ਕੈਨੇਡਾ ‘ਚ ਵਿਦਿਆਰਥੀ ਆਗੂ ਵਜੋਂ ਨਵੇਕਲੀ ਪਛਾਣ ਬਣਾਉਣ ਵਾਲੀ ਸੁਖਜੋਤ ਕੌਰ ਸਮਰਾ

ਪ੍ਰਤਿਭਾ ਕਦੇ ਕਿਸੇ ਜਾਣ-ਪਹਿਚਾਣ ਦੀ ਮੁਹਤਾਜ ਨਹੀਂ ਹੁੰਦੀ। ਇਹ ਆਪਣੇ ਬਲਬੂਤੇ ਹੀ ਲੋਕਾਂ ਵਿੱਚ ਦ੍ਰਿਸ਼ਟੀਗੋਚਰ ਹੋਣ ਲੱਗਦੀ ਹੈ। ਪ੍ਰਤਿਭਾਵਾਨ ਲੋਕ ਕਦੇ ਬਣਦੇ ਨਹੀਂ, ਸਗੋਂ ਉਹ ਪ੍ਰਤਿਭਾਵਾਨ ਹੀ ਪੈਦਾ ਹੁੰਦੇ ਹਨ। ਆਪਣੀ ਕਲਾ, ਕੌਸ਼ਲਤਾ ਗਿਆਨ ਅਤੇ ਗੁਣਾਂ ਦੀ ਰੌਸ਼ਨੀ ਵਿੱਚ ਹੀ ਉਹ ਆਪਣੇ ਜੀਵਨ ਦਾ ਸਫਰ ਤੈਅ ਕਰਦੇ ਹਨ ਅਤੇ ਇਸੇ ਦੀ ਰੌਸ਼ਨੀ ਵਿੱਚ ਹੀ ਉਸ ਮੰਜ਼ਿਲਾਂ ਸਰ ਕਰਦੇ ਹਨ। ਪ੍ਰਤਿਭਾ ਕਦੇ ਕਿਸੇ ਉਮਰ ਦੀ ਮੁਹਤਾਜ ਵੀ ਨਹੀਂ ਹੁੰਦੀ। ਪੰਜਾਬੀਆਂ ਨੇ ਆਪਣੇ ਗੁਣਾ, ਕਲਾ, ਕੌਸ਼ਲਤਾ ਗਿਆਨ ਅਤੇ ਆਗੂ ਹੋਣ ਦੀ ਪ੍ਰਵਿਰਤੀ ਕਰਕੇ ਦੁਨੀਆਂ ਦੇ ਹਰ ਕੋਨੇ ਵਿੱਚ ਆਪਣੀ ਹੋਂਦ ਦਾ ਪਰਚਮ ਲਹਿਰਾਉਂਦੇ ਹੋਏ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ ਹੈ। ਭਾਵੇਂ ਰਾਜਨੀਤੀ ਦਾ ਖੇਤਰ ਹੋਵੇ, ਬਿਜਨਸ ਹੋਵੇ, ਨੌਕਰੀਆਂ ਹੋਣ, ਸਮਾਜਕ ਰੁਤਬਾ ਹੋਵੇ ਤੇ ਭਾਵੇਂ ਵਿਦਿਆਰਥੀ ਜੀਵਨ ਖੇਤਰ ਹੋਵੇ, ਪੰਜਾਬੀਆਂ ਨੇ ਜੀਵਨ ਦੇ ਹਰ ਖੇਤਰ ਵਿੱਚ ਵਿਦੇਸ਼ਾਂ ਵਿੱਚ ਰਹਿੰਦਿਆਂ ਮੱਲਾਂ ਮਾਰੀਆਂ ਹਨ। ਵਿਦਿਆਰਥੀ ਜੀਵਨ ਵਿੱਚ ਪ੍ਰਾਪਤੀਆਂ ਕਰਦਿਆਂ ਜਲੰਧਰ ਸ਼ਹਿਰ ਦੀ ਜੰਮਪਲ ਸੁਖਜੋਤ ਕੌਰ ਸਮਰਾ ਨੇ ਕਨੇਡਾ ਦੇ ਸਕੈਚਵਾਂ ਇੰਸਟੀਚਿਊਟ ਆਫ਼ ਅਪਲਾਈਡ ਸਾਇੰਸਿਜ ਐਂਡ ਟੈਕਨਾਲੋਜੀ ਵਿਖੇ ਫਾਈਨੈਸ਼ੀਅਲ ਕੋਰਸ ਵਿੱਚ ਡਿਗਰੀ ਕਰਦਿਆਂ ਐਸ.ਪੀ.ਐਸ.ਏ. ਦੀ ਪ੍ਰੈਜ਼ੀਡੈਂਟ ਦੀ ਚੋਣ ਜਿੱਤ ਕੇ ਇਤਿਹਾਸ ਸਿਰਜਦਿਆਂ ਦੁਨੀਆ ਭਰ ਵਿੱਚ ਜਲੰਧਰ ਸ਼ਹਿਰ ਅਤੇ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਸੁਖਜੋਤ ਕੌਰ ਨੇ ਕਨੇਡਾ ਵਿਖੇ ਮੂਸ ਜਾ ਕੈਂਪਸ ਵਿੱਚ ਪੜ੍ਹਾਈ ਕਰਦਿਆਂ ਕੈਂਪਸ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਜਿੱਤੀ ਸੀ, ਉਦੋਂ ਉਸ ਦੀ ਉਮਰ 18 ਸਾਲ ਤਿੰਨ ਮਹੀਨੇ ਸੀ। ਇਸ ਜਿੱਤ ਤੋਂ ਕੁੱਝ ਸਮੇਂ ਬਾਦ ਸਕੈਚਵਾਂ ਇੰਸਟੀਚਿਊਟ ਆਫ਼ ਅਪਲਾਈਡ ਸਾਇੰਸਿਜ ਐਂਡ ਟੈਕਨਾਲੋਜੀ (S91S“) ਦੇ ਸਾਰੇ ਕੈਂਪਸਾਂ ਦੀ ਸਟੂਡੈਂਟ ਬੌਡੀ ਦੀ ਚੋਣ ਹੋਈ ਜਿਸ ਵਿੱਚ ਸੁਖਜੋਤ ਕੌਰ ਸਮਰਾ ਨੇ ਪ੍ਰੈਜ਼ੀਡੈਂਟ ਦੀ ਚੋਣ ਬੜੀ ਸ਼ਾਨ ਅਤੇ ਮਾਣ-ਸਨਮਾਨ ਨਾਲ ਜਿੱਤੀ। ਬਤੌਰ ਪ੍ਰੈਜ਼ੀਡੈਂਟ ਸੁਖਜੋਤ ਸਮਰਾ ਨੇ 1.4.2019 ਨੂੰ ਆਪਣਾ ਦਫ਼ਤਰ ਜੁਆਇਨ ਕੀਤਾ। ਸੁਖਜੋਤ ਸਮਰਾ ਇਸ ਅਹੁਦੇ ‘ਤੇ ਜਿੱਤ ਪ੍ਰਾਪਤ ਕਰਨ ਵਾਲੀ ਪਹਿਲੀ ਫੀਮੇਲ ਅਤੇ ਪਹਿਲੀ ਅੰਤਰਰਾਸ਼ਟਰੀ ਵਿਦਿਆਰਥਣ ਹੈ। ਇਸ ਤੋਂ ਪਹਿਲਾ ਇਸ ਅਹੁਦੇ ‘ਤੇ ਕਨੇਡੀਅਨ ਲੜਕੇ ਹੀ ਜਿੱਤ ਪ੍ਰਾਪਤ ਕਰਦੇ ਅਤੇ ਸੇਵਾਵਾਂ ਦਿੰਦੇ ਸਨ।
ਸੁਖਜੋਤ ਕੌਰ ਸਮਰਾ ਨੂੰ ਵਿੱਦਿਆ ਅਤੇ ਪ੍ਰਸ਼ਾਸਨਿਕ ਖੇਤਰ ਵਿੱਚ ਆਗੂ ਹੋਣ ਦੀ ਗੁੜਤੀ ਘਰ ਵਿੱਚੋਂ ਹੀ ਪ੍ਰਾਪਤ ਹੋਈ। ਸੁਖਜੋਤ ਸਮਰਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪ੍ਰਿੰਸੀਪਲ ਅਤੇ ਉੱਘੇ ਸਿੱਖਿਆ ਸ਼ਾਸਤਰੀ ਡਾ. ਗੁਰਪਿੰਦਰ ਸਿੰਘ ਸਮਰਾ ਦੀ ਬੇਟੀ ਹੈ। ਪ੍ਰਿੰਸੀਪਲ ਡਾ. ਸਮਰਾ ਇਸੇ ਕਾਲਜ ਵਿੱਚ ਗਣਿਤ ਵਿਭਾਗ ਦੇ ਮੁਖੀ ਰਹੇ ਅਤੇ ਸਾਲ 2012 ਵਿੱਚ ਪ੍ਰਿੰਸੀਪਲ ਵਜੋਂ ਸੇਵਾ ਵਿੱਚ ਆਏ। ਡਾ. ਸਮਰਾ ਦੀ ਸੁਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੱਥੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਹੋਣ ਦਾ ਮਾਣ ਹਾਸਲ ਕੀਤਾ, ਉੱਥੇ ਨੈਕ ਕੋਲੋਂ ਵੀ ਵੱਖ-ਵੱਖ ਸਕੀਮਾਂ ਤਹਿਤ ਕਰੋੜਾਂ ਰੁਪਏ ਦੀ ਗ੍ਰਾਂਟ ਤੇ ਪ੍ਰੋਜੈਕਟ ਕਾਲਜ ਵਿੱਚ ਲਿਆਂਦੇ। ਅਜਿਹੀ ਆਈਕੌਨਿਕ, ਦੂਰ ਅੰਦੇਸ਼ੀ ਅਤੇ ਮਿਹਨਤ ਪਸੰਦ ਸ਼ਖਸੀਅਤ ਦੇ ਘਰ ਸੁਖਜੋਤ ਕੌਰ ਦਾ ਪੈਦਾ ਹੋਣਾ ਅਤੇ ਉਸਦਾ ਅੰਤਰ-ਰਾਸ਼ਟਰੀ ਪੱਧਰ ‘ਤੇ ਵਿਦਿਆਰਥੀ ਜੀਵਨ ਵਿੱਚ ਹੀ ਉੱਚ ਪ੍ਰਾਪਤੀਆਂ ਕਰਨਾ ਉਸ ਲਈ ਸੁਭਾਵਿਕ ਹੀ ਹੈ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਸਿੱਖਿਆ, ਪ੍ਰਸ਼ਾਸਨ ਅਤੇ ਆਗੂ ਹੋਣ ਦੀ ਪ੍ਰਵਿਰਤੀ ਉਸਨੂੰ ਵਿਰਾਸਤ ਵਿੱਚ ਹੀ ਪ੍ਰਾਪਤ ਹੋਈ ਅਤੇ ਉਸ ਦੇ ਖੂਨ ਵਿੱਚ ਹੀ ਹੈ। ਸੁਖਜੋਤ ਸਮਰਾ ਨੇ ਬ੍ਹਾਰਵੀਂ ਤੱਕ ਦੀ ਪੜ੍ਹਾਈ ਕੈਂਬਰਿਜ ਇੰਟਰਨੈਸ਼ਨਲ ਕੋ-ਐਡ ਸਕੂਲ ਬਾਰਾਦਰੀ ਜਲੰਧਰ ਤੋਂ ਕਾਮਰਸ ਸਟਰੀਮ ਵਿੱਚ ਪਾਸ ਕੀਤੀ। ਸਕੂਲ ਵਿੱਚ ਪੜ੍ਹਦਿਆਂ ਉਸਨੇ ਅਕਾਦਮਿਕ ਪੜ੍ਹਾਈ ਤੋਂ ਇਲਾਵਾ, ਸਪੋਰਟਸ ਅਤੇ ਕਲਚਰਲ ਖੇਤਰ ਵਿੱਚ ਵੀ ਕਈ ਪ੍ਰਾਪਤੀਆਂ ਕੀਤੀਆਂ। ਸਕੂਲ ਵਿਖੇ ਬਤੌਰ ਬੈਸਟ ਸਪੀਕਰ ਉਸਨੂੰ ਸਨਮਾਨਿਆ ਗਿਆ। ਉਸਦੀ ਇਸੇ ਬਹੁਪੱਖੀ ਸ਼ਖਸੀਅਤ ਸਦਕਾ ਅੱਜ ਉਸਨੂੰ ਕਨੇਡਾ ਦੇ ਐਸ.ਪੀ.ਐਸ.ਏ. ਦੀ ਪ੍ਰੈਜ਼ੀਡੈਂਟ ਬਣਨ ਦਾ ਮਾਣ ਹਾਸਲ ਹੋਇਆ ਹੈ। ਉਸਦੀ ਇਸ ਪ੍ਰਾਪਤੀ ‘ਤੇ ਸਕੂਲ ਦੀ ਮੈਨਜਮੈਂਟ, ਪ੍ਰਿੰਸੀਪਲ ਕਿਰਨਜੀਤ ਢਿੱਲੋਂ ਅਤੇ ਸਮੂਹ ਸਟਾਫ਼ ਨੇ ਫਖ਼ਰ ਮਹਿਸੂਸ ਕਰਦਿਆਂ ਉਸ ਨੂੰ ਸਕੂਲ ਦੀ ‘ਆਈਕੌਨਿਕ ਸਟੂਡੈਂਟ ਆਫ ਦਿ ਸਕੂਲ’ ਆਖਿਆ।
