ਮਨੁੱਖਤਾ ਦਾ ਦਰਦ ਵੰਡਾਉਣ ਵਾਲੇ ਕਰਮਯੋਗੀ ਬਾਬਾ ਬੁੱਧ ਸਿੰਘ ਜੀ ਢਾਹਾਂ

ਮਨੁੱਖਤਾ ਦਾ ਦਰਦ ਵੰਡਾਉਣ ਵਾਲੀ ਸੇਵਾ ਦੇ ਖੇਤਰ ਦੀ ਬਹੁਪੱਖੀ ਸਖਸ਼ੀਅਤ ਸੀ ਬਾਬਾ ਬੁੱਧ ਸਿੰਘ ਢਾਹਾਂ ਜਿਨ੍ਹਾਂ ਨੇ ਪੰਜਾਬ ਦੀ ਢਾਹਾਂ ਕਲੇਰਾਂ ਦੀ ਕੱਲਰ ਮਾਰੀ ਧਰਤੀ ਤੇ ਸੇਵਾ ਦੇ ਗੁਲਾਬ ਉਗਾਏ ਜਿਨ੍ਹਾਂ ਦੀ ਖੁਸ਼ਬੂ ਅੱਜ ਪੂਰੇ ਸੰਸਾਰ ਵਿੱਚ ਹੈ।
ਸ. ਬੁੱਧ ਸਿੰਘ ਜੀ ਢਾਹਾਂ ਦਾ ਜਨਮ 5 ਦਸੰਬਰ 1925 ਨੂੰ ਪਿਤਾ ਸ. ਸ਼ੇਰ ਸਿੰਘ ਅਤੇ ਮਾਤਾ ਸ੍ਰੀਮਤੀ ਨੰਦ ਕੌਰ ਦੀ ਕੁੱਖੋਂ ਪਿੰਡ ਢਾਹਾਂ, ਜ਼ਿਲ੍ਹਾ ਜਲੰਧਰ ਹੁਣ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਇਆ ਛੋਟੇ ਹੁੰਦਿਆਂ ਸਮਾਜ ਸੇਵਾ ਦੇ ਕੰਮ ਆਰੰਭੇ ਪਰਿਵਾਰ ਦੇਸ਼ ਭਗਤਾਂ ਤੇ ਗਦਰੀ ਬਾਬਿਆਂ ਦੇ ਸਿੰਘ ਸਭੀਏ ਦਾ ਹੋਣ ਕਰਕੇ ਜਿੱਥੇ ਛੋਟੀ ਉਮਰ ’ਚ ਹੀ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਰਹੇ ਉਥੇ ਇਲਾਕੇ ’ਚ ਸਮਾਜ ਸੇਵਾ ਦੇ ਕੰਮਾਂ ’ਚ ਮੋਹਰੀ ਹੋ ਕੇ ਨਿੱਤਰੇ।
1960 ’ਚ ਬਾਬਾ ਬੁੱਧ ਸਿੰਘ ਜੀ ਕੈਨੇਡਾ ਗਏ । 1979 ’ਚ ਪੰਜਾਬ ਦੀ ਮਿੱਟੀ ਦੀ ਖਿੱਚ ਵਾਪਸ ਵਤਨ ਲੈ ਆਈ। ਉਨ੍ਹਾਂ ਦੇ ਉਦਮ ਸਦਕਾ ਹੀ ਪੰਜਾਬ ਵਿੱਚ ਸੇਵਾ ਦੀ ਪਿਰਤ ਨੂੰ ਨਵੀਂ ਮਜ਼ਬੂਤੀ ਮਿਲੀ। ਬਾਬਾ ਜੀ ਨੇ ਉਦਮ ਕਰਕੇ ਢਾਹਾਂ-ਕਲੇਰਾਂ ’ਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੀ ਆਰੰਭਤਾ ਕਰਕੇ 250 ਬਿਸਤਰਿਆਂ ਦਾ ਹਸਪਤਾਲ ਬਣਾਇਆ। 1993 ’ਚ ਨਰਸਿੰਗ ਸਕੂਲ ਤੇ 1998 ਵਿੱਚ ਨਰਸਿੰਗ ਕਾਲਜ ਸ਼ੁਰੂ ਕਰ ਕੇ ਪੰਜਾਬ ਵਿੱਚ ਨਰਸਿੰਗ ਐਜੂਕੇਸ਼ਨ ਦੀ ਆਰੰਭਤਾ ਕਰਨ ਵਾਲੇ ਪਹਿਲੇ ਪੰਜਾਬੀ ਹੋਣ ਦਾ ਮਾਣ ਪ੍ਰਾਪਤ ਕੀਤਾ।
ਬਾਬਾ ਬੁੱਧ ਸਿੰਘ ਦਾ ਸੁਪਨਾ ਸੀ ਕਿ ਕੰਢੀ ਬੀਤ ਦਾ ਇਲਾਕਾ ਵਿੱਚ ਜੋ ਮੁੱਢਲੀਆਂ ਤੇ ਆਧੁਨਿਕ ਸਿਹਤ ਅਤੇ ਵਿੱਦਿਅਕ ਸਹੂਲਤਾ ਤੋਂ ਵਾਂਝਾ ਸੀ ਉਥੇ ਵੱਡਾ ਹਸਪਤਾਲ ਅਤੇ ਵਿੱਦਿਅਕ ਅਦਾਰੇ ਖੋਲੇ ਜਾਣ।ਢਾਹਾਂ ਕਲੇਰਾਂ ਦੀ ਧਰਤੀ ਤੇ ਸਿਹਤ ਸੇਵਾਂਵਾਂ ਦੇ ਯੱਗ ਲਗਾਉਣ ਉਪਰੰਤ ਬਾਬਾ ਬੁੱਧ ਸਿੰਘ ਜੀ ਨੇ ਇਸ ਕੰਢੀ ਅਤੇ ਬੀਤ ਦੇ ਪੱਛੜੇ ਖੇਤਰ ਵਿੱਚ ਸਿਹਤ ਸੇਵਾਵਾਂ ਤੋਂ ਸੱਖਣੇ ਲੋੜਵੰਦ ਇਲਾਕੇ ’ਚ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪਿੰਡ ਚਾਂਦਪੁਰ ਰੁੜਕੀ, ਨਵਾਂਗਰਾਂ, ਕੁੱਲਪੁਰ, ਭੋਲੇਵਾਲ ਦੀ ਜ਼ਮੀਨ ਜੋ ਕਿ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਹੈ ਵਿਖੇ ਹਸਪਤਾਲ ਦਾ ਨੀਂਹ ਪੱਥਰ 13 ਮਾਰਚ 2011 ਨੂੰ ਰੱਖਦਿਆਂ ਇਸ ਇਲਾਕੇ ਦੇ ਲੋਕਾਂ ਨੂੰ ਸਸਤੀਆਂ ਅਤੇ ਮਿਆਰੀ ਸਿਹਤ ਸਹੂਲਤਾਂ ਮਹੁੱਈਆਂ ਕਰਵਾਉਣ ਦਾ ਬੀੜਾ ਉਠਾਇਆ।ਜਿੱਥੇ ਬਾਬਾ ਬੁੱਧ ਸਿੰਘ ਜੀ ਵੱਲੋਂ ਬੀਤ ਅਤੇ ਕੰਢੀ ਦੇ ਲੋੜਵੰਦ ਅਤੇ ਸਿਹਤ ਸਹੂਲਤਾਂ ਪੱਖੋਂ ਸੱਖਣੇ ਇਲਾਕੇ ਵਿੱਚ 500 ਬਿਸਤਰਿਆਂ ਦਾ ਮਲਟੀਸਪੈਸ਼ਲਟੀ ਹਸਪਤਾਲ, ਪੈਰਾ ਮੈਡੀਕਲ ਕੋਰਸਿਸ ਕਲਾਸਾਂ, ਮੈਡੀਕਲ ਅਤੇ ਇੰਜੀਨੀਅਰਿੰਗ ਦੇ ਖੇਤਰ ’ਚ ਵੱਡੇ ਵਿੱਦਿਅਕ ਅਦਾਰਿਆਂ ਦੀ ਸਥਾਪਤੀ ਉਪਰੰਤ ਇਸ ਖੇਤਰ ਵਿੱਚ ਮੈਡੀਕਲ ਕਾਲਜ ਖੋਲ੍ਹਣ ਦਾ ਟੀਚਾ ਰੱਖਿਆ ਗਿਆ।