ਫ਼ੌਜੀ ਟਕਰਾਅ ਦੀ ਸੰਭਾਵਨਾ ਘੱਟ

ਭਾਰਤੀ ਫੌਜ ਦੇ ਮੁਖੀ ਸ਼੍ਰੀ ਬਿਪਿਨ ਰਾਵਤ ਨੇ ਕਿਹਾ ਕਿ ਭਵਿੱਖ ਦੇ ਯੁੱਧ ਕਲਪਨਾ ਤੋਂ ਪਰੇ ਅਤੇ ਬਹੁਤ ਹੀ ਘਾਤਕ ਹੋਣਗੇ। ਉਨ੍ਹਾਂ ਨੇ ਫੌਜ ਨੂੰ ਇਸ ਖਤਰੇ ਦੇ ਮੱਦੇਨਜ਼ਰ ਤਿਆਰ ਰਹਿਣ ਲਈ ਆਖਿਆ ਹੈ। ਉਹ ਕਾਰਗਿਲ ਜੰਗ ਦੇ 20 ਸਾਲ ਪੂਰਾ ਹੋਣ ਮੌਕੇ ਹੋਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਫੌਜੀ ਮੁਖੀ ਦਾ ਇਹ ਬਿਆਨ ਇਸ ਗੱਲ ਦਾ ਸੰਕੇਤ ਹੈ ਕਿ ਆਉਣ ਵਾਲੇ ਸਮੇਂ ਵਿੱਚ ਫੌਜ ਉੱਪਰ ਖਰਚੇ ਹੋਰ ਵੱਧ ਸਕਦੇ ਹਨ। ਆਮ ਤੌਰ ‘ਤੇ ਅਜਿਹੇ ਬਿਆਨਾਂ ਨੂੰ ਆਧਾਰ ਬਣਾ ਕੇ ਹੀ ਫੌਜੀ ਅਤੇ ਸੁਰੱਖਿਆ ਖਰਚਿਆਂ ਨੂੰ ਵਧਾਇਆ ਜਾਂਦਾ ਹੈ। ਆਮ ਤੌਰ ‘ਤੇ ਖੂਫੀਆ ਏਜੰਸੀਆਂ ਦੀ ਤਰ੍ਹਾਂ ਫੌਜ ਵੱਲੋਂ ਵੀ ਜੰਗ ਦੇ ਡਰਾਵੇ ਦਿਖਾ ਕੇ ਹਥਿਆਰਾਂ ਅਤੇ ਹੋਰ ਸਾਜੋ ਸਮਾਨ ਦੀ ਖਰੀਦ ਨੂੰ ਲਗਾਤਾਰ ਜਾਰੀ ਰੱਖਿਆ ਜਾਂਦਾ ਹੈ। ਭਾਰਤ ਦੇ ਬੇਸ਼ਕ ਗੁਆਂਢੀ ਦੇਸ਼ਾਂ ਨਾਲ ਸਬੰਧ ਏਨੇ ਚੰਗੇ ਨਹੀਂ ਹਨ ਪਰ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਦੇਸ਼ ਨਾਲ ਭਾਰਤ ਦੇ ਫੌਜੀ ਟਕਰਾਅ ਦੀ ਸੰਭਾਵਨਾ ਘੱਟ ਹੀ ਹੈ। ਚੀਨ ਵੱਲੋਂ ਬੇਸ਼ਕ ਲਗਾਤਾਰ ਭਾਰਤ ਦੇ ਸਰਹੱਦੀ ਖੇਤਰਾਂ ਵਿੱਚ ਦਖਲ ਅੰਦਾਜੀ ਕੀਤੀ ਜਾ ਰਹੀ ਹੈ ਪ੍ਰੰਤੂ ਭਾਰਤ ਵੱਲੋਂ ਇਸ ਨੂੰ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ। ਫੌਜੀ ਤੌਰ ‘ਤੇ ਚੀਨ ਇਕ ਵੱਡੀ ਸ਼ਕਤੀ ਹੈ। ਭਾਰਤ ਕਿਸੇ ਵੀ ਹਾਲਤ ਵਿੱਚ ਚੀਨ ਨਾਲ ਫੌਜੀ ਟਕਰਾਅ ਨਹੀਂ ਚਾਹੁੰਦਾ। ਪਾਕਿਸਤਾਨ ਨਾਲ ਕਸ਼ਮੀਰ ਮਸਲੇ ਕਾਰਨ ਭਾਰਤ ਦੇ ਸਬੰਧ ਲਗਾਤਾਰ ਤਣਾਅ ਵਾਲੇ ਬਣੇ ਹੋਏ ਹਨ ਪਰ ਪਾਕਿਸਤਾਨ ਨਾਲ ਸਿੱਧੀ ਜੰਗ ਦੀ ਸੰਭਾਵਨਾ ਬਹੁਤ ਘੱਟ ਹੈ। ਕਹਿਣ ਦਾ ਭਾਵ ਇਹ ਹੈ ਕਿ ਭਾਰਤੀ ਫੌਜ ਨੂੰ ਹੁਣ ਸ਼ਾਇਦ ਹੀ ਕਿਸੇ ਦੇਸ਼ ਨਾਲ ਜੰਗ ਲੜਨੀ ਪਵੇ। ਜੇਕਰ ਅਜਿਹੀ ਕੋਈ ਜੰਗ ਹੁੰਦੀ ਹੈ ਤਦ ਸਭ ਤਿਆਰੀ ਦੇ ਬਾਵਜੂਦ ਭਾਰਤ ਨੂੰ ਵੱਡਾ ਨੁਕਸਾਨ ਉਠਾਉਣਾ ਪਵੇਗਾ। ਭਾਰਤੀ ਫੌਜ ਇਸ ਸਮੇਂ ਕਿਸੇ ਵਿਦੇਸ਼ੀ ਖਤਰੇ ਦੀ ਥਾਂ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਸੰਭਾਲਣ ਵਿੱਚ ਲੱਗੀ ਹੋਈ ਹੈ। ਕਸ਼ਮੀਰ ਅਤੇ ਹੋਰਨਾਂ ਗੜਬੜ ਵਾਲੇ ਸੂਬਿਆਂ ਵਿੱਚ ਫੌਜ ਨੇ ਹੀ ਮੋਰਚਾ ਸੰਭਾਲਿਆ ਹੋਇਆ ਹੈ। ਭਾਰਤੀ ਫੌਜ ਦੇ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਗੁਰੇਜ ਕਰਨਾ ਚਾਹੀਦਾ ਹੈ ਜਿਸ ਨਾਲ ਇਸ ਖੇਤਰ ਵਿੱਚ ਜੰਗ ਵਾਲੇ ਹਾਲਾਤ ਪੈਦਾ ਹੋਣ। ਨਵੇਂ ਸੰਸਾਰ ਵਿੱਚ ਫੌਜੀ ਟਕਰਾਅ ਹਰ ਹਾਲਤ ਰੋਕਿਆ ਜਾਣਾ ਚਾਹੀਦਾ ਹੈ। ਮਾਰੂ ਹਥਿਆਰਾਂ ਕਾਰਨ ਕੋਈ ਵੀ ਜੰਗ ਜਿੱਤਣਯੋਗ ਨਹੀਂ ਰਹੀ। ਚੰਗਾ ਹੋਵੇਗਾ ਭਾਰਤ ਆਪਣੇ ਫੌਜੀ ਖਰਚਿਆਂ ਵਿੱਚ ਕਟੌਤੀ ਕਰੇ ਤਾਂ ਜੋ ਦੇਸ਼ ‘ਚੋਂ ਗਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਨੂੰ ਖਤਮ ਕੀਤਾ ਜਾ ਸਕੇ। ਫੌਜ ਉੱਪਰ ਵੱਡੇ ਖਰਚਿਆਂ ਕਾਰਨ ਹੀ ਭਾਰਤ ਆਰਥਿਕ ਤੰਗੀ ਵਿੱਚੋਂ ਗੁਜ਼ਰ ਰਿਹਾ ਹੈ। ਫੌਜ ਦੇ ਮੁਖੀ ਨੂੰ ਵੀ ਸੰਭਾਵੀ ਯੁੱਧ ਦਾ ਖਿਆਲ ਛੱਡ ਕੇ ਇਸ ਚਿੰਤਾ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

Send this to a friend