ਖੇਡ ਅਤੇ ਸਿੱਖਿਆ ਜਗਤ ਵਿੱਚ ਨਿਵੇਕਲੀ ਪਹਿਚਾਣ ਬਣਾਉਣ ਵਾਲੀ ਇਸ ਸਖਸ਼ੀਅਤ ਡਾ. ਬਲਵਿੰਦਰ ਕੌਰ ਦਾ ਜਨਮ 18 ਮਈ 1969 ਈ. ਨੂੰ ਕਰਤਾਰਪੁਰ ਜ਼ਿਲਾ ਜਲੰਧਰ ਵਿਖੇ ਪਿਤਾ ਸ. ਅਨੂਪ ਸਿੰਘ ਨੂਰੀ ਕਾਨੂੰਨਗੋ ਅਤੇ ਮਾਤਾ ਦਲਜੀਤ ਕੌਰ ਦੇ ਕੁੱਖੋ ਹੋਇਆ। ਬਲਵਿੰਦਰ ਕੌਰ ਬਚਪਨ ਤੋਂ ਹੀ ਮਿਹਨਤੀ ਤੇ ਸਿਰੜੀ ਹਨ ਅਤੇ ਇਸ ਕਰਕੇ ਉਨ੍ਹਾਂ ਨੇ ਆਪਣੀ ਹਰ ਇੱਛਾ ਦੀ ਪੂਰਤੀ ਲਈ ਸਿਰਤੋੜ ਯਤਨ ਕੀਤੇ ਤੇ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਅਹਿਮ ਮੁਕਾਮ ਹਾਸਲ ਕੀਤਾ। ਉਨ੍ਹਾਂ ਨੇ ਡੀ.ਏ.ਵੀ. ਕਾਲਜ,ਜਲੰਧਰ ਤੋਂ ਐਮ.ਏ.ਪੰਜਾਬੀ ਅਤੇ ਸਰਕਾਰੀ ਫਿਜੀਕਲ ਕਾਲਜ ਪਟਿਆਲਾ ਤੋਂ ਐਮ.ਪੀ.ਐਡ ਕੀਤੀ।ਜਿੱਥੇ ਉਹਨਾਂ ਨੇ ਆਪਣੀ ਪੜ੍ਹਾਈ ਵਿੱਚ ਦਿਨ-ਬ-ਦਿਨ ਬੁਲੰਦੀਆਂ ਛੂਹਿਆਂ ਉਥੇ ਖੇਡਾਂ ਵਿੱਚ ਸਿਰੇ ਦੀਆਂ ਮੱਲਾਂ ਮਾਰੀਆ।ਕਿਸੇ ਨੇ ਸੱਚ ਹੀ ਕਿਹਾ ਕਿ ਖੇਡਾਂ ਵਿੱਚ ਭਾਵੇਂ ਪੰਜਾਬ ਦੀਆਂ ਜਾਈਆਂ ਮਰਦਾਂ ਦੇ ਮੁਕਾਬਲੇ ਵਿੱਚ ਪਛੜੀਆ ਹਨ ਪਰ ਜਦੋਂ ਕੋਈ ਪੰਜਾਬਣ ਪੂਰੀ ਸ਼ਿੱਦਤ ਨਾਲ ਖੇਡ ਦੇ ਮੈਦਾਨ ਵਿੱਚ ਉਤਰਦੀ ਹੈ ਤਾਂ ਉਹ ਆਪਣਾ ਲੋਹਾ ਮੰਨਵਾ ਕੇ ਹੀ ਰਹਿੰਦੀ ਹੈ । ਅਜਿਹੀ ਹੀ ਮਿਸਾਲ 5 ਫੁੱਟ 7 ਇੰਚ ਕੱਦ ਦੀ ਖੂਬਸੂਰਤ ਮਾਲਕਣ ਡਾ.ਬਲਵਿੰਦਰ ਕੌਰ ਦੀ ਹੈ ਜਿਨ੍ਹਾਂ ਨੇ ਜਨਤਾ ਕਾਲਜ ਕਰਤਾਰਪੁਰ ਪੜ੍ਹਦਿਆਂ 4 ਵਾਰ ਯੂਨੀਵਰਸਿਟੀ ਖੋ-ਖੋ ਚੈਮਪੀਅਨਸਿਪ ਜਿੱਤ ਕਾਲਜ ਦੀ ਝੋਲੀ ਪਾਈ । ਇੱਥੇ ਹੀ ਬੱਸ ਨਹੀਂ ਉਨ੍ਹਾਂ ਨੇ ਆਲ ਇੰਡੀਆ ਅੰਤਰ ਵਰਸਿਟੀ ਖੇਡ ਮੁਕਾਬਲਿਆਂ ਵਿੱਚ ਬੜੀ ਸ਼ਿੱਦਤ ਨਾਲ ਹਿੱਸਾ ਲਿਆ। ਕਾਲਜ ਵਿੱਚ ਚਾਰ ਸਾਲ ਲਗਾਤਾਰ ਬੈਸਟ ਅਥਲੀਟ ਹੋਣ ਕਰਕੇ ਉਨ੍ਹਾਂ ਨੂੰ ‘ਕਾਲਜ ਕਲਰ’ ਨਾਲ ਨਿਵਾਜਿਆ ਗਿਆ ਜੋ ਕਿ ਆਪਣੇ ਆਪ ਵਿੱਚ ਅਹਿਮ ਪ੍ਰਾਪਤੀ ਹੈ।
ਡਾ. ਬਲਵਿੰਦਰ ਕੌਰ ਦਾ ਮੰਨਣਾ ਹੈ ਕਿ ਰੋਜ਼ਾਨਾ ਕਸਰਤ ਅਤੇ ਖਾਣ ਪੀਣ ਵਿੱਚ ਗੁਰੇਜ ਰੱਖਣ ਨਾਲ ਸੁੰਦਰਤਾ ਦਾ ਆਗਾਜ਼ ਹੁੰਦਾ ਹੈ ਖੁਸ਼ ਰਹਿਣਾ ਅਤੇ ਸਰੀਰਕ ਤੰਦਰੁਸਤੀ ਹੀ ਇਨਸਾਨ ਦੀ ਸਭ ਤੋਂ ਵੱਡੀ ਦੌਲਤ ਹੈ। ਸੁੰਦਰ ਵਿਚਾਰ ਅਤੇ ਖੁਸਹਾਲ ਮਨ ਵਧਦੀ ਉਮਰ ਵਿੱਚ ਵੀ ਖੂਬਸੂਰਤੀ ਬਰਕਰਾਰ ਰੱਖਦੇ ਹਨ।
1992 ਵਿੱਚ ਆਪ ਜੀ ਦਾ ਵਿਆਹ ਡਾ. ਗੋਬਿੰਦ ਸਿੰਘ ਨਾਲ ਹੋਇਆ। (ਡਾ. ਗੋਬਿੰਦ ਸਿੰਘ ਇਸ ਵੇਲੇ ਗੁਰੂ ਨਾਨਕ ਕਾਲਜ ਮੋਗਾ ਅਤੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈਕਾ ਦੇ ਪ੍ਰਿੰਸੀਪਲ ਹਨ।) ਆਪ ਨੇ ਇਸ ਬੰਧਨ ਵਿੱਚ ਬੱਝਣ ਤੋਂ ਬਾਅਦ ਆਪਣੇ ਜੀਵਨ ਸਾਥੀ ਦੇ ਪੂਰਨ ਸਹਿਯੋਗ ਸਦਕਾ 1995 ਵਿੱਚ ਐਮ.ਪੀ ਐਡ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਸੰਤ ਦਰਬਾਰਾ ਸਿੰਘ ਕਾਲਜ ਆਫ ਐਜੂਕੇਸ਼ਨ ਲੋਂਪੋ ਵਿਖੇ ਫਿਜੀਕਲ ਐਜ਼ੂਕੇਸ਼ਨ ਦੇ ਅਸਿਸਟੈਂਟ ਪ੍ਰੋਫੈਸਰ ਵਜੋਂ ਅਧਿਆਪਨ ਕਿੱਤੇ ਵਿੱਚ ਕਦਮ ਰੱਖਿਆਂ । ਇੱਥੇ ਹੀ ਬੱਸ ਨਹੀ ਉਨ੍ਹਾਂ ਪਰਿਵਾਰਕ ਜੀਵਨ ਵਿੱਚ ਬਤੌਰ ਪੁੱਤਰੀ, ਪਤਨੀ ਅਤੇ ਮਾਂ ਵੱਜੋਂ ਬੇ-ਮਿਸਾਲ ਜਿੰਮੇਵਾਰੀ ਨਿਭਾਉਦੇ ਹੋਏ ਸਮਾਜਿਕ ਖੇਤਰ ਵਿੱਚ ਵੀ ਇਲਾਕੇ ਦੀਆਂ ਬੱਚੀਆਂ ਨੂੰ ਵਿੱਦਿਆਂ ਦਾ ਵਰਦਾਨ ਦਿੱਤਾ।
