ਭਾਰਤ ਸਰਕਾਰ ਵੱਲੋਂ ਕਿਸਾਨਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ। ਪਹਿਲਾਂ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਕੀਤੇ ਗਏ। ਫਿਰ ਤੇਲ ਦੀਆਂ ਕੀਮਤਾਂ ਵਿੱਚ ਵੱਡੇ ਵਾਧੇ ਨਾਲ ਕਿਸਾਨਾਂ ਉੱਪਰ ਭਾਰੀ ਆਰਥਿਕ ਬੋਝ ਪਾਇਆ ਗਿਆ। ਹੁਣ ਫਸਲਾਂ ਦੇ ਸਮਰਥਨ ਮੁੱਲ ਦੇ ਮੁੱਦੇ ਉੱਪਰ ਇਕ ਵਾਰ ਫਿਰ ਕਿਸਾਨਾਂ ਨੂੰ ਧੋਖਾ ਦਿੱਤਾ ਗਿਆ ਹੈ। ਇਕ ਪਾਸੇ ਸਰਕਾਰ ਇਹ ਦਾਅਵੇ ਕਰ ਰਹੀ ਹੈ ਕਿ ਉਹ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰੇਗੀ। ਦੂਸਰੇ ਪਾਸੇ ਖੇਤੀ ਲਈ ਲੋੜੀਂਦੇ ਸਾਧਨਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦੇ ਬਾਵਜੂਦ ਕਣਕ ਦੇ ਭਾਅ ਵਿੱਚ ਮਾਮੂਲੀ 85 ਰੁਪਏ ਦੇ ਵਾਧੇ ਦੀ ਸਿਫਾਰਸ਼ ਕੀਤੀ ਗਈ ਹੈ। ਕੇਂਦਰੀ ਕੀਮਤ ਤੇ ਲਾਗਤ ਕਮਿਸ਼ਨ ਵੱਲੋਂ ਕੇਂਦਰ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਹੈ ਕਿ ਕਣਕ ਦੀ ਅਗਲੀ ਫਸਲ ਲਈ ਘੱਟੋ-ਘੱਟ ਭਾਅ 1925 ਰੁਪਏ ਕੁਇੰਟਲ ਮਿਥਿਆ ਜਾਵੇ। ਇਸ ਭਾਅ ਨਾਲ ਕਿਸਾਨਾਂ ਦੇ ਲਾਗਤ ਖਰਚੇ ਵੀ ਪੂਰੇ ਨਹੀਂ ਹੋਣਗੇ। ਪਿਛਲੇ ਸਾਲ ਨੂੰ ਕਣਕ ਦਾ 1840 ਰੁਪਏ ਪ੍ਰਤੀ ਕੁਇੰਟਲ ਭਾਅ ਦਿੱਤਾ ਗਿਆ ਸੀ। ਇਸ ਵਿੱਚ ਹੁਣ ਸਿਰਫ 85 ਰੁਪਏ ਦਾ ਵਾਧਾ ਕਰਨ ਦੀ ਸਿਫਾਰਸ਼ ਕੀਤੀ ਹੈ। ਕੇਂਦਰ ਸਰਕਾਰ ਆਮ ਤੌਰ ‘ਤੇ ਕਮਿਸ਼ਨ ਦੀ ਸਿਫਾਰਸ਼ ਨੂੰ ਇਨ-ਬਿਨ ਪ੍ਰਵਾਨ ਕਰ ਲੈਂਦੀ ਹੈ। ਕਹਿਣ ਦਾ ਭਾਵ ਇਹ ਹੈ ਕਿ ਕਣਕ ਦੇ ਸਮਰਥਨ ਮੁੱਲ ਵਿੱਚ ਹੋਰ ਵਾਧਾ ਹੋਣ ਦੀ ਗੁੰਜਾਇਸ਼ ਬਹੁਤ ਘੱਟ ਹੈ। ਕਿਸਾਨ ਜਥੇਬੰਦੀਆਂ ਲਗਾਤਾਰ ਇਹ ਮੰਗ ਕਰ ਰਹੀਆਂ ਹਨ ਕਿ ਖੇਤੀਬਾੜੀ ਯੂਨੀਵਰਸਿਟੀਆਂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਭਾਅ ਤੈਅ ਕੀਤਾ ਜਾਵੇ ਕਿਉਂਕਿ ਮੌਜੂਦਾ ਭਾਅ ਨਾਲ ਕਿਸਾਨਾਂ ਦੇ ਲਾਗਤ ਖਰਚੇ ਪੂਰੇ ਨਹੀਂ ਹੁੰਦੇ। ਸਮਰਥਨ ਮੁੱਲ ਘੱਟ ਹੋਣ ਕਰਕੇ ਹੀ ਕਿਸਾਨਾਂ ਨੂੰ ਭਾਰੀ ਘਾਟਾ ਸਹਿਣ ਕਰਨਾ ਪੈਂਦਾ ਹੈ। ਇਸ ਕਰਕੇ ਹੀ ਦੇਸ਼ ਭਰ ਦੇ ਕਿਸਾਨ ਕਰਜ਼ੇ ਹੇਠ ਦੱਬੇ ਹੋਏ ਹਨ। ਕਿਸਾਨਾਂ ਤੋਂ ਖਰੀਦੀਆਂ ਗਈਆਂ ਕਣਕ ਅਤੇ ਹੋਰ ਜਿਣਸਾਂ ਵਪਾਰੀ ਬਾਅਦ ਵਿੱਚ ਦੁੱਗਣੇ ਮੁੱਲ ‘ਤੇ ਵੇਚਦੇ ਹਨ। ਮੰਡੀਆਂ ਵਿੱਚ ਕਿਸਾਨਾਂ ਦੀ ਇਹ ਲੁੱਟ ਰੋਕੀ ਜਾਣੀ ਚਾਹੀਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸਾਰੀਆਂ ਫਸਲਾਂ ਦੇ ਭਾਅ ਸੂਚਕ ਅੰਕ ਨਾਲ ਜੋੜੇ ਜਾਣ।
– ਬਲਜੀਤ ਸਿੰਘ ਬਰਾੜ



