ਵਿਰਸੇ ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਮੁਟਿਆਰ : ਬੀਬੀ ਰੁਪਿੰਦਰ ਕੌਰ ਰੂਪ ਖਾਲਸਾ

ਕੁਝ ਇਕ ਐਸੀਆਂ ਵੀ ਕਲਮਾਂ ਅਤੇ ਅਵਾਜਾਂ ਹਨ ਜੋ ਆਪਣੇ ਸੱਭਿਆਚਾਰ ਦੀ ਸਾਂਭ-ਸੰਭਾਲ ਲਈ ਅਜੇ ਵੀ ਪੂਰੀ ਤਨ-ਦੇਹੀ, ਇਮਾਨਦਾਰੀ, ਦਿਆਂਤਦਾਰੀ, ਲਗਨ ਤੇ ਸੌਕ ਨਾਲ ਜੁਟੀਆਂ ਹੋਈਆਂ ਹਨ। ਉਦੋਂ ਹੋਰ ਵੀ ਮਾਣ ਅਤੇ ਫਖਰ ਮਹਿਸੂਸ ਹੁੰਦੈ, ਜਦੋਂ ਪ੍ਹਰੇ-ਦੇ -ਪੂਰੇ ਪਰਿਵਾਰ ਨੂੰ ਹੀ ਸੱਭਿਆਚਾਰ ਦੀ ਸੇਵਾ ਲਈ ਜੁਟੇ ਹੋਏ ਵੇਖੀਦਾ ਹੈ। ਐਸੇ ਖੁਸ਼-ਨਸੀਬ ਪਰਿਵਾਰਾਂ ਵਿਚੋਂ ਸੱਭਿਆਚਾਰ ਦੀਆਂ ਮਹਿਕਾਂ, ਗੁਲਜਾਰਾਂ ਅਤੇ ਖੁਸ਼ਬੂਆਂ ਵਿਖੇਰਦੇ ਜਿਲਾ ਗੁਰਦਾਸਪੁਰ ਦੇ ਪਿੰਡ ਸ਼੍ਰੀ ਹਰਗੋਬਿੰਦਪੁਰ ਵਿਖੇ ਵਸਦੇ ਪਰਿਵਾਰ ਵਿੱਚੋਂ ਇਕ ਨਾਂਓ ਹੈ -ਰੁਪਿੰਦਰ ਕੌਰ ਰੂਪ ਖਾਲਸਾ।ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਰਹਾਲਾ ਵਿਖੇ ਸ.ਕਰਨੈਲ ਸਿੰਘ (ਪਿਤਾ) ਦੇ ਗ੍ਰਹਿ ਵਿਖੇ ਮਾਤਾ ਕੁਲਵੰਤ ਕੌਰ ਦੀ ਪਾਕਿ ਕੁੱਖੋਂ ਪੈਦਾ ਹੋਈ ਰੁਪਿੰਦਰ ਨੇ ਮੁੱਢਲੀ ਸਿੱਖਿਆ ਡੀ. ਏ. ਵੀ. ਹਾਈ ਸਕੂਲ ਗੜਦੀਵਾਲਾ ਤੋਂ ਪ੍ਰਾਪਤ ਕੀਤੀ। ਬੀ. ਏ. ਨੈਸ਼ਨਲ ਕਾਲਜ ਫਾਰ ਵੋਮੈਨ ਤੋਂ ਕਰਨ ਤੋਂ ਬਾਅਦ ਅਧਿਆਪਕ ਟ੍ਰੇਨਿੰਗ (ਈ. ਟੀ. ਟੀ. ) ਹੁਸ਼ਿਆਰਪੁਰ ਡਾਇਟ ਤੋਂ ਕੀਤੀ। ਅਕਤੂਬਰ 1998 ਵਿੱਚ ਅਧਿਆਪਨ ਕਿੱਤੇ ਦੌਰਾਨ ਐਮ. ਏ. ਹਿੰਦੀ, ਬੀ. ਐੱਡ ਕਰਨ ਤੋਂ ਬਾਅਦ ਉਹ ਸਰਕਾਰੀ ਮਿਡਲ ਸਕੂਲ ਪੇਜੋ ਚੱਕ ਗੁਰਦਾਸਪੁਰ ਵਿਖੇ ਜੂਨ 2006 ਤੋਂ ਬਤੌਰ ਹਿੰਦੀ ਅਧਿਆਪਕਾ ਸੇਵਾ ਨਿਭਾਅ ਰਹੀ ਹੈ। ਇਕ ਮੁਲਾਕਾਤ ਦੌਰਾਨ ਬੀਬੀ ਰੁਪਿੰਦਰ ਕੌਰ ਰੂਪ ਖਾਲਸਾ ਨੇ ਦੱਸਿਆ ਕਿ ਉਸ ਨੂੰ ਲਿਖਣ ਅਤੇ ਗਾਉਣ ਦਾ ਸ਼ੌਂਕ ਕਾਲਜ ਪੜ੍ਹਨ ਦੌਰਾਨ ਪਿਆ। ਕਾਲਜ ਦੇ ਹਰ ਪ੍ਰੋਗਰਾਮ ‘ਚ ਉਸ ਦਾ ਹੋਣਾ ਜਰੂਰੀ ਸੀ। ਗਿੱਧਾ, ਕਵਿਤਾ, ਭਾਸ਼ਣ, ਡਰਾਮੇ, ਸਕਿੱਟਾਂ, ਗੀਤ ਪੇਂਟਿੰਗ, ਹਰ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਉਸ ਦਾ ਸ਼ੌਕ ਸੀ। ਪੇਕੇ ਪਰਿਵਾਰ ਦੇ ਸਹਿਯੋਗ ਸਦਕਾ ਪੜ੍ਹਨ ਅਤੇ ਇਨ੍ਹਾਂ ਗਤੀਵਿਧੀਆਂ ਵਿੱਚ ਉਸ ਨੂੰ ਬਹੁਤ ਉਤਸ਼ਾਹ ਮਿਲਿਆ। ਕੀਰਤਨ ਸਿੱਖਣ ਦਾ ਸ਼ੌਂਕ ਸਹੁਰੇ ਪਰਿਵਾਰ ਵਿੱਚ ਆ ਕੇ ਪੂਰਾ ਹੋ ਗਿਆ। ਸਹੁਰੇ ਪਰਿਵਾਰ ਵਿੱਚ ਤਕਰੀਬਨ ਸਾਰੇ ਹੀ ਬਾਣੀ- ਬਾਣੇ ਦੇ ਧਾਰਨੀ ਹੋਣ ਕਾਰਣ ਗੁਰੂ ਘਰ ਨਾਲ ਬਹੁਤ ਪ੍ਰੇਮ ਰੱਖਦੇ ਹਨ। ਉਸ ਨੇ ਕਿਹਾ, ‘ਮੇਰਾ ਕੀਰਤਨ- ਗੁਰੂ ਮੇਰੇ ਮੰਮੀ ਜੀ (ਸੱਸ) ਹਨ। ਮੇਰੇ ਪਤੀ ਕੁਲਵਿੰਦਰ ਸਿੰਘ ਵੀ ਕੀਰਤਨ ਕਰਦੇ ਹਨ। ਮੈ ਭਾਈ ਬੋਧ ਰਾਜ ਸਿੰਘ ਜੀ ਦੇ ਕੀਰਤਨੀ ਜੱਥੇ ਨਾਲ ਕੀਰਤਨ ਦੀ ਸੇਵਾ ਕਰਦੀ ਹਾਂ। ਪਤੀ ਕੁਲਵਿੰਦਰ ਸਿੰਘ, ਸੰਗੀਤ-ਗੁਰੂ ਭਾਈ ਅਨੂਪ ਸਿੰਘ ਹਜੂਰੇ-ਰਾਗੀ ਦਰਬਾਰ ਸਾਹਿਬ ਸ਼੍ਰੀ ਅਮ੍ਰਿਤਸਰ ਜੀ ਦੀ ਪ੍ਰੇਰਨਾ ਸਦਕਾ ਮੇਰੇ ਕੀਰਤਨ ਕਲਾ ਵਿੱਚ ਨਿਖਾਰ ਆਇਆ।’ ਰੂਪ ਖਾਲਸਾ ਨੇ ਦੱਸਿਆ ਕਿ ਆਪਣਾ ਇਹ ਸ਼ੌਕ ਉਹ ਆਪਣੇ ਵਿਦਿਆਰਥੀਆਂ ‘ਚ ਵੀ ਭਰਨ ਦੀ ਕੋਸ਼ਿਸ਼ ਕਰਦੀ ਹੈ। ਹਿੰਦੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਕਵਿਤਾ ਲਿਖਣਾ, ਧਾਰਮਿਕ ਗੀਤ ਲਿਖਣੇ, ਗਾਉਣੇ, ਕੀਰਤਨ ਕਰਨਾ ਜਿੰਦ-ਜਾਨ ਹਨ ਉਸਦੇ। ਸਾਖਰਤਾ ਅਭਿਆਨ ਦੌਰਾਨ ਡੀ. ਸੀ. ਹੁਸ਼ਿਆਰਪੁਰ, ਐਸ. ਡੀ. ਐਮ. ਦਸੂਹਾ, ਸਾਬਕਾ ਵਿਧਾਇਕ ਸ਼੍ਰੀ ਰਾਮ ਪ੍ਰਕਾਸ਼ ਜੀ ਅਤੇ ਹੋਰ ਵੀ ਅਨੇਕਾਂ ਸਟੇਜਾਂ ਤੋਂ ਸਸ਼ਖਸੀਅਤਾਂ ਵਲੋਂ ਉਸਨੇ ਸਨਮਾਨ ਪ੍ਰਾਪਤ ਕੀਤੇ ਹਨ। ਇਕ ਸਵਾਲ ਦਾ ਜੁਵਾਬ ਦਿੰਦਿਆਂ ਬੀਬੀ ਖਾਲਸਾ ਨੇ ਕਿਹਾ, ‘ਮੇਰੇ ਦੋਵੇਂ ਬੱਚੇ ਰਣਜੋਤ ਸਿੰਘ ਅਤੇ ਸ਼ੁੱਭਨੀਤ ਕੌਰ ਗੁਰਦੁਆਰਾ ਗ੍ਰੰਥੀਆਂ (ਛੇਵੀਂ ਪਾਤਸ਼ਾਹੀ ਸ਼੍ਰੀ ਹਰਗੋਬਿੰਦਪੁਰ) ਵਿਖੇ ਭਾਈ ਹਰਵਿੰਦਰ ਸਿੰਘ ਜੀ ਪਾਸੋਂ ਕੀਰਤਨ ਸਿੱਖ ਰਹੇ ਹਨ।’ ਵਾਤਾਵਰਨ ਦੀ ਸੰਭਾਲ ਖਾਤਿਰ ਪੌਦੇ ਲਗਾਉਣ ਦਾ ਕੰਮ ਵੀ ਉਹ ਕਰਦੀ ਹੈ। ਨਸ਼ੇ ਵਿਰੁੱਧ ਸੇਵਾ ਸੁਸਾਇਟੀ ਨਾਲ ਜੁੜੀ ਹੈ। ਉਸ ਦੀਆਂ ਰਚਨਾਵਾਂ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਰਜਿ; ਦੇ ਅਗਲੇ ਕਾਵਿ-ਸੰਗ੍ਰਹਿ ਵਿੱਚ ਹੁਣ ਛਪ ਰਹੀਆਂ ਹਨ।
ਸ੍ਰੀ ਹਰਗੋਬਿੰਦਪੁਰ ਵਿਖੇ ਆਪਣੇ ਪਰਿਵਾਰ ਵਿਚ ਸੁਖੀ ਜੀਵਨ ਬਿਤਾ ਰਹੀ, ਆਪਣੇ ਵਿਰਸੇ ਨੂੰ ਸੰਭਾਲਣ ਲਈ ਯਤਨਸ਼ੀਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੱਚੀ-ਸੁੱਚੀ ਮੂਰਤ ਇਹ ਮੁਟਿਆਰ ਬੀਬੀ ਰੁਪਿੰਦਰ ਕੌਰ ਰੂਪ ਖਾਲਸਾ ਇਸੇ ਤਰਾਂ ਨਿਰੰਤਰ ਸੇਵਾ ਵਿਚ ਜੁਟੀ ਪੰਜਾਬੀ ਮਾਂ-ਬੋਲੀ ਦੇ ਖਜਾਨੇ ਨੂੰ ਮਾਲੋ-ਮਾਲ ਕਰਦੀ ਰਵ੍ਹੇ। ਅੰਬਰ ਦੇ ਭਰਵੇ ਤਾਰਿਆਂ ਜਿੰਨੀਆਂ ਇੱਛਾਵਾਂ ਤੇ ਦੁਆਵਾਂ ਹਨ ਮੇਰੀਆਂ ! ਆਮੀਨ।
– ਪੰਜਾਬ ਟਾਇਮਜ਼ ਬਿਊਰੋ

Send this to a friend