2003 ਵਿੱਚ ਆਪ ਪਰਿਵਾਰ ਸਮੇਤ ਨਿਊਜੀਲੈਂਡ ਵਿਖੇ ਜਾ ਵਸੇ। ਉਥੇ ਸਿਹਤ ਸਿੱਖਿਆਂ ਨਾਲ ਸੰਬੰਧਿਤ ਪੜਾਈ ਅਤੇ ਨੌਕਰੀ ਕਰਨ ਉਪਰੰਤ 2007 ਵਿੱਚ ਵਤਨ ਵਾਪਸ ਆ ਕੇ ਦੁਬਾਰਾ ਤੋਂ ਕਾਲਜ ਵਿਖੇ ਆਪਣੀਆਂ ਸਿੱਖਿਆਂ ਖੇਤਰ ਵਿੱਚ ਸੇਵਾਵਾਂ ਦਿੱਤੀਆਂ। ਲੜਕੀਆਂ ਦੀ ਖੇਡ ਕਾਰਗੁਜਾਰੀ ਅਤੇ ਸਰੀਰਕ ਸਕਤੀ ਉਪਰ ਖੋਜ ਕਰਕੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ।
ਹੁਣ ਤੱਕ ਆਪ ਦੇ 20 ਖੋਜ ਪੱਤਰ ਵੱਖ-ਵੱਖ ਰਸਾਲਿਆਂ ਵਿੱਚ ਛਪ ਚੁੱਕੇ ਹਨ। ਆਪ 40 ਰਾਸਟਰੀ ਅਤੇ ਅੰਤਰਰਾਸਟਰੀ ਕਾਨਫਰੰਸਾਂ ਵਿੱਚ ਪੇਪਰ ਪ੍ਰਸਤੁਤ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ 4 ਕਿਤਾਬਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਅੱਜ ਉਨ੍ਹਾਂ ਦੇ ਦੋਨੋਂ ਬੱਚੇ ਹੀ ਆਪ ਦੀ ਯੋਗ ਅਗਵਾਈ ਸਦਕਾ ਚੰਗੇ ਮੁਕਾਮ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦੀ ਬੇਟੀ ਡਾਕਟਰ ਵੱਜੋਂ ਤੇ ਬੇਟਾ ਇੱਕ ਸਫਲ ਇੰਜੀਨੀਅਰ ਦੇ ਤੌਰ ਤੇ ਆਪਣੇ-ਆਪਣੇ ਖੇਤਰ ਵਿੱਚ ਬਿਹਤਰ ਯੋਗਦਾਨ ਪਾ ਰਹੇ ਹਨ।
ਡਾ. ਬਲਵਿੰਦਰ ਕੌਰ ਅੱਜ ਕੱਲ ਸੰਤ ਦਰਬਾਰਾ ਸਿੰਘ ਕਾਲਜ ਆਫ ਐਜੂਕੇਸ਼ਨ ਲੋਪੋ ਵਿਖੇ ਬਤੌਰ ਕਾਰਜਕਾਰੀ ਪ੍ਰਿੰਸੀਪਲ ਸੰਸਥਾ ਨੂੰ ਯੋਗ ਅਗਵਾਈ ਦੇ ਰਹੇ ਹਨ। ਅੱਜ ਉਹ ਆਪਣੇ ਪਰਿਵਾਰ ਨਾਲ 50 ਵਾਂ ਜਨਮ ਦਿਵਸ ਮਨਾ ਰਹੇ ਹਨ। ਪ੍ਰਮਾਤਮਾ ਉਨ੍ਹਾਂ ਦੀ ਖੂਬਸੂਰਤੀ ਅਤੇ ਤੰਦਰੁਸਤੀ ਬਖਸ਼ੇ ਤਾਂ ਜੋ ਸਿੱਖਿਆਂ ਅਤੇ ਖੇਡਾਂ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਂਦੇ ਰਹਿਣ।
– ਡਾ. ਮਨਦੀਪ ਕੌਰ, ਰਾਮੁਪਰਾ ਫੂਲ