ਭਾਰਤ ਸਰਕਾਰ ਦੇ ਵੱਡੇ ਦਾਅਵਿਆਂ ਦੇ ਬਾਵਜੂਦ ਦੇਸ਼ ਆਰਥਿਕ ਸੰਕਟ ਵੱਲ ਵੱਧਦਾ ਪ੍ਰਤੀਤ ਹੋ ਰਿਹਾ ਹੈ। ਦੇਸ਼ ਦਾ ਆਟੋ ਸੈਕਟਰ ਤਾਂ ਇਸ ਸਮੇਂ ਗੰਭੀਰ ਹਾਲਤ ਵਿੱਚ ਪਹੁੰਚ ਗਿਆ ਹੈ। ਕਾਰਾਂ ਅਤੇ ਬਾਇਕਾਂ ਦੀ ਵਿਕਰੀ ਲਗਾਤਾਰ ਘੱਟ ਰਹੀ ਹੈ। ਸੰਕਟ ਦੀ ਗੰਭੀਰਤਾ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਡੀਲਰਾਂ ਵੱਲੋਂ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੂੰ ਕੱਢਿਆ ਜਾ ਰਿਹਾ ਹੈ। ਹੁਣ ਤੱਕ ਛੋਟੇ ਡੀਲਰਾਂ ਵੱਲੋਂ ਪਿਛਲੇ ਤਿੰਨ ਮਹੀਨਿਆਂ ‘ਚ 2 ਲੱਖ ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਗਈ ਹੈ। ਆਟੋ ਉਦਯੋਗ ਦੇ ਇਕ ਵੱਡੇ ਸੰਗਠਨ ‘ਫੈਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਨਜ਼ਦੀਕ ਭਵਿੱਖ ਵਿੱਚ ਹਾਲਾਤ ਸੁਧਰਨ ਦੀ ਸੰਭਾਵਨਾ ਨਹੀਂ ਦਿਸਦੀ। ਆਉਣ ਵਾਲੇ ਸਮੇਂ ਵਿੱਚ ਕਰਮਚਾਰੀਆਂ ਦੀ ਛਾਂਟੀ ਦਾ ਸਿਲਸਿਲਾ ਹੋਰ ਗੰਭੀਰ ਹੋ ਸਕਦਾ ਹੈ ਅਤੇ ਸ਼ੋਅ ਰੂਮ ਤੱਕ ਬੰਦ ਹੋ ਸਕਦੇ ਹਨ। ਮਾਰੂਤੀ ਅਤੇ ਟਾਟਾ ਵੱਲੋਂ ਆਪਣੇ ਨਿਰਮਾਣ ਵਿੱਚ ਕਮੀ ਕੀਤੀ ਗਈ ਹੈ। ਕਾਰ-ਬਾਇਕ ਮੈਨਿਉਫੈਕਚਰਸ ਦੇ ਸੰਗਠਨ ‘ਸਿਆਮ’ ਦੇ ਅੰਕੜਿਆਂ ਅਨੁਸਾਰ ਮੌਜੂਦਾ ਵਿੱਤ ਸਾਲ ਦੀ ਅਪ੍ਰੈਲ-ਜੂਨ ਤੀਮਾਹੀ ਵਿੱਚ ਸਾਰੇ ਸੇਗਮੇਂਟ ਵਿੱਚ ਵਾਹਨਾਂ ਦੀ ਵਿਕਰੀ 12.35 ਫੀਸਦੀ ਘੱਟਕੇ 60,85,406 ਯੂਨਿਟ ਰਹਿ ਗਈ। ਵਿਕਰੀ ਵਿੱਚ ਕਮੀ ਕਾਰਨ ਡੀਲਰਾਂ ਕੋਲ ਖਰਚੇ ਘਟਾਉਣ ਤੋਂ ਸਿਵਾ ਕੋਈ ਚਾਰਾ ਨਹੀਂ ਰਿਹਾ। ਕੇਂਦਰ ਸਰਕਾਰ ਦੇ ਬਜਟ ਤੋਂ ਬਾਅਦ ਹਾਲਾਤ ਵਧੇਰੇ ਖਰਾਬ ਹੋਈ ਹੈ। ਸਰਕਾਰ ਨੇ ਆਟੋ ਖੇਤਰ ਨੂੰ ਕੋਈ ਰਾਹਤ ਨਹੀਂ ਦਿੱਤੀ। ਪਹਿਲਾਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸਰਕਾਰ ਉਦਯੋਗ ਖੇਤਰ ਨੂੰ ਜੀ.