May 2, 2026 5:15 am

ਸਮਾਜ ਸੇਵੀ ਮਾਨ ਪਰਿਵਾਰ ਵੱਲੋਂ ਸ਼ਾਨ-ਏ-ਸ਼ੌਕਤ ਨਾਲ ਮਨਾਇਆ ਜਖੇਪਲ ਦਾ ਵਿਰਾਸਤੀ ਛਿੰਝ ਮੇਲਾ

ਸੁਨਾਮ ਊਧਮ ਸਿੰਘ ਵਾਲਾ – ਇੱਥੋਂ ਨੇੜਲੇ ਪਿੰਡ ਜਖੇਪਲ ਵਿਖੇ ਹਰ ਸਾਲ ਦੀ ਤਰ੍ਹਾਂ ਵਿਰਾਸਤੀ ਖੇਡ ਮੇਲੇ ਦੇ ਇਤਿਹਾਸ ਨੂੰ ਦੁਹਰਾਉਂਦਿਆਂ ਮਾਨ ਪਰਿਵਾਰ ਵੱਲੋਂ ਪਰੰਪਰਾ ਨੂੰ ਅਗਾਂਹ ਤੋਰਦਿਆਂ ਆਪਣੇ ਪੁਰਖਿਆਂ ਤੋਂ ਚੱਲੇ ਆ ਰਹੇ ਇਸ ਛਿੰਝ ਮੇਲੇ ਨੂੰ ਜਾਰੀ ਰੱਖਿਆ। ਜਿਕਰਯੋਗ ਹੈ ਕਿ ਇਸ ਵਿਰਾਸਤੀ ਖੇਡ ਮੇਲੇ ਦਾ ਇਤਿਹਾਸ ਪਹਿਲਵਾਨਾਂ ਨਾਲ ਸਬੰਧਤ ਹੈ, ਜੋ ਕਿ ਸਾਲ 1924-25 ਦਰਮਿਆਣ ਪਿੰਡ ਜਖੇਪਲ ਦੇ ਪਹਿਲਵਾਨ ਸੱਦਾ ਸਿੰਘ, ਜਿਸ ਨੂੰ ਲੋਕ ਪਿਆਰ ਨਾਲ ਸੱਦੂ ਨਾਈ ਵੀ ਕਿਹਾ ਕਰਦੇ ਸਨ, ਜੋ ਕਿ ਭਾਰੀ ਜੁੱਸੇ ਦਾ ਮਾਲਿਕ ਸੀ ਅਤੇ ਤਕੜੇ ਪਹਿਲਵਾਨਾਂ ਦੀ ਗਿਣਤੀ ਵਿਚ ਆਉਂਦਾ ਸੀ। ਪਹਿਲਵਾਨ ਸੱਦਾ ਸਿੰਘ ਹਰ ਸਾਲ ਗੁੱਗੇ ਨਾਲ ਸਬੰਧਤ ਪਿੰਡ ਛਾਜਲੀ ਦੇ ਮੇਲੇ ਵਿਚ ਆਪਣੇ ਜੋਰਾਂ ਦੇ ਪਹਿਲਵਾਨਾਂ ਨਾਲ ਜੋਰ ਕਰਨ ਵਿਚ ਪ੍ਰਸਿੱਧ ਸੀ, ਜੋ ਕਿ ਮਾਲਵੇ ਦੇ ਪਹਿਲਵਾਨਾਂ ਦਾ ਮਨਪਸੰਦ ਮੇਲਿਆਂ ਵਿਚੋਂ ਇਕ ਸੀ ਅਤੇ ਇਲਾਕਾ ਭਰ ਦੇ ਲੋਕਾਂ ਦੁਆਰਾ ਹਰ ਸਾਲ ਭਲਵਾਨਾਂ ਦੇ ਜੋਰ ਦੇਖਣ ਲਈ ਇਹ ਛਿੰਝ ਮੇਲਾ ਬੇਸਬਰੀ ਨਾਲ ਉਡੀਕਿਆ ਜਾਂਦਾ ਸੀ। ਸਾਲ 1925 ਦੇ ਛਿੰਝ ਮੇਲੇ ’ਤੇ ਪਹਿਲਵਾਨ ਸੱਦਾ ਸਿੰਘ ਆਪਣੇ ਜੋਰ ਦੇ 12 ਪਹਿਲਵਾਨਾਂ ਨੂੰ ਚਿੱਤ ਕਰਕੇ ਝੰਡੀ ਦੀ ਕੁਸ਼ਤੀ ਲਈ ਐਲਾਨ ਕਰ ਦਿੱਤਾ। ਪਹਿਲਵਾਨਾਂ ਦੇ ਭਾਰੀ ਵਿਰੋਧ ਦੇ ਸਾਹਮਣੇ ਲਈ ਜਦੋਂ ਸੱਦੂ ਨਾਈ ਨੂੰ ਖਤਰਾ ਮਹਿਸੂਸ ਹੋਣ ਲੱਗਿਆ, ਤਾਂ ਹਮੇਸ਼ਾ ਤੋਂ ਮਾਨ ਪਰਿਵਾਰ ਦੇ ਸ੍ਰ. ਸਵਰਨ ਸਿੰਘ ਮਾਨ, ਜੋ ਕਿ ਸੱਦਾ ਸਿੰਘ ਦੀ ਢਾਲ ਬਣਦੇ ਰਹੇ ਸਨ, ਉਸ ਸਮੇਂ ਉਸ ਦੇ ਪੱਖ ਵਿਚ ਖੜ੍ਹ ਕੇ ਇਹ ਸ਼ਰੇਆਮ ਐਲਾਨ ਕਰ ਦਿੱਤਾ ਕਿ ‘‘ਹੈ ਕੋਈ ਮਾਈ ਦਾ ਲਾਲ, ਜੋ ਸੱਦਾ ਸਿੰਘ ਝੰਡੀ ਥੰਮ ਸਕੇ”, ਤਾਂ ਭਰੇ ਦਰਸ਼ਕਾਂ ਦੇ ਇਕੱਠ ਵਿਚ ਚੁੱਪ ਦਾ ਸਨਾਟਾ ਛਾ ਗਿਆ ਅਤੇ ਪਹਿਲਵਾਨਾਂ ਵਿਚ ਘੁਸਰ-ਮੁਸਰ ਹੋਣ ਲੱਗ ਪਈ, ਤਾਂ ਉਦੋਂ ਹੀ ਸ੍ਰ. ਸਵਰਨ ਸਿੰਘ ਮਾਨ ਨੇ ਸ਼ਰੇਆਮ ਇਹ ਐਲਾਨ ਕਰ ਦਿੱਤਾ ਕਿ ਆਉਂਦੇ ਸਾਲ ਤੋਂ ਇਹ ਮੇਲਾ ਇਕ ਦਿਨ ਲਈ ਪਿੰਡ ਜਖੇਪਲ ਵਿਖੇ ਭਾਦੋਂ ਦੀ ਦੁਆਦਸ਼ੀ ਨੂੰ ਲਗਾਇਆ ਜਾਇਆ ਕਰੇਗਾ। ਇਸ ਤਰ੍ਹਾਂ 1926 ਵਿਚ ਸੱਦੂ ਨਾਈ ਇਸ ਮੇਲੇ ਦੀ ਉਪਜ ਬਣਿਆ। ਇਹ ਸਵਰਨ ਸਿੰਘ ਮਾਨ ਹੰਬਲਵਾਸ ਦੇ ਟਕਸਾਲੀ ਕਾਂਗਰਸੀ ਆਗੂ ਸ੍ਰ. ਝੰਡਾ ਸਿੰਘ ਮਾਨ ਦੇ ਪਿਤਾ ਸਨ। ਉਸ ਸਮੇਂ ਤੋਂ ਲੈ ਕੇ ਇਹ ਕੁਸ਼ਤੀ ਮੇਲਾ ਜਖੇਪਲ ਵਿਖੇ ਲੱਗਦਾ ਆ ਰਿਹਾ ਹੈ ਅਤੇ ਮਾਨ ਪਰਿਵਾਰ ਵੱਲੋਂ ਇਸ ਮੇਲੇ ਦੀ ਅਗਵਾਈ ਕੀਤੀ ਜਾਂਦੀ ਹੈ। ਸ੍ਰ. ਸਵਰਨ ਸਿੰਘ ਮਾਨ ਤੋਂ ਬਾਅਦ ਝੰਡਾ ਸਿੰਘ ਮਾਨ ਨੇ ਇਹ ਮਾਣ-ਸਨਮਾਨ ਜਾਰੀ ਰੱਖੇ ਅਤੇ ਝੰਡਾ ਸਿੰਘ ਮਾਨ ਦੇ ਇੰਤਕਾਲ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸ੍ਰ. ਕੇਵਲ ਸਿੰਘ ਮਾਨ, ਅਜੈਬ ਸਿੰਘ ਮਾਨ ਅਤੇ ਕੁਲਦੀਪ ਸਿੰਘ ਨੰਬਰਦਾਰ, ਬਲਵੀਰ ਸਿੰਘ ਮਾਨ (ਬੀ.ਓ.) ਨੇ ਇਸ ਵਿਰਾਸਤੀ ਖੇਡ ਮੇਲੇ ਦੀ ਹੋਂਦ ਨੂੰ ਕਾਇਮ ਰੱਖਿਆ ਹੋਇਆ ਹੈ। ਬੀਤੇ ਮੰਗਲਵਾਰ ਨੂੰ ਮਾਨ ਪਰਿਵਾਰ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਅਖਾੜਿਆਂ ਤੋਂ ਆਏ ਪਹਿਲਵਾਨਾਂ ਦੇ ਜੋੜ ਅਤੇ ਵੱਖ-ਵੱਖ ਵਰਗ ਦੀਆਂ ਦੋ ਝੰਡੀਆਂ ਜੋੜਾਂ ਦੀਆਂ, ਇਕ ਓਪਨ ਪਟਕੇ ਦੀ ਝੰਡੀ ਦੇ ਮੁਕਾਬਲੇ ਕਰਵਾਏ ਗਏ। ਜਿਸ ਦੌਰਾਨ ਸੋਨੂੰ ਹਰਿਆਣਾ ਅਤੇ ਬੱਬੂ ਲੌਂਗੋਵਾਲ ਦਰਮਿਆਨ ਅਤੇ ਅਮਨ ਪਟਿਆਲਾ ਅਤੇ ਦੀਪ ਚੀਮਾਂ ਵਿਚਕਾਰ ਕਸ਼ਮਕਸ਼ ਕੁਸ਼ਤੀ ਹੋਈ। ਜਿਸ ਵਿਚ ਅਮਨ ਪਟਿਆਲਾ ਨੇ ਪਟਕੇ ਦੀ ਝੰਡੀ ਜਿੱਤੀ। ਇਸ ਮੌਕੇ ਮੇਜਰ ਸਿੰਘ, ਨਸੀਬ ਮੈਂਬਰ, ਗੁਰਤੇਜ਼ ਨੰਬਰਦਾਰ, ਕਾਮਰੇਡ ਮੱਖਣ ਸਿੰਘ, ਨਾਹਰ ਸਿੰਘ ਅਤੇ ਰਾਜ ਕੁਮਾਰ ਆਦਿ ਵੀ ਹਾਜ਼ਰ ਸਨ।

Send this to a friend