ਉਮੀਦਵਾਰ ਚੁਣਨ ਵੇਲੇ ਕਿਹੜੇ ਨੁਕਤੇ ਧਿਆਨ ’ਚ ਰੱਖੇ ਜਾਣ

ਪੰਜਾਬ ਵਿੱਚ ਉਨੀ ਮਈ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਆਪਣੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਪਾਰਟੀਆਂ ਵੋਟਰਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰ ਰਹੀਆਂ ਹਨ। ਇੱਕ ਪਾਸੇ ਵੱਖ ਵੱਖ ਉਮੀਦਵਾਰਾਂ ਦੁਆਰਾ ਆਪਣੀ ਪਾਰਟੀ ਅਤੇ ਆਪਣੀਆਂ ਨਿੱਜੀ ਪ੍ਰਾਪਤੀਆਂ ਦੱਸੀਆਂ ਜਾ ਰਹੀਆਂ ਹਨ ਉਥੇ ਦੂਸਰੇ ਪਾਸੇ ਵਿਰੋਧੀ ਪਾਰਟੀਆਂ ਅਤੇ ਵਿਰੋਧੀ ਉਮੀਦਵਾਰਾਂ ਦੀਆਂ ਕਮੀਆਂ ਅਤੇ ਖਾਮੀਆਂ ਨੂੰ ਵੀ ਰੱਜ ਕੇ ਪ੍ਰਚਾਰਿਆ ਜਾ ਰਿਹਾ ਹੈ। ਚੋਣ ਪ੍ਰਚਾਰ ਪੂਰੇ ਜੋਬਨ ਉਤੇ ਹੈ ਅਤੇ ਹਰ ਉਮੀਦਵਾਰ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਆਪਣੇ ਹੱਕ ਵਿੱਚ ਵੱਧ ਤੋਂ ਵੱਧ ਵੋਟਰਾਂ ਨੂੰ ਪ੍ਰਭਾਵਿਤ ਕਰ ਸਕੇ। ਕਈ ਥਾਵਾਂ ਤੇ ਕੁਝ ਅਜਿਹੇ ਪ੍ਰਸਿੱਧ ਚਿਹਰੇ ਲਿਆਂਦੇ ਜਾ ਰਹੇ ਹਨ ਜਿਹੜੇ ਭੀੜ ਨੂੰ ਆਪਣੇ ਵੱਲ ਖਿੱਚਣ ਦੀ ਸਮਰੱਥਾ ਰੱਖਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਸਮੇਂ ਵਿੱਚ ਲੋਕ ਲਗਾਤਾਰ ਜਾਗਰੂਕ ਹੋ ਰਹੇ ਹਨ ਅਤੇ ਉਹ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਤੋਂ ਜਿੱਥੇ ਸਵਾਲ ਕਰ ਰਹੇ ਹਨ ਉਥੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਅਣਗਹਿਲੀਆਂ ਅਤੇ ਕੀਤੇ ਵਾਅਦਿਆਂ ਨੂੰ ਵਫਾ ਨਾ ਕਰਨ ਲਈ ਕੋਸ ਵੀ ਰਹੇ ਹਨ। ਲੋਕਤੰਤਰ ਦੀ ਰੱਖਿਆ ਲਈ ਲੋਕਾਂ ਵਿੱਚ ਆ ਰਹੀ ਇਹ ਜਾਗਰੂਕਤਾ ਇੱਕ ਚੰਗਾ ਰੁਝਾਨ ਹੈ। ਇਸ ਲੇਖ ਦਾ ਮੁੱਖ ਮੰਤਵ ਲੋਕਾਂ ਨੂੰ ਉਨ੍ਹਾਂ ਨੁਕਤਿਆਂ ਪ੍ਰਤੀ ਚੇਤੰਨ ਕਰਨਾ ਹੈ ਜਿਹੜੇ ਉਨ੍ਹਾਂ ਦੁਆਰਾ ਆਪਣੇ ਹਲਕੇ ਵਿਚੋਂ ਉਮੀਦਵਾਰ ਨੂੰ ਵੋਟ ਪਾਉਣ ਵੇਲੇ ਜਾਂ ਉਸ ਦੀ ਚੋਣ ਕਰਨ ਵੇਲੇ ਧਿਆਨ ਵਿੱਚ ਰੱਖਣੇ ਚਾਹੀਦੇ ਹਨ।
ਕਿਸੇ ਵੀ ਉਮੀਦਵਾਰ ਨੂੰ ਵੋਟ ਪਾਉਣ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਸ ਉਮੀਦਵਾਰ ਦੀ ਪਿਛਲੇ ਸਮੇਂ ਦੀ ਭਰੋਸੇਯੋਗਤਾ ਅਤੇ ਵਿਸ਼ਵਾਸ ਯੋਗਤਾ ਕਿਸ ਤਰ੍ਹਾਂ ਦੀ ਰਹੀ ਹੈ। ਉਸ ਨੂੰ ਭਵਿੱਖ ਦਾ ਵਾਰਿਸ ਬਣਾਉਣ ਲਈ ਉਸ ਦੇ ਅਤੀਤ ਦਾ ਵਿਸ਼ਲੇਸ਼ਣ ਕਰਨਾ ਬਹੁਤ ਜਰੂਰੀ ਨੁਕਤਾ ਹੈ। ਜੇਕਰ ਉਹ ਉਮੀਦਵਾਰ ਆਪਣੇ ਵਾਅਦਿਆਂ ਤੇ ਖਰਾ ਉਤਰਿਆ ਹੈ, ਉਸ ਨੇ ਪੂਰੀ ਸ਼ਰਧਾ ਅਤੇ ਸ਼ਿੱਦਤ ਨਾਲ ਆਪਣੇ ਹਲਕੇ ਦੀ ਸੇਵਾ ਕੀਤੀ ਹੈ, ਆਪਣੇ ਹਲਕੇ ਦੇ ਲੋਕਾਂ ਨੂੰ ਮਿਲਣ ਵਿੱਚ ਕਿਸੇ ਕਿਸਮ ਦੀ ਕੋਈ ਹਿਚਕਚਾਹਟ ਨਹੀਂ ਦਿਖਾਈ, ਲੋਕ ਸੇਵਾ ਦੇ ਸੁਹਿਰਦ ਯਤਨ ਕੀਤੇ ਹਨ, ਇਲਾਕੇ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਅੱਗੇ ਹੋ ਕੇ ਖੜ੍ਹਿਆ ਹੈ, ਸਿਆਸਤ ਨੂੰ ਬੁਨਿਆਦੀ ਤੌਰ ਤੇ ਸੇਵਾ ਸਮਝਦਾ ਰਿਹਾ ਹੈ, ਆਪਣੇ ਹਲਕੇ ਵਿੱਚ ਹੀ ਰਿਹਾ ਹੈ ਅਤੇ ਇਲਾਕੇ ਦੇ ਕੰਮ ਕਰਨ ਲਈ ਨੇਕ ਯਤਨ ਕੀਤੇ ਹਨ ਤਾਂ ਇਹ ਗੱਲ ਕਹੀ ਜਾ ਸਕਦੀ ਹੈ ਤੇ ਉਸ ਵਿਅਕਤੀ ਦਾ ਅਤੀਤ ਕਹਿਣੀ ਅਤੇ ਕਰਨੀ ਦੇ ਸਿਧਾਂਤ ਉਪਰ ਪੂਰਾ ਉਤਰਦਾ ਹੈ। ਅਜਿਹਾ ਉਮੀਦਵਾਰ ਇਸ ਪਹਿਲੇ ਨੁਕਤੇ ਉਪਰ ਖਰਾ ਉਤਰਦਾ ਮੰਨਿਆ ਜਾ ਸਕਦਾ ਹੈ ਅਤੇ ਤੁਹਾਡੀ ਚੋਣ ਬਣ ਸਕਦਾ ਹੈ।
ਉਮੀਦਵਾਰ ਦੀ ਚੋਣ ਲਈ ਦੂਜਾ ਮੁੱਖ ਨੁਕਤਾ ਉਸ ਵਿਅਕਤੀ ਦੀ ਰਾਜਨੇਤਾ ਬਣਨ ਦੀ ਕਾਬਲੀਅਤ ਦਾ ਹੈ। ਇਹ ਬਹੁਤ ਜ਼ਰੂਰੀ ਹੈ ਕਿ ਸਾਡੀ ਪ੍ਰਤੀਨਿਧਤਾ ਕਰਨ ਵਾਲੇ ਉਮੀਦਵਾਰ ਪਾਸ ਨਾ ਕੇਵਲ ਸਿਆਸੀ ਸੂਝ ਬੂਝ ਹੋਵੇ ਬਲਕਿ ਉਸ ਦੀ ਸੰਚਾਰ ਯੋਗਤਾ ਅਤੇ ਉਸ ਦੀ ਕਾਬਲੀਅਤ ਇਸ ਪੈਮਾਨੇ ਦੀ ਹੋਵੇ ਕਿ ਉਹ ਸਾਡੇ ਮੁੱਦੇ ਅਤੇ ਮਸਲਿਆਂ ਨੂੰ ਅੱਗੇ ਜਾ ਕੇ ਸਹੀ ਰੂਪ ਵਿੱਚ ਪੇਸ਼ ਕਰ ਸਕਦਾ ਹੋਵੇ। ਸਾਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਕੋਈ ਵੀ ਰਾਜਨੇਤਾ ਤਦ ਹੀ ਬਣ ਸਕਦਾ ਹੈ ਜੇ ਉਸ ਵਿੱਚ ਰਾਜ ਪ੍ਰਬੰਧ ਦੇ ਵੱਖ ਵੱਖ ਪਹਿਲੂਆਂ ਨੂੰ ਸਮਝਣ ਦੀ ਯੋਗਤਾ ਹੋਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਵਿਅਕਤੀ ਅਕਸਰ ਦੂਸਰਿਆਂ ਦੇ ਉਪਰ ਨਿਰਭਰ ਹੋ ਜਾਂਦਾ ਹੈ ਅਤੇ ਉਸ ਨੂੰ ਬਾਬੂਸ਼ਾਹੀ ਆਪਣੀ ਸੂਝ ਬੂਝ ਅਨੁਸਾਰ ਚਲਾਉਂਦੀ ਹੈ। ਇਸ ਨੁਕਤੇ ਅਨੁਸਾਰ ਉਮੀਦਵਾਰ ਦਾ ਵਿੱਦਿਆ ਦਾ ਪੱਧਰ, ਉਸ ਦਾ ਸਿਆਸੀ ਤਜਰਬਾ, ਉਸ ਦਾ ਪਰਿਵਾਰਕ ਪਿਛੋਕੜ, ਉਸ ਦੀ ਸੰਚਾਰ ਯੋਗਤਾ ਅਤੇ ਉਸ ਦੀ ਸਮੁੱਚੇ ਆਲ਼ੇ ਦੁਆਲੇ ਨੂੰ ਸਮਝਣ ਦੀ ਯੋਗਤਾ ਸ਼ਾਮਲ ਹੁੰਦੇ ਹਨ। ਇਹ ਤੱਤ ਸਹਿਜੇ ਹੀ ਕਿਸੇ ਉਮੀਦਵਾਰ ਬਾਰੇ ਜਾਣੇ ਜਾ ਸਕਦੇ ਹਨ ਅਤੇ ਜੇਕਰ ਉਹ ਇਨ੍ਹਾਂ ਉਪਰ ਪੂਰਾ ਉਤਰਦਾ ਹੈ ਤਾਂ ਉਸ ਨੂੰ ਚੁਣਿਆ ਜਾ ਸਕਦਾ ਹੈ।
ਉਮੀਦਵਾਰ ਨੂੰ ਪਰਖਣ ਲਈ ਤੀਜਾ ਮੁੱਖ ਨੁਕਤਾ ਉਸ ਵਿੱਚ ਲੀਡਰਸ਼ਿਪ ਗੁਣਾਂ ਦਾ ਹੋਣਾ ਹੁੰਦਾ ਹੈ। ਹਰ ਵਿਅਕਤੀ ਲੀਡਰ ਨਹੀਂ ਬਣ ਸਕਦਾ ਬਲਕਿ ਇਸ ਮੰਤਵ ਲਈ ਉਸ ਵਿੱਚ ਵਿਸ਼ੇਸ਼ ਹੁਨਰ ਹੋਣੇ ਲਾਜ਼ਮੀ ਹਨ। ਇਨ੍ਹਾਂ ਲੀਡਰਸ਼ਿਪ ਗੁਣਾਂ ਵਿੱਚ ਉਸ ਵਿੱਚ ਲੋਕਾਂ ਨੂੰ ਜੋੜਨ ਦੀ ਸਮਰੱਥਾ, ਸੰਚਾਰ ਯੋਗਤਾ, ਸੰਜਮ ਅਤੇ ਸਹਿਣਸ਼ੀਲਤਾ, ਭਾਸ਼ਾ ਦੀ ਸ਼ਾਲੀਨਤਾ, ਵਫ਼ਾਦਾਰੀ ਅਤੇ ਇਮਾਨਦਾਰੀ, ਬੌਧਿਕ ਲਿਆਕਤ, ਤਰਕਸ਼ੀਲਤਾ, ਚੰਗੇ ਮਾੜੇ ਦੀ ਪਹਿਚਾਣ, ਆਪਣੀਆਂ ਖੁਦ ਦੀਆਂ ਕਮਜ਼ੋਰੀਆਂ ਅਤੇ ਖਾਮੀਆਂ ਨੂੰ ਸਮਝਣ ਦੀ ਸਮਰੱਥਾ, ਵਿਰੋਧੀਆਂ ਤੇ ਆਲੋਚਕਾਂ ਨੂੰ ਆਪਣੇ ਕਲਾਵੇ ਵਿੱਚ ਲੈਣ ਦਾ ਹੁਨਰ, ਨੈਤਿਕ ਕਦਰਾਂ ਕੀਮਤਾਂ, ਸਮੇਂ ਦੀ ਪਾਬੰਦੀ ਅਤੇ ਅਨੁਸ਼ਾਸਨ ਅਤੇ ਅੱਗੇ ਹੋ ਕੇ ਅਗਵਾਈ ਕਰਨ ਦੀ ਸਮਰੱਥਾ ਸ਼ਾਮਲ ਹੁੰਦੇ ਹਨ। ਅਜਿਹੇ ਲੀਡਰਸ਼ਿਪ ਗੁਣਾਂ ਵਾਲਾ ਵਿਅਕਤੀ ਯਕੀਨਨ ਤੌਰ ਤੇ ਲੋਕਾਂ ਵਿੱਚ ਆਪਣਾ ਭਰੋਸਾ ਪੈਦਾ ਕਰ ਲੈਂਦਾ ਹੈ ਅਤੇ ਲੋਕ ਸੇਵਾ ਉਸ ਦੇ ਜੀਵਨ ਦਾ ਹਿੱਸਾ ਬਣ ਜਾਂਦੀ ਹੈ। ਅਜਿਹੇ ਗੁਣਾਂ ਵਾਲਾ ਵਿਅਕਤੀ ਸਾਨੂੰ ਚੁਣਨ ਵਿਚ ਕੋਈ ਹਰਜ਼ ਨਹੀਂ ਹੋਣਾ ਚਾਹੀਦਾ।
