April 23, 2026 9:40 pm

ਕੀ ਸਿੱਖ ਭਿਆਨਕ ਖਾਨਾਜੰਗੀ ਵੱਲ…??

ਗੁਰਬਾਣੀ ਸਵੈ ਦੀ ਪੜਤਾਲ, ਪੜਚੋਲ ਅਤੇ ਨਿਰਖ ਪਰਖ ਕਰਕੇ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਦਾ ਅਹਿਸਾਸ ਕਰਦਿਆਂ ਨਿਰਗੁਣ ਸਰੂਪ ਦੀ ਖੋਜ ਅਤੇ ਉਸ ਵਿੱਚ ਸਮਾ ਜਾਣ ਦੇ ਮਾਰਗ ਤੇ ਚੱਲਣ ਦੀ ਜਾਚ ਹੈ ਜਿਹੜੀ ਹਰੇਕ ਇਨਸਾਨ ਨੂੰ ਉਸ ਅੰਦਰਲੇ ਗੁਣਾਂ ਅਉਗਣਾਂ ਦੀ ਕੇਵਲ ਸੋਝੀ ਹੀ ਨਹੀਂ ਕਰਵਾਉਂਦੀ ਬਲਕਿ ਅਉਗਣਾਂ ਨੂੰ ਤਿਆਗਣ ਅਤੇ ਗੁਣਾਂ ਨੂੰ ਗ੍ਰਹਿਣ ਕਰਣ ਦੀ ਤੌਫੀਕ ਬਖਸ਼ ਕੇ ਸਚਿਆਰ ਜੀਵਣ ਜਿਉਣ ਦੀ ਰਹਿਮਤ ਦੇ ਨਾਲ ਨਾਲ ਸੋਹਣਾ ਖੁਸ਼ਹਾਲ ਅਤੇ ਆਨੰਦਿਤ ਸਮਾਜ ਸਿਰਜਣ ਦੀ ਸਮਰੱਥਾ ਵੀ ਬਖਸ਼ਦੀ ਹੈ।
ਅਜਿਹੀ ਸੂਝ ਸੋਝੀ ਰੱਖਦੇ ਜੀਵਨ ਵਾਲੇ ਸਿੱਖਾਂ ਵੱਲੋਂ ਇਸ ਕੇਂਦਰੀ ਨੁਕਤੇ ਨੂੰ ਕੇਂਦਰ ਬਿੰਦੂ ਮੰਨਦਿਆਂ ਗੁਰਬਾਣੀ ਦੀ ਵਿਆਖਿਆ ਕਰਣੀ ਹੀ ਗੁਰਮਤਿ ਪ੍ਰਚਾਰ ਕਿਹਾ ਜਾ ਸਕਦੈ ਜੋ ਅਕਾਲਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਪਾਤਰ ਕੁਛ ਗੁਣੀ ਗਿਆਨੀ ਵਿਦਵਾਨ ਸੱਜਣ ਲਗਾਤਾਰ ਅਜਿਹਾ ਕਰਦੇ ਆਏ ਹਨ ਕਰ ਰਹੇ ਹਨ ਅਤੇ ਕਰਦੇ ਵੀ ਰਹਿਣਗੇ..। ਉਹਨਾਂ ਦੀ ਇਸ ਨਿਸ਼ਕਾਮ ਸੇਵਾ ਨਾਲ ਹੀ ਸਿੱਖ ਕੌਮ ਬਹੁਤ ਵੱਡੇ ਪੱਧਰ ਤੇ ਜਾਗ੍ਰਿਤ ਹੋਈ ਵੀ ਹੈ…।
