May 25, 2026 12:09 am

ਆਤਮਾ ਦੀ ਸਹਾਇਤਾ ਨਾਲ ਕਾਹਨੂੰਵਾਨ ਬਲਾਕ ਦੇ ਕਿਸਾਨਾਂ ਨੇ ਆਰਗੈਨਿਕ ਖੇਤੀ ਉਪਜਾਂ ਦੀ ਲਗਾਈ ਪ੍ਰਦਰਸ਼ਨੀ

ਕਾਹਨੂੰਵਾਨ, 2 ਅਕਤੂਬਰ (ਡਾ.ਜਸਪਾਲ ਸਿੰਘ ਭਿੱਟੇਵੱਡ)੦ ਜਿਲ੍ਹਾ ਪੱਧਰੀ ਕਿਸਾਨ ਸਿੱਖਲਾਈ ਕੈਂਪ ਜੋਆਂਇੰਟ ਡਾਇਰਕੈਟਰ ਡਾ. ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਜਿਲ੍ਹਾ ਗੁਰਦਾਸਪੁਰ ਵਿੱਚ ਲਗਾਇਆ ਗਿਆ। ਜਿਸ ਵਿੱਚ ਮੁੱਖ ਖੇਤੀ ਅਫਸਰ ਗੁਰਦਾਸਪੁਰ ਡਾ. ਹਰਤਰਨਪਾਲ ਸਿੰਘ ਸੈਣੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਹ ਜਾਣਕਾਰੀ ਦਿੰਦਿਆਂ ਆਤਮਾ ਦੇ ਪਰਸਾਰ ਅਤੇ ਟਰੇਨਿੰਗ ਵਿੰਗ ਕਾਹਨੂੰਵਾਨ ਦੇ ਬਲਾਕ ਤਕਨੀਕੀ ਮੈਨੇਜਰ ਕਮਲਇੰਦਰਜੀਤ ਬਾਜਵਾ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ਵਿੱਚ ਬਲਾਕ ਕਾਹਨੂੰਵਾਨ ਦੇ ਅਰਗਾਨਿਕ ਖੇਤੀ ਕਰਨ ਵਾਲੇ ਦੋ ਜਾਗਰੂਕ ਕਿਸਾਨਾਂ ਨੇ ਹਿੱਸਾ ਲਿਆ। ਇਸ ਜਿਲ੍ਹਾ ਪੱਧਰੀ ਕਿਸਾਨ ਸਿੱਖਲਾਈ ਕੈਂਪ ਵਿੱਚ ਬਲਾਕ ਕਾਹਨੂੰਵਾਨ ਦੇ ਕਿਸਾਨ ਕੁਲਵਿੰਦਰ ਸਿੰਘ ਪਿੰਡ ਕਿਸ਼ਨਪੁਰ ਅਤੇ ਸਰਬਜੀਤ ਸਿੰਘ ਪਿੰਡ ਝੰਡਾ ਲੁਬਾਉਣਾ ਨੇ ਆਪਣੇ ਕੁਦਰਤੀ ਖੇਤੀ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਅਤੇ ਉਹਨਾਂ ਨੇ ਕਿਸਾਨਾਂ ਨਾਲ ਇਸ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਕਿ ਇਹ ਸਮਾਨ ਬਿਨਾਂ ਰਸਾਇਣਕ ਖਾਦਾਂ ਅਤੇ ਜਹਿਰਾਂ ਦੇ ਕਿਵੇਂ ਤਿਆਰ ਕੀਤੇ ਜਾਂਦੇ ਹਨ। ਕੁਲਵਿੰਦਰ ਸਿੰਘ ਨੇ ਆਪਣੇ ਆਰਗੈਨਿਕ ਚੌਲ, ਸਬਜੀਆਂ, ਹਲਦੀ ਅਤੇ ਸਰਬਜੀਤ ਸਿੰਘ ਨੇ ਦੇਸੀ ਗਾਂ ਦਾ ਸ਼ੁੱਧ ਆਰਗੈਨਿਕ ਘਿਓ, ਦਾਲਾਂ ਅਤੇ ਆਟੇ ਦੀ ਪ੍ਰਦਰਸ਼ਨੀ ਲਗਾਈ। ਇਸ ਮੌਕੇ ਸੈਕੜੇ ਕਿਸਾਨਾਂ ਨੇ ਆਰਗੈਨਿਕ ਅਤੇ ਕੁਦਰਤੀ ਖੇਤੀ ਨਾਲ ਪੈਦਾ ਕੀਤੀਆਂ ਜਾਂਦੀਆਂ ਫਸਲਾਂ ਦੀ ਮੁਢਲੀ ਜਾਣਕਾਰੀ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ। ਉਹਨਾਂ ਨੇ ਆਮ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਸਾਇਕਣ ਖਾਦਾਂ ਅਤੇ ਦਵਾਈਆਂ ਤੋਂ ਨਿਯਾਤ ਪਾਉਣ ਲਈ ਆਰਗੈਨਿਕ ਖੇਤੀ ਵੱਲ ਵੀ ਤਵੱਜੋ ਦੇਣ। ਇਸ ਮੌਕੇ ਆਤਮਾ ਕਾਹਨੂੰਵਾਨ ਪਰਸਾਰ ਤੇ ਟਰੇਨਿੰਗ ਦੇ ਕਿਸਾਨ ਮਿੱਤਰ ਤੇ ਬਲਾਕ ਖੇਤੀਬਾੜੀ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਾਜਰ ਹੋਏ। ਇਸ ਦੌਰਾਨ ਸਹਾਇਕ ਤਕਨੀਕੀ ਮੈਂਨੇਜਰ ਮਨਜੋਤ ਸਿੰਘ, ਜਗਦੀਪ ਸਿੰਘ, ਇਕਬਾਲ ਸਿੰਘ ਅਤੇ ਗੁਰਮੀਤ ਸਿੰਘ ਪਾਹੜਾ ਨੇ ਵੀ ਸ਼ਮੂਲੀਅਤ ਕੀਤੀ।

Send this to a friend