April 22, 2026 4:43 am

ਲੀਡਰਸ਼ਿਪ ਅਤੇ ਸਿੱਖ ਕੌਮ 550ਵੇਂ ਅਵਤਾਰ ਪੁਰਬ ਨੂੰ ‘ਗੁਰੂ ਦੀ ਗੋਲਕ, ਗਰੀਬ ਦਾ ਮੂੰਹ’ ਦੇ ਮਕਸਦ ਨੂੰ ਸਮਰਪਿਤ ਹੋ ਕੇ ਮਨਾਵੇ

ਸ੍ਰੀ ਫ਼ਤਹਿਗੜ੍ਹ ਸਾਹਿਬ- ਸਿੱਖ ਆਗੂ, ਪ੍ਰਚਾਰਕ, ਰਾਗੀ-ਢਾਡੀ, ਕਥਾਵਾਚਕ, ਕੀਰਤਨੀ ਜਥੇ ਅਤੇ ਇਤਿਹਾਸਕਾਰ ਅਕਸਰ ਹੀ ਗੁਰਬਾਣੀ ਅਤੇ ਸਿੱਖ ਇਤਿਹਾਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰੂ ਸਾਹਿਬਾਨ ਜੀ ਦੇ ਮਨੁੱਖਤਾ ਤੇ ਇਨਸਾਨੀਅਤ ਪੱਖੀ ਦਿੱਤੇ ਗਏ ਸੰਦੇਸ਼ਾਂ ਦਾ ਵਰਣਨ ਕਰਦੇ ਹਨ ਅਤੇ ਜਿਨ੍ਹਾਂ ਅਮਲਾਂ ਰਾਹੀ ਸਮਾਜ ਤੇ ਸਮਾਜਿਕ ਸੋਚ ਬਿਹਤਰ ਹੋਵੇ, ਉਨ੍ਹਾਂ ਦਾ ਹਵਾਲਾ ਦਿੰਦੇ ਹਨ । ਪਰ ਜੇਕਰ ਗਾਇਨ, ਵਿਆਖਿਆ ਹੋਣ ਵਾਲੇ ਇਕੱਠਾਂ ਦੇ ਪ੍ਰਸ਼ੰਗਾਂ ਦੀ ਨਿਰਪੱਖਤਾ ਨਾਲ ਗੱਲ ਕੀਤੀ ਜਾਵੇ ਤਾਂ ਇਹ ਗੱਲ ਨਿਖਰਕੇ ਸਾਹਮਣੇ ਆਉਦੀ ਹੈ ਕਿ ਸਰੋਤੇ ਪ੍ਰਸੰਗ ਤੇ ਵਿਆਖਿਆ ਸੁਣਦੇ ਸਮੇਂ ਜ਼ਰੂਰ ਉਨ੍ਹਾਂ ਪਲਾ ਲਈ ਉਸ ਅਕਾਲ ਪੁਰਖ ਅਤੇ ਗੁਰੂ ਸਾਹਿਬਾਨ ਜੀ ਦੇ ਬਚਨਾਂ ਨਾਲ ਜੁੜਦੇ ਹਨ ਅਤੇ ਆਤਮਿਕ ਆਨੰਦ ਵੀ ਪ੍ਰਾਪਤ ਕਰਦੇ ਹਨ । ਪਰ ਜਦੋਂ ਫਿਰ ਉਹ ਦੁਨਿਆਵੀ ਰੁਝੇਵੇ ਵਿਚ ਰੁੱਝ ਜਾਂਦੇ ਹਨ, ਤਾਂ ਉਸ ਸਮੇਂ ਜਿਆਦਾਤਰ ਉਨ੍ਹਾਂ ਦਾ ਵਿਚਰਣਾ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੀ ਸੋਚ-ਅਮਲਾਂ ਤੋਂ ਦੂਰ ਆਪੋ-ਆਪਣੇ ਪਰਿਵਾਰਾਂ ਤੱਕ ਸੀਮਤ ਹੋ ਕੇ ਕ੍ਰਮ-ਕਿਰਿਆ ਵਿਚ ਲੀਨ ਹੋ ਜਾਂਦੇ ਹਨ । ਜਦੋਂਕਿ ਗੁਰਬਾਣੀ ਤਾਂ ਸਾਨੂੰ ਸਦਾ ਤਿਆਗ, ਸੰਜਮ, ਨਿਮਰਤਾ-ਨਿਰਮਾਣਤਾ, ਲੋੜਵੰਦਾਂ ਅਤੇ ਦੀਨ-ਦੁੱਖੀਆ ਦੀ ਸੇਵਾ, ਦਸਵੰਧ ਕੱਢਕੇ ਨੇਕ ਉਦਮਾਂ ਵਿਚ ਲਗਾਉਣ ਦਾ ਸੰਦੇਸ਼ ਦਿੰਦੀ ਹੈ । ਇਸ ਲਈ ਜੇਕਰ ਸਮੁੱਚੀ ਧਾਰਮਿਕ, ਸਮਾਜਿਕ, ਰਾਜਨੀਤਿਕ ਸਿੱਖ ਲੀਡਰਸ਼ਿਪ ਅਤੇ ਸਿੱਖ ਸੰਗਤ 12 ਨਵੰਬਰ 2019 