ਉਮੀਦਵਾਰ ਦੀ ਚੋਣ ਕਰਨ ਸਮੇਂ ਧਿਆਨ ਗੋਚਰੇ ਰੱਖਣ ਵਾਲਾ ਚੌਥਾ ਮੁੱਖ ਨੁਕਤਾ ਉਸ ਵਿਅਕਤੀ ਦਾ ਨਿੱਜੀ ਕਿਰਦਾਰ ਅਤੇ ਵਿਵਹਾਰ ਹੈ। ਸਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਉਸ ਵਿਅਕਤੀ ਉਪਰ ਕਦੇ ਕੋਈ ਰਿਸ਼ਵਤਖੋਰੀ ਜਾਂ ਭ੍ਰਿਸ਼ਟਾਚਾਰ ਦੇ ਦੋਸ਼ ਤਾਂ ਨਹੀਂ ਲੱਗੇ? ਕੀ ਉਹ ਵਿਅਕਤੀ ਚੰਦ ਹੀ ਦਿਨਾਂ ਵਿੱਚ ਬਹੁਤ ਵੱਡੀ ਅਮੀਰੀ ਦਾ ਮਾਲਕ ਤਾਂ ਨਹੀਂ ਬਣਿਆ? ਕੀ ਉਸ ਉਪਰ ਕਦੇ ਵੱਖ ਵੱਖ ਅਨੈਤਿਕ ਕਾਰਜਾਂ ਵਿੱਚ ਉਲਝਣ ਦੇ ਕਿਸੇ ਕਿਸਮ ਦੇ ਦੂਸ਼ਣ ਤਾਂ ਨਹੀਂ ਲੱਗੇ ਹੋਏ? ਕੀ ਉਸ ਉਪਰ ਕੋਈ ਕਿਸੇ ਕਿਸਮ ਦੀ ਠੱਗੀ ਠੋਰੀ ਜਾਂ ਬੇਈਮਾਨੀ ਦੇ ਜਾਂ ਕਿਸੇ ਹੋਰ ਕ੍ਰਾਈਮ ਦੇ ਕੋਈ ਕੇਸ ਤਾਂ ਨਹੀਂ ਚੱਲ ਰਹੇ? ਕੀ ਉਹ ਝੂਠੇ ਲਾਰਿਆਂ ਅਤੇ ਵਾਅਦਆਂਿ ਵਾਲਾ ਤਾਂ ਨਹੀਂ? ਕੀ ਉਸ ਦਾ ਪਰਿਵਾਰਕ ਜੀਵਨ ਸਾਫ਼ ਸਵੱਛ ਹੈ? ਕੀ ਉਸ ਦਾ ਜਨਤਕ ਵਿਵਹਾਰ ਅਸਰ ਰਸੂਖ ਵਾਲਾ ਅਤੇ ਪਿਆਰ ਵਾਲਾ ਹੈ? ਕਿ ਉਹ ਅਜਿਹੀਆਂ ਸਮਾਜਿਕ ਬੁਰਾਈਆਂ ਵਿਚ ਗਲਤਾਨ ਤਾਂ ਨਹੀਂ ਜਿਸ ਦੀ ਇੱਕ ਜ਼ਿੰਮੇਵਾਰ ਸ਼ਹਿਰੀ ਤੋਂ ਕਦੇ ਵੀ ਆਸ ਨਹੀਂ ਕੀਤੀ ਜਾਂਦੀ? ਕੀ ਉਸ ਵਿਅਕਤੀ ਦੀ ਆਪਣੀ ਪਾਰਟੀ ਦੇ ਵਿੱਚ ਇੱਜ਼ਤ ਸਦਾ ਕਾਇਮ ਰਹੀ ਹੈ ਜਾਂ ਉਹ ਘਾਟ ਘਾਟ ਦਾ ਪਾਣੀ ਪੀਂਦਾ ਰਿਹਾ ਹੈ? ਜੇਕਰ ਸਾਡੇ ਦੁਆਰਾ ਚੁਣਿਆ ਜਾਣ ਵਾਲਾ ਵਿਅਕਤੀ ਇਨ੍ਹਾਂ ਨੁਕਤਿਆਂ ਉਪਰ ਸਫਲ ਉਤਰਦਾ ਹੈ ਤਾਂ ਉਸ ਦੀ ਚੋਣ ਕੀਤੀ ਜਾ ਸਕਦੀ ਹੈ।
