ਲੋਕ ਸਭਾ ਦੀਆਂ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਲੋਕ ਸਭਾ ਦੀਆਂ 2 ਸੀਟਾਂ ਗੁਰਦਾਸਪੁਰ ਅਤੇ ਹੁਸ਼ਿਆਰਪੁਰ ‘ਤੇ ਜਿੱਤ ਹਾਸਿਲ ਕੀਤੀ ਹੈ। ਇਸ ਅਚਾਨਕ ਮਿਲੀ ਜਿੱਤ ਕਾਰਨ ਭਾਜਪਾ ਦੀ ਪੰਜਾਬ ਇਕਾਈ ਨੂੰ ਇਹ ਭਰਮ ਹੋ ਗਿਆ ਹੈ ਕਿ ਉਹ ਸੂਬੇ ਵਿੱਚ ਸਿਆਸੀ ਤੌਰ ‘ਤੇ ਬਹੁਤ ਮਜ਼ਬੂਤ ਧਿਰ ਹਨ। ਇਸ ਕਾਰਨ ਹੀ ਭਾਜਪਾ ਦੇ ਕੁੱਝ ਖੇਤਰੀ ਨੇਤਾਵਾਂ ਵੱਲੋਂ ਵੱਡੇ-ਵੱਡੇ ਸਿਆਸੀ ਦਾਅਵੇ ਕੀਤੇ ਜਾ ਰਹੇ ਹਨ। ਭਾਜਪਾ ਦੇ ਇਹ ਨੇਤਾ ਆਪਣੇ ਸਿਆਸੀ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਨ ਸਭਾ ਦੀਆਂ ਵਧੇਰੇ ਸੀਟਾਂ ਦੀ ਮੰਗ ਵੀ ਕਰ ਰਹੇ ਹਨ। ਪੰਜਾਬ ਦੀ ਭਾਜਪਾ ਇਕਾਈ ਨੇ ਆਪਣੀ ਮੀਟਿੰਗ ਕਰਕੇ ਸੰਸਦੀ ਚੋਣਾਂ ਦੌਰਾਨ ਸੂਬੇ ਵਿੱਚ ਪਾਰਟੀ ਦਾ ਵੋਟ ਬੈਂਕ ਵੱਧਣ ਅਤੇ ਤਿੰਨਾਂ ਵਿੱਚੋਂ 2 ਸੀਟਾਂ ਜਿੱਤਣ ‘ਤੇ ਤਸੱਲੀ ਦਾ ਪ੍ਰਗਟਾਵਾ ਵੀ ਕੀਤਾ ਹੈ।ਪਾਰਟੀ ਦੀ ਕੋਰ ਕਮੇਟੀ ਨੂੰ ਇਹ ਭਰਮ ਹੋ ਗਿਆ ਹੈ ਕਿ ਹੁਣ ਪੰਜਾਬ ਵਿੱਚ ਭਾਜਪਾ ਬਹੁਤ ਮਜ਼ਬੂਤ ਹੋ ਗਈ ਹੈ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਵਿਧਾਨ ਸਭਾ ਦੀਆਂ ਵਧੇਰੇ ਸੀਟਾਂ ਜਿੱਤ ਕੇ ਆਪਣੀ ਸਰਕਾਰ ਬਣਾ ਸਕਦੀਆਂ ਹਨ। ਭਾਜਪਾ ਦੇ ਪੰਜਾਬ ਨੇਤਾਵਾਂ ਨੂੰ ਇਸ ਭਰਮ ਵਿੱਚੋਂ ਬਾਹਰ ਨਿਕਲ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ। ਭਾਜਪਾ ਨੂੰ ਇਸ ਵਾਰ ਪੰਜਾਬ ਤੋਂ 2 ਸੀਟਾਂ ਮਿਲਣ ਦੇ ਦੋ ਕਾਰਨ ਹਨ। ਗੁਰਦਾਸਪੁਰ ਦੀ ਸੀਟ ਭਾਜਪਾ ਨੇ ਨਹੀਂ ਸਗੋਂ ਸੰਨੀ ਦਿਓਲ ਦੀ ਸਖਸ਼ੀਅਤ ਨੇ ਜਿੱਤੀ ਹੈ। ਹੁਸ਼ਿਆਰਪੁਰ ਦੀ ਸੀਟ ਕਾਂਗਰਸੀ ਨੇਤਾਵਾਂ ਦੀ ਫੁੱਟ ਕਾਰਨ ਭਾਜਪਾ ਨੂੰ ਮਿਲੀ ਹੈ। ਜੇਕਰ ਪੰਜਾਬ ਵਿੱਚ ਭਾਜਪਾ ਦਾ ਆਧਾਰ ਮਜ਼ਬੂਤ ਹੁੰਦਾ ਤਾਂ ਅੰਮ੍ਰਿਤਸਰ ਦੀ ਸੀਟ ਜਿੱਤੀ ਜਾ ਸਕਦੀ ਸੀ। ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਦੀ ਹਾਰ ਪੰਜਾਬ ਭਾਜਪਾ ਦੇ ਮੱਥੇ ‘ਤੇ ਕਾਲਾ ਟਿੱਕਾ ਹੈ। ਭਾਜਪਾ ਦੇ ਖੇਤਰੀ ਨੇਤਾਵਾਂ ਨੂੰ ਸੁਪਨਿਆਂ ਤੋਂ ਬਾਹਰ ਆਉਣਾ ਚਾਹੀਦਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਜਿੱਤ ਲਈ ਭਾਜਪਾ ਨੂੰ ਆਪਣੀ ਸੋਚ ਅਤੇ ਰਣਨੀਤੀ ਵਿੱਚ ਵੱਡੀ ਤਬਦੀਲੀ ਕਰਨੀ ਹੋਵੇਗੀ। ਇਸ ਸਮੇਂ ਭਾਜਪਾ ਦਾ ਜਥੇਬੰਦਕ ਢਾਂਚਾ ਵੀ ਬੇਹੱਦ ਕਮਜ਼ੋਰ ਹੈ। ਭਾਜਪਾ ਨੂੰ ਪੰਜਾਬ ਦੇ ਸਾਰੇ ਵਰਗਾਂ ਦਾ ਭਰੋਸਾ ਜਿੱਤਣਾ ਹੋਵੇਗਾ। ਪਿੰਡਾਂ ਅਤੇ ਸ਼ਹਿਰਾਂ ਵਿੱਚ ਫਰਕ ਕਰਕੇ ਪੰਜਾਬ ਭਾਜਪਾ ਅੱਗੇ ਨਹੀਂ ਵੱਧ ਸਕਦੀ। ਇਸੇ ਤਰ੍ਹਾਂ ਪੰਜਾਬ ਨਾਲ ਸਬੰਧਤ ਮੁੱਦਿਆਂ ‘ਤੇ ਪਾਰਟੀ ਨੂੰ ਇਮਾਨਦਾਰ ਅਤੇ ਸਪੱਸ਼ਟ ਪਹੁੰਚ ਅਪਨਾਉਣੀ ਹੋਵੇਗੀ। ਹੁਣ ਜਦੋਂ ਕੇਂਦਰ ਵਿੱਚ ਭਾਜਪਾ ਦੀ ਮੁੜ ਸਰਕਾਰ ਬਣ ਗਈ ਹੈ ਤਦ ਪੰਜਾਬ ਦੇ ਭਾਜਪਾ ਨੇਤਾਵਾਂ ਨੂੰ ਪੰਜਾਬ ਲਈ ਵਧੇਰੇ ਰਾਹਤਾਂ ਦੀ ਮੰਗ ਕਰਨੀ ਚਾਹੀਦੀ ਹੈ। ਕਿਸਾਨਾਂ ਦੇ ਕਰਜ਼ਿਆਂ ਦੀ ਮੁਆਫੀ ਲਈ ਵੀ ਉਨ੍ਹਾਂ ਨੂੰ ਆਵਾਜ਼ ਉਠਾਉਣੀ ਹੋਵੇਗੀ। ਪੰਜਾਬ ਦੇ ਉਦਯੋਗ ਨੂੰ ਬਚਾਉਣ ਲਈ ਭਾਜਪਾ ਦੀ ਕੇਂਦਰ ਸਰਕਾਰ ਤੁਰੰਤ ਕਦਮ ਚੁੱਕੇ ਤਦ ਹੀ ਉਹ ਪੰਜਾਬੀਆਂ ਦਾ ਮਨ ਜਿੱਤ ਸਕੇਗੀ। ਇਸੇ ਤਰ੍ਹਾਂ ਸਿੱਖ ਭਾਈਚਾਰੇ ਨਾਲ ਸਬੰਧਤ ਮੁੱਦਿਆਂ ‘ਤੇ ਵੀ ਭਾਜਪਾ ਨੂੰ ਹਾਂ ਪੱਖੀ ਪਹੁੰਚ ਲੈ ਕੇ ਚੱਲਣਾ ਹੋਵੇਗਾ। ਹੁਣ ਤੱਕ ਭਾਜਪਾ ਦਾ ਸਮੁੱਚਾ ਰਵੱਈਆ ਸਿੱਖ ਵਿਰੋਧੀ ਰਿਹਾ ਹੈ, ਇਸ ਕਾਰਨ ਹੀ ਸਿੱਖ ਭਾਈਚਾਰੇ ਨੇ ਭਾਜਪਾ ਤੋਂ ਇਕ ਦੂਰੀ ਬਣਾਈ ਹੋਈ ਹੈ। ਉਂਝ ਲੋਕ ਸਭਾ ਚੋਣਾਂ ਵਿੱਚ ਉਭਰੇ ਰੁਝਾਨ ਭਾਜਪਾ ਦੀ ਰਾਜਨੀਤੀ ਲਈ ਵੱਡਾ ਖਤਰਾ ਹਨ।
– ਬਲਜੀਤ ਸਿੰਘ ਬਰਾੜ