April 27, 2026 11:37 pm

ਹਰਿਆਣਾ ‘ਚ 4 ਜ਼ਿਲ੍ਹਿਆਂ ਦੇ 84 ਪਿੰਡਾਂ ਵਿੱਚ ਅਲਰਟ

ਇੱਕ ਪਾਸੇ ਯਮੂਨਾ, ਦੂਜੇ ਪਾਸੇ ਮਾਰਕੰਡਾ ਨਦੀ ਉਫਾਨ ‘ਤੇ-ਦੋਵੇਂ ਖਤਰੇ ਦੇ ਨਿਸ਼ਾਨ ਤੋਂ ਪਾਰ

ਕਰਨਾਲ/ਕੁਰੂਕਸ਼ੇਤਰ, 19 ਅਗਸਤ (ਜਸਬੀਰ ਸਿੰਘ ਦੁੱਗਲ)- ਕੈਚਮੈਂਟ ਏਰਿਆ ਹਿਮਾਚਲ-ਉਤਰਾਖੰਡ ਵਿੱਚ ਹੋਈ ਵਰਖਾ ਤੋਂ ਬਾਅਦ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਜਿਲਾ ਪ੍ਰਸ਼ਾਸਨ ਦੇ ਉੱਚਾਧਿਕਾਰੀ ਪਲ-ਪਲ ਦੀ ਜਾਣਕਾਰੀ ਚੰਡੀਗੜ ਅਤੇ ਦਿੱਲੀ ਭੇਜ ਰਹੇ ਹਨ । ਸਿੰਚਾਈ ਵਿਭਾਗ ਦੇ ਐਕਸਈਏਨ ਹਰਿਦੇਵ ਕੰਬੋਜ ਨੇ ਦੱਸਿਆ ਕਿ ਯਮੁਨਾਨਗਰ, ਕਰਨਾਲ, ਇੰਦਰੀ ਅਤੇ ਘਰੌਂਡਾ ਪਾਨੀਪਤ ਅਤੇ ਸੋਨੀਪਤ ਵਿੱਚ ਯਮੁਨਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਹੜ੍ਹ ਦੇ ਚਲਦੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪਾਨੀਪਤ ਦੇ 19, ਕਰਨਾਲ ਦੇ 29, ਯਮੁਨਾਨਗਰ ਦੇ 30 ਅਤੇ ਸੋਨੀਪਤ ਦੇ 6 ਪਿੰਡਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਸਥਿਤੀ ਵਿਗੜਨ ‘ਤੇ ਇਹਨਾਂ ਪਿੰਡਾਂ ਵਿੱਚ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਕਿਸਾਨਾਂ ਨੂੰ ਯਮੁਨਾ ਦੇ ਕੰਢੇ ਲੱਗਦੇ ਖੇਤਾਂ ਵਿੱਚ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਕਰਨਾਲ ਦੇ ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਨੇ ਲੋਕਾਂ ਦੀ ਸੁਰੱਖਿਆ ਲਈ ਸਿੰਚਾਈ ਵਿਭਾਗ, ਮਾਲ ਵਿਭਾਗ ਅਤੇ ਪੁਲੀਸ ਵਿਭਾਗ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਅਤੇ ਪਸ਼ੁ ਪਾਲਣ ਵਿਭਾਗ ਨੂੰ ਅਗਲੇ 48 ਘੰਟੇ ਡਿਊਟੀ ਤੇ ਤੈਨਾਤ ਰਹਿਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਅਤੇ ਮੁਲਾਜਮਾਂ ਨੂੰ ਆਪਣਾ ਸਟੇਸ਼ਨ ਨਾ ਛੱਡਣ ਦੇ ਵੀ ਆਦੇਸ਼ ਦਿੱਤੇ ਗਏ ਹਨ
ਕਰਨਾਲ ਵਿੱਚ ਕੰਟਰੋਲ ਰੂਮ ਕੀਤਾ ਸਥਾਪਤ- ਕਰਨਾਲ ਦੇ ਪਿੰਡ ਚੰਦਰਾਵ ਅਤੇ ਕਲਸੌਰਾ ਸਣੇ ਕਈ ਪਿੰਡਾਂ ਵਿੱਚ ਯਮੁਨਾ ਦਾ ਪਾਣੀ ਸੜਕ ਕਰਾਸ ਕਰ ਗਿਆ ਹੈ।