ਅਜੇ ਕੱਲ ਹੀ ਗੁਰਮਤਿ ਜੀਵਨ ਜਾਚ ਵਾਲੇ ‘ ਮਹਾਨ ਸਿੱਖ ‘ ਦੇ ਅਮਲ ਨੇ ਆਪਣੀ ਕਾਰਜ ਪ੍ਰਣਾਲੀ ਅਤੇ ਸ਼ਹੀਦੀ ਨਾਲ ਗੁਰਮਤਿ ਸਿਧਾਂਤ ਬਾਰੇ ਜੋ ਹੈਰਾਨੀਜਨਕ ‘ ਸੋਝੀ ‘ ਪ੍ਰਦਾਨ ਕੀਤੀ ਐ ਉਹ ਸਭ ਦੇ ਸਾਹਮਣੇ ਹੈ ਕਿ ਚੁਰਾਸੀ ਤੋਂ ਪਹਿਲਾਂ ਸਾਨੂੰ ਗੁਰਬਾਣੀ ਅਤੇ ਗੁਰਮਤਿ ਬਾਬਤ ਕਿੰਨਾ ਕੁ ਗਿਆਨ,, ਅਹਿਸਾਸ ਜਾਂ ਲਗਾਉ ਅਤੇ ਕਿੰਨੀ ਕੁ ਪੰਥਕ ਭਾਵਨਾ ਜਾਂ ਕੌਮੀ ਫਿਕਰਮੰਦੀ ਸੀ..?
ਅਨਮਤੀਆਂ ਜਾਂ ਸਮਝ ਦੀ ਸੀਮਾ ਕਾਰਣ ਪਰ ਸ਼ੁੱਧ ਭਾਵਨਾ ਦੇ ਬਾਵਜੂਦ ਵੱਖਰਾ ਦ੍ਰਿਸ਼ਟੀਕੋਣ ਰੱਖਣ ਵਾਲਿਆਂ ਨੂੰ ਬਹੁਤ ਨੀਵੇੰ ਪੱਧਰ ਦੇ ਗਾਲੀ ਗਲੋਚ ਵਰਗੇ ਤਾਅਨੇ ਮਿਹਣਿਆਂ ਨੂੰ ਗੁਰਮਤਿ ਪ੍ਰਚਾਰ ਦਾ ਨਾਂਅ ਦੇ ਕੇ ਸਾਡੇ ਕੁਛ ਪ੍ਰਚਾਰਕਾਂ ਨੇ ਸਿੱਖਾਂ ਦੇ ਬਾਹਰੀ ਦੁਸ਼ਮਣ ਅਤੇ ਅੰਦਰੂਨੀ ਧੜੇ ਖੜੇ ਕਰਣ’ਚ ਰੱਜਵਾਂ ਹਿੱਸਾ ਪਾਇਐ…।
ਪਰ ਹੈਰਾਨੀ ਇਹ ਹੈ ਕਿ ਸਾਧਾਰਣ ਸਿੱਖਾਂ ਤੇ 295-ਏ ਧਾਰਾ ਦੇ ਪਰਚੇ ਕਰਵਾਉਣ ਵਾਲਿਆਂ ਨੇ ਉਹਨਾਂ ਕੁਝ ਪ੍ਰਚਾਰਕਾਂ ਖਿਲਾਫ ਕਦੇ ਕਾਨੂੰਨੀ ਚਾਰਾਜੋਈ ਹੀ ਨਹੀਂ ਕੀਤੀ।
