April 30, 2026 11:39 am

ਭਾਰਤੀ ਇਨਸਾਫ਼ ਪ੍ਰਣਾਲੀ ਅਤੇੇ ਮਨਜੀਤ ਧਨੇਰ

ਅਗਸਤ 1997 ਵਿੱਚ ਕਸਬਾ ਮਹਿਲਾਂ ਕਲਾਂ ਦੀ +2 ਵਿੱਚ ਪੜ੍ਹਦੀ ਕਿਰਨਜੀਤ ਸਕੂਲੋਂ ਘਰ ਨਹੀਂ ਪਰਤੀ ਸੀ। ਕੁਝ ਦਿਨਾਂ ਬਾਅਦ ਕੁੜੀ ਦੀ ਲਾਸ਼ ਇੱਕ ਬਦਮਾਸ਼ ਗੁੰਡਾ ਗਰੋਹ ਦੇ ਖੇਤਾਂ ਵਿੱਚੋਂ ਮਿਲੀ। ਕਿਰਨਜੀਤ ਦਾ ਬਲਤਾਕਾਰ ਕਰਨ ਉਪਰੰਤ ਕਤਲ ਕਰ ਦਿੱਤਾ ਗਿਆ ਸੀ, ਮੌਤ ਸਮੇਂ ਵੀ ਉਸਦੇ ਹੱਥਾਂ ਵਿੱਚ ਬਲਾਤਕਾਰੀਆਂ ਦੇ ਵਾਲ ਸਨ ਜੋ ਇਸ ਗੱਲ ਦਾ ਸੰਕੇਤ ਸੀ ਕਿ ਉਹ ਬਹਾਦਰੀ ਨਾਲ ਲੜਦੀ ਹੋਈ ਮਾਰੀ ਗਈ ਸੀ। ਲੱਖਾਂ ਲੋਕਾਂ ਦਾ ਇਕੱਠ ਹੋਇਆ ਜਿਸ ਨੇ ਮੌਕੇ ਦੇ ਹਾਕਮਾਂ ਨੂੰ ਗੋਡੀ ਪਰਨੀਂ ਕਰ ਦਿੱਤਾ ਅਤੇ ਕਿਰਨਜੀਤ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ। ਅੱਜ ਵੀ 12 ਅਗਸਤ ਨੂੰ ਹਰ ਸਾਲ ਉਸਦੀ ਬਰਸੀ ਮਨਾਈ ਜਾਂਦੀ ਹੈ। ਇਹਨਾਂ ਲੋਕਾਂ ਦੀ ਅਗਵਾਈ ਮਨਜੀਤ ਧਨੇਰ ਜਿਹੇ ਕਈ ਆਗੂ ਕਰ ਰਹੇ ਸਨ। ਮਨਜੀਤ ਲਈ ਅੱਜ ਭਾਰਤ ਦੀ ਸਰਵਉੱਚ ਅਦਾਲਤ ਨੇ ਆਪਣੀ ਨਿਚਲੀ ਅਦਾਲਤ ਦੀ ਸੁਣਾਈ ਉਮਰ ਕੈਦ ਦੀ ਸਜਾ ਬਰਕਰਾਰ ਰੱਖੀ ਹੈ। ਇਸ ਸਜ਼ਾ ਨੇ ਉਨਾਂ ਹਜ਼ਾਰਾਂ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਜੋ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੀ ਰਾਖੀ ਲਈ ਜੂਝਦੇ ਰਹੇ ਹਨ। ਲੋਕਾਂ ਦੀ ਭਾਰਤੀ ਇਨਸਾਫ਼ ਪ੍ਰਣਾਲੀ ਨਾਲ ਪਿਛਲੇ 22ਵਰਿਆਂ ਤੋਂ ਚੱਲੀ ਲੜਾਈ ਕਈ ਮੋੜਾਂ ਵਿੱਚੋਂ ਦੀ ਲੰਘੀ ਹੈ। ਅਜੇ ਕਿਰਨਜੀਤ ਦੇ ਕਾਤਲਾਂ ਦੀ ਸਜਾ ਨਹੀਂ ਸੀ ਹੋਈ ਕਿ ਬਲਾਤਕਾਰੀਆਂ ਨੇ ਇੱਕ ਸਾਜਿਸ਼ ਤਹਿਤ ਉਸ ਲਈ ਇਨਸਾਫ਼ ਮੰਗਦੇ 8-9 ਮੋਹਰੀ ਵਿਅਕਤੀਆਂ ਜਿੰਨਾਂ ਵਿੱਚ ਮਨਜੀਤ ਧਨੇਰ, ਨਰੈਣ ਦੱਤ ਅਤੇ ਮਾਸਟਰ ਪ੍ਰੇਮ ਕੁਮਾਰ ਸ਼ਾਮਲ ਸਨ ’ਤੇ ਝੂਠਾ ਇੱਜਤ ਹੱਤਕ ਦਾ ਇੱਕ ਕੇਸ ਕਰਵਾ ਦਿੱਤਾ। ਬਲਾਤਕਾਰ ਕਰਨ ਵਾਲੇ ਨੌਜਵਾਨਾਂ ਦਾ ਪਰਿਵਾਰ ਇਲਾਕੇ ਵਿੱਚ ਕਾਫ਼ੀ ਬਦਨਾਮ ਰਿਹਾ ਸੀ ਜਿਸ ਕਾਰਨ ਉਨਾਂ ਦੇ ਸੈਂਕੜੇ ਦੁਸ਼ਮਣ ਸਨ। ਇੰਨਾਂ ਦੁਸ਼ਮਣੀਆਂ ਦੇ ਚੱਲਦੇ ਹੀ ਕੁਝ ਲੋਕਾਂ ਨੇ ਯੋਜਨਾਬੱਧ ਢੰਗ ਨਾਲ ਬਲਾਤਕਾਰੀ ਮੁੰਡਿਆਂ ਦੇ ਪਰਿਵਾਰਕ ਮੈਂਬਰਾਂ ’ਤੇ ਹਮਲਾ ਕਰ ਦਿੱਤਾ, ਇਸ ਹਮਲੇ ਵਿੱਚ ਕਈ ਵਿਅਕਤੀ ਜ਼ਖਮੀ ਹੋ ਗਏ ਜਿੰਨਾਂ ਵਿੱਚੋਂ ਇੱਕ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਨੇ ਹਮਲਾਵਰਾਂ ਤੇ ਪਰਚਾ ਦਰਜ ਗਿ੍ਰਫਤਾਰ ਵੀ ਕਰ ਲਿਆ। ਪਰ ਬਾਅਦ ਵਿੱਚ ਸਾਜਿਸ਼ ਤਹਿਤ ਮਨਜੀਤ ਧਨੇਰ, ਨਰੈਣ ਦੱਤ ਅਤੇ ਮਾਸਟਰ ਪ੍ਰੇਮ ਕੁਮਾਰ ਨੂੰ ਮਾਮਲੇ ਨਾਮਜ਼ਦ ਕਰ ਦਿੱਤਾ ਗਿਆ, ਜਦੋਂ ਹਜਾਰਾਂ ਲੋਕਾਂ ਨੇ ਇਸਦਾ ਵਿਰੋਧ ਕੀਤਾ ਤਾਂ ਇਹਨਾਂ ਨੂੰ ਖਾਨਾ ਨੰਬਰ 2 ਵਿੱਚ ਨਿਰਦੋਸ਼ ਕਰਾਰ ਦੇ ਕੇ ਕੇਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਭਾਰਤੀ ਨਿਆਂਪ੍ਰਣਾਲੀ ਨੇ ਪੁਲਿਸ ਜਾਂਚ ਦੇ ਉਲਟ ਫੈਸਲਾ ਦਿੰਦਿਆਂ ਬਾਕੀ ਅਰੋਪੀਆਂ ਨਾਲ ਤਿੰਨੋਂ ਜੁਝਾਰੂ ਲੋਕ ਆਗੂਆਂ ਨੂੰ ਉਮਰ ਕੈਦ ਦੀ ਸਜਾ ਸਣਾ ਦਿੱਤੀ। ਹਜ਼ਾਰਾਂ ਹੀ ਲੋਕਾਂ ਨੇ ਇਸ ਸਜ਼ਾ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਵਿਰੋਧ ਦਾ ਨਤੀਜਾ ਇਹ ਹੋਇਆ ਕਿ ਪੰਜਾਬ ਦੇ ਰਾਜਪਾਲ ਨੇ ਸੰਵਿਧਾਨ ਵਿੱਚ ਰਾਸ਼ਟਰਪਤੀ ਦੀਆਂ ਮਿਲਿਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਸਜ਼ਾ ਇਹ ਕਿ ਮਾਫ਼ ਕਰ ਦਿੱਤੀ ਕਿ ਲੋਕਾਂ ਦੇ ਤਿੰਨੋਂ ਆਗੂ ਬੇਕਸੂਰ ਹਨ, ਇਸ ਲਈ ਇੰਨਾਂ ਲਈ ਉਮਰ ਕੈਦ ਦੀ ਸਜਾ ਕਿਸੇ ਵੀ ਪੱਖ ਤੋਂ ਸਹੀ ਨਹੀਂ ਹੋਵੇਗੀ। ਪਰ ਨਾਲ ਹੀ ਹਾਈਕੋਰਟ ਦੇ ਜੱਜਾਂ ਨੇ ਮਨਜੀਤ ਨੂੰ ਛੱਡ ਕੇ ਬਾਕੀ ਦੋਹਾਂ ਆਗੂਆਂ ਦੀ ਸਜ਼ਾ ਬੇਕਸੂਰ ਮੰਨਦਿਆਂ ਮਾਫ਼ ਕਰ ਦਿੱਤੀ। ਅੰਤ ਮਾਮਲਾ ਸੁਪਰੀਮ ਕੋਰਟ ਚਲਿਆ ਗਿਆ ਜਿਸ ਵਿੱਚ ਅਦਾਲਤ ਨੇ ਮਨਜੀਤ ਧਨੇਰ ਦੀ ਸਜ਼ਾ ਅੱਜ ਫਿਰ ਬਰਕਾਰ ਰੱਖੀ ਹੈ। ਲੋਕਾਂ ਦੀ ਗੁੰਡਾਗਰਦੀ ਖਿਲਾਫ਼ ਪਿਛਲੇ 22 ਵਰਿਆਂ ਤੋਂ ਚੱਲੀ ਰਹੀ ਇਸ ਲਾਮਿਸਾਲ ਲੜਾਈ ਦਾ ਘੋਲ ਕਈ ਪੜਾਵਾਂ ਵਿੱਚੋਂ ਦੀ ਲੰਘਦਾ ਹੋਇਆ ਅੱਜ ਮਨਜੀਤ ਦੀ ਉਮਰ ਕੈਦ ਦੀ ਸਜ਼ਾ ਤੱਕ ਆਣ ਪੁੱਜਾ ਹੈ। ਇਸ ਸਜਾ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਕਿਤੇ ਨੇ ਕਿਤੇ ਭਾਰਤੀ ਨਿਆਂ ਪ੍ਰਣਾਲੀ ਵਿੱਚ ਸੈਂਕੜੇ ਊਣਤਾਈਆਂ ਹਨ ਜਿੰਨਾਂ ਨੂੰ ਵਰਤ ਕੇ ਬਹੁਤ ਸਾਰੇ ਸਮਾਜ ਵਿਰੋਧੀ ਅਨਸਰ ਬੇਕਸੂਰਾਂ ਨੂੰ ਸਜ਼ਾ ਵੀ ਕਰਵਾ ਦਿੰਦੇ ਹਨ।

Send this to a friend