ਪੰਜ ਦਰਿਆਵਾਂ (ਆਬ) ਦੀ ਧਰਤੀ ਪੰਜਾਬ ਦੀ ਅਸਲ ਹੋਂਦ ਅੱਜ ਖਤਰੇ ਵਿੱਚ, ਪੰਜਾਬ ਦੀ ਜਵਾਨੀ ਤੇ ਕਿਸਾਨੀ ਦੇ ਨਾਲ ਨਾਲ-ਨਾਲ ਪੰਜਾਬ ਦੀ ਜਰਖੇਜ ਧਰਤੀ ਵੀ ਬਿਮਾਰੀ ਕਾਰਨ ਵੈੰਟੀਲੇਟਰ ਤੇ ਪਲ -ਪਲ ਦੀ ਮੌਤ ਨਾਲ ਜੂਝ ਰਹੀ ਏ ,ਪੰਜਾਬ ਦੇ ਪਾਣੀ ਗੰਧਲੇ ਹੋ ਗਏ,ਪੰਜਾਬ ਦੀ ਆਬੋ ਹਵਾ ਬੁਰੀ ਤਰ੍ਹਾਂ ਪ੍ਰਦੂਸ਼ਤ ਹੋ ਗਈ ਤੇ ਪੰਜਾਬ ਦੇ ਸਿਆਸੀ ਤੇ ਧਾਰਮਿਕ ਲਾਣੇ ਤਮਾਸ਼ਬੀਨਾਂ ਵਾਂਗ ਉੱਜੜ ਰਹੇ ਪੰਜਾਬ ਦੀ ਤ੍ਰਾਸਦੀ ਤੇ ਮਗਰਮੱਛ ਦੇ ਹੰਝੂ ਵਹਾ ਕੇ ਵੋਟਾਂ ਵਟੋਰ ਹਨ ! ਮੇਰੇ ਵਰਗੇ ਅਖਬਾਰਾਂ ਦੀ ਹਿੱਕ ਤੇ ਕਲਮਾਂ ਦੀਆਂ ਝਰੀਟਾਂ ਮਾਰ ਆਪਣੀਆਂ ਜਿੰਮੇਵਾਰੀਆਂ ਤੋਂ ਸੁਰਖਰੂ ਹੋਣ ਦਾ ਭਰਮ ਪਾਲੀ ਬੈਠੇ ਹਨ ਪਰ ਨਹੀਂ,ਇਸ ਤਰ੍ਹਾਂ ਹੱਥ ਤੇ ਹੱਥ ਧਰ ਕੇ ਕੁਝ ਨਹੀਂ ਹੋਣਾ ਜੇ ਪੰਜਾਬ ਬਚਾਉਣਾ ਤਾਂ ਤਾਂ ਮੁੜ ਅਸਲ ਪੰਜਾਬ ਦੀਆਂ ਜੜ੍ਹਾਂ ਨਾਲ ਜੁੜਨਾ ਪੈਣਾਂ,ਮੁੜ ਖੇਤਾਂ ਵਿੱਚ ਗੰਨੇ ਦੀਆਂ ਘੁਲਾੜੀਆਂ ਤੇ ਕਲੀਆਂ ਲਾਉਣੀਆਂ ਪੈਣੀਆਂ, ਸ਼ਾਤਰ ਹਾਕਮਾਂ ਦੀਆਂ ਕੋਝੀਆਂ ਚਾਲਾਂ ਦੀ ਪੈਦਾਇਸ਼ ਜਿਹੜੀ ਹਰੀ ਕਰਾਂਤੀ ਨੇ ਪੰਜਾਬ ਦੀ ਜਰਖੇਜ ਤੇ ਹਰ -ਵਰਿਆਈ ਧਰਤੀ ਨੂੰ ਜਹਿਰੀਲੀਆ ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਨਾਲ ਬਾਂਝ ਕਰਕੇ ਪੰਜਾਬ ਨੂੰ ਬਰਬਾਦੀ ਦੇ ਬੂਹੇ ਤੇ ਲਿਆ ਖੜਾ ਕਰ ਦਿੱਤਾ ਉਸ ਹਰੀ ਕਰਾਂਤੀ ਦੇ ਢੂਹੇ ਵਿੱਚ ਲੱਤ ਮਾਰ ਕੇ ਮੁੜ ਰੂੜੀ ਖਾਦ ਵੱਲ ਮੁੜਨਾ ਪੈਣਾ,ਮਹਿੰਗੀ ਮਸ਼ੀਨਰੀ ਜਿਹੜੀ ਪੰਜਾਬ ਦੇ ਕਿਸਾਨਾਂ ਨੂੰ ਵਰਗਲਾ ਕੇ ਦਿੱਤੀ ਗਈ ਏ ਤੇ ਹਾੜ ਸਾਉਣੀ ਕਿਸਾਨਾਂ ਦੀ ਮੱਤ ਮਾਰੀ ਰੱਖਦੀ ਏ ਨੂੰ ਸਾਈਡ ਤੇ ਲਗਾ ਕੇ ਹੱਥੀਂ ਕੰਮ ਕਰਨਾ ਪੈਣਾ, ਆਰਟੀਫਿਸ਼ਲ ਪੇਸਟਾਂ ਨੂੰ ਛੱਡ ਮੁੜ ਨਿੰਮ ਦੀਆਂ ਦਾਤਣਾਂ ਅਪਣਾਉਣੀਆ ਪੈਣੀਆਂ, ਰੁੰਡ-ਮਰੁੰਡ ਹੋਈਆਂ ਮੋਟਰਾਂ (ਖੇਤਾਂ) ਨੂੰ ਮੁੜ ਨਿੰਮ, ਅੰਬ, ਟਾਹਲੀ ਤੇ ਜਾਮਣ ਦੇ ਦਰੱਖਤਾਂ ਨਾਲ ਹਰਿਆ ਭਰਿਆ ਕਰਨਾਂ ਪੈਣਾਂ ! ਤਰੱਕੀ ਦੀ ਅੰਨ੍ਹੀ ਦੌੜ ਵਿੱਚ ਅਸੀਂ ਪੰਜਾਬੀ ਆਪਣਾਂ ਉਹ ਵਿਰਸਾ ਉਹ ਸਭਿਆਚਾਰ ਤੇ ਉਹ ਸਾਂਝੇ ਪਰਿਵਾਰਾਂ ਦੇ ਨਾਲ ਨਾਲ ਆਉਣ ਵਾਲੀਆਂ ਨਸਲਾਂ ਦੀ ਉਤਪਤੀ ਤੇ ਪ੍ਰਸ਼ਨ ਚਿੰਨ੍ਹ ਲਾ ਚੁੱਕੇ ਹਾਂ,ਅਸੀਂ ਆਉਣ ਵਾਲੀਆਂ ਤਿੰਨ ਪੀੜ੍ਹੀਆਂ ਲਈ ਪੈਸਾ ਇੱਕਠਾ ਕਰਨ ਵਿੱਚ ਆਪਣਾ ਵਰਤਮਾਨ ਗਵਾ ਲਿਆ ਤੇ ਇਹ ਨਹੀਂ ਸੋਚਿਆ ਕਿ ਜਿਹਨਾਂ ਲਈ ਏਹ ਮਹਿਲ ਮੁਨਾਰੇ ਖੜੇ ਕਰ ਰਹੇ ਹਾਂ ਉਹ ਤਾਂ ਇੱਕ ਟੀਕੇ ਦੀ ਮਾਰ ਨੇ ਭਵਿਖੀ ਨਸਲਾਂ ਪੈਦਾ ਕਰਨ ਦੇ ਕਾਬਲ ਵੀ ਨਹੀਂ ਛੱਡੇ ! ਸ਼ਾਇਦ ਏਸੇ ਲਈ ਟੈਸਟ ਟਿਊਬ ਰਾਂਹੀ ਪੈਦਾ ਹੋ ਰਹੇ ਬੱਚੇ ਮਾਪਿਆਂ ਨੂੰ ਟਿੱਚ ਨਹੀਂ ਜਾਣਦੇ,ਜਾਨਣ ਵੀ ਕਿਉਂ ਉਹ ਖਬਰ ਕਿਸ ਕਿਸ ਦੇ ਸਪਰਮਾਂ ਨਾਲ ਜੰਮੇ ਹਨ!ਜਿਸ ਹਿਸਾਬ ਨਾਲ ਪੰਜਾਬੀ ਪੰਜਾਬ ਦੇ ਹਾਲਾਤ ਸਾਜਗਾਰ ਨਾਂ ਹੋਣ ਦੇ ਬਹਾਨੇ ਲਾ ਕੇ ਜਹਾਜ਼ਾਂ ਦੇ ਜਹਾਜ਼ ਭਰ ਬਦੇਸ਼ਾਂ ਨੂੰ ਕੂਚ ਕਰ ਰਹੇ ਹਨ ਉਸ ਹਿਸਾਬ ਨਾਲ ਇੱਕ ਨਾ ਇੱਕ ਦਿਨ ਪੰਜਾਬ ਚੋਂ ਪੰਜਾਬੀ ਨਾਂ ਦੀ ਨਸਲ ਖਤਮ ਹੋ ਜਾਏਗੀ ਤੇ ਰਹਿ ਜਾਏਗੀ ਸਿਰਫ ਕਿਤਾਬਾਂ ਦੇ ਵਰਕਿਆਂ ਤੱਕ ਤੇ ਜਾਂ ਫਿਰ ਗੂਗਲ ਤੇ !ਵੱਖਰੇ ਮੁਲਕ ਦੀ ਮੰਗ ਤਾਂ ਅਸੀਂ ਕਰ ਰਹੇ ਹਾਂ ਪਰ ਉਹ ਜੇ ਬਚੂ ਤਾਂ ਹੀ ਕੁਝ ਬਣੂ!ਜੇ ਪੰਜਾਬ ਵਿੱਚ ਸਿਆਸੀ ਘੜੱਮ ਚੌਧਰੀਆਂ ਨੇ ਵੋਟਾਂ ਲਈ ਪੰਜਾਬੀਆਂ ਨੂੰ ਹੀ ਘੱਟ ਗਿਣਤੀ ਬਣਾ ਦਿੱਤਾ ਫਿਰ ਕਰੋਗੇ,ਇਸ ਕੰਮ ਲਈ ਹਾਕਮ ਲਗਾਤਾਰ ਚਲ ਰਹੇ ਹਨ ਕਿ ਪੰਜਾਬ ਦੇ ਲੋਕ ਬਦੇਸ਼ਾਂ ਵਿੱਚ ਤੇ ਯੂਪੀ ਬਿਹਾਰ ਦੇ ਲੋਕ ਪੰਜਾਬ ਵਿੱਚ !ਹਾਕਮ ਬੜੇ ਕਾਹਲੇ ਨੇ ਪੰਜਾਬ ਨੂੰ ਪੰਜਾਬੀਆਂ ਹੱਥੋਂ ਖਾਲੀ ਕਰਨ ਲਈ ਪਰ ਸਾਨੂੰ ਬਦੇਸ਼ਾਂ ਦੀ ਅੰਨ੍ਹੀ ਦੌੜ ਨੇ ਅੰਨੇ ਕਰ ਦਿੱਤਾ ਤੇ ਅਸੀਂ ਪੰਜਾਬ ਵਿੱਚ ਫਿਰਦੇ ਹੋਏ ਆਪਣੀਆਂ ਗੱਡੀਆਂ ਤੇ ਕਨੇਡਾ,ਅਮਰੀਕਾ ਦਾ ਝੰਡਾ ਲਹਿਰਾ ਕੇ ਅਮੀਰੀ ਦਾ ਢੌਂਗ ਕਰਦੇ ਹਾਂ ਪਰ ਇਹ ਭੁੱਲ ਗਏ ਕਿ ਸਾਡੀ ਪੰਜਾਬੀਆਂ ਦੀ ਅਮੀਰੀ ਹਸਦੇ ਵੱਸਦੇ ਪੰਜਾਬ ਨਾਲ ਹੈ ਜਿਸ ਵਿੱਚ ਸਾਡੀਆਂ ਜੜ੍ਹਾਂ ਹਨ ਤੇ ਆਪਣੀਆਂ ਜੜਾਂ ਤੋਂ ਟੁੱਟ ਕੇ ਕੋਈ ਟਾਹਣੀ ਹਰੀ ਨਹੀਂ ਰਹਿ ਸਕਦੀ!ਜੇ ਅਸੀਂ ਆਪਣੀਆਂ ਨਸਲਾਂ ਸਾਂਭਣੀਆ ਹਨ ਤਾਂ ਆਉ ਪਹਿਲੇ ਪੰਜਾਬ ਨੂੰ ਮੁੜ ਅਬਾਦ ਕਰੀਏ ਤੇ ਮੁੜ ਅੰਨਦਾਤੇ ਦਾ ਖਿਤਾਬ ਬਰਕਰਾਰ ਰੱਖੀਏ ਤੇ “ਪੰਜਾਬ ਵਸਦਾ ਗੁਰਾਂ ਦੇ ਨਾਮ ਤੇ “ਦੀ ਤੁਕ ਨੂੰ ਸੱਚ ਕਰਨ ਲਈ ਪੁਰਾਣੇ ਪੰਜਾਬ ਦੀਆਂ ਜੜ੍ਹਾਂ ਨਾਲ ਜੁੜ ਮੁੜ ਖੇਤਾਂ ਦੇ ਪੁੱਤ ਬਣੀਏ!
ਪੰਜਾਬ ਦੀ ਹਰ-ਵਰਿਆਈ ਧਰਤੀ ਨੂੰ ਬਾਂਝ ਹੋਣ ਤੋਂ ਬਚਾਉਣ ਲਈ ਸਭ ਕੀਟ- ਨਾਸ਼ਕ ਤੇ ਜਹਿਰੀਲੀਆ ਖਾਦਾਂ ਦਾ ਬਾਈਕਾਟ ਕਰੀਏ,ਤੇ ਆਪਣੇ ਹੱਥੀ ਕਿਰਤ ਕਰ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਸੁਰੱਖਿਅਤ ਕਰੀਏ !ਜੇ ਰੰਗਲੇ ਪੰਜਾਬ ਨੂੰ ਬਹਾਲ ਕਰਨਾ ਤਾਂ ਪੰਜਾਬੀਉ ਵਾਪਸ ਪਰਤਣਾਂ ਈ ਪੈਣਾਂ ਆਪਣੀਆਂ ਜੜਾਂ ਵੱਲ!