ਨਾਲ ਲੱਗਦੇ ਖੇਤਾਂ ਵਿੱਚ ਪਾਣੀ ਵੜ ਆਇਆ ਹੈ। ਪ੍ਰਸ਼ਾਸਨ ਵਲੋਂ ਹੜ ਕੰਟਰੋਲ ਰੂਮ ਬਣਾਇਆ ਗਿਆ ਹੈ । ਟੈਲੀਫੋਨ ਨੰਬਰ – 2267271 ਅਤੇ ਪੁਲੀਸ ਕੰਟਰੋਲ ਰੂਮ ਨੰਬਰ 100 ‘ਤੇ ਜਾਣਕਾਰੀ ਦੇ ਸਕਦੇ ਹੋ।
ਕਰਨਾਲ ਦੇ ਇਹਨਾਂਂ ਪਿੰਡਾਂ ਵਿੱਚ ਜਾਰੀ ਕੀਤਾ ਹਾਈ ਅਲਰਟ- ਡੀਸੀ ਨੇ ਇੰਦਰੀ ਖੰਡ ਦੇ ਚੌਗਾਮਾ, ਹੰਸੂ ਮਾਜਰਾ, ਚੰਦਰਾਵ, ਗੜੀਬੀਰਬਲ, ਨਾਬਿਆਬਾਦ, ਜਪਦੀ ਛਪਰਾ, ਸਇਯਦ ਛਪਰਾ, ਕਮਾਲਪੁਰ ਗਡਰਿਆਨ, ਡਬਕੌਲੀ ਖੁਰਦ ਅਤੇ ਡਬਕੌਲੀ ਕਲਾਂ ਅਤੇ ਕੁੰਜਪੁਰਾ ਖੰਡ ਦੇ ਸ਼ੇਰਗਢ ਟਾਪੂ, ਜਡੌਲੀ, ਨਬੀਪੁਰ, ਕੁੰਡਾ ਕਲਾਂ ਆਦਿ ਪਿੰਡਾਂ ਨੂੰ ਅਲਰਟ ਤੇ ਰੱਖਿਆ ਗਿਆ ਹੈ। ਇਸ ਪ੍ਰਕਾਰ ਕਰਨਾਲ ਖੰਡ ਦੇ ਜੰਮੂਖਾਲਾ, ਮੁਸਤਫਾਬਾਦ, ਢਾਕਵਾਲਾ ਗੁਜਰਾਨ ਅਤੇ ਦਿਲਾਵਰਾ ਅਤੇ ਘਰੌਂਡਾ ਖੰਡ ਦੇ ਲਾਲੂਪੁਰਾ, ਸਦਰਪੁਰ, ਮੁੰਡੀਗੜੀ ਅਤੇ ਬਲਹੇਡਾ ਆਦਿ ਪਿੰਡਾਂ ਵਿੱਚ ਜਮੁਨਾ ਦਾ ਪਾਣੀ ਆਉਣ ਦੀ ਸੂਚਨਾ ਜਾਰੀ ਕੀਤੀ ਗਈ ਹੈ।
ਕੁਰੂਕਸ਼ੇਤਰ ਵਿਖੇ ਮਾਰਕੰਡਾ ਨਦੀ ਖਤਰੇ ਦੇ ਨਿਸ਼ਾਨ ਤੋਂ ਉਪਰ, ਨੇੜਲੇ ਪਿੰਡਾਂ ਵਿਚ ਹੜ, ਸਕੂਲ ਰਹੇ ਬੰਦ- ਉਧਰ ਹਿਮਾਚਲ ਦੇ ਕਾਲਾਅੰਬ ਤੋਂ ਮਾਰੰਕਡਾ ਨਦੀ ਵਿੱਚ ਪਾਣੀ ਛੱਡਿਆ ਗਿਆ ਹੈ। ਇਹ ਪਾਣੀ ਮਾਰਕੰਡਾ ਨਦੀ ਕੰਢੇ ਲੱਗਦੇ ਪਿੰਡਾਂ ਕਲਸਾਨਾ, ਕਠਵਾ, ਮੁਗਲਮਾਜਰਾ, ਤੰਗੌਰ, ਦਾਮਲੀ, ਦਿਯਾਲਪੁਰ ਅਤੇ ਗੁਮਟੀ ਸਣੇ ਹੋਰ ਪਿੰਡਾਂ ਵਿਚ ਵੜਨਾ ਸ਼ੁਰੂ ਹੋ ਗਿਆ। ਕਈ ਪਿੰਡਾਂ ਵਿਚ ਹੜ ਦਾ ਪਾਣੀ ਕਾਫੀ ਮਾਤਰਾ ਵਿਚ ਵੜ ਗਿਆ ਹੈ, ਜਿਸ ਕਾਰਨ ਸਕੂਲ ਬੰਦ ਰਹੇ ਅਤੇ ਪਿੰਡਾਂ ਨਾਲ ਸੰਪਰਕ ਟੁੱਟ ਗਿਆ, ਜਦਕਿ ਕਈ ਪਿੰਡਾਂ ਵਿਚ ਹਲੇ ਪਾਣੀ ਦੀ ਮਾਤਰਾ ਘਟ ਹੈ। ਹਾਲਾਂਕਿ ਪਿੰਡਾਂ ਦੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਖੁਦ ਡਿਪਟੀ ਕਮਿਸ਼ਨਰ ਅਤੇ ਹੋਰ ਪ੍ਰਬੰਧਕੀ ਅਧਿਕਾਰੀ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਦੇ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਮਾਰਕੰਡਾ ਵਿੱਚ ਪਾਣੀ ਦਾ ਪੱਧਰ ਕਾਫ਼ੀ ਵਧਿਆ ਨਜਰ ਆ ਰਿਹਾ ਹੈ, ਜੋ ਅੱਜ ਵੱਧ ਕੇ 35000 ਕਿਓਸਿਕ ਹੋ ਗਿਆ ਹੈ।

Send this to a friend