ਬੀਬੀ ਬਾਦਲ ਦੇ ਝੂਠੇ ਦਿਲਾਸੇ ਵੀ ਨਹੀਂ ਆ ਰਹੇ ਰਾਸ
ਬਰੇਟਾ, 2 ਅਕਤੂਬਰ (ਰੀਤਵਾਲ)- ਰੇਲਵੇ ਫਾਟਕਾਂ ਦੇ ਬੰਦ ਹੋਣ ਦੇ ਬਾਵਜੂਦ ਵੀ ਸਾਈਕਲ, ਰਿਕਸ਼ਾ ਅਤੇ ਦੋ ਪਹੀਆ ਵਾਹਨਾਂ ਵਾਲੇ ਲੋਕ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਬੰਦ ਰੇਲਵੇ ਫਾਟਕਾਂ ਨੂੰ ਪਾਰ ਕਰਕੇ ਆਪਣੀ ਜਾਨ ਨੂੰ ਖ਼ਤਰੇ ‘ਚ ਪਾਉਂਦੇ ਹੋਏ ਆਮ ਦੇਖੇ ਜਾਂਦੇ ਹਨ। ਆਪਣੇ ਠਿਕਾਣਿਆਂ ‘ਤੇ ਪਹੁੰਚਣ ਦੀ ਜਲਦਬਾਜ਼ੀ ‘ਚ ਲੋਕ ਰੇਲਗੱਡੀ ਦੇ ਗੁਜ਼ਰਨ ਵੇਲੇ ਬੰਦ ਹੋਏ ਰੇਲਵੇ ਫਾਟਕਾਂ ਨੂੰ ਪਾਰ ਕਰਨ ਤੋਂ ਨਹੀਂ ਟਲਦੇ ਹਨ। ਕਈ ਵਾਰ ਤਾਂ ਬੰਦ ਰੇਲਵੇ ਫਾਟਕ ਨੂੰ ਪਾਰ ਕਰਨ ਦੇ ਚੱਕਰ ‘ਚ ਕਈ ਲੋਕ ਆਪਣੀ ਜਾਨ ਗਵਾ ਬੈਠਦੇ ਹਨ। ਇਸੇ ਤਰਾਂਹ ਦਿੱਲੀ ਫਿਰੋਜਪੁਰ ਰੇਲ ਮਾਰਗ ਤੇ ਬਰੇਟਾ ਵਿਖੇ ਕੁਲਰੀਆਂ ਵਾਲੀ ਸੜਕ ਅਤੇ ਜਲਵੇੜਾ੍ਹ ਰੋਡ ਤੇ ਬਣੇ ਫਾਟਕ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਕਿਉਕਿ ਇਸ ਟ੍ਰੈਕ ਤੇ ਹੁਣ ਗੱਡੀਆ ਦੀ ਭਾਰੀ ਆਵਾਜਈ ਹੋਣ ਕਾਰਨ ਇਹ ਫਾਟਕ ਅਕਸਰ ਲੰਮਾ ਲੰਮਾ ਸਮਾਂ ਬੰਦ ਰਹਿੰਦੇ ਹਨ। ਜਿਸ ਕਾਰਨ ਆਵਾਜਾਈ ਦੀਆ ਲੰਮੀਆਂ ਲਾਇਨਾਂ ਲੱਗ ਜਾਂਦੀਆ ਹਨ ਅਤੇ ਲੋਕਾਂ ਦਾ ਘੰਟਿਆਂ ਬੱਧੀ ਸਮਾਂ ਬੰਦ ਫਾਟਕਾਂ ਤੇ ਲੰਘ ਜਾਂਦਾ ਹੈ। ਐਮਰਜੈਂਸੀ ਹਾਲਾਤਾਂ ਵਿੱਚ ਤਾਂ ਮਰੀਜਾਂ ਤੇ ਐਬੂਲੈਂਸਾਂ ਨੂੰ ਇਨ੍ਹਾਂ ਫਾਟਕਾਂ ਦੇ ਬੰਦ ਹੋਣ ਕਾਰਨ ਲੰਮਾ-ਲੰਮਾ ਸਮਾਂ ਫਾਟਕ ਖੋਲਣ ਦੀ ਉਡੀਕ ਕਰਨੀ ਪੈਦੀ ਹੈ । ਕਈ ਪਿੰਡਾਂ ਅਤੇ ਆਲੇ ਦੁਆਲੇ ਦੇ ਲੋਕ ਸ਼ਹਿਰ ਵਿੱਚੋਂ ਆਪਣੀ ਖਰੀਦੋ ਫਰੋਖਤ ਕਰਨ ਲਈ ਕਾਰਾਂ,ਸਕੂਟਰਾਂ ਤੇ ਟਰੈਕਟਰਾਂ ਤੇ ਆਉਦੇ ਹਨ ਪਰ ਉੇਨ੍ਹਾਂ ਨੂੰ ਇਨ੍ਹਾਂ ਫਾਟਕਾਂ ਦੇ ਬੰਦ ਹੋਣ ਕਾਰਨ ਆਪਣਾ ਬਹੁਤਾ ਕੀਮਤੀ ਸਮਾਂ ਤਾਂ ਫਾਟਕ ਖੁੱਲਣ ਦੇ ਇੰਤਜਾਰ ਕਰਦੇ ਕਰਦੇ ਹੀ ਲੰਘਾਉਣਾ ਪੈ ਜਾਂਦਾ ਹੈ। ਸਕੂਲ ਵੈੱਨਾਂ ਨੂੰ ਵੀ ਰੇਲਵੇ ਫਾਟਕ ਬੰਦ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਕਈ ਵਾਰ ਤਾਂ ਵਿਦਿਆਰਥੀ ਸਮੇਂ ਸਿਰ ਸਕੂਲ ਨਹੀਂ ਪਹੁੰਚ ਸਕਦੇ । ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਇਲਾਕੇ ਦੇ ਲੋਕਾਂ ਨੂੰ ਅਨੇਕਾਂ ਵਾਰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਇੱਥੇ ਬਹੁਤ ਜਲਦੀ ਅੰਡਰ ਬ੍ਰਿਜ ਬਣਾਇਆ ਜਾਵੇਗਾ । ਦੂਜੇ ਪਾਸੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਬੀਬੀ ਬਾਦਲ ਵੱਲੋਂ ਦਿੱਤੇ ਜਾਂਦੇ ਝੂਠੇ ਦਿਲਾਸੇ ਵੀ ਅੱਗੇ ਦੀ ਅੱਗੇ ਵਧਦੇ ਜਾ ਰਹੇ ਹਨ । ਜਦ ਇਸ ਸਬੰਧੀ ਰੇਲਵੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀ ਲਿਖਤੀ ਰੂਪ ‘ਚ ਇਸ ਬਾਰੇ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ।