ਸਿਹਤ ਵਿਗਿਆਨ ਅਤੇ ਸਾਹਿਤ ਦੇ ਸਿਧਾਂਤ ਵੱਖਰੇ-ਵੱਖਰੇ ਹੁੰਦੇ ਹਨ, ਇਨ੍ਹਾਂ ਦੋਹਾਂ ਦਾ ਸੁਮੇਲ ਵਿਲੱਖਣ ਗੱਲ ਹੁੰਦੀ ਹੈ। ਡਾ. ਸਵਰਾਜ ਸਿੰਘ ਅਜਿਹਾ ਵਿਅਕਤੀ ਹੈ, ਜਿਸਦੇ ਵਿਅਕਤਿਵ ਦੇ ਦੋਵੇਂ ਸਿਹਤ ਅਤੇ ਸਾਹਿਤ ਅਨਿਖੜਵੇਂ ਅੰਗ ਹਨ। ਵਿਦਿਆਰਥੀ ਜੀਵਨ ਤੋਂ ਹੀ ਉਹ ਸਾਹਿਤ ਵਿਚ ਦਿਲਚਸਪੀ ਰੱਖਦਾ ਸੀ ਪ੍ਰੰਤੂ ਉਸ ਸਮੇਂ ਉਹ ਪ੍ਰਗਤੀਸ਼ੀਲ ਸਾਹਿਤ ਦਾ ਅਧਿਐਨ ਕਰਨ ਵਿਚ ਵਿਸ਼ਵਾਸ ਰੱਖਦਾ ਸੀ। ਇਸ ਕਰਕੇ ਹੀ ਉਹ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਵਿਚ ਪੜ੍ਹਾਈ ਦੇ ਨਾਲ ਹੀ ਦਿਲਚਸਪੀ ਲੈਂਦਾ ਰਿਹਾ। ਤੱਥਾਂ ਤੇ ਅਧਾਰਤ ਵਿਚਾਰ ਵਟਾਂਦਰਾ ਕਰਨ ਦਾ ਸੁਭਾਆ ਉਸਦਾ ਪ੍ਰਗਤੀਸ਼ੀਲ ਲਹਿਰ ਦਾ ਹਿੱਸਾ ਬਣਨ ਕਰਕੇ ਬਣ ਗਿਆ ਸੀ। ਦਲੀਲ ਨਾਲ ਗੱਲ ਕਰਨੀ ਅਤੇ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਲਈ ਸੰਬਾਦ ਰਚਾਉਣਾ ਉਸਦੇ ਵਿਅਕਤਿਵ ਦਾ ਹਿੱਸਾ ਬਣ ਗਿਆ ਸੀ ਜੋ ਅੱਜ ਤੱਕ ਵੀ ਬਰਕਰਾਰ ਹੈ। ਜੇਕਰ ਕਿਸੇ ਵਿਅਕਤੀ ਵਿਚ ਕੁਝ ਕਰ ਗੁਜਰਨ ਦੀ ਸਮਰੱਥਾ, ਇਛਾ ਸ਼ਕਤੀ, ਲਗਨ ਅਤੇ ਦ੍ਰਿੜ੍ਹ ਇਰਾਦਾ ਹੋਵੇ ਤਾਂ ਉਹ ਹਰ ਸਮੱਸਿਆ ਤੇ ਕਾਬੂ ਪਾ ਕੇ ਬੁਲੰਦੀਆਂ ਤੇ ਪਹੁੰਚ ਸਕਦਾ ਹੈ। ਇਹ ਗੁਣ ਡਾ. ਸਵਰਾਜ ਸਿੰਘ ਵਿਚ ਹੈ। ਸਾਧਾਰਣ ਦਿਹਾਤੀ ਪਰਿਵਾਰ ਵਿਚੋਂ ਆ ਕੇ ਅਮਰੀਕਾ ਵਰਗੇ ਸੰਸਾਰ ਦੇ ਵਿਕਾਸ਼ਸ਼ੀਲ ਦੇਸ਼ ਵਿਚ ਇਕ ਨਹੀਂ ਕਈ ਮੈਡੀਕਲ ਦੇ ਵਿਸ਼ਿਆਂ ਵਿਚ ਮੁਹਾਰਤ ਹਾਸਲ ਕਰਕੇ ਨਾਮਣਾ ਖੱਟਣਾ ਮਾਮੂਲੀ ਗੱਲ ਨਹੀਂ। ਫਿਰ ਜਦੋਂ ਉਸਦੀ ਆਪਣੇ ਕਿੱਤੇ ਵਿਚ ਪੂਰੀ ਪੈਂਹਠ ਸੀ ਤਾਂ ਪ੍ਰੈਕਟਿਸ ਛੱਡ ਕੇ ਮੁੜ ਆਪਣੇ ਪੰਜਾਬ ਵਿਚ ਆ ਗਏ ਤੇ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਸਿੱਖ ਜਗਤ ਵਿਚ ਫੈਲਾਉਣ ਦਾ ਬੀੜਾ ਚੁੱਕ ਲਿਆ। ਸਿੱਖ ਧਰਮ ਦੀ ਦਾਰਸ਼ਨਿਕਤਾ ਦੀ ਰੌਸ਼ਨੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਆਪਣੇ ਪੱਲਿਓਂ ਪੈਸੇ ਖ਼ਰਚਕੇ ਪੰਜਾਬ ਦੇ ਦੂਰ ਦੁਰਾਡੇ ਇਲਾਕਿਆਂ ਵਿਚ ਭਾਸ਼ਣ ਦੇਣ ਲਈ ਤੁਰੇ ਰਹਿੰਦੇ ਹਨ। ਡਾ. ਸਵਰਾਜ ਸਿੰਘ ਦਾ ਨਿਸ਼ਾਨਾ ਆਰਥਿਕ ਜਾਂ ਭਿਤਕ ਪ੍ਰਾਪਤੀ ਨਹੀਂ, ਉਹ ਤਾਂ ਹਮੇਸ਼ਾ ਆਪਣੀ ਕਾਰ ਵਿਚ ਇਕ ਦਿਨ ਵਿਚ ਹੀ ਕਈ ਥਾਵਾਂ ਤੇ ਭਾਸ਼ਣ ਦੇਣ ਲਈ ਤਤਪਰ ਰਹਿੰਦਾ ਹੈ। ਕਦੇ ਕਿਸੇ ਸਮਾਗਮ ਵਿਚ ਪਹੁੰਚਣ ਲਈ ਆਨਾਕਾਨੀ ਨਹੀਂ ਕਰਦਾ। ਸਵੇਰੇ ਪਟਿਆਲੇ ਤੇ ਸ਼ਾਮ ਨੂੰ ਅੰਮ੍ਰਿਤਸਰ ਜਾ ਕੇ ਸਿੱਖੀ ਦੇ ਵਿਸ਼ੇ ਭਾਸ਼ਣ ਕਰਨ ਪਹੁੰਚ ਜਾਂਦਾ ਹੈ। ਫਕਰ ਕਿਸਮ ਦਾ ਚਿੰਤਕ ਹੈ। ਬਸਤਰ ਪਹਿਨਣ ਸਮੇਂ ਵੀ ਸਾਧਾਰਣਤਾ ਦਾ ਪੱਲਾ ਨਹੀਂ ਛੱਡਦਾ। ਡਾ.ਸਵਰਾਜ ਸਿੰਘ ਦਾ ਜਨਮ 5 ਜਨਵਰੀ 1947 ਨੂੰ ਪਿਤਾ ਸ੍ਰ. ਵਿਸ਼ੇਸ਼ਰ ਸਿੰਘ ਅਤੇ ਮਾਤਾ ਸ਼੍ਰੀਮਤੀ ਜਗਦੀਸ਼ ਕੌਰ ਦੇ ਘਰ ਪਟਿਆਲਾ ਜਿਲ੍ਹੇ ਦੀ ਰਾਜਪੁਰਾ ਤਹਿਸੀਲ ਦੇ ਪਿੰਡ ਗੰਡਾ ਖੇੜੀ ਵਿਚ ਹੋਇਆ। ਆਪ ਦੇ ਪਿਤਾ ਆਜ਼ਾਦੀ ਘੁਲਾਟੀਏ, ਵਿਦਵਾਨ, ਗ੍ਰੈਜੂਏਟ ਅਤੇ ਸਿੱਖ ਧਰਮ ਨੂੰ ਸਮਰਪਤ ਸਨ। ਆਪ ਦੀ ਮਾਤਾ ਵੀ ਗ੍ਰੈਜੂਏਟ ਸਨ। ਹਾਲਾਂ ਕਿ ਉਸ ਸਮੇਂ ਲੜਕੀਆਂ ਨੂੰ ਪੜ੍ਹਨ ਲਈ ਭੇਜਿਆ ਨਹੀਂ ਸੀ ਜਾਂਦਾ। ਇਸ ਕਰਕੇ ਸਾਹਿਤਕ ਅਤੇ ਚਿੰਤਨ ਦੀ ਗੁੜ੍ਹਤੀ ਆਪਨੂੰ ਵਿਰਾਸਤ ਵਿਚੋਂ ਹੀ ਮਿਲੀ ਹੈ। ਆਪ ਨੇ ਮੁਢਲੀ ਪੜ੍ਹਾਈ ਗੁਰਮੁਖੀ ਵਿਦਿਆਲਿਆ ਪਟਿਆਲਾ ਤੋਂ ਪ੍ਰਾਪਤ ਕੀਤੀ। ਫਿਰ ਦਸਵੀਂ ਸਰਕਾਰੀ ਮਲਟੀਪਰਪਜ਼ ਸਕੂਲ ਪਟਿਆਲਾ ਤੋਂ ਪਾਸ ਕੀਤੀ। ਪ੍ਰੀ ਮੈਡੀਕਲ ਸਰਕਾਰੀ ਮਹਿੰਦਰਾ ਕਾਲਜ ਤੋਂ ਪਾਸ ਕੀਤੀ। ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਵਿਚ ਐਮ.ਬੀ.ਬੀ.ਐਸ. ਵਿਚ ਦਾਖਲਾ ਲੈ ਲਿਆ ਅਤੇ ਇਥੋਂ ਹੀ ਡਿਗਰੀ ਪ੍ਰਾਪਤ ਕੀਤੀ। ਆਪ ਦਾ ਵਿਆਹ ਬੀਬੀ ਵਰਿੰਦਰ ਕੌਰ ਨਾਲ ਹੋ ਗਿਆ ਜੋ ਕਿ ਐਮ.ਏ.ਪੰਜਾਬੀ ਹਨ। ਸਕੂਲ ਅਤੇ ਕਾਲਜ ਦੀ ਪੜ੍ਹਾਈ ਦੌਰਾਨ ਆਪ ਵਿਦਿਆਰਥੀ ਯੂਨੀਅਨ ਵਿਚ ਕੰਮ ਕਰਦੇ ਰਹੇ। ਉਸ ਸਮੇਂ ਆਪ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਹੋਏ ਸਨ। ਮੈਡੀਕਲ ਕਾਲਜ ਵਿਚ ਆਪ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਵੀ ਰਹੇ ਹਨ। ਡਾਕਟਰੀ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਆਪ 1971 ਵਿਚ ਅਮਰੀਕਾ ਚਲੇ ਗਏ। ਉਥੇ ਆਪ ਨੇ ਸਾਊਥ ਸ਼ਿਕਾਗੋ ਕਮਿਊਨਿਟੀ ਹਸਪਤਾਲ ਵਿਚ 1971-72 ਵਿਚ ਇਨਟਰਨਸ਼ਿਪ ਕੀਤੀ। ਇਸ ਤੋਂ ਬਾਅਦ 1972-76 ਆਪ ਨੇ ਨਜ਼ਾਰਥ ਹਸਪਤਾਲ ਫਿਲਡਫੀਆ ਵਿਚ ਰੈਜੀਡੈਂਸੀ ਕੀਤੀ। ਆਪ ਨੇ ਸਰਜਰੀ ਵਿਚ ਸ਼ਪੈਸ਼ਲਾਈਜੇਸ਼ਨ ਕੀਤੀ। ਡਾ.ਸਵਰਾਜ ਸਿੰਘ ਨੇ ਲੇਜ਼ਰ ਐਂਡ ਲੈਪਰੋਸਕਾਪਿਕ ਸਰਜਰੀ ਟ੍ਰੇਨਿੰਗ ਸਿਕਾਗੋ ਤੋਂ ਕੀਤੀ। ਆਪ ਇਸ ਤੋਂ ਬਾਅਦ ਸਿਆਟਲ ਵਿਖੇ ਵੱਸ ਗਏ ਪ੍ਰੰਤੂ ਆਪਦੀ ਫਿਰ ਵੀ ਤਸੱਲੀ ਨਹੀਂ ਹੋਈ ਤੇ ਆਪ ਨੇ 1986-87 ਵਿਚ ਵੈਸਕੂਲਰ ਸਰਜਰੀ ਵਿਚ ਮੁਹਾਰਤ ਹਾਸਲ ਕੀਤੀ। ਆਪ ਨੇ ਸਾਰੀ ਉਮਰ ਅਮਰੀਕਾ ਵਿਚ ਨੌਕਰੀ ਕੀਤੀ ਪ੍ਰੰਤੂ ਪੰਜਾਬ ਨਾਲ ਪੂਰੀ ਤਰ੍ਹਾਂ ਜੁੜੇ ਰਹੇ। ਆਪ ਨੂੰ ਵਿਦਿਆਰਥੀ ਜੀਵਨ ਤੋਂ ਹੀ ਅਖ਼ਬਾਰਾਂ, ਰਸਾਲੇ ਅਤੇ ਇਤਿਹਾਸ ਦੀਆਂ ਪੁਸਤਕਾਂ ਪੜ੍ਹਨ ਦਾ ਸ਼ੌਕ ਸੀ। ਉਸ ਸਮੇਂ ਦੌਰਾਨ ਹੀ ਆਪ ਖੱਬੇ ਪੱਖੀ ਵਿਚਾਰਧਾਰਾ ਨਾਲ ਅਜਿਹੇ ਵਾਵਾਸਤਾ ਹੋ ਗਏ ਕਿ ਮੁੜਕੇ ਪਿਛੇ ਨਹੀਂ ਵੇਖਿਆ।। 1980 ਤੋਂ ਆਪ ਨੇ ਪੰਜਾਬੀ ਦੇ ਅਖ਼ਬਾਰਾਂ ਲਈ ਲੇਖ ਲਿਖਣੇ ਸ਼ੁਰੂ ਕਰ ਦਿੱਤੇ। 1990 ਤੋਂ ਲਗਾਤਾਰ ਅੰਤਰਾਸ਼ਟਰੀ ਮਸਲਿਆਂ ਤੇ ਅਖਬਾਰਾਂ ਅਤੇ ਰਸਾਲਿਆਂ ਲਈ ਲਿਖਦੇ ਆ ਰਹੇ ਹਨ। ਆਪ ਮੁਖ ਤੌਰ ਤੇ ਪੰਜਾਬੀ ਵਿਚ ਚਲੰਤ ਮਾਮਲਿਆਂ, ਸਿਖ ਵਿਚਾਰਧਾਰਾ ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਿੰਤਨ ਦਾ ਪੱਛਵੀਂ ਵਿਚਾਰਧਾਰਾ ਤੋਂ ਵੱਖਰਾ ਮਾਨਵਤਾ ਦੇ ਭਲੇ ਦੇ ਸੰਦੇਸ਼ ਸੰਬੰਧੀ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਮਸਲਿਆਂ ਨੂੰ ਸਿੱਖ ਵਿਚਾਰਧਾਰਾ ਅਨੁਸਾਰ ਹੀ ਪੂਰਵ ਚਿੰਤਨ ਨਾਲ ਜੋੜ ਕੇ ਪੜਚੋਲ ਕਰਦੇ ਹਨ। ਆਪ ਦੇ ਵਿਸ਼ੇ ਮੁਖ ਤੌਰ ਤੇ ਪੱਛਮ ਦੇ ਨਿਘਾਰ ਅਤੇ ਪੂਰਵ ਦੇ ਉਭਾਰ ਨੂੰ ਸਮਰਪਤ ਹਨ। ਆਪ ਦੇ ਲੇਖਾਂ ਵਿਚ ਪੱਛਮ ਦੇ ਸਿਰਫ ਆਧੁਨਿਕ ਤਕਨਾਲੋਜੀ ਦੇ ਵਿਕਾਸ ਦਾ ਹੀ ਜ਼ਿਕਰ ਹੁੰਦਾ ਹੈ, ਪ੍ਰੰਤੂ ਮਾਨਵਤਾ ਦੇ ਵਿਕਾਸ ਦੀ ਅਣਹੋਂਦ ਬਾਰੇ ਜ਼ਰੂਰ ਲਿਖਿਆ ਹੁੰਦਾ ਹੈ। ਆਪ ਹਮੇਸ਼ਾ ਆਪਣੇ ਲੇਖਾਂ ਵਿਚ ਮਨੁਖੀ ਦਰਦ, ਮਾਨਸਕ ਤਣਾਓ ਅਤੇ ਸਮਾਜਕ ਕਦਰਾਂ ਕੀਮਤਾਂ ਨੂੰ ਪ੍ਰਮੁਖਤਾ ਦਿੰਦੇ ਹਨ। ਸਿੱਖ ਦਾਰਸ਼ਨਿਕਤਾ ਦਾ ਅਧਿਐਨ ਕਰਨ ਤੋਂ ਬਾਅਦ ਆਪ ਨੂੰ ਪੱਕਾ ਵਿਸ਼ਵਾਸ਼ ਹੋ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਹੀ ਮਨੁਖੀ ਵਿਕਾਸ ਅਤੇ ਸਮਾਜਕ ਤਬਦੀਲੀ ਦਾ ਧੁਰਾ ਹੈ। ਇਸ ਕਰਕੇ ਹੀ ਆਪਨੇ ਸਮੁੱਚੇ ਸਿੱਖ ਜਗਤ ਨੂੰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਵਿਚਾਰਧਾਰਾ ਦੀ ਜਾਣਕਾਰੀ ਦੇਣ ਦਾ ਪ੍ਰਣ ਕੀਤਾ ਹੈ। ਆਪ ਨੇ ਹੁਣ ਤੱਕ ਪੰਜਾਬੀ ਅਤੇ ਅੰਗਰੇਜੀ ਵਿਚ 20 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ। ਆਪ ਸਮਾਜ ਵਿਚ ਤਬਦੀਲੀ ਲਿਆਉਣ ਲਈ ਸਿਖ ਵਿਚਾਰਧਾਰਾ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਵੱਖ ਵੱਖ ਸਮਾਗਮਾਂ ਵਿਚ ਭਾਸ਼ਣ ਦੇ ਕੇ ਪ੍ਰਚਾਰਨ ਦੀ ਕੋਸ਼ਿਸ ਕਰ ਰਹੇ ਹਨ। ਆਪਦਾ ਪੂਰਾ ਪਰਿਵਾਰ ਅੰਮ੍ਰਿਤਧਾਰੀ ਹੈ। ਆਪਦੇ ਬੱਚੇ ਵੀ ਗੁਰੂ ਦੇ ਲੜ ਲੱਗੇ ਹੋਏ ਹਨ ਅਤੇ ਰਸਭਿੰਨਾ ਕੀਰਤਨ ਕਰਦੇ ਹਨ।