ਪੰਜਾਬ ਵਿੱਚ ਆਏ ‘ਮਨਸੂਈ’ ਹੜ੍ਹਾਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹੜ੍ਹਾਂ ਕਾਰਨ ਲੱਖਾਂ ਦੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋਏ ਹਨ। ਜਿਨ੍ਹਾਂ ਪਿੰਡਾਂ ਜਾਂ ਖੇਤਰਾਂ ਵਿੱਚ ਹੜ੍ਹਾਂ ਦਾ ਪਾਣੀ ਆਇਆ ਹੈ ਉਹ ਇਕ ਤਰ੍ਹਾਂ ਨਾਲ ਉੱਜੜ ਗਏ ਹਨ। ਫਸਲਾਂ, ਘਰ, ਕਾਰੋਬਾਰ, ਮਾਲ- ਪਸ਼ੂ ਅਤੇ ਹੋਰ ਕੀਮਤੀ ਸਾਜੋ-ਸਮਾਨ ਦੀ ਭਾਰੀ ਤਬਾਹੀ ਹੋਈ ਹੈ। ਹੜ੍ਹਾਂ ਦੇ ਇਕ ਝਟਕੇ ਨਾਲ ਹੀ ਲੋਕ ਦੋ-ਵੇਲੇ ਦੀ ਰੋਟੀ ਤੋਂ ਆਤੁਰ ਹੋ ਗਏ ਹਨ। ਹੜ੍ਹ ਪੀੜ੍ਹਤਾਂ ਕੋਲ ਹੁਣ ਨਾ ਆਨਾਜ ਹੈ, ਨਾ ਪੈਸੇ ਹਨ, ਨਾ ਘਰ ਹੈ ਅਤੇ ਨਾ ਰੁਜ਼ਗਾਰ। ਬੱਚਿਆਂ ਵਾਲੇ ਪਰਿਵਾਰ ਤਾਂ ਬਹੁਤ ਦੁੱਖ ਭਰੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਗਏ ਪ੍ਰਬੰਧ ਨਾਕਾਫੀ ਹਨ। ਲੋਕ ਸੜਕਾਂ ਅਤੇ ਖੁੱਲ੍ਹੇ ‘ਚ ਦਿਨ ਕੱਟਣ ਲਈ ਮਜ਼ਬੂਰ ਹਨ। ਬੱਚੇ ਦੁੱਧ ਲਈ ਵਿਲਕ ਰਹੇ ਹਨ। ਪੀਣ ਵਾਲਾ ਪਾਣੀ ਤੱਕ ਨਹੀਂ ਹੈ। ਹੜ੍ਹ ਪੀੜਤ ਖੇਤਰਾਂ ਦੇ ਲੋਕ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਸਨ। ਹੜ੍ਹਾਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਉਜਾੜ ਕੇ ਰੱਖ ਦਿੱਤਾ ਹੈ। ਵੱਡੀ ਗੱਲ ਇਹ ਹੈ ਕਿ ਪੰਜਾਬ ਵਿੱਚ ਕੋਈ ਜ਼ਿਆਦਾ ਬਰਸਾਤ ਨਹੀਂ ਹੋਈ। ਸਿਰਫ ਨੰਗਲ ਡੈਮ ਤੋਂ ਇਕਦਮ ਛੱਡੇ ਗਏ ਪਾਣੀ ਨਾਲ ਇਹ ਹੜ੍ਹ ਆਏ ਹਨ। ਪਹਿਲਾਂ ਵੀ 2 ਮੌਕਿਆਂ ‘ਤੇ ਡੈਮ ਕਾਰਨ ਅਜਿਹੇ ਹੜ੍ਹ ਆ ਚੁੱਕੇ ਹਨ। ਪੰਜਾਬ ਨੂੰ ਕਿਸੇ ਸਮੇਂ ਨਵਾਂ ਜੀਵਨ ਦੇਣ ਵਾਲਾ ਭਾਖੜਾ ਡੈਮ ਹੁਣ ਤਬਾਹੀ ਦਾ ਹਥਿਆਰ ਬਣ ਗਿਆ ਹੈ। ਡੈਮ ਕੇਂਦਰ ਸਰਕਾਰ ਦੇ ਅਧਿਕਾਰ ਹੇਠ ਹਨ। ਪੰਜਾਬ ਨੂੰ ਡੈਮ ਦੇ ਪ੍ਰਬੰਧਾਂ ਲਈ ਭਰੋਸੇ ਵਿੱਚ ਨਹੀਂ ਲਿਆ ਜਾਂਦਾ। ਡੈੱਮ ਦੇ ਫਲੱਡ ਗੇਟ ਖੋਲ੍ਹਣ ਸਮੇਂ ਵੀ ਜਾਣਕਾਰੀ ਨੂੰ ਪੀੜ੍ਹਤਾਂ ਨਾਲ ਸਾਂਝਾ ਨਹੀਂ ਕੀਤਾ ਗਿਆ। ਇਹ ਬੇਹੱਦ ਦੁੱਖ ਦੀ ਗੱਲ ਹੈ ਕਿ ਇਸ ‘ਮਨਸੂਈ’ ਹੜ੍ਹ ਨਾਲ ਪੰਜਾਬ ਦੇ ਇਕ ਵੱਡੇ ਹਿੱਸੇ ਨੂੰ ਉਜਾੜ ਦਿੱਤਾ ਗਿਆ। ਉਜਾੜੇ ਦੀ ਇਸ ਤਬਾਹੀ ਵਿੱਚੋਂ ਉੱਭਰਨ ਲਈ ਪੰਜਾਬ ਅਤੇ ਪੰਜਾਬੀਆਂ ਨੂੰ ਵੱਡੀ ਕੀਮਤ ਤਾਰਨੀ ਹੋਵੇਗੀ। ਬਿਨਾਂ ਸ਼ੱਕ ਪੰਜਾਬ ਵਿੱਚ ਲਿਆਂਦੇ ਗਏ ਨਕਲੀ ਹੜ੍ਹ ਇਕ ਵੱਡਾ ਅਤੇ ਸੰਗੀਨ ਅਪਰਾਧ ਹਨ। ਇਸ ਅਪਰਾਧ ਲਈ ਸਬੰਧਤ ਅਧਿਕਾਰੀਆਂ ਅਤੇ ਨੇਤਾਵਾਂ ਖਿਲਾਫ ਤੁਰੰਤ ਅਪਰਾਧਿਕ ਕੇਸ ਦਰਜ ਕੀਤੇ ਜਾਣੇ ਚਾਹੀਦੇ ਹਨ। ਕਿਸੇ ਨੂੰ ਵੀ ਇਹ ਹੱਕ ਨਹੀਂ ਹੈ ਕਿ ਉਹ ਸ਼ਾਂਤਮਈ ਰਹਿ ਰਹੇ ਲੱਖਾਂ ਲੋਕਾਂ ਨੂੰ ਇਸ ਤਰ੍ਹਾਂ ਉਜਾੜ ਦੇਵੇ। ਪੰਜਾਬ ਦੀ ਇਸ ਤਬਾਹੀ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਹਰ ਹਾਲਤ ਸਜ਼ਾ ਮਿਲਣੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਨੂੰ ਇਸ ਸਾਜਿਸ਼ ਖਿਲਾਫ ਆਪਣੀ ਆਵਾਜ਼ ਉਠਾਉਣੀ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਇਸ ਤਰ੍ਹਾਂ ਦਾ ਅਪਰਾਧ ਮੁੜ ਨਾ ਦੁਹਰਾਇਆ ਜਾਵੇ। ਇਸ ਸਮੇਂ ਡੈਮ ਦੇ ਪ੍ਰਬੰਧ ਨੂੰ ਪੰਜਾਬ ਦੇ ਹੱਥ ਵਿੱਚ ਦੇਣਾ ਬਹੁਤ ਜ਼ਰੂਰੀ ਹੋ ਗਿਆ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਹ ਡੈਮ ਪੰਜਾਬ ਦੇ ਮੁਕੰਮਲ ਸਫਾਏ ਦਾ ਕਾਰਨ ਬਣ ਸਕਦਾ ਹੈ। ਚੰਗਾ ਹੋਵੇਗਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੇ ਲੋਕ ਦਰਿਆ ਉੱਪਰ ਬਣੇ ਡੈਮਾਂ ਨੂੰ ਬਣਾਏ ਰੱਖਣ ਜਾਂ ਹਟਾਉਣ ਲਈ ਮੁੜ ਤੋਂ ਨਿਰਣਾ ਲੈਣ। ਡੈਮਾਂ ਦੀ ਉੱਚਾਈ ਸਬੰਧੀ ਵੀ ਬਕਾਇਦਾ ਉੱਚ ਪੱਧਰੀ ਅਧਿਐਨ ਹੋਣਾ ਚਾਹੀਦਾ ਹੈ। ਡੈਮਾਂ ਵਿੱਚ ਕਿੰਨਾ ਪਾਣੀ ਰੋਕ ਕੇ ਰੱਖਿਆ ਜਾਣਾ ਚਾਹੀਦਾ ਹੈ ਇਹ ਵੀ ਵੱਡਾ ਸਵਾਲ ਹੈ ਜਿਸ ਬਾਰੇ ਤੁਰੰਤ ਸੋਚ ਵਿਚਾਰ ਕਰਕੇ ਫੈਸਲਾ ਲੈਣਾ ਹੋਵੇਗਾ। ਵੱਡੇ ਡੈਮ ਅਤੇ ਇਕੱਠਾ ਕੀਤਾ ਗਿਆ ਭਾਰੀ ਮਾਤਰਾ ਵਿੱਚ ਪਾਣੀ ਮਨੁੱਖੀ ਵੱਸੋਂ ਲਈ ਵੱਡਾ ਖਤਰਾ ਹਨ। ਇਸ ਮੁੱਦੇ ‘ਤੇ ਵਿਆਪਕ ਸੋਚ ਵਿਚਾਰ ਤੋਂ ਬਾਅਦ ਨਿਰਣਾ ਲੈਣਾ ਜ਼ਰੂਰੀ ਹੋ ਗਿਆ ਹੈ। ਚੰਗਾ ਤਾਂ ਇਹ ਹੈ ਕਿ ਸਾਰੇ ਮੌਜੂਦਾ ਡੈਮ ਹਟਾ ਕੇ ਛੋਟੇ ਡੈਮ ਬਣਾਏ ਜਾਣ ਅਤੇ ਦਰਿਆਵਾਂ ਦੇ ਕੁਦਰਤੀ ਵਹਾਅ ਨੂੰ ਬਹਾਲ ਕੀਤਾ ਜਾਵੇ। ਇਸ ਨਾਲ ਪੰਜਾਬ ਨੂੰ ਹੜ੍ਹਾਂ ਤੋਂ ਵੀ ਬਚਾਇਆ ਅਤੇ ਦਰਿਆਵਾਂ ਕੰਢੇ ਟੂਰਿਜ਼ਮ ਨੂੰ ਉਤਸ਼ਾਹਿਤ ਕੀਤਾ ਜਾ ਸਕੇਗਾ। ਆਸ ਕਰਦੇ ਹਾਂ ਕਿ ਪੰਜਾਬ ਦੀਆਂ ਭਲਾ ਚਾਹੁਣ ਵਾਲੀਆਂ ਸਾਰੀਆਂ ਤਾਕਤਾਂ ਇਨ੍ਹਾਂ ਸਵਾਲਾਂ ਬਾਰੇ ਚਰਚਾ ਕਰਨਗੀਆਂ ਅਤੇ ਕੋਈ ਪੰਜਾਬ ਪੱਖੀ ਹੱਲ ਕੱਢਿਆ ਜਾਵੇਗਾ।
– ਬਲਜੀਤ ਸਿੰਘ ਬਰਾੜ