ਕਿਸੇ ਵੀ ਉਮੀਦਵਾਰ ਦੀ ਚੋਣ ਲਈ ਪੰਜਵਾਂ ਮੁੱਖ ਨੁਕਤਾ ਸਾਡੇ ਦੁਆਰਾ ਚੁਣੇ ਜਾਣ ਵਾਲੇ ਵਿਅਕਤੀ ਦੀ ਦ੍ਰਿਸ਼ਟੀ ਅਤੇ ਦ੍ਰਿਸ਼ਟੀਕੋਣ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਵਿਅਕਤੀ ਸਾਡੇ ਹਲਕੇ ਨੂੰ ਕਿਸ ਤਰ੍ਹਾਂ ਸਮਝਦਾ ਹੈ? ਕੀ ਉਸ ਨੂੰ ਸਾਡੇ ਹਲਕੇ ਦੀਆਂ ਸਮੱਸਿਆਵਾਂ ਦਾ ਪੂਰਾ ਗਿਆਨ ਹੈ? ਕਿ ਉਸ ਪਾਸ ਇਹ ਯੋਗਤਾ ਹੈ ਕਿ ਉਹ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਵੱਖ ਵੱਖ ਵਿਕਲਪ ਵਿਕਸਿਤ ਕਰ ਸਕਦਾ ਹੈ? ਕੀ ਉਸ ਪਾਸ ਉਹ ਪਹੁੰਚ ਅਤੇ ਅਸਰ ਰਸੂਖ ਹੈ ਜਿਸ ਸਦਕਾ ਉਹ ਵੱਡੇ ਪਲੇਟਫ਼ਾਰਮ ਉਪਰ ਪਹੁੰਚ ਕੇ ਸਾਡੇ ਇਨ੍ਹਾਂ ਮਸਲਿਆਂ ਅਤੇ ਸਮੱਸਿਆਵਾਂ ਨੂੰ ਹੱਲ ਕਰਵਾ ਸਕਦਾ ਹੈ? ਕੀ ਉਹ ਸਾਡੇ ਹਲਕੇ ਪ੍ਰਤੀ ਭਵਿੱਖੀ ਸੁਪਨੇ ਸਿਰਜਣ ਦੀ ਸਮਰੱਥਾ ਰੱਖਦਾ ਹੈ? ਕੀ ਉਸ ਨੂੰ ਇਹ ਸਮਝ ਹੈ ਕਿ ਉਹ ਸਾਡੇ ਇਲਾਕੇ ਦੇ ਵਿੱਚ ਕਿਸ ਕਿਸਮ ਦੀਆਂ ਸੁੱਖ ਸਹੂਲਤਾਂ ਉਤਪੰਨ ਕਰ ਸਕਦਾ ਹੈ? ਕੀ ਉਸ ਨੂੰ ਇਹ ਇਲਮ ਹੈ ਕਿ ਉਹ ਬਦਲਦੇ ਹੋਏ ਹਾਲਾਤਾਂ ਅਤੇ ਸਥਿਤੀਆਂ ਅਨੁਸਾਰ ਆਪਣੀ ਸੋਚ ਨੂੰ ਸਮੇਂ ਦੀ ਹਾਣੀ ਬਣਾਉਂਦੇ ਹੋਏ ਸਾਡੇ ਇਲਾਕੇ ਦੀਆਂ ਲੋੜਾਂ ਅਨੁਸਾਰ ਢਾਲ ਸਕਦਾ ਹੈ? ਕੀ ਉਸ ਦੀ ਸੋਚ ਅਤੇ ਨਜ਼ਰੀਆ ਹਾਂ ਪੱਖੀ ਅਤੇ ਆਸ਼ਾਵਾਦੀ ਹੈ ਅਤੇ ਕੀ ਉਹ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਵਿਅਕਤੀ ਹੈ? ਜੇਕਰ ਉਪਰੋਕਤ ਸਵਾਲਾਂ ਦਾ ਜਵਾਬ ਹਾਂ ਵਿੱਚ ਹੈ ਤਾਂ ਉਹ ਵਿਅਕਤੀ ਸਾਡੇ ਇਲਾਕੇ ਮੁਤਾਬਕ ਪੂਰਾ ਉਤਰਣ ਦੀ ਸਮਰੱਥਾ ਰੱਖਦਾ ਹੈ।
