ਕਈ ਦਹਾਕਿਆਂ ਪਹਿਲਾਂ ਪਵਿੱਤਰ ਅਸਥਾਨ ਬਾਬਾ ਬਕਾਲੇ ਵਿੱਚ ਸਟੇਜ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਤ ਇੱਕ ਨਾਟਕ ਖੇਡਿਆ ਜਾ ਰਿਹਾ ਸੀ। ਚਿੱਤਰਕਾਰ ਦੀ ਭੂਮਿਕਾ ਕਰ ਰਹੇ ਨਾਟਕ ਕਲਾਕਾਰ ਨੇ ਗੁਰੂ ਸਾਹਿਬ ਦਾ ਜੋ ਚਿੱਤਰ ਕੈਨਵਾਸ ਤੇ ਬਣਾਇਆ , ਨਾਟਕ ਵੇਖ ਰਹੇ ਕੁਝ ਲੋਗਾਂ ਨੂੰ ਪਸੰਦ ਨਹੀਂ ਆਇਆ। ਇੱਕ ਸਿੰਘ ਸਟੇਜ ਤੇ ਚੜ੍ਹ ਆਇਆ ਤੇ ਕਿਰਪਾਨ ਕਢ੍ਹ ਲਈ . ਨਾਟਕ ਕਲਾਕਾਰ ਨੇ ਬਹਿਸ ਦੁਰਾਨ ਇੱਕ ਸਟੀਕ ਗੱਲ ਕਹੀ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਹੁਣ ਤਲਵਾਰ ਨਾਲ ਹੋਵੇਗੀ। ਉਸ ਸਿੱਖ ਕਲਾਕਾਰ ਨੇ ਉਸ ਦਿਨ ਤੋਂ ਬਾਅਦ ਨਾਟਕ ਕਰਨੇ ਛੱਡ ਦਿੱਤੇ ਪਰ ਉਸ ਦੀ ਇਹ ਗੱਲ ਅੱਜ ਵੀ ਇਕ ਸਵਾਲਿਆ ਨਿਸ਼ਾਨ ਬਣੀ ਹੋਈ ਹੈ। ਸਵਾਲ ਹੈ ਕਿ ਗੁਰੂ ਨਾਨਕ ਸਾਹਿਬ ਦੀ ਗੱਲ ਕਿਵੇਂ ਕਰਣੀ ਜੋਗ ਹੈ। ਸਿੱਖ ਕੌਮ ਇਸ ਦਾ ਜਵਾਬ ਅਜੇ ਵੀ ਨਹੀਂ ਲੱਭ ਪਾਈ ਹੈ। ਆਸਾ ਰਾਗ ਵਿੱਚ ਗੁਰੂ ਆਰਜਨ ਸਾਹਿਬ ਦਾ ਸ਼ਬਦ ਹੈ ਕਿ ਅੱਜ ਗੁਰਸਿੱਖ ਦੀ ਸੰਸਾਰ ਅੰਦਰ ਜੋ ਵੀ ਸ਼ੋਭਾ , ਮਾਣ ਮਰਿਆਦਾ ਹੈ ਉਹ ਵਾਹਿਗੁਰੂ ਦੇ ਨਾਮ ਸਦਕਾ ਹੈ। ਪੂਰੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਨਾਮ ਜਪਣ ਵਾਲੇ ਗੁਰਸਿੱਖ ਤੇ ਵਾਹਿਗੁਰੂ ਆਪ ਬਖਸ਼ਿਸ਼ਾਂ ਦੀ ਬਰਖਾ ਕਰ ਕੇ ਨਿਵਾਜਦਾ ਹੈ। ਗੁਰਸਿੱਖ ਦੇ ਸਾਰੇ ਗੁਣ , ਸਾਰੇ ਸੁਖ ਵਾਹਿਗੁਰੂ ਦਾ ਆਸਰਾ ਲੈਣ ਨਾਲ ਹੀ ਬਣੇ ਹਨ। ਗੁਰਸਿੱਖ ਸਦਾ ਗੁਰਬਾਣੀ ‘ਚ ਰਮਿਆ ਰਹਿੰਦਾ ਹੈ ਤੇ ਉਸ ਨੂੰ ਜੀਵਨ ਅੰਦਰ ਧਾਰਨ ਕਰਦਾ ਹੈ। ਵਾਹਿਗੁਰੂ ਦੀਆਂ ਅਪਾਰ ਬਖਸ਼ਿਸ਼ਾਂ ਨਾਲ ਗੁਰਸਿੱਖ ਅੰਦਰ ਨਿਮਾਣੀ ਤੇ ਸਹਿਜ ਅਵਸਥਾ ਬਣ ਆਉਂਦੀ ਹੈ। ਇਹੋ ਗੁਰਸਿੱਖ ਦਾ ਆਨੰਦ ਹੈ। ਅੱਜ ਸਿੱਖ ਕੌਮ ਅੰਦਰ ਠੀਕ ਇਸ ਗੁਰ ਹੁਕਮ ਦੇ ਉਲਟ ਵਰਤਾਰਾ ਹੁੰਦਾ ਵਿਖਾਈ ਦੇ ਰਿਹਾ ਹੈ। ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਉਤਸਾਹ ਹੋਣਾ ਸ਼ਲਾਘਾ ਜੋਗ ਹੈ। ਗੁਰੂ ਸਾਹਿਬ ਦਾ ਜਸ ਸੰਸਾਰ ਭਰ ਵਿੱਚ ਗਾਇਆ ਜਾਵੇ , ਇਹ ਹਰ ਗੁਰਸਿੱਖ ਦੀ ਭਾਵਨਾ ਹੈ। ਗੁਰੂ ਸਾਹਿਬ ਦਾ ਸਚ ਦਾ ਸੁਨੇਹਾ ਇੱਕ ਇੱਕ ਮਨੁੱਖ ਤੱਕ ਪੁੱਜੇ ਇਹ ਸਾਰੀ ਮਨੁੱਖਤਾ ਦੇ ਹਿਤ ‘ਚ ਹੈ। ਹਰ ਗੁਰਸਿੱਖ ਦਾ ਫਰਜ ਬਣਦਾ ਹੈ ਕਿ ਉਹ ਇਸ ਲਈ ਆਪਣਾ ਯੋਗਦਾਨ ਪਾਵੇ। ਪਰ ਜਦੋਂ ਇਸ ਮਿਸ਼ਨ ਨਾਲ ਆਪਣੀ ਸ਼ੋਹਰਤ ਦੀ ਲਾਲਸਾ ਜੁੜ ਜਾਏ ਤਾਂ ਵਾਹਿਗੁਰੂ ਦਾ ਨਾਮ ਪਿਛੇ ਰਹੀ ਜਾਂਦਾ ਹੈ। ਰਾਜ ਲੀਲਾ ਆਪਨੇ ਨਾਮ ਤੇ ਹੋਣ ਲੱਗ ਪੈਂਦੀ ਹੈ। ਗੁਰੂ ਨਾਨਕ ਸਾਹਿਬ ਨੇ ਕੀ ਗੱਲ ਕੀਤੀ ਇਸ ਦੇ ਅੱਗੇ ਹੋ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਗੱਲ ਕੌਣ ਕਰ ਰਿਹਾ ਹੈ। ਕਈ ਮਹੀਨਿਆਂ ਤੋਂ ਇਹ ਭਾਵਨਾ ਬੜੇ ਪ੍ਰਬਲ ਰੂਪ ਵਿੱਚ ਪ੍ਰਕਟ ਹੋ ਰਹੀ ਹੈ। ਭਾਵਨਾ ਤੇ ਸ਼ਰਧਾ ਦੀ ਥਾਂ ਭਾੱਜੜ ਤੇ ਵਿਖਾਵੇ ਨੇ ਲੈ ਲਈ ਹੈ। ਇਸ ਨਾਲ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦਾ ਲਾਹਾ ਖੱਟਣ ਤੇ ਸ਼ੰਕਾ ਵਿਆਪਤ ਹੋ ਗਈ ਹੈ “ ਰੂਪ ਸੁੰਦਰੀਆ ਅਨਿਕ ਇਸਤਰੀਆ , ਹਰਿ ਰਸ ਬਿਨੁ ਸਭਿ ਸੁਆਦ ਫਿਕਰੀਆ । ਬੜੇ ਉੱਚੇ ਪੱਧਰ ਤੇ ਵੱਖ ਵੱਖ ਪ੍ਰੋਗ੍ਰਾਮ ਉਲੀਕੇ ਜਾ ਰਹੇ ਹਨ। ਲੱਖਾਂ ਦੀ ਤਦਾਦ ਵਿੱਚ ਸੰਗਤ ਜੁੜੇਗੀ। ਬੇਮਿਸਾਲ ਪ੍ਰਬੰਧ ਹੋਣਗੇ . ਮੀਡਿਆ ਵਿੱਚ ਚਰਚਾ ਰਹੇਗੀ। ਪਰ ਇੱਕ ਸੱਚੇ ਗੁਰਸਿੱਖ ਨੂੰ ਜੋ ਚਾਹੀਦੇ ਉਹ ਕਿੱਥੋਂ ਪ੍ਰਾਪਤ ਹੋਵੇਗਾ। ਗੁਰਸਿੱਖ ਲਈ ਤਾਂ ਭਰਮ ਦੀ ਅਵਸਥਾ ਬਣ ਰਹੀ ਹੈ।
ਤੀਰਥਿ ਜਾਉ ਤ ਹਉ ਹਉ ਕਰਤੇ£
ਪੰਡਿਤ ਪੂਛਉ ਤ ਮਾਇਆ ਰਾਤੇ£
ਸੋ ਅਸਥਾਨੁ ਬਤਾਵਹੁ ਮੀਤਾ£
ਜਾ ਕੈ ਹਰਿ ਹਰਿ ਕੀਰਤਨੁ ਨੀਤਾ£
(ਪੰਨਾ 385)
ਜੋ ਸਵਾਲ ਉਪਰੋਕਤ ਗੁਰੂ ਵਚਨ ਵਿੱਚ ਕੀਤਾ ਗਿਆ ਹੈ ਉਹ ਅੱਜ ਮੁੱਖ ਸਵਾਲ ਬਣ ਕੇ ਸਿੱਖ ਕੌਮ ਅੱਗੇ ਖੜਾ ਹੈ। ਗੁਰਸਿੱਖ ਨੂੰ ਉਹ ਅਸਥਾਨ ਚਾਹੀਦੇ ਜਿੱਥੇ ਮਾਤਰ ਤੇ ਮਾਤਰ ਵਾਹਿਗੁਰੂ ਦੀ ਗੱਲ ਹੁੰਦੀ ਹੋਵੇ। ਹੋਰ ਕਿਸੇ ਗੱਲ ਵਿੱਚ ਗੁਰਸਿੱਖ ਦੀ ਕੋਈ. ਦਿਲਚਸਪੀ ਨਹੀਂ ਹੈ। ਗੁਰਸਿੱਖ ਗੁਰਬਾਣੀ ਅੰਦਰ ਇਹ ਸਚ ਨਿਤ ਦ੍ਰਿੜ੍ਹ ਕਰਦਾ ਹੈ ਕਿ “ ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ , ਨਾਨਕ ਜੇ ਕੋ ਆਪੈ ਜਾਣੈ ਅਗੈ ਗਇਆ ਨ ਸੋਹੈ£ ਬੇਅੰਤ ਵਡਿਆਈਆਂ ਵਾਲਾ ਵਾਹਿਗੁਰੂ ਸਾਰੇ ਕਾਰਜ ਆਪ ਕਰ ਰਿਹਾ ਹੈ। ਉਹ ਕਰ ਰਿਹਾ ਹੈ ਤਾਂ ਹੀ ਕੁਝ ਹੋ ਰਿਹਾ ਹੈ। ਜੇ ਕੋਈ ਮਨੁੱਖ ਇਜ ਸਮਝ ਲਵੇ ਕਿ ਕੋਈ ਕੰਮ ਉਹ ਕਰ ਰਿਹਾ ਹੈ , ਉਹ ਨਾ ਹੁੰਦਾ ਤਾਂ ਇਹ ਕਾਰਜ ਸੰਭਵ ਨਹੀ ਸੀ ਤਾਂ ਇਹ ਉਸ ਦਾ ਵੱਡਾ ਭਰਮ ਹੈ। ਅਜਿਹੇ ਮਨੁੱਖ ਨੂੰ ਅੰਤ ਕੋਈ ਪ੍ਰਾਪਤੀ ਨਹੀ ਹੁੰਦੀ , ਖੁਆਰੀ ਹੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਦਾ ੫੫੦ ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸਿਹਰਾ ਆਪਨੇ ਸਿਰ ਬੰਨਣ ਲਈ ਖੁੱਲ ਕੇ ਸਿਆਸਤ ਹੋ ਰਹੀ ਹੈ। ਇਹ ਸਾਫ਼ ਸੁਨੇਹਾ ਜਾ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਲਈ ਵੀ ਸਿੱਖ ਕੌਮ ਇੱਕ ਮੁੱਠ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਮਨੁੱਖੀ ਸਮਾਨਤਾ ਦਾ ਵੱਡਾ ਸੁਨੇਹਾ ਦਿੱਤਾ ਸੀ “ ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ£ ਪਰ ਸਿੱਖ ਕੌਮ ਨਾ ਤਾਂ ਪਰਮਾਤਮਾ ਨਾਲ ਜੁੜੀ ਵਿਖਾਈ ਦੇ ਰਹੀ ਹੈ ਨਾ ਹੀ ਇੱਕੋ ਪਰਮਾਤਮਾ ਦੀ ਸੰਤਾਨ ਹੋਣ ਨਾਤੇ ਆਪਸ ਵਿੱਚ ਇੱਕ ਹੈ। ਸਿਆਸੀ ਹਿਤਾਂ ਦੀ ਪੂਰਤੀ ਦੇ ਹੋਰ ਕਈ ਮੌਕੇ ਤੇ ਪਲੇਟਫਾਰਮ ਹਨ ਤੇ ਅੱਗੇ ਆਉਣਗੇ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸਿਆਸਤ ਦਾ ਮੌਕਾ ਨਹੀ ਹੈ। ਗੁਰੂ ਨਾਨਕ ਸਾਹਿਬ ਨੇ ਆਮ ਜਿੰਦਗੀ ਵਿੱਚ ਸਹਿਜ, ਸੰਜਮ ਤੇ ਸੰਤੋਖ ਧਾਰਨ ਕਰਨ ਦਾ ਹੁਕਮ ਦਿੱਤਾ ਸੀ ਤੇ ਇਸ ਦੇ ਉਲਟ ਚੱਲਣ ਵਾਲੀਆਂ ਦੀ ਸਖਤ ਨਿਖੇਦੀ ਕੀਤੀ ਸੀ ਜੇ ਕੋ ਆਖੈ ਬੋਲੁਵਿਗਾੜੁ , ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ£ ਵਾਹਿਗੁਰੂ ਆਪਣੀ ਸੇਵਾ ਆਪ ਲੈਂਦਾ ਹੈ। ਜੇ ਕੋਈ ਕਿਸੇ ਸੇਵਾ ਨੂੰ ਆਪਣੀ ਕਰਣੀ ਦੱਸਣਾ ਚਾਹੁੰਦਾ ਹੈ ਤਾਂ ਇਹ ਉਸ ਦੀ ਮੂੜ੍ਹਤਾ ਹੈ। ਕਿੰਨੇ ਹੀ ਆਏ ਤੇ ਚਲੇ ਗਏ ਜਿਨ੍ਹਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ “ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ£ ਮਨੁੱਖੀ ਸਮਾਜ ਯਾਦ ਰੱਖਦਾ ਹੈ ਤਾਂ ਬਾਬਾ ਬੁੱਢਾ ਜੀ , ਭਾਈ ਮਰਦਾਨਾ ਜੀ , ਭਾਈ ਬਿਧੀ ਚੰਦ , ਭਾਈ ਜੈਤਾ ਜੀ , ਭਾਈ ਮਨੀ ਸਿੰਘ , ਭਾਈ ਗੁਰਦਾਸ ਜੀ ਤੇ ਭਾਈ ਨੰਦਲਾਲ ਜੀ ਜਿਹਿਆਂ ਨੂੰ ਜਿਨ੍ਹਾਂ ਦਾ ਸਿਦਕ ਪ੍ਰੇਰਨਾ ਦੇਣ ਵਾਲਾ ਸੀ। ਗੁਰੂ ਨਾਨਕ ਸਾਹਿਬ ਦੇ ਨਾਮ ਤੇ ਆਪਣਾ ਨਾਮ ਚਮਕਾਉਣ ਦੀ ਹਸਰਤ ਰੱਖਨ ਵਾਲੀਆਂ ਨੂੰ ਗੁਰੂ ਸਾਹਿਬ ਦਾ ਵਚਨ ਚੇਤੇ ਰੱਖਨ ਦੀ ਲੋੜ ਹੈ ਕਿ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ , ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ , ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ , ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ£ ਕੋਈ ਸਮਾਜਕ , ਆਰਥਕ , ਸਿਆਸੀ ਦ੍ਰਿਸ਼ਟੀ ਨਾਲ ਕਿੰਨਾ ਵੀ ਤਾਕਤਵਰ ਕਿਉਂ ਨ ਹੋਵੇ ਜੇ ਉਸ ਅੰਦਰ ਗੁਰ ਹੁਕਮ ਦੀ ਮਰਿਆਦਾ ਨਹੀ ਹੈ ਤਾਂ ਉਹ ਸੱਚੀ ਪ੍ਰਾਪਤੀ ਤੂੰ ਵਿਹੂਣਾ ਹੀ ਰਹਿੰਦਾ ਹੈ ਤੇ ਦੁੱਖ ਹੀ ਸਹਿੰਦਾ ਹੈ। ਗੁਰੂ ਨਾਨਕ ਸਾਹਿਬ ਦੀ ਗੱਲ ਕਰਣੀ ਹੈ ਤਾਂ ਗੁਰ ਹੁਕਮ ਦੀ ਪਾਲਨਾ ਬਿਨਾ ਨਹੀਂ ਹੋ ਸੱਕਦੀ। ਗੁਰੂ ਨਾਨਕ ਸਾਹਿਬ ਦੇ ਹੁਕਮ ਅਨੁਸਾਰ ਜੀਵਨ ਨੂੰ ਢਾਲ ਕੇ ਹੀ ਗੁਰੂ ਨਾਨਕ ਸਾਹਿਬ ਦੀ ਗੱਲ ਕੀਤੀ ਜਾ ਸੱਕਦੀ ਹੈ , ਹੰਕਾਰ , ਜਬਰ , ਜੋਰ , ਵਿਖਾਵੇ ਜਾਂ ਭੇਖ , ਪਾਖੰਡ ਨਾਲ ਨਹੀਂ। ਗੁਰਸਿੱਖ ਵਾਹਿਗੁਰੂ ਦੀ ਬਾਣੀ ਚਾਹੁੰਦਾ ਹੈ ਕਿਸੇ ਦੁਨਿਆਵੀ ਵਿਅਕਤੀ ਦੀ ਨਹੀਂ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਜਿੱਥੇ ਖੋਟੇ – ਖਰੇ , ਸੱਚੇ – ਝੂਠੇ ਦੀ ਪਰਖ ਹੁੰਦੀ ਹੈ ਉਹ ਧਰਮ ਅਸਥਾਨ ਹੈ। ਆਪਨੇ ਕਿਹਾ ਕਿ ਪਰਮਾਤਮਾ ਆਪ ਸਚ ਸਵਰੂਪ ਹੈ ਤੇ ਉਸ ਦੇ ਦਰਬਾਰ ਵਿੱਚ ਵੀ ਸਚ ਦੀ ਹੀ ਸ਼ੋਭਾ ਹੈ “ ਸਚਾ ਆਪਿ ਸਚਾ ਦਰਬਾਰੁ। ਗੁਰੂ ਨਾਨਕ ਸਾਹਿਬ ਦੀ ਗੱਲ ਉਸ ਦਰਬਾਰ ਵਿੱਚ ਹੀ ਕੀਤੀ ਜਾ ਸਕਦੀ ਹੈ ਜਿੱਥੇ ਸਚ ਵਰਤ ਰਿਹਾ ਹੈ। ਸਿੱਖ ਕੌਮ ਹਰ ਸਾਲ ਅਰਬਾਂ ਰੁਪਏ ਪੰਡਾਲਾਂ ਤੇ ਗੁਰੂ ਘਰਾਂ ਦੀ ਸਜਾਵਟ , ਨਗਰ ਕੀਰਤਨਾਂ ਤੇ ਹੋਰ ਪ੍ਰਬੰਧ ਵਿੱਚ ਖਰਚ ਕਰ ਦਿੰਦੀ ਹੈ। ਇਹ ਖਰਚੇ ਸੰਗਤ ਦੀ ਭੇਟਾ ਵਿੱਚ ਆਈ ਰਕਮ ਤੋਂ ਹੁੰਦੇ ਹਨ ਪਰ ਮਨਮਰਜੀ ਪ੍ਰਬੰਧਕਾਂ ਦੀ ਹੁੰਦੀ ਹੈ। ਖਰਚਿਆਂ ਦੀ ਪ੍ਰਵਾਨਗੀ ਸੰਗਤ ਤੋਂ ਲੈਣ ਦਾ ਕੋਈ ਨਿਅਮ , ਕੋਈ ਮਰਿਆਦਾ ਨਹੀਂ ਹੈ। ਹਾਂ ਲੋੜ ਪੈਣ ਤੇ ਸੰਗਤ ਤੋਂ ਅਪੀਲ ਕਰ ਉਗਰਾਹੀ ਜਰੂਰ ਕਰ ਲਈ ਜਾਂਦੀ ਹੈ। ਕੀ ਇਸ ਰਕਮ ਦਾ ਕੋਈ ਹੋਰ ਬੇਹਤਰ ਇਸਤੇਮਾਲ ਕੌਮ ਨੂੰ ਅੱਜ ਤੱਕ ਨਜਰ ਨਹੀਂ ਆਇਆ। ਕੌਮ ਨੂੰ ਗਰੀਬ ਸਿੱਖ ਪਰਿਵਾਰਾਂ ਦੀ
ਬੇਬਸੀ ਕਿਉਂ ਨਹੀਂ ਵਿਖਾਈ ਦਿੰਦੀ। ਗੁਰੂ ਘਰ ਦੀ ਸੇਵਾ ਕਰਨ ਵਾਲੇ ਰਾਗੀ ਸਿੰਘਾਂ , ਕਥਾ ਵਾਚਕਾਂ , ਗ੍ਰੰਥਿਆਂ , ਸੇਵਾਦਾਰਾਂ ਦੀ ਤੰਗ ਆਰਥਕ ਦਸ਼ਾ ਵੱਲ ਨਿਗਾਹ ਨਹੀਂ ਜਾਂਦੀ। ਨਵੇਂ ਤੇ ਪੱਧਰੀ ਸਕੂਲ , ਕਾਲਜਾਂ ਦੀ ਲੋੜ ਮਹਿਸੂਸ ਨਹੀ ਹੁੰਦੀ। ਵੱਡੇ , ਸਜਾਵਟੀ ਪੰਡਾਲ , ਖਰਚੀਲੇ ਨਗਰ ਕੀਰਤਨ ਨਾ ਵੀ ਹੋਵਣ ਤਾਂ ਵੀ ਗੁਰੂ ਨਾਨਕ ਸਾਹਿਬ ਦੀ ਗੱਲ ਮਾਣਮੱਤੇ ਨਾਲ ਕੀਤੀ ਜਾ ਸਕਦੀ ਹੈ ਜੇ ਸ਼ਰਧਾਵਾਨ ਸੰਗਤ ਜੁੜੀ ਹੋਵੇ। ਗੁਰੂ ਦਰਬਾਰ ਦੀ ਸ਼ੋਭਾ ਗੁਰਬਾਣੀ ਹੈ ਜੋ ਇਸ ਨੂੰ ਸੱਚਾ ਦਰਬਾਰ ਬਣਾਉਂਦੀ ਹੈ। ਸੱਚੇ ਪਾਤਸ਼ਾਹ ਦਾ ਸੱਚਾ ਦਰਬਾਰ ਸਜਾਉਣਾ ਹੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਸਭ ਤੋਂ ਸ੍ਰੇਸ਼ਟ ਤੇ ਗੁਰੂ ਪ੍ਰਵਾਨਤ ਢੰਗ ਹੈ। ਇਸ ਤੋਂ ਬਾਹਰ ਜਾਣਾ ਗੁਰੂ ਦੇ ਹੁਕਮ ਦੀ ਉਲੰਘਣਾ ਤੇ ਭੇਖ , ਵਿਖਾਵੇ ਤੇ ਪਾਖੰਡ ਨੂੰ ਤਰਜੀਹ ਦੇਣਾ ਹੈ। ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਹੋਣਾ ਹੈ। ਇਕ ਪਹਿਲ ਕੀਤੀ ਗਈ ਹੈ ਨਗਰ ਨੂੰ ਸਫੇਦ ਰੰਗ ਨਾਲ ਰੰਗਣ ਦੀ। ਸਫੇਦ ਰੰਗ ਪਵਿੱਤਰਤਾ ਦਾ ਪ੍ਰਤੀਕ ਹੈ। ਇਸ ਸੋਚ ਨੂੰ ਅੱਗੇ ਵਧਾਉਣ ਦੀ ਲੋੜ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਗੱਲ ਬਾਹਰਾ ਤੌਰ ਤੇ ਨਹੀਂ ਅੰਤਰ ਤਲ ਤੇ ਹੀ ਕੀਤੀ ਜਾਣੀ ਗੁਰੂ ਮਰਿਆਦਾ ਹੈ। ਗੁਰੂ ਨਾਨਕ ਸਾਹਿਬ ਨੇ “ ਸੁਣਿਐ “ ਤੇ “ਮੰਨੈ “ ਨੂੰ ਪ੍ਰਧਾਨਤਾ ਦਿੱਤੀ। ਆਪ ਨੇ ਵਚਨ ਕੀਤੇ “ ਸੁਣਿਐ ਅੰਧੇ ਪਾਵਹਿ ਰਾਹੁ। ਗੁਰੂ ਸਾਹਿਬ ਨੇ ਨਿਰਣਾਇਕ ਵਚਨ ਕੀਤੇ “ ਮੰਨੈ ਤਰੈ ਤਾਰੇ ਗੁਰੁ ਸਿਖ। ਗੁਰਸਿੱਖੀ ਦੀ ਰਾਹ ਗੁਰਬਾਣੀ ਸੁਣਨ ਨਾਲ ਮਿਲੇਗੀ। ਗੁਰਸਿੱਖ ਉਹ ਹੈ ਜੋ ਵਾਹਿਗੁਰੂ ਦਾ ਹੁਕਮ ਮੰਨ ਰਿਹਾ ਹੈ। ਸਮਾਗਮਾਂ ਵਿੱਚ ਕੌਣ ਮੰਚ ਤੇ ਬੈਠੇਗਾ , ਕੌਣ ਬੋਲੇਗਾ , ਕੌਣ ਤੇ ਕਿਸ ਨੂੰ ਸਿਰੋਪੇ ਦੇਵੇਗਾ ਤੇ ਕੌਣ ਫੋਟੋ ਫਰੇਮ ਵਿੱਚ ਜਿਆਦਾ ਰਹੇਗਾ ਜੇ ਇਹ ਗੁਰਮਤਿ ਵਿੱਚ ਪ੍ਰਵਾਨ ਹੈ ਤਾਂ ਬੇਸ਼ਕ ਕੀਤਾ ਜਾਏ , ਜੇ ਨਹੀ ਤਾਂ ਸਾਰੇ ਸਮਾਗਮਾਂ ਨੂੰ ਇਸ ਕੂੜ੍ਹ ਤੋਂ ਦੂਰ ਰੱਖਣਾ ਘੱਟੋ ਘੱਟ ਇਸ ਪਾਵਨ ਮੌਕੇ ਇਕ ਸੱਚਾ ਸਿੱਖ ਹੋਣ ਦਾ ਸਬੂਤ ਦੇਣ ਦਾ ਸੁਭਾਗ ਪ੍ਰਾਪਤ ਕੀਤਾ ਜਾਣਾ ਚਾਹੀਦੇ। ਸਿੱਖ ਕੌਮ ਨੇ ਆਪਸੀ ਵੰਡ ਦੇ ਮੁਜਾਹਿਰੇ ਬਥੇਰੇ ਕੀਤੇ ਹਨ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਅਉਸਰ ਤੇ ਜੇ ਸਿੱਖ ਕੌਮ ਇੱਕਜੁਟ ਹੋ ਜਾਏ ਤਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰ ਸਕੇਗੀ। ਕਈ ਦਹਾਕਿਆਂ ਤੋਂ ਬਾਬਾ ਬਕਾਲੇ ਤੋਂ ਉੱਠਿਆ ਸਵਾਲ ਵੀ ਹੱਲ ਹੋ ਜਾਏਗਾ। ਇਹ ਸਾਫ਼ ਤੌਰ ਤੇ ਸਮਝਣ ਦੀ ਲੋੜ ਹੈ ਕਿ ਵੱਡੇ ਸਮਾਗਾਮ ਹੋਣ ਜਾਂ ਨਾ ਹੋਣ ਗੁਰੂ ਨਾਨਕ ਸਾਹਿਬ ਦੀ ਵਡਿਆਈ ਜੁਗਾਂ ਜੁਗਾਂ ਤੱਕ ਬਣੀ ਰਹਿਣ ਵਾਲੀ ਹੈ। ਕਿਸੇ ਹੋਰ ਨੂੰ ਆਪਨੇ ਯੋਗਦਾਨ ਦਾ ਗੁਮਾਨ ਵੀ ਨਹੀਂ ਹੋਣਾ ਚਾਹੀਦੇ “ ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ।



