ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਨੂੰ ਅੱਜ ਪੁਰਾਤਨ ਦੁਰਲਭ ਸਰੂਪ ਦੇ ਦਰਸ਼ਨ ਵਾਸਤੇ ਸਮੂਹ ਸਾਧ ਸੰਗਤਾਂ ਲਈ ਖੋਲ ਦਿੱਤਾ ਗਿਆ ਹੈ, ਜਿਸ ਵਿਚ ਕਰਤਾਰਪੁਰੀ ਸਰੂਪ, ਦਮਦਮੀ ਸਰੂਪ, ਚਿਤਰਕਾਰੀ ਸਰੂਪ ਅਤੇ ਅੰਗਰੇਜਾਂ ਦੁਆਰਾ ਪਹਿਲੀ ਵੱਡੀ ਜੰਗ ਵੇਲੇ ਸਿੱਖ ਫੌਜੀਆਂ ਲਈ ਤਿਆਰ ਕੀਤੇ ਸਰੂਪ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹਨ, ਵਿਭਾਗ ਦੇ ਮੁਖੀ ਡਾ. ਸਰਬਜਿੰਦਰ ਸਿੰਘ ਦੀ ਦੇਖ-ਰੇਖ ਵਿਚ ਇਹ ਸਮਾਗਮ ਲਗਾਤਾਰ ਸੱਤ ਦਿਨ ਚੱਲੇਗਾ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ ਘੁੰਮਣ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਵਿਸ਼ੇਸ਼ ਕਾਰਜ ਕੀਤੇ ਗਏ ਹਨ ਤਾਂ ਜੋ ਸਰਬੱਤਰ ਸਾਧ ਸੰਗਤ ਆਪਣੀ ਵਿਰਾਸਤ ਦੇ ਫਖ਼ਰ ਨਾਲ ਇਕਸੁਰ ਹੋ ਗੁਰੂ ਨਾਨਕ ਪਾਤਸ਼ਾਹ ਦੀਆਂ ਰਹਿਮਤਾਂ ਦਾ ਪਾਤਰ ਬਣ ਸਕਣ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪਿਛਲੇ ਸਮੇਂ ਵਿਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੇਕਾਂ ਪ੍ਰੋਗਰਾਮ ਕੀਤੇ ਹਨ ਪਰ ਇਹ ਅਦਭੁਤ ਸਮਾਗਮ ਸਦਾ ਲਈ ਆਪਣੀ ਛਾਪ ਲੋਕਾਂ ਦੇ ਮਨ ਵਿਚ ਛੱਡ ਕੇ ਯੂਨੀਵਰਸਿਟੀ ਦਾ ਨਾਮ ਰੋਸ਼ਨ ਕਰੇਗਾ।
ਵਿਭਾਗ ਦੇ ਮੁਖੀ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਪੁਰਾਤਨ ਦੁਰਲਭ ਸਰੂਪ ਦਾ ਅਨਮੋਲ ਖ਼ਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਸਸ਼ੋਭਿਤ ਹੈ। ਇਨ੍ਹਾਂ ਵਿਚ ਬਹੁਤੇ ਸਰੂਪ ਲੱਗਭਗ ਚਾਰ ਸਦੀਆਂ ਪੁਰਾਣੇ ਹਨ। ਕੁੱਝ ਸਰੂਪ ਮਿਸਲ ਪੀਰੀਅਡ ਦੇ ਹਨ ਅਤੇ ਕੁੱਝ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ। 1604 ਈ: ਨੂੰ ਸ੍ਰੀ ਗੁਰੂ ਅਰਜਰਨ ਪਾਤਸ਼ਾਹ ਦੀ ਦੇਖ-ਰੇਖ ਵਿਚ ਸੰਪਾਦਨ ਕੀਤੀ ਅਤੇ ਭਾਈ ਗੁਰਦਾਸ ਦੁਆਰਾ ਲਿਖਤ ਆਦਿ ਸਰੂਪ ਜਿਸ ਨੂੰ ਕਰਤਾਰਪੁਰੀ ਸਰੂਪ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਦੇ ਲੱਗਭਗ ਅੱਠ ਉਤਾਰੇ ਸਾਧ ਸੰਗਤ ਦੇ ਸਨਮੁੱਖ ਕੀਤੇ ਜਾਣੇ ਹਨ। ਇਸੇ ਤਰ੍ਹਾਂ ਹੀ ਦਸਮ ਪਾਤਸ਼ਾਹ ਵੱਲੋਂ ਤਲਵੰਡੀ ਸਾਬੋ ਵਿਚ ਸੰਪਾਦਨ ਕੀਤੇ ਤੇ ਭਾਈ ਮਨੀ ਸਿੰਘ ਦੁਆਰਾ ਲਿਖੀ ਸਰੂਪ ਜਿਸਨੂੰ ਦਮਦਮੀ ਸਰੂਪ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਦੇ ਉਤਾਰਿਆਂ ਦੇ ਪੰਜ ਸਰੂਪ ਦਰਸ਼ਨਾਂ ਲਈ ਸੁਭਾਏਮਾਨ ਹੋਣਗੇ। ਇਸ ਤੋਂ ਇਲਾਵਾ ਸੋਨੇ ਅਤੇ ਹੀਰਿਆਂ ਦੀ ਸਿਆਹੀ ਨਾਲ ਲਿਖੇ ਗਏ ਸਰੂਪ ਜੋ ਮਿਸਲ ਕਾਲ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀਆਂ ਹਨ ਦੇ ਸੰਗਤਾਂ ਦਰਸ਼ਨ ਕਰ ਸਕਣਗੀਆਂ। ਬਹੁਤ ਹੀ ਅਦਭੁਤ ਅਤੇ ਛੋਟੇ ਆਕਾਰ ਦੇ ਸਰੂਪ ਜੋ ਕਿ ਪਹਿਲੀ ਵੱਡੀ ਜੰਗ ਵੇਲੇ ਅੰਗਰੇਜ਼ਾਂ ਦੁਆਰਾ ਸਿੱਖ ਰੇਜਮੈਂਟਸ ਲਈ ਤਿਆਰ ਕੀਤੇ ਗਏ ਸਨ ਜਿਨ੍ਹਾਂ ਨੂੰ ਇਕ ਸਿਪਾਹੀ ਆਪਣੇ ਸਿਰ ‘ਤੇ ਦੁਮਾਲੇ ਹੇਠ ਸੁਸ਼ੋਭਿਤ ਨਿਸ਼ਾਨ ਸਾਹਿਬ ਲੈ ਕੇ ਚੱਲਦਾ ਸੀ ਤੇ ਪਿੱਛੇ ਪੂਰੀ ਰੈਜਮੈਂਟ ਉਨ੍ਹਾਂ ਦੇ ਦੀਦਾਰੇ ਕਰਦੀ ਸੀ। ਇਹ ਅਨਮੋਲ ਖ਼ਜ਼ਾਨਾ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਿੱਖਾਂ ਦੇ ਘਰ ਬਹੁਤ ਹੀ ਸ਼ਰਧਾ ਪੂਰਵਕ ਰੱਖਿਆ ਹੋਇਆ ਸੀ, ਜਿਨ੍ਹਾਂ ਨੂੰ ਪ੍ਰੇਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਲਈ ਪ੍ਰਾਪਤ ਕੀਤਾ ਗਿਆ। ਮੁਖੀ ਮੁਤਾਬਿਕ ਸਰੂਪ ਇਕੱਤਰ ਕਰਨ ਦਾ ਕਾਰਜ ਬਹੁਤ ਹੀ ਕਠਿਨ ਸੀ ਪਰ ਗੁਰੂ ਬਖਸ਼ਿਸ ਸਦਕਾ ਅਸੀਂ ਸਫਲ ਹੋਏ। ਰਜਿਸਟਰਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਡਾ. ਮਨਜੀਤ ਸਿੰਘ ਨਿੱਜਰ ਨੇ ਕਿਹਾ ਕਿ ਯੂਨੀਵਰਸਿਟੀ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਦੁਰਲੱਭ ਸਰੂਪਾਂ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਵੇਗੀ, ਉਹ ਸਮੇਂ ਨੂੰ ਧਿਆਨ ਵਿਚ ਰਖਕੇ ਜਾਂ ਸੁਵਿਧਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਜਾ ਸਕਦੇ ਹਨ। ਡਾ. ਜੀ.ਐੱਸ ਬੱਤਰਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਇਸ ਕਾਰਜ ਨੂੰ ਅਸੀਂ ਸ਼ਲਾਘਾ ਕਰਦੇ ਹਾਂ ਤੇ ਹਰ ਤਰ੍ਹਾਂ ਦਾ ਸਹਿਯੋਗ ਵਿਭਾਗ ਨੂੰ ਦਿੱਤਾ ਜਾਵੇਗਾ। ਦਰਸ਼ਨ ਦੀਦਾਰਿਆਂ ਦੇ ਨਾਲ-ਨਾਲ ਸੱਤ ਦਿਨ ਵਿਸ਼ੇਸ਼ ਬੁਲਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪਾਤਸ਼ਾਹ ਦੇ ਜੀਵਨ ਵਿਚਾਰ ਬਾਰੇ ਸੰਗਤਾਂ ਦੇ ਸਨਮੁਖ ਹੋਣਗੇ। ਪਹਿਲੇ ਦਿਨ ਲਗਭਗ ਇਕ ਹਜ਼ਾਰ ਤੋਂ ਉਪਰ ਸੰਗਤਾਂ ਨੇ ਪੁਰਾਤਨ ਸਰੂਪਾਂ ਦੇ ਦਰਸ਼ਨ ਕਰਕੇ, ਇਸ ਇਤਿਹਾਸਕ ਪ੍ਰਸੰਗ ਨੂੰ ਜਾਣਿਆ। ਡਾ. ਮਲਕਿੰਦਰ ਕੌਰ ਤੇ ਡਾ. ਗੁੰਜਨਜੋਤ ਕੌਰ ਦੀ ਨਿਗਰਾਨੀ ਵਿਚ ਖੋਜਾਰਥੀ ਸੰਗਤ ਨੂੰ ਸਰੂਪਾਂ ਦੇ ਇਤਿਹਾਸ ਤੋਂ ਜਾਣੂ ਕਰਵਾ ਰਹੇ ਹਨ।



