ਮਾਓਵਾਦੀਆਂ ਦੇ ਭਿਆਨਕ ਹਮਲੇ ਵਿੱਚ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿਖੇ ਬੁੱਧਵਾਰ ਨੂੰ ਪੁਲਿਸ ਦੇ 15 ਕਮਾਂਡੋ ਮੌਕੇ ਉਪਰ ਮਾਰੇ ਗਏ। ਧਮਾਕੇ ਵਿੱਚ ਇਕ ਆਮ ਨਾਗਰਿਕ ਨੂੰ ਵੀ ਜਾਨ ਗਵਾਉਣੀ ਪਈ। ਇਹ ਹਮਲਾ ਬਾਰੂਦੀ ਸੁਰੰਗ ਨਾਲ ਕੀਤਾ ਗਿਆ ਸੀ। ਮਾਓਵਾਦੀਆਂ ਦਾ ਇਹ ਇਕ ਵੱਡਾ ਰਣਨੀਤਿਕ ਹਥਿਆਰ ਹੈ। ਉਹ ਅਜਿਹੇ ਹਮਲਿਆਂ ਨਾਲ ਪਹਿਲਾਂ ਵੀ ਸੁਰੱਖਿਆ ਫੋਰਸਾਂ ਦਾ ਭਾਰੀ ਨੁਕਸਾਨ ਕਰ ਚੁੱਕੇ ਹਨ। ਮਾਓਵਾਦੀਆਂ ਵੱਲੋਂ ਗੜ੍ਹਚਿਰੌਲੀ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਮਹਾਰਾਸ਼ਟਰ ਦੇ ਸਥਾਪਨਾ ਦਿਵਸ ਮੌਕੇ ਜਸ਼ਨ ਮਨਾਏ ਜਾ ਰਹੇ ਸਨ। ਮਹਾਰਾਸ਼ਟਰ ਪੁਲਿਸ ਦੇ ਸੀ-60 ਕਮਾਂਡੋਜ਼ ਨੂੰ ਲੈ ਕੇ ਜਾ ਰਹੀ ਗੱਡੀ ਕੁਰਖੇੜਾ ਇਲਾਕੇ ’ਚ ਕਰੀਬ ਸਾਢੇ 12 ਵਜੇ ਬਾਰੂਦੀ ਸੁਰੰਗ ਦੀ ਲਪੇਟ ’ਚ ਆ ਗਈ। ਇਸ ਹਮਲੇ ਦੀ ਤਿਆਰੀ ਵਜੋਂ ਮਾਓਵਾਦੀਆਂ ਨੇ ਗੜ੍ਹਚਿਰੌਲੀ ਦੇ ਦਾਦਰਪੁਰ ਪਿੰਡ ’ਚ ਸੜਕ ਉਸਾਰੀ ਦੇ ਕੰਮਾਂ ’ਚ ਲੱਗੇ 36 ਵਾਹਨਾਂ ਅਤੇ ਠੇਕੇਦਾਰ ਦੇ ਦੋ ਦਫ਼ਤਰਾਂ ਨੂੰ ਅੱਗ ਲਗਾ ਦਿੱਤੀ ਸੀ। ਜਿਸ ਸੜਕ ਉਪਰ ਵਾਰਦਾਤ ਹੋਈ ਹੈ ਉਹ ਜੰਗਲੀ ਖੇਤਰ ਵਿੱਚ ਪੈਂਦੀ ਹੈ ਅਤੇ ਆਮ ਤੌਰ ’ਤੇ ਸੁੰਨਸਾਨ ਰਹਿੰਦੀ ਹੈ। ਮਾਓਵਾਦੀਆਂ ਨੇ ਦਰੱਖਤ ਕੱਟ ਕੇ ਰਾਹ ਰੋਕਿਆ ਹੋਇਆ ਸੀ। ਜਦੋਂ ਪੁਲਿਸ ਕਮਾਂਡੋਜ਼ ਨੇ ਗੱਡੀ ਵਿੱਚੋਂ ਉਤਰ ਕੇ ਸੜਕ ਤੋਂ ਦਰੱਖਤਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸੇ ਸਮੇਂ ਧਮਾਕਾ ਹੋ ਗਿਆ ਅਤੇ 15 ਜਵਾਨ ਉਸ ਦੀ ਲਪੇਟ ਵਿੱਚ ਆ ਗਏ। ਮਹਾਰਾਸ਼ਟਰ ਪੁਲਿਸ ਲਈ ਇਹ ਵੱਡਾ ਜਾਨੀ ਨੁਕਸਾਨ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਆਪਣੇ ਜਵਾਨਾਂ ਦੀ ਰੱਖਿਆ ਲਈ ਕੋਈ ਅਗਾਊ ਕਦਮ ਨਹੀਂ ਚੁੱਕੇ ਜਾਂਦੇ। ਜਵਾਨਾਂ ਕੋਲ ਅਜਿਹੇ ਯੰਤਰ ਵੀ ਨਹੀਂ ਹਨ ਜਿਸ ਨਾਲ ਬਾਰੂਦੀ ਸੁਰੰਗਾ ਦਾ ਪਤਾ ਲਗਾਇਆ ਜਾ ਸਕੇ। ਜਵਾਨਾਂ ਨੂੰ ਲੈ ਜਾਣ ਲਈ ਬੁਲੇਟ ਪਰੂਫ ਗੱਡੀਆਂ ਵੀ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ। ਸਿਆਸੀ ਨੇਤਾ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਿਤ ਰਹਿੰਦੇ ਹਨ। ਇਸ ਘਟਨਾ ਤੋਂ ਬਾਅਦ ਵੀ ਮਹਾਰਾਸ਼ਟਰ ਦੇ ਮੁੱਖ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਵੱਲੋਂ ਮਾਓਵਾਦੀਆਂ ਨੂੰ ਮੂੰਹ ਤੋੜ ਜਵਾਬ ਦੇਣ ਦੀ ਫੋਕੀ ਧਮਕੀ ਦਿੱਤੀ ਗਈ ਹੈ। ਪੁਲਿਸ ਦੇ ਵੱਡੇ ਅਧਿਕਾਰੀ ਵੀ ਅਜਿਹੇ ਹੀ ਬਿਆਨ ਦੇ ਰਹੇ ਹਨ। ਸਥਿਤੀ ਦੀ ਭਿਆਨਕਤਾ ਨੂੰ ਕੋਈ ਵੀ ਗੰਭੀਰਤਾ ਨਾਲ ਨਹੀਂ ਲੈ ਰਿਹਾ। ਇਸ ਗੱਲ ਦੀ ਵੀ ਕੋਈ ਗਰੰਟੀ ਨਹੀਂ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਹਮਲੇ ਨਹੀਂ ਹੋਣਗੇ। ਲੋਕ ਸਭਾ ਚੋਣਾਂ ਦੇ ਮੌਕੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣਾ ਹੋਰ ਵੀ ਚਿੰਤਾਜਨਕ ਹੈ। ਇਕ ਪਾਸੇ ਸਾਰੇ ਦੇਸ਼ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਪੁਲਿਸ ਨੂੰ ਹੀ ਹਿੰਸਕ ਹਮਲਿਆਂ ਦਾ ਨਿਸ਼ਾਨਾ ਹੋਣਾ ਪੈ ਰਿਹਾ ਹੈ। ਮਾਓਵਾਦੀ ਹਿੰਸਾ ਨਾਲ ਨਿਜੱਠਣ ਲਈ ਕੋਈ ਢੰਗ ਦੀ ਰਣਨੀਤੀ ਵੀ ਸਾਹਮਣੇ ਨਹੀਂ ਆ ਰਹੀ। ਦੇਸ਼ ਨੂੰ ਇਕ ਨਾ ਇਕ ਦਿਨ ਇਸ ਸਮੱਸਿਆ ਦਾ ਹੱਲ ਲੱਭਣਾ ਹੀ ਹੋਵੇਗਾ।
– ਬਲਜੀਤ ਸਿੰਘ ਬਰਾੜ