ਦੇ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਗੁਰੂ ਦੀ ਗੋਲਕ, ਗਰੀਬ ਦਾ ਮੂੰਹ ਦੇ ਮਕਸਦ ਨੂੰ ਪ੍ਰਾਪਤ ਕਰਨ ਹਿੱਤ ਸਹੀ ਤੇ ਅਮਲੀ ਰੂਪ ਵਿਚ ਵਿਚਰਕੇ ਉਪਰੋਕਤ ਭਾਵਨਾ ਅਨੁਸਾਰ ਮਨਾ ਸਕੇ ਤਾਂ ਇਸ ਮਹਾਨ ਦਿਨ ਨੂੰ ਮਨਾਉਣਾ ਅਤੇ ਕੌਮਾਂਤਰੀ ਪੱਧਰ ਉਤੇ ਸਭ ਕੌਮਾਂ, ਧਰਮਾਂ ਤੇ ਮੁਲਕਾਂ ਦੇ ਨਿਵਾਸੀਆਂ ਨੂੰ ਅਸੀਂ ਗੁਰੂ ਸਾਹਿਬਾਨ ਜੀ ਦਾ ਮਨੁੱਖਤਾ ਪੱਖੀ ਸੰਦੇਸ਼ ਦੇਣ ਵਿਚ ਜਿਥੇ ਕਾਮਯਾਬ ਹੋ ਸਕਾਂਗੇ, ਉਥੇ ਅਜਿਹੀ ਜ਼ਿੰਮੇਵਾਰੀ ਪੂਰਨ ਕਰਦੇ ਹੋਏ ਇਕ ਅਲੋਕਿਕ, ਅਧਿਆਤਮਿਕ ਸਕੂਨ ਵੀ ਪ੍ਰਾਪਤ ਕਰ ਰਹੇ ਹੋਵਾਂਗੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਸਿੱਖ ਲੀਡਰਸ਼ਿਪ ਅਤੇ ਸਮੁੱਚੀ ਸਿੱਖ ਕੌਮ ਨੂੰ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਗੁਰੂ ਦੀ ਗੋਲਕ, ਗਰੀਬ ਦੇ ਮੂੰਹ ਦੇ ਮਹੱਤਵ ਨੂੰ ਮੁੱਖ ਰੱਖਦੇ ਹੋਏ ਪੂਰਨ ਰੂਪ ਵਿਚ ਸਮਰਪਿਤ ਹੋ ਕੇ ਮਨਾਉਣ ਦੀ ਜੋਰਦਾਰ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਮੌਕਿਆ ਉਤੇ ਗੁਰੂਘਰਾਂ ਦੇ ਪ੍ਰਬੰਧਕਾਂ, ਕਮੇਟੀਆ ਦੀ ਵਾਹ-ਵਾਹ ਕਰਵਾਉਣ ਲਈ ਉੱਚੇ ਅਕਰਸਿਕ ਪੰਡਾਲ ਲਗਾਕੇ, ਸੋਹਣੇ ਪਦਾਰਥਾਂ ਸਹਿਤ ਲੰਗਰ ਲਗਾਉਣ, ਛਬੀਲਾਂ ਲਗਾਉਣ ਅਤੇ ਇਨ੍ਹਾਂ ਸਟੇਜ਼ਾਂ ਤੋਂ ਸਿਆਸੀ ਤੇ ਧਾਰਮਿਕ ਆਗੂਆਂ ਦੇ ਸੋਹਲੇ ਗਾਉਣ ਦਾ ਉਸ ਸਮੇਂ ਤੱਕ ਸਮਾਜ ਅਤੇ ਮਨੁੱਖਤਾ ਨੂੰ ਕੋਈ ਫਾਇਦਾ ਨਹੀਂ ਹੋਵੇਗਾ, ਜਦੋਂ ਤੱਕ ਅਸੀਂ ਸਮਾਜ ਦੇ ਲਤਾੜੇ, ਮਜ਼ਲੂਮ, ਬੇਸਹਾਰਿਆ, ਬੇਘਰਾਂ, ਲੋੜਵੰਦ ਵਰਗ ਦੀ ਚਿੰਤਾਜਨਕ ਸਥਿਤੀ ਨੂੰ ਸਹੀ ਕਰਕੇ ਆਪਣੇ ਬਰਾਬਰ ਲਿਆਉਣ ਅਤੇ ਸਮਾਜ ਵਿਚੋਂ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਸਮਾਜ ਵਿਰੋਧੀ ਭਾਵਨਾ ਨੂੰ ਖ਼ਤਮ ਕਰਨ ਦੇ ਅਮਲੀ ਰੂਪ ਵਿਚ ਅਮਲ ਨਹੀਂ ਕਰਾਂਗੇ ਅਤੇ ਗੁਰੂ ਦੀ ਗੋਲਕ ਅਤੇ ਗਰੀਬ ਦੇ ਮੂੰਹ ਦੇ ਮਕਸਦ ਨੂੰ ਸਮੁੱਚੇ ਮੁਲਕਾਂ ਦੇ ਨਿਵਾਸੀਆ ਵਿਚ ਨਹੀਂ ਲਿਜਾਵਾਂਗੇ । ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਮੀਰੀ-ਪੀਰੀ ਦੀਆਂ ਕਿਰਪਾਨਾਂ ਇਸ ਲਈ ਪਹਿਨੀਆ ਸਨ ਤਾਂ ਕਿ ਭਗਤੀ-ਸ਼ਕਤੀ, ਧਰਮ-ਸਿਆਸਤ ਦਾ ਸਹੀ ਭਾਵਨਾ ਵਿਚ ਸੁਮੇਲ ਕਰਕੇ ਗੁਰਸਿੱਖਾਂ ਨੂੰ ਧਰਮ ਤੋਂ ਸੇਧ ਲੈਕੇ ਸਿਆਸਤ ਕਰਨ, ਰਾਜਭਾਗ ਚਲਾਉਣ ਅਤੇ ਮਨੁੱਖਤਾ ਦੇ ਦੁੱਖ ਦਰਦ ਦਾ ਹੱਲ ਕਰਨ ਦਾ ਸਾਨੂੰ ਸੰਦੇਸ਼ ਦਿੱਤਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਹਕੂਮਤ ਵਿਚ ਭਾਗੀ ਅਜੋਕੀ ਸਿੱਖ ਲੀਡਰਸ਼ਿਪ, ਐਸ.ਜੀ.ਪੀ.ਸੀ, ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਆਦਿ ਦੇ ਅਮਲਾਂ ਵੱਲ ਜੇਕਰ ਨਿਰਪੱਖਤਾ ਨਾਲ ਝਾਤ ਮਾਰੀ ਜਾਵੇ ਤਾਂ ਸਭ ਧਰਮੀ ਨਿਯਮਾਂ, ਮਰਿਯਾਦਾਵਾਂ, ਪ੍ਰੰਪਰਾਵਾਂ ਅਤੇ ਗੁਰੂ ਸਾਹਿਬਾਨ ਜੀ ਦੀ ਸੋਚ ਦਾ ਘਾਣ ਕਰਕੇ ਧਰਮ ਦੀ ਦੁਰਵਰਤੋਂ ਕਰਕੇ ਆਪੋ-ਆਪਣੇ ਪਰਿਵਾਰਾਂ, ਨਿੱਜੀ ਤੇ ਸਿਆਸੀ ਸਵਾਰਥਾਂ ਦੀ ਪੂਰਤੀ ਵਿਚ ਲੀਨ ਹੋਏ ਨਜ਼ਰ ਆ ਰਹੇ ਹਨ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸਭ ਧਾਰਮਿਕ ਤੇ ਰਾਜਨੀਤਿਕ ਲੀਡਰਸਿਪ ਆਪਣੇ ਪਰਿਵਾਰ ਤੇ ਰਾਜਨੀਤਿਕ ਹਿੱਤਾ ਦੀ ਤੁੱਛ ਜਿਹੀ ਸੋਚ ਵਿਚ ਗ੍ਰਸਤ ਹੋਈ ਸਿੱਖ ਲੀਡਰਸ਼ਿਪ ਗੁਰੂ ਸਾਹਿਬਾਨ ਜੀ ਦੀ ਮਹਾਨ ਮਨੁੱਖਤਾ ਪੱਖੀ ਸੋਚ ਨੂੰ ਸਮਰਪਿਤ ਹੋ ਕੇ, ਉਨ੍ਹਾਂ ਦੇ ਕਥਨਾਂ ਅਤੇ ਕਰਨੀ ਦੇ ਮਹੱਤਵ ਉਤੇ ਪਹਿਰਾ ਦੇ ਕੇ ਉਨ੍ਹਾਂ ਦੇ ਅਸਲ ਮਕਸਦ ਨੂੰ ਸਮੁੱਚੇ ਸੰਸਾਰ ਵਿਚ ਪਹੁੰਚਾਉਣ ਦੇ ਫਰਜਾਂ ਦੀ ਪੂਰਤੀ ਵੀ ਕਰੇਗੀ ਅਤੇ ਗੁਰੂ ਦੀ ਗੋਲਕ, ਗਰੀਬ ਦਾ ਮੂੰਹ ਅਤੇ ਦਸਵੰਧ ਵਰਗੇ ਕ੍ਰਾਂਤੀਕਾਰੀ ਸ਼ਬਦਾਂ ਉਤੇ ਅਮਲ ਕਰਦੀ ਹੋਈ ਨਜ਼ਰ ਆਵੇਗੀ ।

Send this to a friend