ਇਸ ਮਿਸ਼ਨ ਦੀ ਪੂਰਤੀ ਲਈ ਬਾਬਾ ਬੁੱਧ ਸਿੰਘ ਜੀ ਨੇ ਪਹਿਲਾਂ ਖੁਦ ਵੱਡੀ ਪਹਿਲ ਕਰਦਿਆਂ ਆਪਣੀ ਜੱਦੀ ਜਾਇਦਾਦ ਵੇਚ ਕੇ ਕਰੋੜਾਂ ਰੁਪਏ ਲਿਆ ਕੇ ਜਿਸਦੀ ਸ਼ੁਰੂਆਤ ਕਰਦਿਆਂ ਗੜਸ਼ੰਕਰ ਆਨੰਦਪੁਰ ਸਾਹਿਬ ਮਾਰਗ ਤੇ ਗੜਸ਼ੰਕਰ ਤੋਂ 9 ਕਿਲੋਮੀਟਰ ਦੂਰੀ ਤੇ ਚਾਂਦਪੁਰ ਰੁੜਕੀ ਮੋੜ ਲਾਗੇ ਪਹਿਲਾਂ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਦੀ ਸਥਾਪਨਾ ਕਰਕੇ ਕੰਡੀ ਬੀਤ ਦੇ ਲੋਕਾਂ ਨੂੰ ਰਾਹਤ ਦੇਣ ਲਈ 30 ਬਿਸਤਰਿਆਂ ਦਾ ਹਸਪਤਾਲ ਬਣਾ ਕੇ ਚਲਾ ਦਿੱਤਾ।ਜਿਸ ਵਿੱਚ ਗਾਇਨੀ ਵਿਭਾਗ, ਮੈਡੀਸਨ ਵਿਭਾਗ, ਦੰਦਾਂ ਦਾ ਵਿਭਾਗ, ਅੱਖਾਂ ਦਾ ਵਿਭਾਗ,ਬੱਚਿਆਂ ਦਾ ਵਿਭਾਗ, ਡਾਇਲਸੈਸ ਸੈਂਟਰ, ਸਮੇਤ ਅਤਿ ਆਧੁਨਿਕ ਅਪ੍ਰਰੇਸ਼ਨ ਥੀਏਟਰ, ਆਧੁਨਿਕ ਲੈਬ, ਫਾਰਮੈਸੀ ਦਾ ਨਿਰਮਾਣ ਕਰਕੇ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵਲੋਂ 24 ਘੰਟੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਢਾਹਾਂ ਕਲੇਰਾਂ ਦੀ ਧਰਤੀ ਤੇ ਸੇਵਾ ਦੇ ਸਤੰਭ ਖੜੇ ਕਰਨ ਉਪਰੰਤ ਬਾਬਾ ਬੁੱਧ ਸਿੰਘ ਜੀ ਦੀ ਅਗੁਵਾਈ ਹੇਠ ਕੰਢੀ ਬੀਤ ਦੇ ਲੋੜਵੰਦ ਇਲਾਕੇ ਵਿੱਚ ਸ਼ੁਰੂ ਹੋਈ ਸੇਵਾ ਅੱਜਕੱਲ੍ਹ ਨਵੀਂ ਪਹਿਲ ਕਦਮੀ ਇੱਕ ਨਵੇਂ ਇਤਿਹਾਸ ਦੀ ਗਵਾਹ ਬਣ ਰਹੀ ਹੈ। ਬਾਬਾ ਬੁੱਧ ਸਿੰਘ ਜੀ ਦੇ ਮਿਸ਼ਨ ਅਤੇ ਸੋਚ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀ ਟੀਮ ਜਿਸ ਵਿੱਚ ਬੀਬੀ ਸੁਸ਼ੀਲ ਕੌਰ ਜੀ, ਸ ਬਲਵੀਰ ਸਿੰਘ ਬੈਂਸ, ਸ ਮਹਿੰਦਰ ਸਿੰਘ ਭਾਟੀਆ, ਦੀਪਕ ਬਾਲੀ ਜੀ ਸ ਰਘਬੀਰ ਸਿੰਘ ਮੁੱਖ ਪ੍ਰਬੰਧਕ, ਦਿਨ ਰਾਤ ਇਲਾਕੇ ਦੇ ਲੋਕਾਂ ਅਤੇ ਦੇਸ਼ ਵਿਦੇਸ਼ ਅੰਦਰ ਵਸਦੇ ਦਾਨੀਆਂ ਦੇ ਸਹਿਯੋਗ ਸਦਕਾ ਬੀਤ ਅਤੇ ਕੰਢੀ ਦੇ ਖੇਤਰ ਦੇ ਲੋਕਾਂ ਨੂੰ ਸਸਤੀਆਂ ਸਿਹਤ ਅਤੇ ਮਿਆਰੀ ਵਿੱਦਿਅਕ ਸਹੂਲਤਾਂ ਮਹੁੱਈਆ ਕਰਵਾਉਣ ਲਈ ਦਿਨ ਰਾਤ ਅਣਥੱਕ ਮੇਹਨਤ ਕਰ ਰਹੇ ਹਨ।20 ਅਪ੍ਰੈਲ 2018 ਨੂੰ ਇਸ ਸਿਹਤ ਸੇਵਾ ਮਿਸ਼ਨ ਦੇ ਮਹਾਨ ਸਤੰਭ ਇਲਾਕੇ ਦੀਆਂ ਸੰਗਤਾਂ ਅਤੇ ਸਾਥੀ ਟਰੱਸਟ ਮੈਂਬਰਾਂ ਨੂੰ ਸੰਭਾਲ ਕੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਏ। 6 ਮਈ 2019 ਨੂੰ ਬਾਬਾ ਬੁੱਧ ਸਿੰਘ ਜੀ ਢਾਹਾਂ ਦੀ ਪਹਿਲੀ ਬਰਸੀ ਮੌਕੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਬੁੱਧ ਸਿੰਘ ਨਗਰ ਗੜਸ਼ੰਕਰ ਆਨੰਦਪੁਰ ਸਾਹਿਬ ਮਾਰਗ ਕੁੱਕੜਮਾਜਰਾ(ਨੇੜੇ ਰੁੜਕੀ ਮੋੜ) ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਜਾ ਰਿਹਾ ਹੈ। ਸ਼ਰਧਾਂਜਲੀ ਸਮਾਰੋਹ ਉਪਰੰਤ ਬਾਬਾ ਬੁੱਧ ਸਿੰਘ ਜੀ ਢਾਹਾਂ ਦੀ ਸੋਚ ਸੇਵਾ ਮਿਸ਼ਨ ਅੱਗੇ ਵਧਾਉਦਿਆਂ ਗੁਰੂ ਨਾਨਕ ਮਿਸ਼ਨ ਮਲਟੀ ਸਪੈਸ਼ਲਿਟੀ ਹਸਪਤਾਲ ਦੀ ਉਸਾਰੀ ਦੀ ਆਰੰਭਤਾ ਵਿਸ਼ਵ ਪੱਧਰ ਦੀ ਸਮਾਜ ਸੇਵੀ ਸਖਸ਼ੀਅਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ ਐਸ ਪੀ ਸਿੰਘ ਉਬਰਾਏ ਜੀ ਕਰਨਗੇ।
– ਜਸਵੀਰ ਲਾਲ
ਪੱਤਰਕਾਰ ‘ਪੰਜਾਬ ਟਾਇਮਜ਼’ ਪੋਜੇਵਾਲ

Send this to a friend