਹਨ ਭਾਂਵੇ ਪੰਜਾਬ ਪੱਧਰ ਦੇ! ਇਹਨਾਂ ਵਿੱਚ ਨੈਸ਼ਨਲ ਬੈਂਕ, ਪੰਜਾਬ ਸਰਕਾਰ ਦੇ ਕੋਆਪਰੇਟਿਵ ਅਦਾਰੇ,ਬਿਜਲੀ ਬੋਰਡ,ਫੂਡ ਸਪਲਾਈ, ਸਬ-ਤਹਿਸੀਲ ,ਪੁਲਿਸ ਸਟੇਸ਼ਨ ਜਾਂ ਹੋਰ ਕੋਈ ,ਜੋ ਆਮ ਲੋਕਾਂ ਨਾਲ ਸੰਬੰਧਤ ਹੈ ਉੱਥੇ ਆਮ ਆਦਮੀ ਦੀ ਸਿੱਧੀ ਕੋਈ ਵੀ ਅਹਿਮੀਅਤ ਨਹੀਂ ਜਦਕਿ ਇਹ ਅਦਾਰੇ ਲੋਕਾਂ ਦੇ ਲੋਕਾਂ ਲਈ ਹੁੰਦੇ ਹਨ ਪਰ ਸ਼ਹਿਰ ਦੇ ਇਹਨਾਂ ਅਦਾਰਿਆਂ ਵਿੱਚ ਆਮ ਆਦਮੀ ਨੂੰ ਰੱਜ ਕੇ ਜਲੀਲ ਕੀਤਾ ਜਾਂਦਾ ਹੈ ਤੇ ਉਸਦਾ ਅਦਾਰੇ ਵਿੱਚ ਜੇ ਕੋਈ ਕੰਮ ਹੋਵੇ ਤਾਂ ਉਹ ਕੰਮ ਕਰਨ ਬਦਲੇ ਉਸ ਤੇ ਅਹਿਸਾਨ ਕੀਤਾ ਜਾਂਦਾ ਹੈ ਕਿ ਅਸੀਂ ਤੇਰਾ ਕੰਮ ਕੀਤਾ, ਤੇ ਆਮ ਮਾਤੜ ਆਦਮੀ ਇਹਨਾਂ ਅਦਾਰਿਆਂ ਵਿੱਚ ਬੈਠੇ ਲੋਕਾਂ ਨੂੰ ਆਪਣਾ ਰੱਬ ਸਮਝੀ ਜਾਦਾਂ ਹੈ ਜਦਕਿ ਇਹ ਲੋਕ ਆਮ ਇਨਸਾਨ ਦੇ ਸਰਕਾਰੀ ਨੌਕਰ ਹਨ ,ਜਦੋ ਕਿ ਸਰਕਾਰ ਇਹਨਾਂ ਨੂੰ ਤਨਖਾਹ ਲੋਕਾਂ ਨੂੰ ਸਹੂਲਤ ਦੇਣ ਬਦਲੇ ਦਿੰਦੀ ਹੈ ਪਰ ਸਰਕਾਰੀ ਕੁਰਸੀ ਤੇ ਬੈਠਦਿਆਂ ਹੀ ਇਹਨਾਂ ਲੋਕਾਂ ਦੇ ਤੇਵਰ ਬਦਲ ਜਾਂਦੇ ਹਨ ਤੇ ਆਮ ਇਨਸਾਨ ਨੂੰ ਕੀੜੇ ਮਕੌੜੇ ਸਮਝਣ ਲੱਗ ਜਾਂਦੇ ਹਨ ! ਸ਼ਹਿਰ ਵਿਚਲੇ ਇਹਨਾਂ ਅਦਾਰਿਆਂ ਤੇ “ਭੱਦਰਪੁਰਸ਼ ਦਲਾਂਲਾਂ “ਦਾ ਪੂਰੀ ਤਰ੍ਹਾਂ ਕਬਜਾ ਹੈ ਜੋ ਮੋਟੀਆਂ ਰਕਮਾਂ ਆਮ ਆਦਮੀ ਤੋਂ ਕੰਮ ਬਦਲੇ ਵਸੂਲ ਕੇ ਅਫਸਰਸ਼ਾਹੀ ਨਾਲ ਵੰਡੀਆਂ ਪਾ ਕੇ ਸ਼ਾਮ ਨੂੰ “ਪੈੱਗ ਖੜਾਕਾਉਂਦੇ ਹਨ ! ਇਹਨਾਂ ਦੀ ਦਲਾਲੀ ਕਚਿਹਰੀ ਵਿੱਚ ਰਜਿਸਟਰੀ ਲਈ ਗੈਰ -ਸਰਕਾਰੀ ਫੀਸ ਲਈ ,ਥਾਣੇ ਵਿੱਚ ਕਿਸੇ ਨੂੰ ਆਪੇ ਫਸਾ ਕੇ ਆਪੇ ਛੁਡਾਵਾਉਣਾ,ਬੈਂਕਾਂ ਵਿੱਚ ਕਮਿਸ਼ਨ ਲੈ ਕੇ ਕਰਜਾ ਦਿਵਾਉਣਾ,ਨਗਰ ਕੌਂਸਲ ਵਿੱਚ ਸਿਫਾਰਸ਼ ਨਾਲ ਸਰਕਾਰੀ ਕੰਮ ਕਰਵਾਉਣੇ ਤੇ ਹੋਰ ਪਤਾ ਨਹੀਂ ਕੀ ਕੀ ਹੁੰਦਾ ਹੈ ਇਸ ਸ਼ਹਿਰ ਦੇ ਲੋਕ ਅਦਾਰਿਆਂ ਵਿੱਚ,ਜੇ ਇਹ ਕਹਿ ਲਿਆ ਜਾਵੇ ਕਿ ਵੱਡੀ ਗਿਣਤੀ ਵਿੱਚ ਭੱਦਰਪੁਰਸ਼ ਦਲਾਂਲਾਂ ਨੂੰ ਰੁਜਗਾਰ ਮਿਲਦਾ ਹੈ ਅਫਸਰਸ਼ਾਹੀ ਦੀ ਦਲਾਲੀ ਕਰਨ ਦਾ ਤਾਂ ਇਹਦੇ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ !,ਕੁਝ ਭੱਦਰਪੁਰਸ਼ਾਂ ਦਾ ਤਾਂ ਕੰਮ ਹੀ ਥਾਣੇ ਕਚਿਹਰੀ ਜਾਂ ਬੈਂਕਾਂ ਵਿੱਚ ਅਫਸਰਸ਼ਾਹੀ ਦੀ ਚਮਚੀ ਮਾਰ ਕੇ ਉਹਨਾਂ ਦੇ ਨੇੜੇ ਲੱਗਣਾਂ ਤੇ ਵਿਹਲੇ ਟਾਈਮ ਸਰਕਾਰੀ ਦਫਤਰਾਂ ਵਿੱਚ ਬਿਨਾਂ ਕੰਮ ਤੋਂ ਕੁਰਸੀਆਂ ਤੋੜਨਾਂ ਤੇ ਹਲਾਲ ਕਰਨ ਲਈ ਮੁਰਗੀਆਂ ਲੱਭਣਾਂ ਹੈ !ਸ਼ਹਿਰ ਦੀਆਂ ਇੱਕ ਦੋ ਵੱਡੀਆਂ ਬੈਂਕਾਂ ਵਿੱਚ ਪਾਸ ਬੁੱਕ ਦੀ ਐਂਟਰੀ ਵੀ ਕਰਵਾਉਣੀ ਹੋਵੇ ਤਾਂ ਇੱਕ ਘੰਟੇ ਦਾ ਸਮਾਂ ਖਰਾਬ ਕਰਨ ਦੇ ਨਾਲ ਸੰਬੰਧਤ ਅਫਸਰਸ਼ਾਹੀ ਦੀਆਂ ਝਿੜਕਾਂ ਵੀ ਖਾਣੀਆਂ ਪੈ ਸਕਦੀਆਂ ਤੇ ਐਂਟਰੀ ਨੂੰ ਹਫਤਾ ਵੀ ਲਗ ਸਕਦਾ ਕਿਉਂਕਿ ਡਿਜੀਟਲ ਇੰਡੀਆ ਦੀਆਂ ਐਂਟਰੀ ਮਸ਼ੀਨਾਂ ਅਕਸਰ ਖਰਾਬ ਰਹਿੰਦੀਆਂ ਹਨ ਤੇ ਬੈਂਕ ਦੇ ਅੰਦਰ ਐਂਟਰੀ ਕਰਨ ਲਈ ਬੈਠੇ ਸਟਾਫ ਦੀ ਮਰਜੀ ਏ ਕਿ ਉਹ ਐਂਟਰੀ ਕਰੇ ਜਾਂ ਨਾਂ ,ਕਿਉਂਕਿ ਉਹ ਘਰੋਂ ਆਏ ਫੋਨ ਤੇ ਬਿਜੀ ਵੀ ਹੋ ਸਕਦਾ ਹੈ ! ਕੁਝ ਕੁ ਨੈਸ਼ਨਲ ਬੈਂਕਾਂ (ਸਾਰੇ ਨਹੀਂ)ਵਿੱਚ ਯੂਪੀ ਬਿਹਾਰ ਜਾਂ ਸਥਾਨਕ ਗਰੀਬ ਤਬਕੇ ਨੂੰ ਤਾਂ ਇਹਨਾਂ ਦੇ ਬਹੁਤੇ ਮੁਲਾਜ਼ਮ (ਸਾਰੇ ਨਹੀਂ,ਚੰਗੇ ਵੀ ਹਨ ਬਹੁਤ) ਟਿੱਚ ਨਹੀਂ ਜਾਣਦੇ ਪਰ ਇਸ ਅਫਸਰਸ਼ਾਹੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਜੇ ਇਹ ਲੋਕ ਬੈਂਕ ਆਉਦੇ ਹਨ ਤਾਂ ਹੀ ਥੋਨੂੰ ਤਨਖਾਹਾਂ ਮਿਲਦੀਆਂ ਹਨ,ਹੋਰ ਸਰਕਾਰ ਨੇ ਤੁਹਾਥੋਂ ਮੱਕੀ ਨਹੀਂ ਗੁਡਾਉਣੀ !ਜਿਸ ਸਿਸਟਮ ਵਿੱਚ ਸਟਰੀਟ ਲਾਈਟਾਂ ਦੇ ਬੱਲਬ ਬਦਲਣ , ਮੁਹੱਲੇ ਦੀ ਸਫਾਈ ਜਾਂ ਨਾਕੇ ਤੇ ਖੜੇ ਸਿਪਾਹੀ ਤੋਂ ਖਹਿੜਾ ਛੁਡਾਉਣ ਲਈ ਆਮ ਆਦਮੀ ਨੂੰ ਵਿਚਲੇ ਬੰਦੇ ਰਾਂਹੀ ਸਿਫਾਰਸ਼ ਪਾਉਣੀ ਪਵੇ ਜਾਂ ਫਿਰ ਸਰਕਾਰੀ ਹਸਪਤਾਲ ਵਿੱਚ ਜਖਮੀ ਨੂੰ ਦਾਖਲ ਕਰਨ ਲਈ ਜਾਂ ਫਿਰ ਬੈਂਕ ਚ ਲੱਗੀ ਲਾਈਨ ਚੋ ਹਟ ਕੇ ਪਹਿਲਾਂ ਕੈਸ਼ ਲੈਣ ਲਈ ਦਲਾਲਾਂ ਦੇ ਫੋਨ ਕਰਵਾਉਣੇ ਪੈਣ,ਤਾਂ ਫਿੱਟ ਲਾਹਣਤ ਏਹੋ ਜਿਹੀ ਅਜਾਦੀ ਨੂੰ ਜਿਹੜੀ ਪੈਰ ਪੈਰ ਤੇ ਆਮ ਆਦਮੀ ਨੂੰ ਜਲੀਲ ਕਰਦੀ ਏ !