April 28, 2026 4:45 pm

ਲਾਂਘੇ ਪ੍ਰਤੀ ਪਾਕਿਸਤਾਨ ਦਾ ਹਾਂ ਪੱਖੀ ਵਤੀਰਾ

ਜੰਮੂ-ਕਸ਼ਮੀਰ ਦੇ ਝਗੜੇ ਕਾਰਨ ਬੇਸ਼ਕ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧ ਵਿਗੜੇ ਹੋਏ ਹਨ। ਦੋਵੇਂ ਦੇਸ਼ਾਂ ਦੇ ਆਪਸੀ ਰਿਸ਼ਤੇ ਲਗਭਗ ਟੁੱਟ ਚੁੱਕੇ ਹਨ। ਇਸ ਦੇ ਬਾਵਜੂਦ ਪਾਕਿਸਤਾਨ ਸਰਕਾਰ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਤੋਂ ਸ਼ਰਧਾਲੂ ਬਿਨਾ ਵੀਜੇ ਤੋਂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰ ਸਕਣਗੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਕੋਰੀਡੋਰ ‘ਤੇ ਕੋਈ ਅਸਰ ਨਹੀਂ ਅਸਰ ਪਵੇਗਾ। ਦੋਹਾਂ ਦੇਸ਼ਾਂ ਵਿੱਚ ਤਣਾਅ ਦੇ ਬਾਵਜੂਦ ਸ਼ਰਧਾਲੂਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਪਾਕਿਸਤਾਨ ਨੇ ਇਹ ਵੀ ਉਮੀਦ ਜਤਾਈ ਹੈ ਕਿ ਸ੍ਰੀ ਕਰਤਾਰਪੁਰ ਲਾਂਘੇ ‘ਤੇ ਜਲਦੀ ਬੈਠਕ ਹੋਵੇਗੀ ਅਤੇ ਲਾਂਘੇ ਦਾ ਕੰਮ 31 ਅਕਤੂਬਰ ਤੱਕ ਪੂਰਾ ਕਰ ਲਿਆ ਜਾਵੇਗਾ। ਪਾਕਿਸਤਾਨ ਨਵੰਬਰ ਵਿੱਚ ਸ੍ਰੀ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਲਈ ਵਚਨਬੱਧ ਦਿਸ ਰਿਹਾ ਹੈ। ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਮਾੜੇ ਹਾਲਾਤਾਂ ਦੇ ਬਾਵਜੂਦ ਵੀ ਲਾਂਘੇ ਦੇ ਕਾਰਜ ਨੂੰ ਰੋਕਿਆ ਨਹੀਂ ਗਿਆ ਅਤੇ ਨਾ ਹੀ ਭਾਰਤ ਤੋਂ ਸ਼ਰਧਾਲੂਆਂ ਦੇ ਦਰਸ਼ਨ ਕਰਨ ‘ਤੇ ਕੋਈ ਰੋਕ ਲਗਾਈ ਹੈ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੀ ਇਸ ਮੁੱਦੇ ਉੱਪਰ ਕੋਈ ਅੜਿਕਾ ਨਾ ਪਾਵੇ। ਦੋਵੇਂ ਦੇਸ਼ਾਂ ਨੂੰ ਘੱਟੋ-ਘੱਟ ਇਸ ਇਕ ਮੁੱਦੇ ਉੱਪਰ ਤਾਲਮੇਲ ਬਣਾ ਕੇ ਚੱਲਣਾ ਚਾਹੀਦਾ ਹੈ। ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਪ੍ਰਤੀ ਸਿੱਖ ਭਾਈਚਾਰੇ ਦੀਆਂ ਡੂੰਘੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਡੀ ਅਹਿਮੀਅਤ ਵਾਲਾ ਦਿਹਾੜਾ ਹੈ। ਇਸ ਮੌਕੇ ‘ਤੇ ਹਰ ਹਾਲਤ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸੰਗਤ ਲਈ ਖੋਲ੍ਹਿਆ ਜਾਣਾ ਚਾਹੀਦਾ ਹੈ। ਭਾਰਤ ਸਰਕਾਰ ਨੂੰ ਆਪਣੇ ਹਿੱਸੇ ਦਾ ਕਾਰਜ ਵੀ ਤੁਰੰਤ ਅਤੇ ਸਮੇਂ ਸਿਰ ਮੁਕੰਮਲ ਕਰਨਾ ਚਾਹੀਦਾ ਹੈ। ਪਾਕਿਸਤਾਨ ਸਰਕਾਰ ਨੇ ਆਪਣੇ ਸਾਰੇ ਵਿਭਾਗਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੀਆਂ ਤਿਆਰੀਆਂ ਕਰਨ ਦੇ ਹੁਕਮ ਦਿੱਤੇ ਹਨ। ਪਾਕਿਸਤਾਨ ਸਰਕਾਰ ਵੱਲੋਂ ਦਿਖਾਇਆ ਜਾ ਰਿਹਾ ਉਤਸ਼ਾਹ ਬਹੁਤ ਕਾਬਲੇ ਤਾਰੀਫ ਹੈ। ਭਾਰਤ ਸਰਕਾਰ ਨੂੰ ਵੀ ਇਸ ਮੌਕੇ ‘ਤੇ ਵੱਡੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਭਾਰੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਵੇ। ਸਿੱਖ ਭਾਈਚਾਰੇ ਨੂੰ ਵੀ ਆਪਣੇ ਪੱਧਰ ਉੱਪਰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਸਬੰਧੀ ਸਾਰੀਆਂ ਜਥੇਬੰਦੀਆਂ ਨੂੰ ਆਪਸੀ ਤਾਲਮੇਲ ਬਣਾ ਕੇ ਰੱਖਣਾ ਹੋਵੇਗਾ।
– ਬਲਜੀਤ ਸਿੰਘ ਬਰਾੜ

Send this to a friend