ਸ਼੍ਰੋਮਣੀ ਕਮੇਟੀ ’ਚ ਭ੍ਰਿਸ਼ਟਾਚਾਰ ਚਿੰਤਾਜਨਕ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਭਾਈਚਾਰੇ ਦੀ ਬਹੁਤ ਹੀ ਮਾਣਮੱਤੀ ਸੰਸਥਾ ਹੈ। ਇਸ ਸੰਸਥਾ ਦੀ ਹੋਂਦ ਲਈ ਸਿੱਖ ਭਾਈਚਾਰੇ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਸ਼੍ਰੋਮਣੀ ਕਮੇਟੀ ਦਾ ਮੁੱਖ ਕਾਰਜ ਗੁਰਦੁਆਰਿਆਂ ਦਾ ਯੋਗ ਤਰੀਕੇ ਨਾਲ ਪ੍ਰਬੰਧ ਅਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਉਦਮ ਕਰਨਾ ਹੈ। ਸ਼੍ਰੋਮਣੀ ਕਮੇਟੀ ਸਿੱਖ ਭਾਈਚਾਰੇ ਦੀ ਸਭ ਤੋਂ ਵੱਡੇ ਬਜਟ ਵਾਲੀ ਸੰਸਥਾ ਹੈ। ਇਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਵੀ ਮਾਣ ਦਿੱਤਾ ਜਾਂਦਾ ਹੈ। ਇਹ ਬਦਕਿਸਮਤੀ ਦੀ ਗੱਲ ਹੈ ਕਿ ਇਸ ਸਿਰਮੌਰ ਧਾਰਮਿਕ ਸੰਸਥਾ ’ਚ ਪਿਛਲੇ ਕੁਝ ਸਮੇਂ ਤੋਂ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਹੋਰ ਵੀ ਗੰਭੀਰ ਹੈ ਕਿਉਂਕਿ ਇਸ ਵਿੱਚ ਸ਼੍ਰੋਮਣੀ ਕਮੇਟੀ ਦਾ ਇੱਕ ਉਚ ਅਧਿਕਾਰੀ ਸ਼ਾਮਿਲ ਦੱਸਿਆ ਜਾ ਰਿਹਾ ਹੈ। ਦੋਸ਼ ਲੱਗ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਇਕ ਵਧੀਕ ਸਕੱਤਰ ਨੇ ਕੁਝ ਹੋਰਨਾਂ ਨਾਲ ਮਿਲ ਕੇ ਪੱਕੀਆਂ ਨੌਕਰੀਆਂ ਦੇਣ ਦੇ ਨਾਮ ਉਪਰ ਵੱਖ-ਵੱਖ ਜ਼ਿਲ੍ਹਿਆਂ ’ਚੋਂ 23 ਭੋਲੇ-ਭਾਲੇ ਸਿੱਖਾਂ ਤੋਂ ਕੁੱਲ 23 ਲੱਖ 85 ਹਜ਼ਾਰ ਰੁਪਏ ਰਿਸ਼ਵਤ ਵਜੋਂ ਹਾਸਿਲ ਕੀਤੇ। ਇਹ ਹੈਰਾਨੀ ਦੀ ਗੱਲ ਹੈ ਕਿ ਬਿਨਾਂ ਕਿਸੇ ਡਰ ਭਓ ਉਸ ਨੇ ਇਹ ਪੈਸਾ ਆਪਣੇ ਨਿੱਜੀ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਇਆ। ਗਰੰਟੀ ਵਜੋਂ ਨੌਕਰੀ ਦੇ ਚਾਹਵਾਨਾਂ ਨੂੰ ਚੈਕ ਦਿੱਤੇ ਗਏ। ਇਹ ਵੀ ਜ਼ਿਕਰਯੋਗ ਹੈ ਕਿ ਇਹ ਰਿਸ਼ਵਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਹਿੱਸਾ ਦੇ ਦੇਣ ਨਾਮ ਉਪਰ ਲਈ ਗਈ। ਸ਼੍ਰੋਮਣੀ ਕਮੇਟੀ ਨੇ ਅਗਸਤ 2018 ’ਚ ਅਖ਼ਬਾਰ ’ਚ ਇਸ਼ਤਿਹਾਰ ਦੇ ਕੇ ਆਪਣੇ ਵੱਖ-ਵੱਖ ਅਦਾਰਿਆਂ ’ਚ ਅਧਿਆਪਕ, ਕਲਰਕ, ਸੁਪਰਡੈਂਟ, ਲਾਇਬ੍ਰੇਰੀਅਨ ਸਣੇ ਕਈ ਹੋਰ ਅਸਾਮੀਆਂ ਕੱਢੀਆਂ ਸਨ। ਇਨ੍ਹਾਂ ਨੌਕਰੀਆਂ ਦੇ ਚਾਹਵਾਨਾਂ ਨੂੰ ਭਰਤੀ ਦਾ ਲਾਲਚ ਦੇ ਕੇ ਹੀ ਉਕਤ ਅਧਿਕਾਰੀ ਵੱਲੋਂ ਰਿਸ਼ਵਤ ਵਜੋਂ 2-2 ਲੱਖ ਰੁਪਏ ਮੰਗੇ ਗਏ। ਅੱਧੀ ਰਕਮ ਪਹਿਲਾਂ ਲਈ ਗਈ ਅਤੇ ਅੱਧੀ ਰਕਮ ਬਾਅਦ ਵਿੱਚ ਲੈਣੀ ਕੀਤੀ ਗਈ। ਕਿਸੇ ਕਾਰਨ ਇਹ ਭਰਤੀਆਂ ਨਹੀਂ ਹੋ ਸਕੀਆਂ। ਭਰਤੀ ਦੇ ਚਾਹਵਾਨਾਂ ਵੱਲੋਂ ਪੈਸੇ ਵਾਪਸ ਮੰਗੇ ਜਾਣ ’ਤੇ ਇਹ ਮਾਮਲਾ ਜਨਤਕ ਹੋ ਗਿਆ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਕੁਝ ਮੈਂਬਰਾਂ ਨੇ ਅੰਦਰੋ-ਅੰਦਰ ਇਸ ਮਾਮਲੇ ਨੂੰ ਠੰਡਾ ਕਰਨ ਲਈ ਯਤਨ ਕੀਤੇ, ਪ੍ਰੰਤੂ ਸਿਰੇ ਨਾ ਚੜ੍ਹ ਸਕੇ। ਹੁਣ ਜਦੋਂ ਮਾਮਲਾ ਖੁੱਲ੍ਹ ਗਿਆ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਾਂਚ ਲਈ ਇਕ ਸਬ ਕਮੇਟੀ ਬਣਾ ਕੇ ਕੰਮ ਸਾਰ ਦਿੱਤਾ। ਰਿਸ਼ਵਤ ਲੈਣ ਵਾਲੇ ਅਧਿਕਾਰੀ ਦੀ ‘ਸਜ਼ਾ’ ਵਜੋਂ ਬਦਲੀ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਹਾਲੇ ਤੱਕ ਪੁਲਿਸ ਕੋਲ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਅਪਰਾਧਕ ਸ਼ਿਕਾਇਤ ਤੱਕ ਦਰਜ ਨਹੀਂ ਕਰਵਾਈ ਗਈ। ਇਹ ਮਾਮਲਾ ਸਿੱਧੇ ਤੌਰ ’ਤੇ ਪੁਲਿਸ ਕਾਰਵਾਈ ਦਾ ਬਣਦਾ ਹੈ। ਸ਼੍ਰੋਮਣੀ ਕਮੇਟੀ ਕੋਈ ਨਿੱਜੀ ਅਦਾਰਾ ਨਹੀਂ ਹੈ। ਕਮੇਟੀ ਦਾ ਸਮੁੱਚਾ ਕੰਮਕਾਜ ਕਾਨੂੰਨ ਹੇਠ ਆਉਂਦਾ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਖ ਰਹੇ ਹਨ ਕਿ ਕਮੇਟੀ ਵਿੱਚ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਦੂਜੇ ਪਾਸੇ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ ਬੇਹਦ ਢਿੱਲੜ ਅਤੇ ਨਰਮ ਨੀਤੀ ਅਪਨਾਈ ਜਾ ਰਹੀ ਹੈ। ਜੇਕਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਭ੍ਰਿਸ਼ਟਾਚਾਰ ਦੇ ਸੱਚਮੁੱਚ ਵਿਰੋਧੀ ਹਨ ਤਾਂ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਤੁਰੰਤ ਅਪਰਾਧਕ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਦੋਸ਼ੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਕੀਤੀ ਜਾਵੇ ਤਾਂ ਜੋ ਸ਼੍ਰੋਮਣੀ ਕਮੇਟੀ ਅੰਦਰ ਫੈਲੇ ਭ੍ਰਿਸ਼ਟਾਚਾਰ ਦੇ ਹੋਰ ਭੇਦ ਸਾਹਮਣੇ ਆ ਸਕਣ। ਇਸ ਭਰਤੀ ਘਪਲੇ ਨਾਲ ਸ਼੍ਰੋਮਣੀ ਕਮੇਟੀ ਦੇ ਦਾਮਨ ਉਪਰ ਇਕ ਹੋਰ ਦਾਗ ਲੱਗ ਗਿਆ ਹੈ। ਇਸ ਦਾਗ ਨੂੰ ਧੋਣਾ ਬਹੁਤ ਜ਼ਰੂਰੀ ਹੈ। ਸੰਗਤ ਨੂੰ ਵੀ ਇਸ ਸਿਲਸਿਲੇ ਵਿੱਚ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ। ਉਪ੍ਰੋਕਤ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਵੀ ਆਪਣੇ ਤੌਰ ’ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿਉਂਕਿ ਦੋਸ਼ੀਆਂ ਵੱਲੋਂ ਉਨ੍ਹਾਂ ਦਾ ਨਾਮ ਵੀ ਇਸ ਘਪਲੇ ਵਿੱਚ ਸਾਹਮਣੇ ਲਿਆ ਜਾ ਰਿਹਾ ਹੈ।
– ਬਲਜੀਤ ਸਿੰਘ ਬਰਾੜ

Send this to a friend