ਸੁਖਜੋਤ ਸਮਰਾ ਨੇ ਪ੍ਰੈਜ਼ੀਡੈਂਟ ਦੇ ਅਹੁਦੇ ‘ਤੇ ਰਹਿੰਦਿਆਂ ਟੋਰਾਂਟੋ, ਕੈਲਗਰੀ, ਵੈਨਕੂਵਰ ਆਦਿ ਸਟੇਟਾਂ ਦੀਆਂ ਵੱਖ-ਵੱਖ ਸੰਸਥਾਵਾਂ ਵਿੱਚ ਸਸਕੈਚਵਾਂ ਪੋਲੀਟੈਕਨਿਕ ਸਟੂਡੈਂਟਸ ਐਸੋਸੀਏਸ਼ਨ ਦੀ ਅਗਵਾਈ ਕੀਤੀ ਅਤੇ ਵਿਦਿਆਰਥੀ ਭਲਾਈ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੰਬੰਧੀ ਆਪਣੇ ਵਿਚਾਰ ਪ੍ਰਸਤੁਤ ਕੀਤੇ ਹਨ। ਇਸ ਅਹੁਦੇ ‘ਤੇ ਕੰਮ ਕਰਨ ਵਾਲੇ ਵਿਦਿਆਰਥੀ ਆਗੂ ਨੂੰ ਬਕਾਇਦਾ ਦਫ਼ਤਰ ਮਿਲਦਾ ਹੈ ਤੇ ਕੰਮ ਕਰਨ ਲਈ ਸਹਾਇਕ ਸਟਾਫ਼ ਮਿਲਦਾ ਹੈ, ਤਾਂ ਕਿ ਵਿਦਿਆਰਥੀ ਭਲਾਈ ਲਈ ਇਹ ਐਸ.ਪੀ.ਐਸ.ਏ ਵਧੀਆ ਨੀਤੀਆਂ ਅਤੇ ਯੋਜਨਾਵਾਂ ਬਣਾ ਸਕੇ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ, ਕਲਚਰਲ ਸਾਂਝ ਵਧਾਉਣ ਲਈ, ਵਿਦਿਆਰਥੀਆਂ ਵਿੱਚ ਲੀਡਰਸ਼ਿਪ ਕੁਆਲਿਟੀ ਪੈਦਾ ਕਰਨ ਲਈ ਇਹ ਬੌਡੀ ਕੰਮ ਕਰਦੀ ਹੈ। ਇਸ ਦਾ ਵੀਜ਼ਨ ਮਿਉਨੀਸੀਪਲ, ਪ੍ਰੋਵਿੰਸ਼ੀਅਲ ਅਤੇ ਨੈਸ਼ਨਲ ਲੈਵਲ ‘ਤੇ ਵਿਦਿਆਰਥੀਆਂ ਨੂੰ ਵਿੱਦਿਅਕ ਮੌਕੇ ਪ੍ਰਦਾਨ ਕਰਦੇ ਹੋਏ ਉਹਨਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦੇ ਮੌਕੇ ਪ੍ਰਦਾਨ ਕਰਨਾ ਹੈ। ਅਜਿਹੀ ਵੱਡੀ ਅਤੇ ਉੱਚ ਸਟੂਡੈਂਟ ਬੌਡੀ ਦੀ ਪ੍ਰੈਜ਼ੀਡੈਂਟ ਬਣਨਾ ਸਚਮੁੱਚ ਹੀ ਸੁਖਜੋਤ ਕੌਰ ਸਮਰਾ, ਜਲੰਧਰ ਵਾਸੀਆ ਅਤੇ ਪੰਜਾਬੀਆਂ ਲਈ ਬੜੇ ਫ਼ਖ਼ਰ ਵਾਲੀ ਗੱਲ ਹੈ। ਆਸ ਕਰਦੇ ਹਾਂ ਕਿ ਸਮਰਾਂ ਪਰਿਵਾਰ ਦੀ ਇਹ ਹੋਣਹਾਰ ਅਤੇ ਪ੍ਰਤਿਭਾਵਾਨ ਬੇਟੀ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਵੱਡੀਆਂ ਅਤੇ ਉੱਚੀਆਂ ਪ੍ਰਾਪਤੀਆਂ ਕਰਦੀ ਹੋਈ ਆਪਣੇ ਪਿਤਾ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵਾਂਗ, ਪਰਿਵਾਰ, ਸ਼ਹਿਰ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਦੀ ਰਹੇਗੀ।

Send this to a friend