April 24, 2026 10:55 am

ਤੁੰਗਵਾਲੀ ਵਿਖੇ 3.5 ਕਰੋੜ ਦੀ ਲਾਗਤ ਨਾਲ ਜਲਦ ਸ਼ੁਰੂ ਹੋਵੇਗਾ ਪੰਜਾਬ ਦਾ ਪਹਿਲਾ ਸ਼ਹਿਦ ਕਲੱਸਟਰ

ਬਠਿੰਡਾ- ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਕਿਹਾ ਕਿ ਜ਼ਿਲ੍ਹੇ ਦੇ ਪਿੰਡ ਤੁੰਗਵਾਲੀ ਵਿਖੇ 3.5 ਕਰੋੜ ਦੀ ਲਾਗਤ ਨਾਲ ਬਨਣ ਵਾਲਾ ਸ਼ਹਿਦ ਕਲੱਸਟਰ ਬਹੁਤ ਜਲਦ ਸ਼ੁਰੂ ਹੋਵੇਗਾ।
ਸੂਬੇ ਅੰਦਰ ਬਨਣ ਵਾਲਾ ਇਹ ਪਹਿਲਾ ਕਲੱਸਟਰ ਹੋਵੇਗਾ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਲੱਸਟਰ ਬੇਰੁਜ਼ਗਾਰ ਨੌਜਵਾਨਾਂ ਦੇ ਨਾਲ-ਨਾਲ ਕਿਸਾਨਾਂ ਲਈ ਵੀ ਆਮਦਨੀ ਦਾ ਸਾਧਨ ਸਹਾਈ ਸਿੱਧ ਹੋਵੇਗਾ।
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਕਿਹਾ ਕਿ ਪਿੰਡ ਪੱਧਰੀ ਸੁਸਾਇਟੀ ਦੇ ਸਹਿਯੋਗ ਨਾਲ ਬਣਾਏ ਜਾ ਰਹੇ ਇਸ ਕਲੱਸਟਰ ਨੂੰ ਬਹੁਤ ਜਲਦ ਸ਼ੁਰੂ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸੁਸਾਇਟੀ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਸੁਸਾਇਟੀ ਦੇ ਚੇਅਰਮੈਨ ਸ਼੍ਰੀ ਗੁਰਚਰਨ ਸਿੰਘ ਮਾਨ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਇਮਾਰਤ ਤਿਆਰ ਕਰਨ ਲਈ 88 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ। ਇਸ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਸੂਬਾ ਸਰਕਾਰ ਵੱਲੋਂ ਪ੍ਰਾਪਤ ਡਿਜ਼ਾਇਨ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਵਿਲੱਖਣ ਪ੍ਰੋਜੈਕਟ ਹੋਵੇਗਾ ਜਿੱਥੇ ਨਾ ਸਿਰਫ਼ ਸ਼ਹਿਦ ਇੱਕਠਾ ਹੋਵੇਗਾ ਸਗੋਂ ਇੱਥ ਇੱਕਠੇ ਹੋਏ ਸ਼ਹਿਦ ਦੀ ਪੈਕਿੰਗ ਕਰਕੇ ਇਸ ਨੂੰ ਮਾਰਕਿਟ ਵਿਚ ਵੇਚਣ ਲਈ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਦ ਦੀ ਪੈਕਿੰਗ ਵਾਲੀ ਮਸ਼ੀਨਰੀ ‘ਤੇ ਤਕਰੀਬਨ 25 ਲੱਖ ਰੁਪਏ ਦੀ ਲਾਗਤ ਆਵੇਗੀ। ਜਿਸ ਵਿਚ ਨਵੀਂ ਤਕਨੀਕ ਵਾਲੀ ਆਧੁਨਿਕ ਮਸ਼ੀਨਰੀ ਦੀ ਵਰਤੋਂ ਕੀਤੀ ਜਾਵੇਗੀ। ਜਿਸ ਵਿਚ ਮਧੂ ਮੱਖੀ ਦਾ ਉਪਕਰਣ ਬਣਾਉਣ ਵਾਲੇ ਸਾਰੇ ਔਜ਼ਾਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣਗੇ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਚੇਅਰਮੈਨ ਸ਼੍ਰੀ ਮਾਨ ਨੇ ਕਿਹਾ “ਇੱਥੇ ਲੱਗਣ ਵਾਲੀਆਂ ਆਧੁਨਿਕ ਮਸ਼ੀਨਾਂ ‘ਤੇ ਲਾਗਤ ਕਰੀਬ 20 ਲੱਖ ਰੁਪਏ ਤੱਕ ਆਵੇਗੀ। ਉਨਾਂ ਇਹ ਵੀ ਦੱਸਿਆ ਕਿ ਇਸ ਪ੍ਰਾਜੈਕਟ ਨੂੰ 20 ਦਸੰਬਰ, 2016 ਨੂੰ ਪ੍ਰਵਾਨਗੀ ਮਿਲੀ ਸੀ, ਜਿਸ ਤੋਂ ਬਾਅਦ ਇਕ ਏਕੜ ਰਕਬੇ ਵਿੱਚ ਇਸ ਇਮਾਰਤ ਦਾ ਨੀਂਹ ਪੱਥਰ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਵਲੋਂ ਰੱਖਿਆ ਗਿਆ ਸੀ।
ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਦਰਸ਼ਨ ਪਾਲ ਅਤੇ ਬਾਗਬਾਨੀ ਵਿਕਾਸ ਅਫ਼ਸਰ ਰੀਨਾ ਰਾਣੀ ਵਲੋਂ ਇਸ ਪ੍ਰੋਜੈਕਟ ਦਾ ਦੌਰਾ ਕਰਕੇ ਇਸ ਵਿਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਵੀ ਲਿਆ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਬਠਿੰਡਾ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਦੇ ਮੁਕਾਬਲੇ ਸ਼ਹਿਦ ਦੇ ਉਤਪਾਦਨ ਵਿੱਚ ਅੱਗੇ ਵੱਧ ਰਿਹਾ ਹੈ ।
ਵਿਭਾਗ ਵਲੋਂ ਕਿਸਾਨਾਂ ਨੂੰ ਮਧੂ-ਮੱਖੀ ਪਾਲਣ ਦੇ ਕਿੱਤੇ ਨੂੰ ਸਵੈ ਰੁਜ਼ਾਗਰ ਕਿੱਤੇ ਵਜੋਂ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਮੁਫ਼ਤ ਸਿਖਲਾਈ ਦੇ ਨਾਲ-ਨਾਲ ਸਬਸਿਡੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਿੱਤੇ ਨੂੰ ਉਹ ਬੇਰੁਜ਼ਗਾਰ ਵਿਅਕਤੀ ਵੀ ਸ਼ੁਰੂ ਕਰ ਸਕਦੇ ਹਨ ਜਿਸ ਕੋਲ ਘੱਟ ਜਾਂ ਕੋਈ ਵੀ ਜ਼ਮੀਨ ਨਹੀਂ ਹੈ।
-ਗੁਰਮੀਤ ਸੇਮਾ
ਜ਼ਿਲ੍ਹਾ ਇੰਚਾਰਜ ਪੰਜਾਬ ਟਾਇਮਜ਼ ਬਠਿੰਡਾ

Send this to a friend