ਨਿਰਾ ਪੁਰਾ ਸਰਕਾਰਾਂ ਨੂੰ ਦੋਸ਼ ਦੇਣਾਂ ਵੀ ਸਹੀ ਨਹੀਂ, ਹਾਂ ਸਰਕਾਰਾਂ ਦਾ ਇਹ ਦੋਸ਼ ਜਰੂਰ ਏ ਕਿ ਉਹ ਸਖਤੀ ਨਹੀਂ ਵਰਤਦੀਆਂ,ਅਸਲ ਦੋਸ਼ੀ ਅਸੀਂ ਖੁਦ ਹਾਂ ਜੋ ਆਮ ਲੋਕਾਂ ਵਿੱਚੋਂ ਨਿਕਲ ਕੇ ਜਦੋਂ ਸਰਕਾਰੀ ਕੁਰਸੀ ਤੇ ਬੈਠਦੇ ਹਾਂ ਤਾਂ ਸਾਨੂੰ ਤਨਖਾਹ ਤੋਂ ਇਲਾਵਾ ਉਪਰਲੀ ਕਮਾਈ ਦਾ ਜਿਆਦਾ ਫਿਕਰ ਹੁੰਦਾ ਤੇ ਉਹਦੇ ਲਈ ਅਸੀਂ ਆਪਣੇ ਹੀ ਭੈਣ ਭਰਾਵਾਂ ਦੇ ਗਲ ਵੱਡਣੇ ਸ਼ੁਰੂ ਕਰ ਦਿੰਦੇ ਹਾਂ ਤੇ ਇਨਸਾਨੀਅਤ ਭੁੱਲ “ਖੜੱਪੇ ਸੱਪ“ ਬਣ ਜਾਂਦੇ ਹਾਂ ! ਇਸ ਸ਼ਹਿਰ ਵਿਚ ਤਾਂ ਲੋਕਾ ਨਾਲ ਸਿੱਧੇ ਤੌਰ ਤੇ ਜੁੜੇ ਕੁਝ ਮੁਲਾਜ਼ਮਾਂ ਤੇ ਲੋਕ ਚੁੰਜ ਚਰਚਾ ਵਿੱਚ ਇਹ ਇਲਜਾਮ ਵੀ ਲਗਦੇ ਹਨ ਕਿ ਉਹ ਰੇਹੜੀ ਫੜੀ ਵਾਲਿਆਂ ਤੋਂ ਫਰੀ ਵਿੱਚ ਫਲ ਫਰੂਟ ਤੇ ਸਬਜੀਆਂ ਵੀ ਲੈ ਜਾਂਂਦੇ ਹਨ ,ਸੱਚ ਕੀ ਏ ਪਤਾ ਨਹੀਂ ਪਰ ਸ਼ਹਿਰ ਵਿੱਚ ਚਰਚਾ ਜਰੂਰ ਏ ! ਹੁਣ ਆਟਾ ਦਾਲ ਸਕੀਮ ਤਹਿਤ ਰੱਦ ਹੋਏ ਕਾਰਡ ਦੁਬਾਰਾ ਬਣਾਉਣ ਲਈ ਫਿਰ ਦਲਾਲਾਂ ਦੇ ਵਸ ਪੈਣਾ ਪੈਣਾਂ ਏ ਕਿਉਂਕਿ ਸਰਕਾਰੀ ਤੰਤਰ ਚਲਦਾ ਹੀ ਦਲਾਲਾਂ ਸਿਰ ਤੇ ਹੈ !ਦਲਾਲਾਂ ਦਾ ਢਿੱਡ ਭਰਨ ਲਈ ਤਾਂ ਸਰਕਾਰਾਂ ਐਹੋ ਜਿਹੇ ਅਡੰਬਰ ਬਾਰ ਬਾਰ ਰਚਦੀਆਂਂ ਹਨ !ਸਾਡੀ ਅਪੀਲ ਹੈ ਸ਼ਹਿਰ ਦੇ ਲੋਕ ਅਦਾਰਿਆਂ ਵਿੱਚ ਕੰਮ ਕਰਦੀ ਉਸ ਅਫਸਰਸ਼ਾਹੀ ਨੂੰ ਜਿਹੜੀ ਲੋਕਾਂ ਨਾਲ ਮਾੜਾ ਵਿਵਹਾਰ ਕਰਦੀ ਏ, ਕਿ ਪਰਮਾਤਮਾ ਨੇ ਤੁਹਾਨੂੰ ਰੁਜਗਾਰ ਦੇ ਨਾਲ ਨਾਲ ਕੁਰਸੀ ਦੀ ਤਾਕਤ ਵੀ ਦਿੱਤੀ ਹੈ ਤਾਂ ਇਹਨੂੰ ਸਿਧੇ ਰੂਪ ਵਿੱਚ (ਦਲਾਲਾਂ ਨੂੰ ਪਰੇ ਕਰ )ਆਮ ਲੋਕਾਂ ਦੀ ਸੇਵਾ ਵਿੱਚ ਲਗਾ ਕੇ ਦੇਖੋ ਤਾਂ ਤੁਹਾਨੂੰ ਕਿਸੇ ਧਾਰਮਿਕ ਸਥਾਨ ਤੇ ਮੱਥਾ ਰਗੜ ਕੇ ਮਨ ਦੀ ਸੰਤੁਸ਼ਟੀ ਲੱਭਣ ਦੀ ਲੋੜ ਨਹੀਂ ਪਏਗੀ ,ਉਹ ਸੰਤੁਸ਼ਟੀ ਆਮ ਲੋਕਾਂ ਦੀਆਂ ਅਸੀਸਾਂ ਵਿੱਚੋ ਹੀ ਮਿਲ ਜਾਣੀ ਏ ! ਕੀ ਆਮ ਆਦਮੀ ਛੋਟੇ ਜਿਹੇ ਕੰਮ ਲਈ ਸਰਕਾਰੀ ਦਫਤਰ ਵਿੱਚ ਅਫਸਰਸ਼ਾਹੀ ਦੇ ਸਾਹਮਣੇ “ਵਿਚਾਰਾ “ਜਿਹਾ ਬਣ ਕੇ ਖੜਨ ਲਈ ਹੈ ! ਨਹੀਂ ਬਿਲਕੁੱਲ ਨਹੀਂ,ਉਹਦਾ ਅਧਿਕਾਰ ਏ ਆਪਣੇ ਕੰਮ ਕਰਵਾਉਣਾ ਤੇ ਮੁਲਾਜ਼ਮਾਂ ਦੀ ਡਿਊਟੀ ਏ ਉਹਦਾ ਸਹੀ ਕੰਮ ਬਾਇੱਜਤ ਕਰਨਾਂ! ਸਾਡੀ ਇਸ ਖਬਰ ਜਰੀਏ ਸੰਬੰਧਤ ਪ੍ਰਸ਼ਾਸ਼ਨ ਨੂੰ ਵੀ ਅਪੀਲ ਹੈ ਕਿ ਲੋਕ ਅਦਾਰਿਆਂ ਵਿੱਚ ਕੰਮ ਕਰਦੇ ਇਹਨਾਂ ਮੁਲਾਜਮਾਂ ਨੂੰ “ਲੋਕ ਵਿਵਹਾਰ “ਦਾ ਪਾਠ ਜਰੂਰ ਪੜਾਇਆ ਜਾਵੇ ਤਾਂ ਜੋ ਉਹਨਾਂ ਨੂੰ ਇਹ ਅਹਿਸਾਸ ਹੋ ਸਕੇ ਕਿ ਅਸੀਂ ਲੋਕਾਂ ਦੀ ਸੇਵਾ ਲਈ ਸਰਕਾਰੀ ਖਜਾਨੇ ਚੋਂ ਤਨਖਾਹ ਲੈਣ ਵਾਲੇ ਸਰਕਾਰੀ ਨੌਕਰ ਹਾਂ, ਨਾਂ ਕਿ ਉਹਨਾਂ ਦੇ ਬੌਸ ! ਨਾਲ ਹੀ ਹਰ ਮਹਿਕਮੇ ਨਾਲ ਸੰਬੰਧਤ ਉੱਚ ਅਧਿਕਾਰੀ ਨੂੰ ਵੀ ਅਪੀਲ ਹੈ ਕਿ ਇਹਨਾਂ ਲੋਕ ਅਦਾਰਿਆਂ ਨੂੰ “ਭੱਦਰਪੁਰਸ਼ ਦਲਾਂਲਾਂ “ਤੋਂ ਮੁਕਤ ਕਰਵਾਉਣ ਲਈ ਸਖਤੀ ਜਰੂਰ ਵਰਤਣ!

WRITTEN BY