ਮੈਂ ਇਹ ਮਹਿਸੂਸ ਕਰਦਾ ਹਾਂ ਕਿ ਉਪਰੋਕਤ ਪੰਜ ਨੁਕਤੇ ਕਿਸੇ ਵੀ ਉਮੀਦਵਾਰ ਦੀ ਚੋਣ ਦਾ ਆਧਾਰ ਬਣਾਉਣ ਲਈ ਸਾਡੇ ਲਈ ਬਹੁਤ ਅਹਿਮ ਹਨ। ਸਾਨੂੰ ਹਰ ਉਮੀਦਵਾਰ ਦਾ ਵਿਅਕਤੀਗਤ ਪੱਧਰ ਤੇ ਵਿਸ਼ਲੇਸ਼ਣ ਕਰਦੇ ਹੋਏ ਆਪਣੇ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਅਸੀਂ ਪਾਰਲੀਮੈਂਟ ਦੇ ਵਿੱਚ ਜ਼ਿੰਮੇਵਾਰ ਅਗਵਾਈ ਕਰਤਾ ਭੇਜਾਂਗੇ ਜੋ ਨਾ ਕੇਵਲ ਸਾਡੇ ਸਮਾਜ ਦੀ ਕਾਇਆ ਕਲਪ ਕਰਨ ਦੇ ਸਮਰੱਥ ਬਣਨਗੇ ਬਲਕਿ ਸਾਡੇ ਦੁੱਖਾਂ ਅਤੇ ਤਕਲੀਫ਼ਾਂ ਦੇ ਸਹੀ ਪ੍ਰਤੀਨਿਧ ਬਣਦੇ ਹੋਏ ਸਾਡੀਆਂ ਸਮੱਸਿਆਵਾਂ ਅਤੇ ਮਸਲਿਆਂ ਨੂੰ ਸੰਜੀਦਗੀ ਨਾਲ ਪੇਸ਼ ਕਰਨ ਦੇ ਵੀ ਸਮਰੱਥ ਹੋਣਗੇ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਰਾਜ ਪ੍ਰਬੰਧ ਕੋਈ ਬੱਚਿਆਂ ਦੀ ਖੇਡ ਨਹੀਂ ਬਲਕਿ ਇੱਕ ਬਹੁਤ ਹੀ ਸੰਜੀਦਾ ਅਤੇ ਜ਼ਿੰਮੇਵਾਰੀ ਵਾਲਾ ਵਰਤਾਰਾ ਹੈ ਜਿੱਥੇ ਦੇਸ਼ ਦੀਆਂ, ਸਮਾਜ ਦੀਆਂ ਨੀਤੀਆਂ ਘੜੀਆਂ ਜਾਂਦੀਆਂ ਹਨ। ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਅਜਿਹੇ ਪਲੇਟਫਾਰਮ ਉਪਰ ਜ਼ਿੰਮੇਵਾਰ ਅਤੇ ਸੰਜੀਦਾ ਕਿਸਮ ਦੇ ਉਮੀਦਵਾਰਾਂ ਨੂੰ ਹੀ ਆਪਣੇ ਪ੍ਰਤੀਨਿਧ ਬਣਾ ਕੇ ਭੇਜੀੇਏ।

Send this to a friend