ਸਿੱਖ ਦੁਸ਼ਮਣ ਨੇ ਉਸ ਪ੍ਰੋਜੈਕਟ ਤੋਂ ਮਨਚਾਹੀ ਸਫਲਤਾ ਨਾ ਮਿਲਣ ਕਾਰਣ ਇੱਕ ਕਦਮ ਹੋਰ ਅੱਗੇ ਵਧਦਿਆਂ ਪਿਛਲੇ ਕੁਝ ਸਮੇਂ ਤੋਂ ਸਿੱਖਾਂ ਅੰਦਰ ਆਪਸੀ ਖਾਨਾ ਜੰਗੀ ਦਾ ਹਥਿਆਰ ਵਰਤਣ ਦੀ ਸਿਰਤੋੜ ਕੋਸ਼ਿਸ਼ ਆਰੰਭੀ ਹੋਈ ਹੈ,, ਜਿਸਦਾ ਨਮੂਨਾ ਤੁਹਾਨੂੰ ਸ਼ੋਸ਼ਲ ਮੀਡੀਆ ਤੇ ਵਖਰੇਵਿਆਂ ਉੱਪਰ ਬਹਿਸ ਅਤੇ ਇੱਕ ਦੂਜੇ ਨੂੰ ਨਿੰਦਣ ਭੰਡਣ ਤੋਂ ਅਗਾਂਹ ਵਧਕੇ ਵਰਤੀ ਜਾਂਦੀ ਬੇਹੱਦ ਭੱਦੀ ਸ਼ਬਦਾਵਲੀ ਹੈ ਜਿਹੜੀ ਗੁਰਮਤਿ ਰਹਿਣੀ ਬਹਿਣੀ ਮਰਿਯਾਦਾ ਅਨੁਸਾਰ ਪ੍ਰਵਾਣ ਤਾਂ ਕੀ ਬਲਕਿ ਕਿਸੇ ਹਲਕੇ ਤੋਂ ਹਲਕੇ ਸਮਾਜਿਕ ਮਾਪਦੰਡਾਂ ਮੁਤਾਬਿਕ ਸੁਣਨਯੋਗ ਵੀ ਨਹੀਂ ਹੈ…।
ਧਾਰਮਿਕ, ਪੰਥਕ ਅਤੇ ਸਿਆਸੀ ਚੌਧਰ ਦੇ ਭੁੱਖੇ ਨਕਲੀ ਚੌਧਰੀਆਂ ਦੀ ਫੁੱਟ ਪਹਿਲਾਂ ਹੀ ਸਿੱਖ ਦੁਸ਼ਮਣ ਦੇ ਪੂਰੀ ਰਾਸ ਆ ਰਹੀ ਹੈ। ਇਸ ਸਮੱਸਿਆ ਦਾ ਹੱਲ ਗੁਰਮਤਿ ਸਿਧਾਂਤ ਪ੍ਰਤੀ ਵੱਖ ਵੱਖ ਵਿਚਾਰਧਾਰਾ ਵਾਲੇ ਧਾਰਮਿਕ ਚੌਧਰੀਆਂ ਦੀ ਆਪਸੀ ਗੋਸ਼ਟੀ ਹੀ ਹੈ ਪਰ ‘ ਆਕਾ ‘ ਅਜਿਹਾ ਕਦਾਚਿਤ ਵੀ ਭਲਾ ਕਿਉਂ ਹੋਣ ਦੇਣਗੇ…।
ਰੱਬ ਖੈਰ ਕਰੇ…. ਜੇ ਕਿਸੇ ਨੇ ਬਾਰੂਦ ਦੇ ਇਸ ਢੇਰ ਨੂੰ ਚੁਆਤੀ ਲਾ ਦਿੱਤੀ ਤਾਂ ਨਤੀਜੇ ਮਿਸਲਾਂ ਦੇ ਆਪਸੀ ਟਕਰਾਅ ਤੋਂ ਕਿਤੇ ਵੱਧ ‘ਭਿਆਨਕ’ ਹੋਣਗੇ ਕਿਉਂਕਿ ਉਹ ਸਿੱਖ ਘੱਟੋ ਘੱਟ ਗੁਰੂ ਨੂੰ ਸਮਰਪਿਤ ਤਾਂ ਸਨ ਪਰ ਹੁਣ ਸਿੱਖੀ ਦੇ ਭੇਖ ਵਿੱਚ ਕੋਈ ਹੋਰ ਹੀ ‘ਮੋਹਰੇ’ ਹਨ…।
ਭੁੱਲ ਚੁੱਕ ਦੀ ਖਿਮਾਂ।

Send this to a friend