April 24, 2026 1:07 am

ਕੈਪਟਨ ਸਾਹਿਬ ਦਾ ਕਾਂਗਰਸ ਲਈ ਦਰੁੱਸਤ ਸੁਝਾਅ

ਲੋਕ ਸਭਾ ਦੀਆਂ ਆਮ ਚੋਣਾਂ ਵਿੱਚ ਵੱਡੀ ਹਾਰ ਤੋਂ ਬਾਅਦ ਕਾਂਗਰਸ ਸਿਆਸੀ ਹਾਸ਼ੀਏ ਉੱਪਰ ਖੜ੍ਹੀ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ। ਉਨ੍ਹਾਂ ਦੀ ਥਾਂ ਨਵੇਂ ਪ੍ਰਧਾਨ ਦੀ ਚੋਣ ਲਈ ਅਮਲ ਹਾਲੇ ਤੱਕ ਸਿਰੇ ਨਹੀਂ ਚੜ੍ਹ ਸਕਿਆ। ਕਾਂਗਰਸ ਦੀਆਂ ਅੰਦਰੂਨੀ ਉਲਝਣਾਂ ਕਾਰਨ ਗਾਂਧੀ ਪਰਿਵਾਰ ਤੋਂ ਬਾਹਰ ਕਿਸੇ ਨੂੰ ਵੀ ਪ੍ਰਧਾਨ ਥਾਪਣਾ ਬੇਹੱਦ ਕਠਿਨ ਕਾਰਜ ਲੱਗਦਾ ਹੈ। ਇਸ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਨੂੰ ਬਿਲਕੁੱਲ ਦਰੁਸਤ ਸਲਾਹ ਦਿੱਤੀ ਗਈ ਹੈ ਕਿ ਉਹ ਸ਼੍ਰੀ ਰਾਹੁਲ ਗਾਂਧੀ ਦੀ ਭੈਣ ਅਤੇ ਮਰਹੂਮ ਸ਼੍ਰੀ ਰਾਜੀਵ ਗਾਂਧੀ ਦੀ ਬੇਟੀ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ। ਉਨ੍ਹਾਂ ਨੇ ਇਸ ਸਬੰਧੀ ਦਾਅਵਾ ਕੀਤਾ ਹੈ ਕਿ ਜੇਕਰ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਨੂੰ ਕਾਂਗਰਸ ਦੀ ਪ੍ਰਧਾਨਗੀ ਲਈ ਅੱਗੇ ਕੀਤਾ ਜਾਂਦਾ ਹੈ ਤਦ ਉਨ੍ਹਾਂ ਨੂੰ ਪਾਰਟੀ ਵਿੱਚੋਂ ਸਮੁੱਚਾ ਸਮਰਥਨ ਹਾਸਿਲ ਹੋਵੇਗਾ। ਕੈਪਟਨ ਸਾਹਿਬ ਦੀ ਇਹ ਰਾਏ ਬਹੁਤ ਮੌਕੇ ਸਿਰ ਅਤੇ ਮੰਨਣਯੋਗ ਹੈ। ਮੌਜੂਦਾ ਸੰਕਟ ਦੇ ਸਮੇਂ ਵਿੱਚ ਹੋਰ ਕੋਈ ਵੀ ਆਗੂ ਪਾਰਟੀ ਨੂੰ ਅਗਵਾਈ ਦੇਣ ਦੇ ਸਮਰੱਥ ਨਹੀਂ ਹੈ। ਸ਼੍ਰੀ ਰਾਹੁਲ ਗਾਂਧੀ ਤੋਂ ਬਾਅਦ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਹੀ ਅਜਿਹੇ ਆਗੂ ਹਨ ਜਿਹੜੇ ਕਾਂਗਰਸ ਨੂੰ ਇਕਜੁੱਟ ਰੱਖ ਸਕਦੇ ਹਨ ਅਤੇ ਕਾਂਗਰਸ ਦੀ ਸਿਆਸੀ ਬਹਾਲੀ ਲਈ ਰਾਹ ਕੱਢ ਸਕਦੇ ਹਨ। ਉਨ੍ਹਾਂ ਨੇ ਬਿਨਾਂ ਅਹੁਦੇ ਅਤੇ ਹੁਣ ਅਹੁਦਾ ਹਾਸਿਲ ਕਰਨ ਤੋਂ ਬਾਅਦ ਪਾਰਟੀ ਲਈ ਬੇਹਤਰ ਕੰਮ ਕੀਤਾ ਹੈ। ਸਿਆਸੀ ਸੂਝਬੂਝ ਦੇ ਪੱਖੋਂ ਵੀ ਉਹ ਹੋਰਨਾਂ ਨੇਤਾਵਾਂ ਤੋਂ ਅੱਗੇ ਹਨ। ਜੇਕਰ ਪਾਰਟੀ ਗਾਂਧੀ ਪਰਿਵਾਰ ਤੋਂ ਬਾਹਰ ਕਿਸੇ ਵੀ ਹੋਰ ਨੇਤਾ ਨੂੰ ਪ੍ਰਧਾਨਗੀ ਦਾ ਜ਼ਿੰਮਾ ਦਿੰਦੀ ਹੈ ਤਦ ਕਾਂਗਰਸ ਦਾ ਇਕਜੁੱਟ ਰਹਿਣਾ ਸੰਭਵ ਨਹੀਂ ਲੱਗ ਰਿਹਾ। ਕਾਂਗਰਸ ਨੂੰ ਇਕਜੁੱਟ ਬਣਾਏ ਰੱਖਣਾ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਹੈ। ਮੌਜੂਦਾ ਸਿਆਸੀ ਹਾਲਾਤਾਂ ਵਿੱਚ ਕਾਂਗਰਸ ਦੇ ਮੁੜ ਉਭਾਰ ਲਈ ਇਕ ਵੱਡੇ ਅਤੇ ਵਿਵਾਦ ਰਹਿਤ ਚੇਹਰੇ ਦੀ ਜ਼ਰੂਰਤ ਹੈ। ਸ਼੍ਰੀਮਤੀ ਪ੍ਰਿਯੰਕਾ ਗਾਂਧੀ ਇਸ ਲਈ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ। ਉਹ ਖਾਸ ਕਰਕੇ ਦੇਸ਼ ਦੇ ਨੌਜਵਾਨ ਤਬਕੇ ਦੀ ਅਗਵਾਈ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਅਤੇ ਅਨੁਕੂਲ ਹਨ। ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪਾਰਟੀ ਦੇ ਹੋਰ ਵੱਡੇ ਨੇਤਾ ਵੀ ਇਸ ਗੱਲ ਦਾ ਸਮਰਥਨ ਕਰ ਰਹੇ ਹਨ। ਕਹਿਣ ਦਾ ਭਾਵ ਇਹ ਹੈ ਕਿ ਇਸ ਸਮੇਂ ਪਾਰਟੀ ਦੀ ਪ੍ਰਧਾਨਗੀ ਲਈ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਸਭ ਤੋਂ ਪਸੰਦੀਦਾ ਅਤੇ ਪ੍ਰਵਾਨਗੀ ਯੋਗ ਆਗੂ ਹਨ। ਕਾਂਗਰਸ ਲੀਡਰਸ਼ਿਪ ਨੂੰ ਇਸ ਸਬੰਧੀ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਪਾਰਟੀ ਨੂੰ ਦੋਚਿਤੀ ਅਤੇ ਸਿਆਸੀ ਅਨਿਸ਼ਚਤਤਾ ਦੇ ਹਾਲਾਤਾਂ ਤੋਂ ਬਾਹਰ ਕੱਢਿਆ ਜਾ ਸਕੇ। ਸ਼੍ਰੀਮਤੀ ਪ੍ਰਿਯੰਕਾ ਗਾਂਧੀ ਬੁੱਧੀਮਾਨ ਅਤੇ ਗਤੀਸ਼ੀਲ ਸਿਆਸੀ ਆਗੂ ਹਨ। ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਮੁੜ ਸਿਆਸੀ ਤੌਰ ‘ਤੇ ਮਜ਼ਬੂਤ ਅਤੇ ਕਾਰਜਸ਼ੀਲ ਹੋ ਸਕਦੀ ਹੈ।
– ਬਲਜੀਤ ਸਿੰਘ ਬਰਾੜ\

Send this to a friend