ਐਸ.ਟੀ. ਦੇ ਮਾਮਲੇ ਵਿੱਚ ਵੱਡੀ ਰਾਹਤ ਦੇਵੇਗੀ ਪਰ ਅਜਿਹਾ ਨਹੀਂ ਕੀਤਾ ਗਿਆ। ਜੇਕਰ ਗੱਡੀਆਂ ਦੀ ਵਿਕਰੀ ਵਿੱਚ ਗਿਗਰਾਵਟ ਜਾਰੀ ਰਹਿੰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਤਕਨੀਕੀ ਨੌਕਰੀਆਂ ਵੀ ਪ੍ਰਭਾਵਿਤ ਹੋਣਗੀਆਂ। ਹੋ ਸਕਦਾ ਹੈ ਕਿ ਆਟੋ ਖੇਤਰ ਦੇ ਕੁਝ ਕਾਰਖਾਨੇ ਵੀ ਬੰਦ ਹੋ ਜਾਣ। ਦੇਸ਼ ਭਰ ਵਿੱਚ 15,000 ਆਟੋ ਡੀਲਰਾਂ ਦੁਆਰਾ ਚਲਾਏ ਜਾਂਦੇ 26,000 ਆਟੋ ਸ਼ੋਅ ਰੂਮਾਂ ਵਿੱਚ ਕਰੀਬ 25 ਲੱਖ ਲੋਕਾਂ ਨੂੰ ਸਿੱਧਾ ਰੁਜ਼ਗਾਰ ਮਿਲਿਆ ਹੋਇਆ ਹੈ। 25 ਲੱਖ ਲੋਕਾਂ ਨੂੰ ਇਸ ਖੇਤਰ ਵਿੱਚ ਅਸਿੱਧੇ ਤੌਰ ‘ਤੇ ਰੁਜ਼ਗਾਰ ਮਿਲਿਆ ਹੋਇਆ ਹੈ। ਇਸ ਤੋਂ ਪਹਿਲਾਂ ਇਸ ਸਾਲ ਅਪ੍ਰੈਲ ਤੱਕ 18 ਮਹੀਨਾ ਦੀ ਮਿਆਦ ਵਿੱਚ ਦੇਸ਼ ਦੇ 271 ਸ਼ਹਿਰਾਂ ਵਿੱਚ 286 ਸ਼ੋਰੂਮ ਬੰਦ ਹੋਏ ਹਨ, ਜਿਸ ਵਿੱਚ 32,000 ਲੋਕਾਂ ਦੀ ਨੌਕਰੀ ਗਈ ਸੀ। ਇਹ ਛਾਂਟੀ ਦੋ ਲੱਖ ਨੌਕਰੀਆਂ ਤੋਂ ਇਲਾਵਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਦਯੋਗ ਖੇਤਰ ਦੇ ਸੰਕਟ ਵੱਲ ਤੁਰੰਤ ਧਿਆਨ ਦੇਵੇ ਤਾਂ ਜੋ ਕਾਮਿਆਂ ਦਾ ਰੁਜ਼ਗਾਰ ਬਣਿਆ ਰਹੇ। ਦੇਸ਼ ਦੀ ਆਰਥਿਕਤ ਹਾਲਾਤ ਨੂੰ ਸੰਭਾਲਣਾ ਇਸ ਸਮੇਂ ਇਕ ਵੱਡੀ ਚੁਣੌਤੀ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਵਿੱਚ ਉੱਘੇ ਆਰਥਿਕ ਮਾਹਰਾਂ ਦੀਆਂ ਸੇਵਾਵਾਂ ਹਾਸਿਲ ਕਰੇ ਤਾਂ ਜੋ ਦੇਸ਼ ਨੂੰ ਮੌਜੂਦਾ ਆਰਥਿਕ ਸੰਕਟ ਵਿੱਚੋਂ ਕੱਢਿਆ ਜਾ ਸਕੇ।
– ਬਲਜੀਤ ਸਿੰਘ ਬਰਾੜ